ਜਾਗੋ, ਅਮ੍ਰੀਕਾ ਦੇ ਅਮੀਰ ਸਿੰਘੋ, ਆਪਣੇ ਗੁਰੂ ਨਾਨਕ ਦੇਵ ਜੀ ਦਾ ਬਗਦਾਦ (ਇਰਾਕ) ਵਾਲਾ ਗੁਰਦੁਆਰਾ ਬਰਬਾਦ ਹੋ ਚੁੱਕੈ

ਬਗਦਾਦ , (ਕਰਨੈਲ ਸਿੰਘ ਗਿਆਨੀ) – ਬਗਦਾਦ ਸ਼ਹਿਰ ਵਿਚ ਤੁਸੀਂ, ਇਕ ਕਬਰਾਂ ਨਾਲ ਘਿਰਿਆ, ਵੀਰਾਨਾ ਜਿਹਾ ਚਾਰ ਚੌਫੇਰਾ ਵੇਖੋਗੇ। ਜਿਸ ਥਾਂ ਨੂੰ ਕਦੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਈ ਸੀ। ਜਦੋਂ ਕਦੀ ਗੁਰੂ ਜੀ ਅਰਬ ਮਹਾਂਦੀਪ ਦੀ ਉਦਾਸੀ ਵੇਲੇ ਬਗਦਾਦ ਨੂੰ ਨਿਵਾਜਣ ਆਏ ਸਨ।

ਮੀਲਾਂ ਵਿਚ ਫੈਲੇ ਇਕ ਮੁਸਲਮਾਨਾਂ ਦੇ ਕਬਰਸਤਾਨ ਵਿਚ, ਅਮ੍ਰੀਕਾ ਵੱਲੋਂ ਤੇ ਇਰਾਕ ਤੇ ਕੀਤੇ ਹਮਲੇ ਬਾਅਦ, ਚੋਰਾਂ ਤੇ ਲੁਟੇਰਿਆਂ ਨੇ ਸਾਡੇ ਗੁਰੂ ਜੀ ਦੀ ਇਕ ਵੀ ਨਿਸ਼ਾਨੀ ਨਹੀਂ ਸੀ ਛੱਡੀ।

“ਕੋਈ ਵੀ ਨਹੀਂ ਆਉਂਦਾ ਹੁਣ ਏਥੇ।“ ਦੁਖੀ ਆਵਾਜ਼ ਵਿਚ ਅਬੂ ਯੂਸਫ਼ ਨੇ ਹੌਕਾ ਭਰ ਕੇ ਆਖਿਆ। ਉਹ ਇਕ ਕਮਜ਼ੋਰ ਸ਼ਰੀਰ ਦਾ ਵਧੀ ਦਾਹੜੀ ਵਾਲਾ ਮੁਸਲਮਾਨ ਹੈ, ਜੋ ਕਿ ਸਾਡੇ ਗੁਰੂ ਸਾਹਿਬ ਦੀ ਨਿਸ਼ਾਨੀ ਦੀ ਦੇਖ ਰੇਖ ਕਰਦਾ ਹੈ। ਪਤਾ ਨਹੀਂ ਕੀ ਮਿਲਦਾ ਹੋਵੇਗਾ ਉਸ ਨੂੰ ਏਨੀ ਮਿਹਨਤ ਦੇ ਬਾਵਜੂਦ!

ਉਸ ਅਹਾਤੇ ਵਿਚ ਹੁਣ ਕੁਝ ਬਿਜਲੀ ਦੇ ਟੁੱਟੇ ਪੁਰਾਣੇ ਪੱਖਿਆਂ ਅਤੇ ਇਕ ਜ਼ੰਗ ਖਾਧੇ ਰੈਫ਼ਰਿਜ੍ਰੇਟਰ ਤੋਂ ਬਿਨਾ ਕੁਝ ਨਹੀ ਸੀ ਦਿਸ ਰਿਹਾ। ਨਾ ਕੋਈ ਧਰਮ ਗ੍ਰੰਥ, ਨਾ ਮੰਜੀ ਸਾਹਿਬ, ਨਾ ਰੁਮਾਲੇ, ਨਾ ਚੌਰ ਸਾਹਿਬ। ਉਹ ਕਿੰਨਾ ਮਹਾਨ ਦਰਵੇਸ਼ ਪੀਰ ਸੀ, ਤੇ ਉਸ ਦੇ ਜਾਣ ਮਗਰੋਂ ਉਸ ਦੀ ਨਿਸ਼ਾਨੀ ਦੀ ਇਹ ਦਸ਼ਾ!

“ਜੰਗ ਤੋਂ ਪਹਿਲਾਂ ਕੁਝ ਸਿੱਖ ਯਾਤਰੀ, ਕਦੀ ਕਦਾਈਂ ਆਇਆ ਕਰਦੇ ਸਨ।“ ਯੂਸਫ਼ ਨੇ ਅਮ੍ਰੀਕਨ ਹਮਲੇ ਦਾ ਜ਼ਿਕਰ ਕੀਤਾ। ਇਕ ਦੋ ਵਾਰੀਂ ਕੁਝ ਪੱਛਮੀ ਦੇਸ਼ਾਂ ਦੇ ਯਾਤਰੀ ਵੀ ਆਏ ਸਨ। ਪਿਛਲੇ ਸਾਲ ਲੰਮੇ ਚਿਰ ਬਾਅਦ ਇਕ ਸਿੱਖ ਦੁਬਈ ਤੋਂ ਆਇਆ, ਤੇ ਵਾਪਸ ਆ ਕੇ ਏਸ ਸਥਾਨ ਦੀ ਮੁਰੰਮਤ ਆਦਿ ਕਰਵਾਣ ਬਾਰੇ ਕਹਿ ਗਿਆ। ਪਰ ਉਸ ਤੋਂ ਬਾਅਦ ਨਹੀਂ ਬਹੁੜਿਆ। ਕੁਝ ਯਾਤਰੀ ਇਕ ਦੋ ਰਾਤਾਂ ਲਈ ਆਏ, ਤਾਂ ਉਹਨਾਂ ਨੇ ਏਸ ਸਥਾਨ ਨੂੰ ਗੁਰਦੁਆਰੇ ਵਾਂਗ ਸਜਾਇਆ। ਰਾਤ ਨੂੰ ਉਹ ਇਹਨਾਂ ਕਬਰਾਂ ਦੇ ਅਹਾਤੇ ਵਿਚ ਹੀ ਸੌਂ ਜਾਂਦੇ ਰਹੇ। ਸਵੇਰੇ ਉਠ ਕੇ ਉਹਨਾਂ ਨੇ ਲੰਗਰ ਬਣਾਇਆ ਅਤੇ ਹਰ ਆਉਣ ਜਾਣ ਵਾਲੇ ਨੂੰ ਲੰਗਰ ਛਕਾਇਆ।“

ਉਹ ਸੁੰਨੀਆਂ ਕੰਧਾਂ ਵਲ ਇਸ਼ਾਰਾ ਕਰਦਾ ਬੋਲਿਆ, “ਹੁਣ ਤਾਂ ਇਹਨਾਂ ਦੇ ਉਤੇ ਛੱਤ ਵੀ ਨਹੀਂ ਰਹਿ ਗਈ।“  ਉਹ ਸੋਲ੍ਹਵੀ ਸਦੀ ਦੇ ਇਕ ਪੁਰਾਣੇ ਥੜ੍ਹੇ ਵੱਲ ਇਸ਼ਾਰਾ ਕਰਦਾ ਬੋਲਿਆ, “ਕਦੀ ਏਥੇ ਮਹਾਰਾਜ ਦਾ ਪਰਕਾਸ਼ ਹੁੰਦਾ ਹੋਵੇਗਾ!“
ਉਸ ਨੇ ਚਿੱਟੇ ਰੰਗ ਦੀ ਸਫ਼ੈਦੀ ਤੇ ਗੁਰੂ ਜੀ ਦੇ ਕੁਝ ਰੇਖਾ ਚਿੱਤਰ ਬਣੇ ਵਿਖਾਏ ਤੇ ਕਹਿਣ ਲੱਗਾ ਜੇ ਇਸ ਸਥਾਨ ਦੇ ਸਹੀ ਪਿਛੋਕੜ ਬਾਰੇ ਜਾਨਣਾ ਚਾਹੋਗੇ ਤਾਂ ਤੁਹਾਨੂੰ ਤਿਨ ਚਾਰ ਸਦੀਆਂ ਦੇ ਪੁਰਾਣੇ ਇਤਿਹਾਸ ਨੂੰ ਫ਼ਰੋਲਣਾ ਪਵੇਗਾ।
ਏਨੀ ਅਹਿਮੀਅਤ ਵਾਲੀ ਥਾਂ, ਸੈਂਟਰਲ ਬਗਦਾਦ ਵਿਖੇ ਸ਼ੇਖ ਮਾਰੂਫ਼ ਦੇ ਖੁਲ੍ਹੇ ਡੁਲ੍ਹੇ ਕਬਰਸਥਾਨ ਵਿਚ ਸਥਿਤ ਹੈ। ਏਥੇ ਇਕ ਬੜਾ ਪੁਰਾਣਾ ਰੇਲਵੇ ਸਟੇਸ਼ਨ ਹੁੰਦਾ ਸੀ। ਅੱਜ ਓਥੇ ਪੁਰਾਣੇ ਰੇਲ ਕਾਰਾਂ ਦੇ ਡਬੇ ਪਏ ਜ਼ੰਗ ਖਾ ਰਹੇ ਨੇ।ਉਪ੍ਰੋਕਤ ਖਬਰ ਨੂੰ ਮੈਂ 28 ਜਨਵਰੀ ਦੇ  ਟ੍ਰਿਬਿਊਨ  ਇੰਡੀਆ ਵਿਚ ਪੜ੍ਹਿਆ। ਪੜ੍ਹਨ ਪਿੱਛੋਂ ਜੋ ਮੇਰੀ ਮਾਨਸਿਕ ਹਾਲਤ ਹੋਈ, ਮੈਂ ਹੀ ਜਾਣਦਾ ਹਾਂ।

ਕੀ ਇਹ ਓਹੀ ਸਥਾਨ ਹੈ ਜਿਸ ਬਾਰੇ ਸਾਡੇ ਪ੍ਰਚਾਰਕ ਦੱਸਦੇ ਹਨ ਕਿ ਗੁਰੂ ਜੀ ਨੇ ਪੱਛਮ ਵੱਲ ਪੈਰ ਕਰ ਕੇ ਸੌਣ ਦਾ ਕੌਤਕ ਕੀਤਾ ਸੀ? ਜੋ ਵੀ ਹੋਵੇ, ਮੈਂ ਆਪਣੇ ਸਿੱਖ ਵੀਰਾਂ ਨੂੰ ਆਪਣੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਸਥਾਨ ਬਾਰੇ ਯਾਦ ਕਰਾਉਣੀ ਜ਼ਰੂਰੀ ਸਮਝਦਾ ਹਾਂ। ਸ਼ਾਇਦ ਆਪ ਵਿਚੋਂ ਕੁਝ ਸੱਜਣਾਂ ਨੇ ਇਹ ਖਬਰ ਪੜ੍ਹੀ ਵੀ ਹੋਵੇ।

ਮੈ ਆਪ ਸਭ ਸੁਘੜ ਸੱਜਣਾਂ ਨੂੰ ਬੇਨਤੀ ਕਰਾਂ ਕਿ ਜੇਕਰ ਆਪ ਇਹ ਠੀਕ ਸਮਝਦੇ ਹੋ ਤਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਕਰਤਾ ਧਰਤਾਵਾਂ ਨਾਲ ਵਿਚਾਰ ਵਟਾਂਦਰਾ ਕਰਕੇ ਵੇਖੋ। ਅਸੀਂ ਜੋ ਹਰ ਰੋਜ਼ ਅਰਦਾਸ ਵਿਚ ਕਹਿੰਦੇ ਹਾਂ ਕਿ ਵਾਹਿਗੁਰੂ ਜੀ, ਜਿਨ੍ਹਾਂ ਗੁਰਸਥਾਨਾਂ ਤੋਂ ਸਾਨੂੰ ਵਿਛੋੜਿਆ ਗਿਆ ਹੈ, ਸੇਵਾ ਸੰਭਾਲ ਦਾ ਬਲ ਬਖਸ਼ਣਾ। ਹੁਣ ਮੌਕਾ ਆਇਆ ਹੈ।
ਅਮ੍ਰੀਕਾ ਵਿਚ ਕਈ ਸਿੰਘ ਕੱਲੇ ਕੱਲੇ ਹੀ ਅਜੇਹਾ ਕਾਰਜ ਨਜਿੱਠਣ ਦੇ ਯੋਗ ਹਨ

ਹਾਲਾਤ ਦਾ ਜਾਇਜ਼ਾ ਲੈਣ ਲਈ ਸਭ ਤੋਂ ਪਹਿਲਾਂ ਜੇ ਕਰ ਕਿਸੇ ਦਾ ਕੋਈ ਕਨੈਕਸ਼ਨ ਬਗਦਾਦ ਵਿਚ ਹੈ, ਅਸਲੀਅਤ ਦਾ ਪਤਾ ਕੀਤਾ ਜਾਵੇ। ਦੁਬਈ, ਈਰਾਨ, ਸਾਊਦੀ ਅਰਬ ਆਦਿ ਹੋਰ ਅਰਬ ਮੁਲਕਾਂ ਵਿਚ ਵਸਦੇ ਸਿੰਘਾਂ ਨਾਲ ਸੰਪਰਕ ਸਥਾਪਤ ਕੀਤਾ ਜਾਵੇ। ਕੁਝ ਵਿਸ਼ੇਸ਼ਗਾਂ ਦਾ ਜਥਾ ਜਿਸ ਵਿਚ, ਰੀਅਲ ਐਸਟੇਟ ਦੇ ਸੀਨੀਅਰ ਵੀਰ, ਆਰਕੀਟੈਕਟ, ਇਲੈਕਟ੍ਰੀਕਲ/ਮਕੈਨੀਕਲ ਇੰਜਨੀਅਰ, ਕੰਨਸਟ੍ਰਕਸ਼ਨ ਦੇ ਠੇਕੇਦਾਰ ਆਦਿ ਬਗਦਾਦ ਜਾ ਕੇ ਵੇਖਣ। ਕੇਅਰ ਟੇਕਰ ਨੂੰ ਮਿਲਣ, ਜਾਂ ਸਥਾਨਕ ਹਿੰਦੂ, ਸਿੱਖ, ਪਾਕਿਸਤਾਨੀ ਮੁਸਲਮਾਨ ਜੋ ਇਸ ਸੱਜਣ ਯੂਸਫ਼ ਵਾਂਗ ਧਰਮ ਵਿਚ ਵਿਸ਼ਵਾਸ ਰੱਖਦੇ ਹੋਣ, ਨੂੰ ਮਿਲ ਕੇ ਸਹਿਯੋਗ ਪ੍ਰਾਪਤ ਕਰਨ।

ਸਾਰੀ ਜਾਣਕਾਰੀ, ਫ਼ੋਟੋਜ਼, ਬਲੂ ਪ੍ਰਿੰਟਸ ਆਦਿ ਲਿਆ ਕੇ ਓਸ ਸਥਾਨ ਦੀ ਰੈਨੋਵੇਸ਼ਨ ਬਾਰੇ ਐਸਟੀਮੇਟ ਲਗਾਉਣ। ਓਥੋਂ ਦੀਆਂ ਕਾਨੂੰਨੀ ਪ੍ਰਾਬਲਮਜ਼ ਬਾਰੇ ਇਕ ਸਿੱਖ ਵਕੀਲ ਵੀ ਨਾਲ ਜਾਵੇ ਅਤੇ ਨਿਰਣੇ ਕੀਤੇ ਜਾਣ। ਓਥੋਂ ਦੇ ਕੁਝ ਭਰੋਸੇ ਦੇ ਕੰਸਟ੍ਰਕਸ਼ਨ ਦੇ ਠੇਕੇਦਾਰਾਂ ਨਾਲ ਰਾਬਤਾ ਕਾਇਮ ਕਰਨ ਨਾਲ ਵੀ ਸੌਖ ਹੋ ਜਾਵੇਗੀ।

ਅਮ੍ਰੀਕਾ, ਕੈਨੇਡਾ, ਇੰਗਲੈਡ, ਜਰਮਨੀ, ਇਟਲੀ, ਆਸਟ੍ਰੇਲੀਆ, ਮਲਾਇਆ, ਸਿੰਘਾਪੁਰ ਦੀਆਂ ਸੰਗਤਾਂ ਦਾ ਸਹਿਯੋਗ ਪ੍ਰਾਪਤ ਕਰ ਕੇ ਫ਼ੰਡ ਰੇਜ਼ਿੰਗ ਕੀਤਾ ਜਾਵੇ। ਜਿਸ ਵਿਚ ਸਾਡੇ ਪੰਜਾਬੀ ਅਖਬਾਰ, ਇਕ ਮਾਧਿਅਮ ਬਣ ਕੇ ਜ਼ਿੰਮੇਦਾਰੀ ਲੈਣ।
ਜਥੇ ਦੇ ਸਫ਼ਰ ਲਈ ਸਾਡੇ ਸਿੱਖ ਟਰੈਵਲ ਏਜੈਂਟ ਫ਼ਰੀ, ਜਾਂ ਸਸਤੀਆਂ ਟਿਕਟਾਂ ਦੁਆਣ ਦੀ ਕਿਰਪਾ ਕਰਨ। ਅਮ੍ਰੀਕਾ ਵਿਚ ਸਥਿਤ, ਅਕਾਲੀ ਦਲ ਦੇ ਪ੍ਰਧਾਨ, ਖੁਦ ਬਹੁਤ ਵੱਡੇ ਕੰਸਟ੍ਰਕਸ਼ਨ ਦੇ ਠੇਕੇਦਾਰ ਹਨ। ਹੋਰ ਵੀ ਕਈ ਸਿੰਘ ਕੰਸਟ੍ਰਕਸ਼ਨ ਦੇ ਠੇਕੇਦਾਰ ਹਨ।

ਏਸ ਯੋਗ ਪ੍ਰਾਜੈਕਟ ਲਈ, ਮਾਇਆ ਦੀ ਕੋਈ ਤੋਟ ਨਹੀਂ ਆਉਣੀ ਚਾਹੀਦੀ। ਕੱਲੇ ਕੱਲੇ ਗੁਰਦੁਆਰੇ ਤੇ ਫ਼ੰਡ ਰੇਜ਼ਿੰਗ ਦੀ ਜੁੰਮੇਦਾਰੀ ਪਾਈ ਜਾ ਸਕਦੀ ਹੈ। ਅਸੀਂ ਅਮ੍ਰੀਕਾ ਵਿਚ ਏਨੇ ਗੁਰਦੁਆਰੇ ਬਣਵਾਏ ਹਨ, ਸਾਡੀ ਕੌਮ ਦੇ ਪ੍ਰਬੰਧਕਾਂ ਕੋਲ ਕੰਸਟ੍ਰਕਸ਼ਨ ਦਾ ਅਥਾਹ ਅਨੁਭਵ ਸਾਨੂੰ ਕਾਮਯਾਬੀ ਬਖਸ਼ੇਗਾ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>