ਮੁੜ ਸਹੀ ਲੀਹ ਤੇ ਪਰਤੀ ਹੈ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਮੈਂ ਪੰਜਾਬ ਦਾ ਪੁੱਤਰ ਹਾਂ। ਪੁਰਾਣੇ ਫਿਰੋਜ਼ਪੁਰ ਜ਼ਿਲ੍ਹੇ ਅਤੇ ਹੁਣ ਵਾਲੇ ਮੋਗੇ ਜ਼ਿਲ੍ਹੇ ਦੇ ਦੇਸ਼ ਭਗਤ ਪਿੰਡ ਢੁੱਡੀਕੇ ਦਾ ਜੰਮਿਆ ਜਾਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾਂ ਹੀ ਮੇਰੇ ਸੁਪਨਿਆਂ ਦੀ ਧਰਤੀ ਰਹੀ ਹੈ ਕਿਉਂਕਿ ਮੈਂ ਇਥੇ ਪੜ੍ਹ ਕੇ ਹੀ ਅਮਰੀਕਨ ਯੂਨੀਵਰਸਿਟੀਆਂ ਦਾ ਵਿਗਿਆਨੀ ਬਣ ਸਕਿਆ। ਇਥੇ ਆ ਕੇ ਮੇਰੀ ਰੂਹ ਨੂੰ ਚੈਨ ਮਿਲਦਾ ਹੈ,ਬਿਲਕੁਲ ਢੁੱਡੀਕੇ ਜਾਣ ਵਾਂਗ। ਮੈਂ ਜਦੋਂ ਵੀ ਆਉਂਦਾ ਹਾਂ ਇਥੇ ਬਹੁਤ ਸਮਾਂ ਗੁਜ਼ਾਰਦਾ ਹਾਂ। ਚਾਰ ਸਾਲ ਪਹਿਲਾਂ ਜਦ ਮੈਂ ਇਥੇ ਆਇਆ ਸੀ ਤਾਂ ਮੈਨੂੰ ਕੁਝ ਉਦਾਸੀ ਹੋਈ ਸੀ। ਪੇਂਡੂ ਪੰਜਾਬ ਦਾ ਖੇਤੀ ਅਰਥਚਾਰਾ ਅਤੇ ਖੇਤੀਬਾੜੀ ਨਿੱਘਰ ਰਹੀ ਸੀ। ਪੂਰਾ ਪੰਜਾਬ ਇਸ ਯੂਨੀਵਰਸਿਟੀ ਵੱਲ ਬੜੀ ਆਸ ਨਾਲ ਹਮੇਸ਼ਾਂ ਵਾਂਗ ਵੇਖ ਰਿਹਾ ਸੀ । ਇਸ ਵਾਰ ਜਦ ਮੈਂ ਅਮਰੀਕਾ ਤੋਂ ਚਲ ਕੇ 22 ਜਨਵਰੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੁੱਜਾ ਤਾਂ ਮੈਨੂੰ ਇਹ ਯੂਨੀਵਰਸਿਟੀ ਚਾਰ ਸਾਲਾਂ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਜਾਪੀ। ਮੈਂ ਪਿਛਲੇ 30 ਸਾਲਾਂ ਤੋਂ ਇਥੇ ਆ ਰਿਹਾ ਹਾਂ। ਬਹੁਤ ਉਚਾਈਆਂ ਅਤੇ ਨਿਵਾਣਾਂ ਵੇਖੀਆਂ ਹਨ। ਇਸ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਉਦਾਸੀ ਦਾ ਰੰਗ 4 ਸਾਲ ਪਹਿਲਾਂ ਗੂੜਾ ਹੋ ਰਿਹਾ ਸੀ। ਮੈਂ ਚੀਨ ਦੀ ਨਾਨਜਿੰਗ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਇਸ ਯੂਨੀਵਰਸਿਟੀ ਜਿੰਨਾਂ ਹੀ ਜਾਂਦਾ ਹਾਂ। ਚੀਨ ਦੀਆਂ ਉਚਿਆਈਆਂ ਅਤੇ ਇਸ ਯੂਨੀਵਰਸਿਟੀ ਦੀਆਂ ਨਿਵਾਣਾਂ ਮੈਨੂੰ ਉਦਾਸ ਕਰਦੀਆਂ ਸਨ ਪਰ ਐਤਕੀਂ ਜੋ ਕੁਝ ਮੈਂ ਇਥੇ ਤਬਦੀਲ ਹੋਇਆ ਵੇਖਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਾ ਵੀ ਮੇਰਾ ਧਰਮ ਹੈ ਕਿਉਂਕਿ ਦੇਸ਼ ਦੀ ਇਸ ਮਹਾਨ ਯੂਨੀਵਰਸਿਟੀ ਨੂੰ ਇਨ੍ਹਾਂ ਦਿਨਾਂ ਵਿਚ ਹੀ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਵਜੋਂ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਸ ਤਬਦੀਲੀ ਦਾ ਸਿਹਰਾ ਮੈਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਦੇਣਾ ਚਾਹੁੰਦਾ ਹਾਂ ਜਿਸ ਨੇ ਡਾ: ਮਨਜੀਤ ਸਿੰਘ  ਕੰਗ ਵਰਗੇ ਵਿਸ਼ਵ ਪ੍ਰਸਿੱਧ ਵਿਗਿਆਨੀ ਨੂੰ ਅਮਰੀਕਾ ਦੀ ਲੂਜ਼ੀਆਨਾ ਸਟੇਟ ਯੂਨੀਵਰਸਿਟੀ ਵਿਚੋਂ ਖੁਦ ਬੁਲਾਇਆ ਅਤੇ ਇਸ ਡੁੱਬਦੇ ਖੋਜ ਸੰਸਥਾਨ ਦੀ ਵਾਗਡੋਰ ਸੰਭਾਲੀ। ਡਾ: ਕੰਗ ਨੇ ਆਪਣੀ ਪੂਰੀ ਸਮਰੱਥਾ ਨਾਲ ਗੱਡੀ ਮੁੜ ਲੀਹ ਤੇ ਲਿਆਂਦੀ ਹੈ। ਮੈਂ ਦਿੱਲੀ  ਜਾਂ ਹੋਰ ਸੂਬਿਆਂ ਵਿੱਚ ਪੰਜਾਬ ਤੋਂ ਬਾਹਰ ਜਦੋਂ ਵੀ ਕਿਸੇ ਵਿਗਿਆਨਕ ਮੀਟਿੰਗ ਤੇ ਜਾਂਦਾ ਹਾਂ ਤਾਂ ਅਮਰੀਕਨ ਵਿਗਿਆਨੀ ਹੋਣ ਕਰਕੇ ਮੈਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਆਗੂ ਡਾ: ਮਨਜੀਤ ਸਿੰਘ ਕੰਗ ਦੀਆਂ ਪ੍ਰਾਪਤੀਆਂ ਲਈ ਮੁਬਾਰਕਾਂ ਮਿਲਦੀਆਂ ਹਨ ਕਿਉਂਕਿ ਅਮਰੀਕਾ ਵਿੱਚ ਕੰਮ ਕਰਦੇ ਪੰਜਾਬੀ ਵਿਗਿਆਨੀਆਂ ਦੀ ਸਰਦਾਰੀ ਸਮੁੱਚਾ ਵਿਗਿਆਨਕ ਜਗਤ ਜਾਣਦਾ ਹੈ। ਇਸ ਲਈ ਸਾਨੂੰ ਇਕ ਦੂਸਰੇ ਦੀਆਂ ਵਧਾਈਆਂ ਕਬੂਲਦਿਆਂ ਚੰਗਾ-ਚੰਗਾ ਮਹਿਸੂਸ ਹੁੰਦਾ ਹੈ। ਇਹ ਗੱਲ ਮੈਨੂੰ ਹੋਰ ਵੀ ਚੰਗੀ ਲੱਗੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਅਮਰੀਕਾ ਦੇ ਖੇਤੀਬਾੜੀ ਮੰਤਰੀ ਮਿਸਟਰ ਟੌਮ ਬਿਲਸੈਕ ਤੋਂ ਇਲਾਵਾ ਯੂ ਐਸ ਏ ਡੀ ਦੇ ਮੁਖ ਪ੍ਰਸਾਸ਼ਕ ਡਾ: ਰਾਜੀਵ ਸ਼ਾਹ ਨੇ ਆਪਣੀ ਭਾਰਤ ਫੇਰੀ ਦੌਰਾਨ ਪੂਰੇ ਦੇਸ਼ ਵਿਚੋਂ ਸਿਰਫ ਸਾਡੇ ਇਸ ਵਿਗਿਆਨੀ ਵਾਈਸ ਚਾਂਸਲਰ ਨੂੰ ਵੀ ਵਿਚਾਰ ਵਟਾਂਦਰੇ ਲਈ ਮੁੰਬਈ ਵਿਖੇ ਬੁਲਾਇਆ। ਡਾ: ਕੰਗ ਨੂੰ ਹੀ ਦੋ ਵਾਰ ਭਾਰਤ ਦੇ ਵਿੱਤ ਮੰਤਰੀ ਸ਼੍ਰੀ ਪ੍ਰਣਾਬ ਮੁਖਰਜੀ ਨੇ ਬਜਟ ਤੋਂ ਪਹਿਲਾਂ ਖੇਤੀਬਾੜੀ ਵਿਕਾਸ ਲਈ ਬਜਟ ਵਿੱਚ ਯੋਜਨਾਕਾਰੀਆਂ ਕਰਨ ਵਾਸਤੇ ਸਲਾਹ ਮਸ਼ਵਰੇ ਲਈ ਬੁਲਾਇਆ।

ਦਿੱਲੀ ਤੋਂ ਪੰਜਾਬ ਵੱਲ ਆਉਂਦਿਆਂ ਇਸ ਵਾਰ ਮੈਨੂੰ ਸੜਕ ਦੇ ਕੰਢਿਆਂ ਤੇ ਕਿਨੂੰ ਦੇ ਪਹਾੜ ਬਣੇ ਵਿਖਾਈ ਦਿੱਤੇ। ਇਹ ਨਜ਼ਾਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਹੀ ਕਰਾਮਾਤ ਕਹੀ ਜਾ ਸਕਦੀ ਹੈ। ਇਸ ਯੂਨੀਵਰਸਿਟੀ ਨੇ ਹਰੇ ਇਨਕਲਾਬ ਤੋਂ ਬਾਅਦ ਦੁੱਧ ਦਾ ਚਿੱਟਾ ਇਨਕਲਾਬ, ਸ਼ਹਿਦ ਇਨਕਲਾਬ ਅਤੇ ਖੁੰਬ ਇਨਕਲਾਬ ਵਰਗੀਆਂ ਕਰਾਮਾਤਾਂ ਕਰ ਵਿਖਾਈਆਂ ਹਨ। ਸੱਚ ਮੰਨਿਉਂ ਪੰਜਾਬ ਦੇ ਦੁੱਧ ਅਤੇ ਸ਼ਹਿਦ ਦੀਆਂ ਕਹਾਣੀਆਂ ਪੂਰੀ ਦੁਨੀਆਂ ਪਾ ਰਹੀ ਹੈ।

ਇਸ ਯੂਨੀਵਰਸਿਟੀ ਜਦੋਂ ਐਤਕੀਂ ਮੈਂ ਪਹਿਲੇ ਦਿਨ ਆਇਆ ਤਾਂ ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ਦਾ ਪ੍ਰਮੁਖ ਪ੍ਰੋਫੈਸਰ ਗੁਰੀ ਜੌਹਲ ਜੋ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਹੈ, ਉਹ ਸਕੂਲ ਆਫ ਐਗਰੀਕਲਚਰ ਬਾਇਓ ਟੈਕਨਾਲੋਜੀ ਵਿੱਚ ਭਾਸ਼ਣ ਦੇ ਰਿਹਾ ਸੀ। ਇਹ ਪ੍ਰਯੋਗਸ਼ਾਲਾ ਡਾ: ਗੁਰਦੇਵ ਸਿੰਘ ਖੁਸ਼ ਦੇ ਨਾਮ ਤੇ ਬਣਾਈ ਗਈ ਹੈ ਜਿਸ ਨੂੰ ਨੋਬਲ ਪ੍ਰਾਈਜ਼ ਦੇ ਬਰਾਬਰ ਦਾ ਵਿਸ਼ਵ ਖੁਰਾਕ ਪੁਰਸਕਾਰ ਹਾਸਿਲ ਹੋ ਚੁੱਕਾ ਹੈ। ਇਸੇ ਡਾ: ਖੁਸ਼ ਨੇ ਡਾ: ਮਨਜੀਤ ਸਿੰਘ ਕੰਗ ਦੀ ਪ੍ਰੇਰਨਾ ਨਾਲ ਆਪਣੀ ਉਮਰ ਭਰ ਦੀ ਇਨਾਮਾਂ ਵਾਲੀ ਕਮਾਈ ਇਸ ਬਾਇਓ ਟੈਕਨਾਲੋਜੀ ਕੇਂਦਰ ਅਤੇ ਅਗਲੇਰੀ ਖੋਜ ਲਈ ਯੂਨੀਵਰਸਿਟੀ ਹਵਾਲੇ ਕਰ ਦਿੱਤੀ ਹੈ। 3.5 ਕਰੋੜ ਰੁਪਇਆ ਜੀ ਐਸ ਖੁਸ਼ ਫਾਉਂਡੇਸ਼ਨ ਰਾਹੀਂ ਇਹ ਯੂਨੀਵਰਸਿਟੀ ਵਰਤ ਸਕਦੀ ਹੈ। ਪ੍ਰੋਫੈਸਰ ਜੌਹਲ ਨੇ ਇਸ ਕੇਂਦਰ ਵਿੱਚ ਇਕ ਹਫ਼ਤਾ ਸਿਧਾਂਤ ਅਤੇ ਵਿਹਾਰਕ ਸਿੱਖਿਆ ਦਿੱਤੀ। ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਤੋਂ ਆਏ ਮਹੱਤਵਪੂਰਨ ਵਿਗਿਆਨੀ ਡਾ:ਕੁਲਵਿੰਦਰ ਗਿੱਲ ਨੇ ਆਪਣੇ ਭਾਸ਼ਣਾਂ ਦੀ ਲੜੀ ਤੋਂ ਇਲਾਵਾ ਬਾਇਓ ਟੈਕਨਾਲੋਜੀ ਬਾਰੇ ਵਿਸ਼ੇਸ਼ ਵਰਕਸ਼ਾਪ ਲਗਾਈ । ਵੋਗਲ ਚੇਅਰ ਦੇ ਮੁਖੀ ਡਾ: ਕੁਲਵਿੰਦਰ ਸਿੰਘ ਗਿੱਲ ਵੀ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ। ਮੈਂ ਵੀ 6 ਫਰਵਰੀ ਤੋਂ 8 ਫਰਵਰੀ ਤੀਕ ਇਸ ਯੂਨੀਵਰਸਿਟੀ ਵਿੱਚ ਮੌਸਮੀ ਤਬਦੀਲੀਆਂ ਸੰਬੰਧੀ ਕਾਂਗਰਸ ਵਿੱਚ ਭਾਗ ਲੈਣ ਲਈ ਆਇਆਂ ਸਾਂ। ਮੈਂ ਵੀ ਆਪਣਾ ਹਿੱਸਾ ਪਾਇਆ ਅਤੇ ਦੁਨੀਆਂ ਭਰ ਤੋਂ ਆਏ 600 ਤੋਂ ਵੱਧ ਵਿਗਿਆਨੀਆਂ ਨੇ ਤਬਦੀਲ ਹੋ ਰਹੇ ਮੌਸਮ ਦੇ ਰੂ-ਬਰੂ ਖੇਤੀ ਬਾਰੇ ਵਿਚਾਰ ਚਰਚਾ ਕੀਤੀ। ਅਸੀਂ ਸਾਰੇ ਇਸੇ ਕਰਕੇ ਇਥੇ ਆਏ ਕਿਉਂਕਿ ਡਾ: ਮਨਜੀਤ ਸਿੰਘ ਕੰਗ ਨੇ ਸਾਨੂੰ ਸਾਰਿਆਂ ਨੂੰ ਆਪਣੇ ਵੱਲ ਖਿੱਚਿਆ। ਆਪਣੇ ਖਰਚੇ ਤੇ ਅਮਰੀਕਾ ਤੋਂ ਬਿਨਾਂ ਕੋਈ ਇਵਜ਼ਾਨਾ ਲਿਆਂ ਪੜ੍ਹਾਉਣਾ ਸਾਡੀ ਲੋੜ ਹੈ ਕਿਉਂਕਿ ਇਸ ਯੂਨੀਵਰਸਿਟੀ ਨੇ ਸਾਨੂੰ ਸਭ ਕੁਝ ਦਿੱਤਾ ਹੈ। ਸਾਨੂੰ ਤਸੱਲੀ ਹੈ ਕਿ ਡਾ: ਮਨਜੀਤ ਸਿੰਘ ਕੰਗ ਨੇ ਇਸ ਯੂਨੀਵਰਸਿਟੀ ਦੇ ਮੁਖ ਵਜੋਂ ਸਾਡੇ ਮੋਢਿਆਂ ਤੇ ਸਾਬਾਸ਼ ਦਿੱਤੀ ਹੈ।

ਆਮ ਕਿਹਾ ਜਾ ਰਿਹਾ ਹੈ ਕਿ 21ਵੀਂ ਸਦੀ ਵਿੱਚ ਉਹੀ ਦੇਸ਼ ਅੱਗੇ ਵਧਣਗੇ ਜਿਨ੍ਹਾਂ ਦਾ ਸਹਾਰਾ ਬਾਇਓ ਤਕਨਾਲੋਜੀ, ਸੂਚਨਾ ਤਕਨਾਲੋਜੀ ਅਤੇ ਨੈਨੋ ਤਕਨਾਲੋਜੀ ਵਰਗੇ ਨਵੀਨਤਮ ਗਿਆਨ ਬਣਨਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੇ ਇਹ ਤਿੰਨੇ ਅੰਗ ਮਜ਼ਬੂਤ ਕਰ ਲਏ ਹਨ। ਡਾ: ਮਨਜੀਤ ਸਿੰਘ ਕੰਗ ਨੇ ਖੇਤੀਬਾੜੀ ਬਾਇਓ ਟੈਕਨਾਲੋਜੀ ਸਕੂਲ, ਸੂਚਨਾ ਤਕਨਾਲੋਜੀ ਸਕੂਲ ਅਤੇ ਨੈਨੋ ਤਕਨਾਲੋਜੀ ਪ੍ਰਯੋਗਸ਼ਾਲਾ ਸਥਾਪਿਤ ਕਰਕੇ ਦੇਸ਼ ਦੀ ਸਿਖਰਲੀ ਖੋਜ ਸੰਸਥਾ ਬਣਨ ਦਾ ਮਾਣ ਹਾਸਿਲ ਕਰ ਲਿਆ ਹੈ। ਇਥੋਂ ਦੇ ਪੜ੍ਹੇ ਵਿਦਿਆਰਥੀਆਂ ਨੂੰ ਕੌਮੀ ਅਤੇ ਕੌਮਾਂਤਰੀ ਏਜੰਸੀਆਂ ਹੁਣ ਤੋਂ ਹੀ ਉਡੀਕਣ ਲੱਗ ਪਈਆਂ ਹਨ ਕਿਉਂਕਿ ਇਨ੍ਹਾਂ ਸਾਰਿਆਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਨੇੜਲਾ ਰਿਸ਼ਤਾ ਬਣ ਗਿਆ ਹੈ। ਅਮਰੀਕਾ ਅਤੇ ਯੂਰਪ ਦੀਆਂ ਯੂਨੀਵਰਸਿਟੀਆਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਆਏ ਨੌਜਵਾਨ ਅਧਿਆਪਕ ਇਸ ਯੂਨੀਵਰਸਿਟੀ ਦੀ ਸ਼ਕਤੀ ਬਣ ਰਹੇ ਹਨ।

ਵੈੱਬ ਅਧਾਰਿਤ ਅਧਿਆਪਨ ਰਾਹੀਂ ਦੂਰ ਬੈਠੇ ਅਧਿਆਪਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਾ ਰਹੇ ਹਨ ਅਤੇ ਇਥੋਂ ਦੇ ਅਧਿਆਪਕ ਵਿਸ਼ਵ ਦੀਆਂ ਬਾਕੀ ਯੂਨੀਵਰਸਿਟੀਆਂ ਵਿੱਚ ਗਿਆਨ ਵੰਡ ਰਹੇ ਹਨ। ਖੇਤੀ ਗਿਆਨ ਪਹਿਲ ਪ੍ਰੋਗਰਾਮ ਅਧੀਨ ਅਮਰੀਕਾ ਦੀ ਆਇਓਵਾ ਸਟੇਟ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਕੂਲ ਆਫ ਇਨਫਰਮੇਸ਼ਨ ਟੈਕਨਾਲੋਜੀ ਇਹ ਕਾਰਜ ਕਰ ਰਿਹਾ ਹੈ। ਜਿਥੇ ਬੈਠਿਆਂ ਅਮਰੀਕਾ ਦੀ ਆਇਓਵਾ ਸਟੇਟ  ਯੂਨੀਵਰਸਿਟੀ, ਯੂਨੀਵਰਸਿਟੀ ਆਫ ਇਲੀਨੌਏ, ਪਰਡਿਊ ਯੂਨੀਵਰਸਿਟੀ ਦੇ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਮੈਨੂੰ ਇਹ ਵੀ ਦੱਸਿਆ ਕਿ ਜੀ ਵੀ ਪੰਤ ਯੂਨੀਵਰਸਿਟੀ, ਪੰਤ ਨਗਰ ਅਤੇ ਖੇਤੀਬਾੜੀ ਯੂਨੀਵਰਸਿਟੀ ਬੰਗਲੌਰ ਵੀ ਇਸ ਨੈੱਟਵਰਕ ਵਿੱਚ ਸ਼ਾਮਿਲ ਹੈ। ਕੈਨਸਾਸ ਸਟੇਟ ਯੂਨੀਵਰਸਿਟੀ ਵਿਖੇ ਮੈਨੂੰ ਦੱਸਿਆ ਗਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਇਸ ਆਦਾਨ ਪ੍ਰਦਾਨ ਪ੍ਰੋਗਰਾਮ ਵਿੱਚ ਪੜ੍ਹਾਈ ਕਰਵਾ ਰਹੇ ਹਨ।

ਅਨੇਕਾਂ ਸਾਂਝੇ ਡਿਗਰੀ ਪ੍ਰੋਗਰਾਮ ਅਮਰੀਕਾ ਦੀਆਂ ਯੂਨੀਵਰਸਿਟੀਆਂ ਨਾਲ ਮਿਲ ਕੇ ਵਿਕਸਤ ਕੀਤੇ ਗਏ ਹਨ। ਮਿਸਾਲ ਦੇ ਤੌਰ ਤੇ ਕਾਰਨਲ ਵਰਗੀ ਪ੍ਰਮੁਖ ਯੂਨੀਵਰਸਿਟੀ ਨਾਲ ਅਹਿਦਨਾਮਾ ਹੋ ਗਿਆ ਹੈ । ਕੈਨਸਾਸ ਸਟੇਟ ਯੂਨੀਵਰਸਿਟੀ ਨਾਲ ਭੋਜਨ ਤਕਨਾਲੋਜੀ ਦੇ ਖੇਤਰ ਵਿੱਚ ਸਾਂਝਾ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਹੈ। ਮੈਂ ਇਨ੍ਹਾਂ ਗਰੈਜੂਏਟਾਂ ਦਾ ਬਹੁਤ ਰੌਸ਼ਨ ਭਵਿੱਖ ਦੇਖਦਾ ਹਾਂ। ਇਸ ਦੂਰਦਰਸ਼ੀ ਸੋਚ ਲਈ ਡਾ: ਮਨਜੀਤ ਸਿੰਘ ਕੰਗ ਨੂੰ ਜਿੰਨੀ ਵਧਾਈ ਦਿੱਤੀ ਜਾਵੇ ਥੋੜ੍ਹੀ ਹੈ।

ਮੈਨੂੰ ਹਮੇਸ਼ਾਂ ਇਹ ਗੱਲ ਅੱਖਰਦੀ ਸੀ ਕਿ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੇਂਡੂ ਵਿਦਿਆਰਥੀਆਂ ਦੀ ਗਿਣਤੀ ਕਿਉਂ ਘਟ ਰਹੀ ਹੈ ਪਰ ਮੇਰੀ ਹੁਣ ਤਸੱਲੀ ਹੈ ਕਿ ਡਾ: ਕੰਗ ਨੇ ਬੀ ਐਸ ਸੀ ਖੇਤੀਬਾੜੀ ਅਤੇ ਹੋਮ ਸਾਇੰਸ ਵਿੱਚ ਦਸਵੀਂ ਤੋਂ ਬਾਅਦ ਛੇ ਸਾਲਾ ਡਿਗਰੀ ਕੋਰਸ ਸ਼ੁਰੂ ਕਰਕੇ ਪੇਂਡੂ ਪੁੱਤਰਾਂ-ਧੀਆਂ ਲਈ ਖੇਤੀਬਾੜੀ ਦੀ ਪੜ੍ਹਾਈ ਯਕੀਨੀ ਬਣਾ ਦਿੱਤੀ ਹੈ। ਤਿੰਨ ਸਾਲ ਪਹਿਲਾਂ 95 ਫੀ ਸਦੀ ਬੱਚੇ ਸ਼ਹਿਰਾਂ ਤੋਂ ਆਉਂਦੇ ਸਨ। ਪਿੰਡਾਂ ਵਾਲਿਆਂ ਦਾ ਵਿਗਿਆਨ ਨਾਲ ਨਾਤਾ ਮੁੜ ਜੁੜਨ ਕਰਕੇ ਪੇਂਡੂ ਵਿਕਾਸ ਦਾ ਵੀ ਪਹੀਆ ਤੇਜ਼ ਹੋਵੇਗਾ ਕਿਉਂਕਿ ਪੇਂਡੂ ਬੱਚਿਆਂ ਦੇ ਖੂਨ ਵਿੱਚ ਹੀ ਖੇਤੀਬਾੜੀ ਅਤੇ ਫ਼ਸਲਾਂ ਸੰਬੰਧੀ ਗਿਆਨ ਹੁੰਦਾ ਹੈ।

ਇਸ ਯੂਨੀਵਰਸਿਟੀ ਨੇ ਖੋਜ ਅਤੇ ਗਿਆਨ ਦੀ ਭਾਲ ਵਾਸਤੇ ਅਨੇਕਾਂ ਖੋਜ ਗਰੁੱਪ ਬਣਾਏ ਹਨ ਅਤੇ ਮਨਜੀਤ ਸਿੰਘ ਕੰਗ ਖੁਦ ਅੰਤਰ ਰਾਸ਼ਟਰੀ ਜਨਰਲ ਪ੍ਰਕਾਸ਼ਤ ਕਰਦੇ ਹਨ। ਇਸੇ ਦਾ ਹੀ ਪ੍ਰਤਾਪ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਹੁਣ ਖੋਜ ਪੱਤਰ ਲਿਖਣ ਵਿੱਚ ਵਿਸ਼ਵ ਪਛਾਣ ਰੱਖਦੇ ਹਨ । ਭਾਰਤ ਸਰਕਾਰ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋਂ ਕਣਕ ਜੀਨੌਮ ਨਿਖੇੜ ਪ੍ਰਾਜੈਕਟ ਅਧੀਨ ਮਿਲੇ 34 ਕਰੋੜ ਵਿਚੋਂ 18 ਕਰੋੜ ਰੁਪਏ ਇਸ ਯੂਨੀਵਰਸਿਟੀ ਨੂੰ ਹਾਸਿਲ ਹੋਏ ਹਨ। ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਅਤੇ ਕਲੋਰਾਡੋ ਸਟੇਟ ਯੂਨੀਵਰਸਿਟੀ ਨਾਲ ਸਾਂਝਾ 2 ਮਿਲੀਅਨ ਅਮਰੀਕਨ ਡਾਲਰ ਦਾ ਅੰਤਰ ਰਾਸ਼ਟਰੀ ਖੋਜ  ਪ੍ਰਾਜੈਕਟ ਇਸ ਯੂਨੀਵਰਸਿਟੀ ਨੂੰ ਪਿਛਲੇ ਸਾਲ ਹਾਸਿਲ ਹੋਇਆ ਹੈ। ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਨੂੰ ਅੱਜ ਤੀਕ ਇਹ ਮਾਣ ਨਹੀਂ ਮਿਲਿਆ। ਅੰਤਰ ਰਾਸ਼ਟਰੀ ਮਿਆਰਾਂ ਤੇ ਖਰੀ ਉੱਤਰਦੀ ਖੋਜ ਕਾਰਨ ਹੀ ਇਹ ਮਾਣ ਸਨਮਾਨ ਮਿਲਦੇ ਹਨ।

25 ਜਨਵਰੀ ਨੂੰ ਮੈਨੂੰ ਵੀ ਡਾ: ਮਨਜੀਤ ਸਿੰਘ ਕੰਗ ਨਾਲ ਹੀ ਸਿਮਟ ਅਤੇ  ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਆਈ ਸਾਂਝੀ ਟੀਮ ਨਾਲ ਲਾਢੂਵਾਲ ਜਾਣ ਦਾ ਸੁਭਾਗ ਹਾਸਿਲ ਹੋਇਆ ਜਿਸ ਨੇ ਦੱਖਣੀ ਏਸ਼ੀਆ ਵਿੱਚ ਵਿਸ਼ਵ ਨੋਬਲ ਪੁਰਸਕਾਰ ਵਿਜੇਤਾ ਡਾ: ਨੌਰਮਨ ਈ ਬੋਰਲਾਗ ਦੀ ਯਾਦ ਅੰਦਰ ਖੋਜ ਸੰਸਥਾਨ ਬਣਾਉਣ ਦਾ ਫੈਸਲਾ ਕੀਤਾ। ਪੰਜਾਬ ਸਰਕਾਰ ਨੂੰ ਇਸ ਗੱਲੋਂ ਵੱਡੀ ਵਧਾਈ ਦੇਣੀ ਬਣਦੀ ਹੈ ਜਿਸ ਨੇ 500 ਏਕੜ ਜ਼ਮੀਨ ਅਲਾਟ ਕਰਕੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਖੋਜ ਸੰਸਥਾਨ ਲਈ ਪਹਿਲ ਕਦਮੀ ਕੀਤੀ। ਇਸ ਟੀਮ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵੀ ਦੌਰਾ ਕੀਤਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਇਸ ਖੋਜ ਸੰਸਥਾਨ ਵੱਲੋਂ ਐਮ ਐਸ ਸੀ ਅਤੇ ਪੀ ਐਚ ਡੀ ਦੀ ਪਡ੍ਹਾਈ ਲਈ ਸਾਂਝੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕੀਤੀ। ਪੰਜਾਬ ਦੇ ਖੇਤੀਬਾੜੀ ਵਿਕਾਸ ਲਈ ਇਹ ਸੁਮੇਲ ਚੰਗੇ ਭਵਿੱਖ ਦੀ ਨਿਸ਼ਾਨਦੇਹੀ ਕਰਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਅਤੇ ਸਖਤ ਮਿਹਨਤ ਦੇ ਰਾਹ ਤੋਰਨ ਵਿੱਚ ਡਾ: ਮਨਜੀਤ ਸਿੰਘ ਕੰਗ ਨੇ ਜਿਹੜੀ ਵਾਹ ਲਾਈ ਹੈ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ। ਚੰਗੇ ਵਿਚਾਰਾਂ ਦੀ ਪ੍ਰੇਰਨਾ ਦੇ ਕੇ ਉਨ੍ਹਾਂ ਨੇ ਹਮੇਸ਼ਾਂ ਵਿਦਿਆਰਥੀਆਂ ਨੂੰ ਵੀ ਸਖਤ ਮਿਹਨਤ ਦੇ ਰਾਹ ਤੋਰਿਆ ਹੈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਹੀ ਇਸ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਵਜੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਖੋਜ ਅਦਾਰੇ ਦਾ ਮੁੜ ਸਹੀ ਲੀਹ ਤੇ ਪੈਣਾ ਜਿਥੇ ਪੰਜਾਬ ਦੇ ਲੋਕਾਂ ਲਈ ਸ਼ੁਭ ਸ਼ਗਨ ਹੈ ਉਥੇ ਭਵਿੱਖ ਦੀਆਂ ਵੰਗਾਰਾਂ ਦਾ ਟਾਕਰਾ ਕਰਨ ਲਈ ਯੋਜਨਾਕਾਰਾਂ ਨੂੰ ਵੀ ਇਸ ਅਦਾਰੇ ਦੀਆਂ ਲੋੜਾਂ ਦਾ ਸਾਥ ਨਿਭਾਉਣਾ ਪਵੇਗਾ। ਬਹੁਤ ਕੁਝ ਹੋ ਗਿਆ, ਬਹੁਤ ਕੁਝ ਹੋਣਾ ਬਾਕੀ ਹੈ, ਕਈ ਢਾਂਚਾਗਤ ਸਿਧਾਂਤ ਲੋੜੀਂਦੇ ਹਨ ਜਿਸ ਨਾਲ ਕੰਮ ਦੀ ਯੋਗਤਾ ਵਧੇ । ਬਾਹਰੋਂ ਅਧਿਆਪਕ ਮੈਰਿਟ ਤੇ ਲਿਆ ਕੇ ਉਨ੍ਹਾਂ ਨੂੰ ਚੰਗੇਰੀ ਖੋਜ ਲਈ ਵਿਸ਼ੇਸ਼ ਉਤਸ਼ਾਹ ਦਿੱਤਾ ਜਾ ਸਕੇ। ਅੰਤਰ ਰਾਸ਼ਟਰੀ ਮਿਆਰ ਦੀਆਂ ਇਮਾਰਤਾਂ ਅਤੇ ਆਮ ਢਾਂਚਾ ਵਿਕਸਤ ਕਰਨਾ ਪਵੇਗਾ। ਵਿਸ਼ਵ ਦੇ ਸਿਰਕੱਢ ਵਿਗਿਆਨੀਆਂ ਨੂੰ ਇਸ ਯੂਨੀਵਰਸਿਟੀ ਵਿੱਚ ਖਿੱਚਣ ਲਈ  ਯੋਜਨਾਕਾਰੀ ਅਤੇ ਆਰਥਿਕ ਵਸੀਲਿਆਂ ਦੀ ਲੋੜ ਹੈ। ਹਰੇ ਇਨਕਲਾਬ ਤੋਂ ਸਦਾਬਹਾਰ ਖੇਤੀ ਇਨਕਲਾਬ ਵੱਲ ਤੁਰ ਰਹੀ ਇਸ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਲਈ ਸਮੂਹ ਪੰਜਾਬੀਆਂ ਨੂੰ ਮੁਬਾਰਕਾਂ ਦਿੰਦਿਆਂ ਮੈਂ ਇਹ ਵੀ ਆਸ ਕਰਾਂਗਾ ਕਿ ਦੇਸ਼ ਦੀ ਭੁੱਖ ਦੂਰ ਕਰਨ ਵਾਲੇ ਪੰਜਾਬੀਆਂ ਦੇ ਆਪਣੇ ਘਰਾਂ ਵਿੱਚ ਵੀ ਖੁਸ਼ਹਾਲੀ ਆਵੇ, ਇਹਦੇ ਪੁੱਤਰਾਂ-ਧੀਆਂ ਲਈ ਵੀ ਰੁਜ਼ਗਾਰ ਦੇ ਮੌਕੇ ਵਧਣ। ਕੁੱਲੀ, ਗੁੱਲੀ ਅਤੇ ਜੁੱਲੀ ਦੀ ਸਲਾਮਤੀ ਤੋਂ ਇਲਾਵਾ ਇਸਦੇ ਉਗਾਏ ਦਾਣਿਆਂ ਦਾ ਮੰਡੀ ਵਿੱਚ ਪੂਰਾ ਮੁੱਲ ਮਿਲੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>