ਗਿਆਨ ਵਿਗਿਆਨ ਅਦਾਨ ਪ੍ਰਦਾਨ ਨਾਲ ਹੀ ਦੱਖਣੀ ਏਸ਼ੀਆ ਵਿੱਚ ਪਾਏਦਾਰ ਅਮਨ ਯਕੀਨੀ ਹੋ ਸਕਦਾ ਹੈ-ਡਾ: ਕੰਗ


ਲੁਧਿਆਣਾ:- ਲੁਧਿਆਣਾ ਵਿੱਚ ਹੋ ਰਹੇ ਹਿੰਦ-ਪਾਕਿ ਨਾਟਕ ਮੇਲੇ ਦੇ ਆਖਰੀ ਦਿਨ ਪਾਕਿਸਤਾਨ ਤੋਂ ਆਏ ਕਲਾਕਾਰਾਂ ਦੇ ਵਫਦ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ। ਸਫ਼ੀਕ ਬੱਟ ਅਤੇ ਹੁਮਾ ਸਫ਼ਦਰ ਦੀ ਅਗਵਾਈ ਹੇਠ ਆਏ ਇਸ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੁਆਗਤੀ ਬੋਲ ਬੋਲਦਿਆਂ ਵਾਈਸ ਚਾਂਸਲਰ ਡਾ: ਕੰਗ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਪਾਏਦਾਰ ਅਮਨ ਯਕੀਨੀ ਬਣਾਉਣ ਲਈ ਜਿਥੇ ਕਲਾ, ਸਾਹਿਤ ਅਤੇ ਸਭਿਆਚਾਰ ਦੇ ਕਾਮਿਆਂ ਦਾ ਆਪਸੀ ਅਦਾਨ ਪ੍ਰਦਾਨ ਜ਼ਰੂਰੀ ਹੈ ਉਥੇ ਗਿਆਨ ਵਿਗਿਆਨ ਇਸ ਸਹਿਯੋਗ ਮਜ਼ਬੂਤ ਆਧਾਰ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਆਖਿਆ ਕਿ ਦੁਨੀਆਂ ਭਰ ਦੇ ਮਨੁੱਖਾਂ ਦਾ ਡੀ ਐਨ ਏ 99.5 ਫੀ ਸਦੀ ਇਕੋ ਜਿਹਾ ਹੈ, ਸਿਰਫ .5 ਫੀ ਸਦੀ ਅੰਤਰ ਸਾਡੀ ਮਾਨਸਿਕਤਾ ਤੇ ਭਾਰੂ ਹੋ ਕੇ ਵਿਸ਼ਵ ਅਮਨ ਨੂੰ ਖਤਰੇ ਵਿੱਚ ਪਾਉਂਦਾ ਹੈ। ਇਨ੍ਹਾਂ ਵਖਰੇਵਿਆਂ ਤੋਂ ਉਪਰ ਉਭਰਨ ਦੀ ਜ਼ਰੂਰਤ ਹੈ। ਡਾ: ਕੰਗ ਨੇ ਇਸ ਵਫਦ ਦੇ ਆਗੂਆਂ ਨੂੰ ਯੂਨੀਵਰਸਿਟੀ ਵੱਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਪਾਕਿਸਤਾਨ ਤੋਂ ਆਏ ਵਫਦ ਦੇ ਆਗੂ ਸਫ਼ੀਕ ਬੱਟ ਨੇ ਦੱਸਿਆ ਕਿ ਉਨ੍ਹਾਂ ਦੀਆਂ ਸੰਸਥਾਵਾਂ ਲੋਕ ਰਾਸ, ਸੰਗਤ ਲਹੌਰ ਅਤੇ ਲੋਕ ਸੁਜਾਗ ਪੰਜਾਬੀਆਂ ਨੂੰ ਪੰਜਾਬੀ ਵਿਰਾਸਤ, ਮਾਂ ਬੋਲੀ ਅਤੇ ਜ਼ਿੰਦਗੀ ਨੂੰ ਦਰਪੇਸ਼ ਮਸਲਿਆਂ ਬਾਰੇ ਸਰਗਰਮੀਆਂ ਕਰਦੀਆਂ ਹਨ। ਉਨ੍ਹਾਂ ਦੀ ਸੰਸਥਾ ਲੋਕ ਰਾਸ ਹੁਣ ਤੀਕ 600 ਤੋਂ ਵੱਧ ਨਾਟਕ ਪੇਸ਼ ਕਰ ਚੁੱਕੀ ਹੈ।  ਇਸ ਨਾਟਕ ਮੇਲੇ ਵਿੱਚ ਵੀ ਉਨ੍ਹਾਂ ਨੇ ਨਜਮ ਹੁਸੈਨ ਸਈਅਦ ਦੇ ਲਿਖੇ ਨਾਟਕ ਪੇਸ਼ ਕੀਤੇ ਹਨ  ਜਿਨ੍ਹਾਂ ਨੂੰ ਲੁਧਿਆਣਾ ਦੇ ਨਾਟਕ ਪ੍ਰੇਮੀਆਂ ਨੇ ਚੰਗਾ ਹੁੰਗਾਰਾ ਦਿੱਤਾ ਹੈ। ਪਾਕਿਸਤਾਨ ਤੋਂ ਆਈ ਨਾਟਕ ਨਿਰਦੇਸ਼ਕ ਹੁਮਾ ਸਫ਼ਦਰ ਨੇ ਦੱਸਿਆ ਕਿ ਉਹ ਸੰਗਤ ਲਾਹੌਰ ਰਾਹੀਂ ਨਜਮ ਹੁਸੈਨ ਸਈਅਦ ਦੀ ਅਗਵਾਈ ਹੇਠ ਪਿਛਲੇ 20 ਸਾਲਾਂ ਤੋਂ ਪੁਰਾਤਨ ਕਿੱਸਿਆਂ, ਗੁਰਬਾਣੀ, ਸੂਫੀ ਕਲਾਮ ਅਤੇ ਹੋਰ ਮਹੱਤਵਪੂਰਨ ਪੁਸਤਕਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਸ ਨੂੰ ਪੁਸਤਕ ਰੂਪ ਵਿੱਚ ਪ੍ਰਕਾਸ਼ਤ ਕੀਤਾ ਜਾਂਦਾ ਹੈ। ਉਨ੍ਹਾਂ ਸੰਗਤ ਵੱਲੋਂ ਛਾਪੀਆਂ ਕੁਝ ਪੁਸਤਕਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਾਇਬ੍ਰੇਰੀ ਵਾਸਤੇ ਵੀ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਭੇਂਟ ਕੀਤੀਆਂ। ਡਾ: ਨਿਰਮਲ ਜੌੜਾ ਨੇ ਇਸ ਵਫਦ ਦੇ ਮੈਂਬਰਾਂ ਨਾਲ ਜਾਣ ਪਛਾਣ ਕਰਦਿਆਂ ਦੱਸਿਆ ਕਿ ਪੰਜਾਬੀ ਨਾਟ ਅਕੈਡਮੀ ਦੇ ਸੱਦੇ ਤੇ ਆਏ ਇਨ੍ਹਾਂ ਕਲਾਕਾਰਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਸਾਂਝੀਆਂ ਉਸਾਰਨ ਲਈ ਮਹੱਤਵਪੂਰਨ ਲੜੀ ਅੱਗੇ ਵਧਾਈ ਹੈ। ਇਸ ਮੌਕੇ ਉੱਘੇ ਪਾਕਿਸਤਾਨੀ ਗਾਇਕ ਆਸਿਫ ਹੋਤ ਨੇ ਪਾਕਿਸਤਾਨੀ ਲੋਰੀ ਅਤੇ ਇਕ ਲੋਕ ਗੀਤ ਦੇ ਕੁਝ ਬੋਲ ਗਾ ਕੇ ਸੁਣਾਏ।

ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਆਖਿਆ ਕਿ ਪੰਜਾਬ ਪੰਜਾਂ ਦਰਿਆਵਾਂ ਨਾਲ ਹੀ ਸੋਭਦਾ ਹੈ। ਭਾਵੇਂ ਵਕਤ ਨੇ ਸਰਹੱਦੀ ਲਕੀਰ ਵਾਹ ਕੇ ਸਾਨੂੰ ਨਿਖੇੜਿਆ ਹੈ ਪਰ ਪਰਿੰਦਿਆਂ ਵਾਂਗ ਸਾਡੇ ਅਸਮਾਨ ਸਾਂਝੇ ਹਨ, ਸੁਪਨੇ ਸਾਂਝੇ ਹਨ, ਮੁਹੱਬਤ ਦੀ ਜ਼ੁਬਾਨ ਇਕ ਹੈ ਅਤੇ ਇਸ ਦੀ ਸਲਾਮਤੀ ਲਈ ਹੀ ਸਾਨੂੰ ਕੋਮਲ ਕਲਾਵਾਂ, ਗਿਆਨ ਵਿਗਿਆਨ ਤਕਨਾਲੋਜੀ ਦਾ ਅਦਾਨ ਪ੍ਰਦਾਨ ਵਧਾ ਕੇ ਭਵਿੱਖ ਦੀ ਸੁੰਦਰ ਉਸਾਰੀ ਕਰਨੀ ਪਵੇਗੀ। ਯੂਨੀਵਰਸਿਟੀ ਵੱਲੋਂ ਛਪਦੇ ਮਾਸਕ ਪੱਤਰ ਚੰਗੀ ਖੇਤੀ ਦੇ ਸੰਪਾਦਕ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਦੇਸ਼ ਦੀ ਵੰਡ ਤੋਂ ਬਾਅਦ ਹਿੰਦ-ਪਾਕਿ ਦੋਸਤੀ ਲਈ ਸਾਹਿਤਕ ਅਦਾਨ ਪ੍ਰਦਾਨ ਦੇ ਹਵਾਲੇ ਨਾਲ ਦੱਸਿਆ ਕਿ 200 ਤੋਂ ਵੱਧ ਪਾਕਿਸਤਾਨ ਵਿੱਚ ਛਪੀਆਂ ਕਿਤਾਬਾਂ ਦਾ ਗੁਰਮੁਖੀ ਰੂਪ ਇਧਰ ਪ੍ਰਕਾਸ਼ਤ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨਜਮ ਹੁਸੈਨ ਸਈਅਦ ਦੀਆਂ ਸਭ ਰਚਨਾਵਾਂ ਗੁਰਮੁਖੀ ਅੱਖਰਾਂ ਵਿੱਚ ਸ: ਪੁਰਦਮਨ ਸਿੰਘ ਬੇਦੀ ਪ੍ਰਕਾਸ਼ਤ ਕਰ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬੀ ਸ਼ਾਇਰ ਨੂਰ ਮੁਹੰਮਦ ਨੂਰ ਨੇ ਪਾਕਿਸਤਾਨ ਵਿੱਚ ਲਿਖੀ ਜਾ ਰਹੀ ਪੰਜਾਬੀ ਗਜ਼ਲ ਦਾ 6 ਭਾਗਾਂ ਵਿੱਚ ਸੰਪਾਦਨ ਕੀਤਾ ਹੈ। ਪੰਜਾਬੀ ਨਾਟਕ ਅਕੈਡਮੀ ਦੇ ਪ੍ਰਧਾਨ ਸੰਤੋਖ ਸਿੰਘ ਸੁਖਾਣਾ ਤੋਂ ਇਲਾਵਾ ਉੱਘੇ ਬੈਂਕਰ ਅਤੇ ਸਭਿਆਚਾਰਕ ਸਰਪ੍ਰਸਤ ਸ: ਹਰਪਾਲ ਸਿੰਘ ਮਾਂਗਟ ਤੋਂ ਇਲਾਵਾ ਕਈ ਪ੍ਰਮੁਖ ਸਖਸ਼ੀਅਤ ਇਸ ਮੌਕੇ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>