ਮੌਸਮੀ ਤਬਦੀਲੀਆਂ ਬਾਰੇ ਅੰਤਰ ਰਾਸ਼ਟਰੀ ਗੋਸ਼ਟੀ ਲੁਧਿਆਣਾ ਵਿੱਚ ਸ਼ੁਰੂ


ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਮੌਸਮੀ ਤਬਦੀਲੀਆਂ ਦਾ ਖੇਤੀਬਾੜੀ ਤੇ ਅਸਰ ਬਾਰੇ ਅੱਜ ਸ਼ੁਰੂ ਹੋਈ ਤਿੰਨ ਰੋਜ਼ਾ ਅੰਤਰ ਰਾਸ਼ਟਰੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਮੌਸਮੀ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਫ਼ਸਲਾਂ, ਫ਼ਲਾਂ ਅਤੇ ਸਬਜ਼ੀਆਂ ਦੀ ਖੋਜ ਕੀਤੀ ਜਾਵੇ ਜਿਹੜੀਆਂ ਇਸ ਝਟਕੇ ਦਾ ਅਸਰ ਸਹਿ ਸਕਣ। ਉਨ੍ਹਾਂ ਆਖਿਆ ਕਿ ਬਦਲਦੇ ਮੌਸਮੀ ਹਾਲਾਤ ਕਾਰਨ ਫ਼ਸਲਾਂ,ਫ਼ਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਕਮੀ ਆ ਰਹੀ ਹੈ ਕਿਉਂਕਿ ਇਨ੍ਹਾਂ ਨੂੰ ਸਹੀ ਝਾੜ ਦੇਣ ਲਈ ਅਨੁਕੂਲ ਮੌਸਮ ਨਹੀਂ ਮਿਲ ਰਹੇ। ਉਨ੍ਹਾਂ ਆਖਿਆ ਕਿ ਦੇਸ਼ ਦੀ ਵਧਦੀ ਆਬਾਦੀ ਦਾ ਢਿੱਡ ਭਰਨ ਲਈ ਸਾਨੂੰ ਪਹਿਲਾਂ ਨਾਲੋਂ ਵੀ ਵਧੇਰੇ ਤੇਜ਼ ਗਤੀ ਨਾਲ ਤੁਰਨਾ ਪਵੇਗਾ। ਸ: ਲੱਖੋਵਾਲ ਨੇ ਆਖਿਆ ਕਿ ਪਹਿਲੇ ਹਰੇ ਇਨਕਲਾਬ ਤੋਂ ਬਾਅਦ ਹੁਣ ਦੂਜੇ ਹਰੇ ਇਨਕਲਾਬ ਨੂੰ ਸਦੀਵੀ ਖੇਤੀ ਇਨਕਲਾਬ ਵਿੱਚ ਤਬਦੀਲ ਕਰਨ ਲੱਗਿਆਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਕਿਸਾਨ ਦੀ ਦਸ਼ਾ ਵੀ ਸੁਧਰੇ। ਹਰੇ ਇਨਕਲਾਬ ਨਾਲ ਦੇਸ਼ ਤਾਂ ਅਨਾਜ ਪੱਖੋਂ ਰੱਜ ਗਿਆ ਪਰ ਸਾਡਾ ਕਿਸਾਨ ਖੁਦਕੁਸ਼ੀ ਦੇ ਰਾਹ ਤੁਰ ਪਿਆ। ਇਹ ਹਾਲਾਤ ਬਦਲਣੇ ਚਾਹੀਦੇ ਹਨ ਅਤੇ ਇਸ ਕੰਮ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਗਵਾਈ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਆਖਿਆ ਕਿ ਕਿਸਾਨ ਭਰਾਵਾਂ ਨੂੰ ਤਕਨੀਕੀ ਤੌਰ ਤੇ ਨਵੀਨਤਮ ਵਿਗਿਆਨਕ ਸੋਝੀ ਨਾਲ ਭਰਪੂਰ ਕੀਤੇ ਬਗੈਰ ਬਦਲਦੇ ਮੌਸਮ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਸੰਭਵ ਨਹੀਂ। ਇਸ ਲਈ ਸਾਨੂੰ ਖੇਤੀਬਾੜੀ ਗਿਆਨ ਨੂੰ ਪਿੰਡ ਪਿੰਡ ਪਹੁੰਚਾਉਣ ਲਈ ਸਾਰੇ ਵਿਕਾਸ ਅਦਾਰਿਆਂ ਨੂੰ ਇਕ ਲੜੀ ਵਿੱਚ ਪਰੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਵਧ ਰਹੀਆਂ ਖੇਤੀ ਲਾਗਤਾਂ ਪਿੱਛੇ ਕਾਰਨ ਵੀ ਇਹੀ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਕੀੜੇ ਮਕੌੜੇ ਅਤੇ ਬੀਮਾਰੀਆਂ ਦਾ ਅਚਨਚੇਤ ਹੱਲਾ ਕਿਸਾਨ ਦੇ ਖੇਤੀ ਖਰਚੇ ਵਧਾਉਂਦਾ ਹੈ  । ਉਨ੍ਹਾਂ ਆਖਿਆ ਕਿ ਵਧ ਖਰਚੇ ਕਰਕੇ ਘੱਟ ਉਪਜ ਹਾਸਿਲ ਕਰਨਾ ਹੀ ਸਾਡੇ ਲਈ ਚੱਕਰਵਿਊ ਬਣ ਰਿਹਾ ਹੈ। ਇਸ ਨਾਲ ਹੀ ਖੇਤੀ ਵਿਚੋਂ ਹੋਣ ਵਾਲੀ ਆਮਦਨ ਦਿਨੋ ਦਿਨ ਸੁੰਗੜ ਰਹੀ ਹੈ।
ਉਦਘਾਟਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਮੌਸਮੀ ਤਬਦੀਲੀ ਨਾਲ ਸਿਰਫ ਦੇਸ਼ ਦੀ ਭੋਜਨ ਸੁਰੱਖਿਆ ਹੀ ਨਹੀਂ ਜੁੜੀ ਹੋਈ ਸਗੋਂ ਭੋਜਨ ਸੁਰੱਖਿਆ ਤੋਂ ਇਲਾਵਾ ਭੋਜਨ ਦੀ ਪ੍ਰਾਪਤੀ, ਭੋਜਨ ਤੀਕ ਪਹੁੰਚ, ਭੋਜਨ ਦੀ ਵਰਤੋਂ ਅਤੇ ਭੋਜਨ ਦੀ ਯਕੀਨੀ ਪ੍ਰਾਪਤੀ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਆਖਿਆ ਕਿ ਇਸ ਦਾ ਮਨੁੱਖੀ ਸਿਹਤ, ਖਰੀਦ ਸ਼ਕਤੀ ਅਤੇ ਮੰਡੀ ਵਿੱਚ ਅਨਾਜ ਦੀ ਆਮਦ ਤੇ ਵੀ ਅਸਰ ਪਵੇਗਾ। ਉਨ੍ਹਾਂ ਆਖਿਆ ਕਿ ਇਸ ਸਿਰਫ ਵਿਕਾਸਸ਼ੀਲ ਦੇਸ਼ ਹੀ ਪ੍ਰਭਾਵਿਤ ਨਹੀਂ ਹੋਣਗੇ ਸਗੋਂ ਵਿਕਸਤ ਦੇਸ਼ਾਂ ਨੂੰ ਵੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਆਖਿਆ ਕਿ ਭਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਮੌਸਮੀ ਤਬਦੀਲੀਆਂ ਕਾਰਨ ਪਹਿਲਾਂ ਹੀ ਵਾਤਾਵਰਨ ਸੰਬੰਧੀ ਸੰਕਟ ਉੱਭਰ ਰਹੇ ਹਨ, ਤੇਜ਼ੀ ਨਾਲ ਵਧ ਰਹੇ ਸ਼ਹਿਰੀਕਰਨ, ਉਦਯੋਗੀਕਰਨ ਅਤੇ ਆਰਥਿਕ ਵਿਕਾਸ ਦੇ ਨਾਂ ਉੱਤੇ ਦਰੱਖਤਾਂ ਦੇ ਘਾਣ ਕਾਰਨ ਵਾਤਾਵਰਨ ਤਬਦੀਲ ਹੋ ਰਿਹਾ ਹੈ। ਡਾ: ਕੰਗ ਨੇ ਆਖਿਆ ਕਿ ਦੱਖਣੀ ਭੂ-ਖੰਡ ਵਿੱਚ ਖੇਤੀ ਉਤਪਾਦਨ ਮੌਸਮੀ ਤਬਦੀਲੀ ਕਾਰਨ ਬਹੁਤ ਥੱਲੇ ਜਾ ਰਿਹਾ ਹੈ।

ਡਾ: ਕੰਗ ਨੇ ਆਖਿਆ ਕਿ ਵਿਕਾਸਸ਼ੀਲ ਮੁਲਕਾਂ ਲਈ ਇਹ ਮੌਸਮੀ ਤਬਦੀਲੀ ਵਧੇਰੇ ਦੁੱਖਾਂ ਦਾ ਕਾਰਨ ਬਣੇਗੀ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਬਹੁਤੇ ਲੋਕਾਂ ਦੀ ਨਿਰਭਰਤਾ ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਧੰਦਿਆਂ ਉੱਪਰ ਹੈ ਅਤੇ ਇਨ੍ਹਾਂ ਦੇਸ਼ਾਂ ਦੀ ਆਰਥਿਕਤਾ ਵੀ ਖੇਤੀ ਨਾਲ ਬੱਝੀ ਹੋਈ ਹੈ। ਉਨ੍ਹਾਂ ਆਖਿਆ ਕਿ ਵਾਤਾਵਰਨ ਤਬਦੀਲੀ ਦਾ ਅਸਰ ਝਲ ਸਕਣ ਵਾਲੀਆਂ ਕਿਸਮਾਂ ਬਾਰੇ ਖੋਜ ਕਾਰਜ ਜਾਰੀ ਹਨ ਅਤੇ ਇਸ ਕਾਨਫਰੰਸ ਵਿਚੋਂ ਨਿਕਲਣ ਵਾਲੇ ਨਤੀਜੇ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੀ ਖੇਤੀ ਖੋਜ ਨੂੰ ਦਿਸ਼ਾ ਨਿਰਦੇਸ਼ ਦੇਣ ਵਿੱਚ ਸਹਾਈ ਹੋਣਗੇ। ਫ਼ਸਲ ਸੁਧਾਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਇਸ ਤਿੰਨ ਰੋਜ਼ਾ ਵਿਚਾਰ ਗੋਸ਼ਟੀ ਵਿੱਚ ਪਾਕਿਸਤਾਨ ਤੋਂ ਆਏ ਡੈਲੀਗੇਸ਼ਨ ਤੋਂ ਇਲਾਵਾ ਲਗਪਗ 200 ਡੈਲੀਗੇਟ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਪਹੁੰਚੇ ਹੋਏ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਗਲੋਬਲ ਭੋਜਨ ਸੁਰੱਖਿਆ ਵਿੱਚ ਭਾਰਤ ਦਾ ਮਹੱਤਵਪੂਰਨ ਹਿੱਸਾ ਹੈ ਪਰ ਹੁਣ ਤਾਪਮਾਨ ਵਿੱਚ ਆ ਰਹੀਆਂ ਤਬਦੀਲੀਆਂ ਕਾਰਨ ਮੀਥੇਨ, ਕਾਰਬਨ ਡਾਇਆਕਸਾਈਡ, ਨਾਈਟਰੋਸ ਆਕਸਾਈਡ ਵਰਗੀਆਂ ਗੈਸਾਂ ਵਧ ਰਹੀਆਂ ਹਨ। ਬਰਸਾਤ ਦਾ ਨਿਜ਼ਾਮ ਬਦਲ ਰਿਹਾ ਹੈ। ਬੇਯਕੀਨੀ ਬਰਸਾਤ ਅਤੇ ਲੋਹੜੇ ਦੀ ਗਰਮੀ ਦਾ ਵਰਤਾਰਾ ਖੇਤੀਬਾੜੀ ਤੋਂ ਇਲਾਵਾ ਬਾਕੀ ਖੇਤਰਾਂ ਤੇ ਵੀ ਮਾਰੂ ਅਸਰ ਪਾ ਰਿਹਾ ਹੈ। ਇਸ ਮੌਸਮੀ ਬੇਯਕੀਨੀ ਕਾਰਨ ਫ਼ਸਲਾਂ ਦੇ ਝਾੜ ਘਟਣ ਦੇ ਨਾਲ ਨਾਲ ਮਿਆਰ ਵੀ ਪ੍ਰਭਾਵਿਤ ਹੋ ਰਿਹਾ ਹੈ ਅਤੇ ਨਵੇਂ ਨਵੇਂ ਰੋਗ ਕੀੜੇ ਮਕੌੜੇ ਅਤੇ ਨਦੀਨ ਵੀ ਸਿਰ ਚੁੱਕ ਰਹੇ ਹਨ। ਉਨ੍ਹਾਂ ਆਖਿਆ ਕਿ ਕੌਮੀ ਪੱਧਰ ਤੇ ਇਸ ਸੰਕਟ ਨੂੰ ਨਜਿੱਠਣ ਲਈ ਸਾਂਝੇ ਯਤਨਾਂ ਵਾਲੀ ਖੋਜ ਅੱਜ ਦੀ ਵੱਡੀ ਲੋੜ ਹੈ।

ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿੱਚ ਪਾਠਕ੍ਰਮ ਤਬਦੀਲੀਆਂ ਅਤੇ ਵਿਸ਼ਾ ਵਸਤੂ ਨੂੰ ਭਵਿੱਖ ਮੁਖੀ ਲੋੜਾਂ ਮੁਤਾਬਕ ਢਾਲਣ ਦੀ ਜਾਣਕਾਰੀ ਦਿੱਤੀ। ਫ਼ਸਲ ਸੁਧਾਰ ਸੁਸਾਇਟੀ ਦੇ ਕੌਮੀ ਪ੍ਰਧਾਨ ਡਾ: ਮਨਜੀਤ ਸਿੰਘ ਗਿੱਲ ਨੇ ਆਏ ਡੈਲੀਗੇਟਾਂ, ਮੁੱਖ ਮਹਿਮਾਨ ਅਤੇ ਮਾਨਯੋਗ ਵਾਈਸ ਚਾਂਸਲਰ ਦਾ ਸੁਆਗਤ ਕੀਤਾ ਜਿਨ੍ਹਾਂ ਨੇ ਵਿਸ਼ੇਸ਼ ਉਤਸ਼ਾਹ ਪ੍ਰਦਾਨ ਕਰਕੇ ਇਸ ਅੰਤਰ ਰਾਸ਼ਟਰੀ ਗੋਸ਼ਟੀ ਲਈ ਮਾਹੌਲ ਬਣਾਇਆ। ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਮੁੱਖ ਮਹਿਮਾਨ ਸ: ਅਜਮੇਰ ਸਿੰਘ ਲੱਖੋਵਾਲ, ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਦੇਸ਼ ਵਿਦੇਸ਼ ਤੋਂ ਆਏ  ਡੈਲੀਗੇਟਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਖੇਮ ਸਿੰਘ ਗਿੱਲ, ਡਾ: ਅਮਰਜੀਤ ਸਿੰਘ ਖਹਿਰਾ ਅਤੇ ਅਨੇਕਾਂ ਸੇਵਾ ਮੁਕਤ ਵਿਗਿਆਨੀਆਂ ਦਾ ਇਸ ਅੰਤਰ ਰਾਸ਼ਟਰੀ ਗੋਸ਼ਟੀ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>