ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿਦਵਾਨ ਡਾ. ਅਜੀਤ ਸਿੰਘ ਸਿੱਕਾ ਦਾ ਅਕਾਲ ਚਲਾਣਾ

ਦਾਰਸ਼ਨਿਕ, ਖ਼ੋਜ ਬਿਰਤੀ ਦੇ ਧਾਰਨੀ, ਸਦਾ ਬਹਾਰ, ਸਿਦਕਵਾਨ, 40 ਸਾਲ ਪਹਿਲਾਂ ‘ਫ਼ਿਲਾਸਫ਼ੀ ਆਫ਼ ਮਾਈਂਡ ਇਨ ਦਾ ਪੋਇਟਰੀ ਆਫ਼ ਗੁਰੂ ਨਾਨਕ’ ਵਿਸ਼ੇ ਤੇ ਪੰਜਾਬੀ ਵਿੱਚ ਪੀਐਚ.ਡੀ. ਕਰਨ ਵਾਲੇ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਵਿੱਚ 47 ਪੁਸਤਕਾਂ ਦੇ ਰਚੇਤਾ ਡਾ. ਅਜੀਤ ਸਿੰਘ ਸਿੱਕਾ ਦਾ 31 ਜਨਵਰੀ ਨੂੰ ਅਚਾਨਕ ਵਿਛੋੜਾ ਨਾ ਕੇਵਲ ਪੰਜਾਬੀ ਸਗੋਂ ਅੰਗ੍ਰੇਜ਼ੀ ਤੇ ਹਿੰਦੀ ਸਾਹਿਤ ਜਗਤ ਲਈ ਨਾ ਪੂਰਾ ਕੀਤਾ ਜਾਣ ਵਾਲਾ ਘਾਟਾ ਹੈ। ਉਹ ਕੁੱਝ ਚੋਣਵੇਂ ਪੰਜਾਬੀ ਦੇ ਉਨ੍ਹਾਂ ਵਿਦਵਾਨਾਂ ਵਿੱਚ ਸ਼ਾਮਿਲ ਸਨ, ਜਿੰਨ੍ਹਾਂ ਦੀ ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ਵੀ ਓਨੀ ਪਕੜ ਸੀ, ਜਿੰਨੀ ਕਿ ਪੰਜਾਬੀ ਵਿੱਚ। ਉਹ ਸ਼ਾਇਦ ਪਹਿਲੇ ਵਿਦਵਾਨ ਸਨ, ਜਿੰਨ੍ਹਾਂ ਨੇ ਪੰਜਾਬੀ ਦੇ ਅਧਿਆਪਕ ਹੁੰਦੇ ਹੋਏ ਅੰਗ੍ਰੇਜ਼ੀ ਵਿੱਚ ਪੰਜਾਬੀ ਨਾਲੋਂ ਵੱਧ ਕਿਤਾਬਾਂ ਲਿਖੀਆਂ।

ਡਾ. ਅਜੀਤ ਸਿੰਘ ਸਿੱਕਾ ਦਾ ਜਨਮ ਨਾਨਕਸਰ ਮਿਘਿਆਣਾ ਜਿਲ੍ਹਾ ਝੰਗ (ਪਾਕਿਸਤਾਨ) ਵਿੱਚ 22 ਅਗਸਤ 1929 ਨੂੰ ਸ. ਨਰਿੰਦਰ ਸਿੰਘ ਸਿੱਕਾ ਦੇ ਘਰ ਮਾਤਾ ਚੰਦ ਕੌਰ ਦੀ ਕੁੱਖੋਂ ਹੋਇਆ। 1959 ਵਿੱਚ ਉਨ੍ਹਾਂ ਦੀ ਸ਼ਾਦੀ ਬੀਬੀ ਅਮਰਜੀਤ ਕੌਰ ਨਾਲ ਹੋਈ। ਉਨ੍ਹਾਂ 1966 ਵਿੱਚ ਸਰਕਾਰੀ ਕਾਲਜ ਲੁਧਿਆਣਾ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1970 ਵਿੱਚ ‘ਫ਼ਿਲਾਸਫ਼ੀ ਆਫ਼ ਮਾਈਂਡ ਇਨ ਦਾ ਪੋਇਟਰੀ ਆਫ਼ ਗੁਰੂ ਨਾਨਕ’ ਵਿਸ਼ੇ ’ਤੇ ਪੀਐਚ.ਡੀ. ਕੀਤੀ। ਉਨ੍ਹਾਂ ਪਹਿਲਾਂ ਡਾਕ ਵਿਭਾਗ ਵਿੱਚ ਕੰਮ ਕੀਤਾ ਅਤੇ ਫਿਰ 1971 ਵਿੱਚ ਖ਼ਾਲਸਾ ਕਾਲਜ ਗੰਗਾ ਨਗਰ, ਬਤੌਰ ਪੰਜਾਬੀ ਪ੍ਰੋਫ਼ੈਸਰ ਨਿਯੁਕਤ ਹੋਏ। 1973 ਵਿੱਚ ਉਹ ਸਿੱਖ਼ ਨੈਸ਼ਨਲ ਕਾਲਜ ਬੰਗਾ ਵਿੱਚ ਆ ਗਏ, ਜਿੱਥੋਂ ਉਹ ਬਤੌਰ ਮੁੱਖੀ ਪੰਜਾਬੀ ਵਿਭਾਗ 1988 ਵਿੱਚ ਸੇਵਾ ਮੁਕਤ ਹੋਏ। 1990 ਵਿੱਚ ਉਹ ਅਮਰੀਕਾ ਚਲੇ ਗਏ, ਜਿੱਥੋਂ ਉਹ 1994 ਵਿੱਚ ਵਾਪਸ ਆਏ।

ਉਨ੍ਹਾਂ ਦੀਆਂ ਪੰਜਾਬੀ ਵਿੱਚ 18 ਪੁਸਤਕਾਂ ਪ੍ਰਕਾਸ਼ਿਤ ਹੋਈਆਂ, ਜਿੰਨ੍ਹਾਂ ਵਿੱਚ ਕਵਿਤਾ ਦੀਆਂ 11 ਪੁਸਤਕਾਂ ਹਨ। ਇੰਨ੍ਹਾਂ ਵਿੱਚ ‘ਮੋਤੀਆਂ ਦੇ ਥਾਲ’, ‘ਨੂਰ ਧਾਰਾ’, ‘ਸਤਿ ਸ੍ਰੀ ਅਕਾਲ’, ‘ਰੁਬਾਈਆਂ’, ‘ਲੁਧਿਆਣੇ ਦਾ ਘੰਟਾ ਘਰ’, ‘ਕੁੰਡਲੀਏ’, ‘ਸ਼ੌਂਕ ਮਾਹੀ ਦਾ’ (ਡਿਉਢਾਂ) ਤੇ ਮਹਾਂ ਕਾਵਿ ‘ਸਾਇੰਸ ਤੇ ਧਰਮ’, ‘ਰੂਹਾਨੀ ਪਾਰਸ’, ‘ਇੱਕ ਜੰਗਲੀ ਫੁੱਲ’ ਆਦਿ ਸ਼ਾਮਿਲ ਹਨ। ਉਨ੍ਹਾਂ ਦੀਆਂ ਹੋਰ ਪੁਸਤਕਾਂ ਵਿੱਚ ‘ਮੇਰਾ ਅਸਤਿਤਵ’ (ਨਾਵਲ), ‘ਸਾਹਿਤ ਅਲੋਚਨਾ ਦੇ ਸਿਧਾਂਤ’ (ਅਲੋਚਨਾ), ‘ਜੀਵਨ ਬਾਬਾ ਭਗਤ ਸਿੰਘ ਨਾਨਕ ਸਰ (ਜੀਵਨੀ)’, ‘ਗੁਰੂ ਅਮਰਦਾਸ ਜੀ ਦਾ ਜੀਵਨ ਅਤੇ ਸੰਦੇਸ਼ (ਵਾਰਤਕ)’, ‘ਸ੍ਰੀ ਗੁਰੂ ਗੁਬਿੰਦ ਸਿੰਘ ਦਰਸ਼ਨ’ (ਵਾਰਤਕ), ‘ਸ੍ਰੀ ਗੁਰੂ ਨਾਨਕ ਦਰਸ਼ਨ’ (ਵਾਰਤਕ), ‘ਰਾਜਾ ਲੀਅਰ’ (ਬਾਲ ਸਾਹਿਤ) ਆਦਿ ਸ਼ਾਮਿਲ ਹਨ। ਅੰਗ੍ਰੇਜ਼ੀ ਵਿੱਚ ਉਨ੍ਹਾਂ 6 ਨਾਵਲ ‘ਸ਼ਕੁੰਤਲਾ’, ‘ਕੌਸ਼ਲ’, ‘ਪਦਮਨੀ’, ‘ਜਾਨਕੀ’, ‘ਕਾਂਨਗੀ’, ‘ਰੋਬੋਟ’ ਲਿਖੇ। ਉਨ੍ਹਾਂ ‘ਤਾਨ ਸੇਨ ਦੀ ਸਵੈ ਜੀਵਨੀ’ ਅੰਗ੍ਰੇਜ਼ੀ ਵਿੱਚ ਲਿਖੀ।

ਉਨ੍ਹਾਂ ਦੀਆਂ 15 ਪੁਸਤਕਾਂ ਅੰਗ੍ਰੇਜ਼ੀ ਕਵਿਤਾ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿੰਨ੍ਹਾਂ ਵਿੱਚ ‘ਫੌਰਟੀ ਬੈਲਡਜ਼ ਅਬਾਊਟ ਗੁਰੂ ਗੋਬਿੰਦ ਸਿੰਘ, ‘ਫਸਟ ਮਾਸਟਰ ਆਫ਼ ਸਿੱਖ਼ ਫੇਥ (ਐਨ ਏਪਿਕ)’, ‘ਇਨਵਿਜੀਬਲ ਖ਼ਾਲਸਾ (ਐਨ ਏਪਿਕ)’, ‘ਸੌਂਗ਼ਜ਼ ਆਫ਼ ਪਲੀਅਰਜ਼ ਐਂਡ ਪੇਨਜ਼ ਆਫ਼ ਲਵ’ (60 ਸੌਂਗ਼ਜ਼), ‘ਲੋਨਲੀਨੈ¤ਸ ਆਫ਼ ਏ ਵੂਮੈਨ’ (63 ਸੋਨੇਟ), ‘ਗੁਰੂ ਅੰਗਦ ਦੇਵ (ਐਨ ਐਪਿਕ)’, ‘ਦਾ ਸਾਗ਼ਾ ਆਫ਼ ਸਾਰਾਗੜ੍ਹੀ’ ਆਦਿ ਸ਼ਾਮਿਲ ਹਨ।

ਉਨ੍ਹਾਂ ਨੇ ਅੰਗ੍ਰੇਜ਼ੀ ਵਿੱਚ ਤਿੰਨ ਵਾਰਤਕ ਦੀਆਂ ਪੁਸਤਕਾਂ ‘ਫੇਸਟਸ ਆਫ਼ ਗੁਰੂ ਨਾਨਕ’ਸ ਥਾਉਟ’, ‘ਫ਼ਿਲਾਸਫ਼ੀ ਆਫ਼ ਮਾਈਂਡ ਇਨ ਦਾ ਪੋਇਟਰੀ ਆਫ਼ ਗੁਰੂ ਨਾਨਕ’ ਅਤੇ ‘ਬੈਕਨਜ਼ ਆਫ਼ ਲਾਇਟ’ ਲਿਖੀਆਂ। ਹਿੰਦੀ ਵਿੱਚ ਉਨ੍ਹਾਂ ਦੀ ਪੁਸਤਕ ‘ਵਾਣੀ ਸ਼ੇਖ਼ ਫ਼ਰੀਦ’ ਦੀ ਪ੍ਰਕਾਸ਼ਨਾ ਲਈ ਰਾਜ ਸਰਕਾਰ ਨੇ 5 ਹਜ਼ਾਰ ਰੁਪਏ ਅਨੁਦਾਨ ਦਿੱਤਾ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਉਨ੍ਹਾਂ ਦੀ ਲੇਖਣੀ ਦਾ ਦਾਇਰਾ ਬਹੁਤ ਵਿਸ਼ਾਲ ਸੀ। ਉਨ੍ਹਾਂ ਦੀਆਂ ਪੁਸਤਕਾਂ ’ਤੇ ਪ੍ਰਸਿੱਧ ਅਲੋਚਕਾਂ ਨੇ ਲੇਖ ਲਿਖੇ। ਉਨ੍ਹਾਂ ਦੇ ਕਈ ਖਰੜੇ ਪ੍ਰਕਾਸ਼ਨਾਂ ਹਿੱਤ ਪਏ ਹਨ। ਉਨ੍ਹਾਂ ਦੇ ਸਾਹਿਤਕ ਕਾਰਜ ਵਿੱਚ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ, ਉਨ੍ਹਾਂ ਦੇ ਲੜਕੇ ਗੁਰਪਾਲ ਸਿੰਘ ਸਿੱਕਾ (ਵਕੀਲ), ਮਨਦੀਪ ਸਿੰਘ (ਵਪਾਰੀ) ਤੇ  ਉਨ੍ਹਾਂ ਦੀ ਬੇਟੀ ਸੰਦੀਪ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।

ਉਨ੍ਹਾਂ ਨੇ ਪ੍ਰਿੰਸੀਪਲ ਸੇਵਾ ਸਿੰਘ ਮਾਨ, ਗਿਆਨੀ ਜੰਗ ਸਿੰਘ, ਜੋਧ ਸਿੰਘ ਚਾਹਿਲ, ਬਾਬੂ ਰਾਮ ਦੀਵਾਨਾ, ਸ. ਨਿਰੰਜਨ ਸਿੰਘ ਮਿੱਠਾ ਤੇ ਹੋਰ ਸਾਥੀਆਂ ਨਾਲ ਮਿਲਕੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ 1975 ਵਿੱਚ ਬਣਾਈ ਤਾਂ ਜੋ ਲੇਖਕਾਂ ਦੀਆਂ ਪੁਸਤਕਾਂ ਸਸਤੇ ਦਰਾਂ ਤੇ ਪ੍ਰਕਾਸ਼ਿਤ ਕੀਤੀਆਂ ਜਾ ਸਕਣ। ਇਹ ਉਤਰੀ ਭਾਰਤ ਦੀ ਇੱਕੋ ਇੱਕ ਲੇਖਕਾਂ ਦੀ ਸਹਿਕਾਰੀ ਸੰਸਥਾ ਹੈ, ਜਿਸ ਦੇ 150 ਦੇ ਕਰੀਬ ਮੈਂਬਰ ਹਨ ਤੇ ਇਸ ਦੀਆਂ 250 ਦੇ ਲਗਭਗ ਪ੍ਰਕਾਸ਼ਨਾਵਾਂ ਹਨ।
ਇਸ ਅਸੀਮ ਬੌਧਿਕ ਰੁਚੀ ਦੇ ਮਾਲਕ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ, ਸਾਈਂ ਮੀਆਂ ਮੀਰ ਮੈਮੋਰੀਅਲ ਟਰੱਸਟ, ਅਲੱਗ ਸ਼ਬਦ ਯੱਗ, ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਲੁਧਿਆਣਾ, ਦਾ ਅਮਬੈਸਡਰ ਮਿਊਜੀਕਲ ਸੋਸਾਇਟੀ, ਅਖਿਲ ਭਾਰਤੀ ਜੋਤਿਸ਼ ਪੱਤਰਕਾਰ ਸੰਘ ਮੋਧੀ ਨਗਰ, ਵਿਸ਼ਵ ਜੋਤਿਸ਼ ਸੰਮੇਲਨ ਆਦਿ ਵੱਲੋਂ ਵੱਖ ਵੱਖ ਸਨਮਾਨ ਦੇ ਕੇ ਉਨ੍ਹਾਂ ਦਾ ਅਭਿਨੰਦਨ ਕੀਤਾ ਗਿਆ।

ਅੱਜ ਉਨ੍ਹਾਂ ਦੇ ਪਰਿਵਾਰ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਤੇ 6 ਫਰਵਰੀ ਨੂੰ ਦੁਪਹਿਰ 1:00 ਵਜੇ ਤੋਂ 2:30 ਵਜੇ ਦੇ ਤੀਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਗ੍ਰਾਮ , ਲੁਧਿਆਣਾ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਰਚੇ ਸਾਹਿਤ ਕਰਕੇ ਉਨ੍ਹਾਂ ਦਾ ਨਾਮ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਸਾਹਿਤ ਜਗਤ ਵਿੱਚ ਇੱਕ ਸਿਤਾਰੇ ਦੀ ਤਰ੍ਹਾਂ ਟਿਮ ਟਿਮਾਉਂਦਾ ਰਹੇਗਾ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>