ਝੱਖੜ ਝੰਬੇ ਰੁੱਖ

ਜੋਰਾ ਸਿੰਘ ਕੋਲ ਸੱਤ ਕੁ ਏਕੜ ਜ਼ਮੀਨ ਸੀ। ਉਸ ਦਾ ਬਾਪ ਅੱਧ-ਮਾਮਲੇ ‘ਤੇ ਲੈ ਕੇ ਆਪਣੇ ਪ੍ਰੀਵਾਰ ਦਾ ਸੋਹਣਾ ‘ਤੋਰਾ’ ਤੋਰੀ ਜਾਂਦਾ ਸੀ। ਪਰ ਤੁਰਦਾ ਮਸਾਂ ਸਿਰਫ਼ ਉਹਨਾਂ ਦਾ ਘਰ-ਬਾਰ ਹੀ ਸੀ। ਉਹ ਕਦੇ ਵੀ ਪ੍ਰੀਵਾਰਕ ਸਹੂਲਤਾਂ ਪੱਖੋਂ ਖ਼ੁਸ਼ਹਾਲ ਨਾ ਹੋਏ ਅਤੇ ਤੰਗੀਆਂ-ਤਰੁਸ਼ੀਆਂ ਵਿਚ ਹੀ ਲੱਤਾਂ ਘੜ੍ਹੀਸਦੇ ਰਹੇ। ਜੋਰਾ ਸਿੰਘ ਸਭ ਤੋਂ ਵੱਡਾ ਸੀ। ਉਸ ਨੇ ਪਹਿਲਾਂ ਕਬੀਲਦਾਰੀ ਵਿਚ ਪੂਰੀ ਇਮਾਨਦਾਰੀ ਨਾਲ ਆਪਣੇ ਬਾਪ ਦਾ ਹੱਥ ਵਟਾਇਆ ਅਤੇ ਆਪਣੇ ਭੈਣ-ਭਰਾਵਾਂ ਦੇ ਵਿਆਹ ਵੀ ਕੀਤੇ। ਜੋਰਾ ਸਿੰਘ ਦੀ ਘਰਵਾਲੀ ਸੰਤ ਕੌਰ ਵੀ ਇਕ ਨੇਕ ਸੁਭਾਅ ਔਰਤ ਸੀ। ਸਹੁਰੇ ਦੀ ਕਬੀਲਦਾਰੀ ਸਿਰੇ ਲਾਉਂਦੇ ਆਪਣੇ ਪਤੀ-ਪ੍ਰਮੇਸ਼ਰ ਵੱਲ ਕਦੇ ਵੀ ਮੱਥੇ ਵੱਟ ਪਾ ਕੇ ਨਾ ਤੱਕਿਆ। ਜੋਰਾ ਸਿੰਘ ਦੇ ਆਪਣੇ ਤਿੰਨ ਲੜਕੇ ਹੋਏ। ਪੰਜ-ਪੰਜ ਜਮਾਤਾਂ ਪੜ੍ਹਾ ਕੇ ਅਤੇ ਅੱਖਰਾਂ ਦੇ ‘ਸਿਆਣੂੰ’ ਕਰਵਾ ਕੇ ਉਸ ਨੇ ਆਪਣੇ ਤਿੰਨੇ ਪੁੱਤਰ ਵੀ ਪਿਤਾ-ਪੁਰਖ਼ੀ ਕਿੱਤੇ ਖੇਤੀਬਾੜੀ ਵਿਚ ਹੀ ਲਾ ਲਏ।

ਜੋਰਾ ਸਿੰਘ ਨਿੱਤ ਹੀ ਦੇਖਦਾ ਸੀ ਕਿ ਲੋਕਾਂ ਦੇ ਮੁੰਡੇ ਸਕੂਲਾਂ-ਕਾਲਜਾਂ ਵਿਚ ਸਾਲਾਂ ਬੱਧੀ ਧੱਕੇ ਖਾ ਕੇ ਨੌਕਰੀ ਤੋਂ ਬਿਨਾ ‘ਅਵਾਰਾ’ ਹੀ ਡਾਵਾਂਡੋਲ ਤੁਰੇ ਫ਼ਿਰਦੇ ਸਨ। ਕਿਸੇ ਨੂੰ ਨੌਕਰੀ ਤਾਂ ਕੀ ਮਿਲਣੀ ਸੀ? ਸਗੋਂ ਉਹ ਤਾਂ ਪੜ੍ਹਾਈ ਕਰ-ਕਰਾ ਕੇ ਵੀ ਜਦ ਨੌਕਰੀ ਨਾ ਮਿਲਦੀ ਤਾਂ ਉਦਾਸ-ਨਿਰਾਸ਼ ਹੋਏ, ਨਸ਼ਿਆਂ ਵਿਚ ਗਰਕ ਗਏ ਸਨ। ਜੋਰਾ ਸਿੰਘ ਸੋਚਦਾ ਸੀ ਕਿ ਜੇ ਉਸ ਦੇ ਪੁੱਤਰਾਂ ਨੂੰ ਚੜ੍ਹਦੀ ਉਮਰ ਵਿਚ ਕੰਮ-ਕਾਰ ਦਾ ਨਸ਼ਾ ਪੈ ਗਿਆ ਤਾਂ ਉਹਨਾਂ ਨੂੰ ਘਾਤਿਕ ਨਸ਼ਿਆਂ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੋਵੇਗੀ! ਕਦੇ ਕਦੇ ਉਸ ਨੂੰ ਪਿੰਡ ਦੇ ਸੂਬੇਦਾਰ ਦੇ ਅੱਤ ਮਾਯੂਸੀ ਭਰੇ ਆਖੇ ਬੋਲ ਯਾਦ ਆਉਂਦੇ, “ਜੇ ਕੋਈ ਚਾਹੇ ਤਾਂ ਮੇਰਾ ਪੜ੍ਹਿਆ ਲਿਖਿਆ ਮੁੰਡਾ ਲੈ ਜਾਵੇ ਤੇ ਆਪਣਾ ਅਨਪੜ੍ਹ ਦੇ ਜਾਵੇ! ਮੇਰੇ ਵਾਲਾ ਤਾਂ ਕੰਜਰ ਪੜ੍ਹ ਲਿਖ ਕੇ ਵੀ ਕਿਸੇ ਤਣ-ਪੱਤਣ ਨਾ ਲੱਗਿਆ? ਹੁਣ ਇਹਦਾ ਦਿਮਾਗ ਖ਼ਰਾਬ ਹੋ ਗਿਐ! ਹੋਰ ਨੀ ਤਾਂ ਆਹ ਖੰਘ ਆਲੀ ਦੁਆਈ ਈ ਪੀ ਜਾਂਦੈ ਤੇ ਜਾਂ ਡਿਪਰੈਸ਼ਨ ਵਾਲੀਆਂ ਗੋਲੀਆਂ ਖਾਈ ਜਾਊ! ਮੈਂ ਕਿਹਾ ਕਮਲਿਆ, ਤੇਰੀ ਜ਼ਿੰਦਗੀ ਗਲ ਜਾਊਗੀ, ਨਸ਼ੇ ਨਾ ਕਰਿਆ ਕਰ! ਲੋਕਾਂ ਦੇ ਅਨਪੜ੍ਹ ਮੁੰਡੇ ਕੰਮ ਤਾਂ ਕਰੀ ਜਾਂਦੇ ਐ ਚੁੱਪ ਕਰਕੇ? ਤੇ ਜੇ ਇਹਨੂੰ ਕਦੇ ਕੰਮ ਨੂੰ ਆਖਦੇ ਐਂ, ਝੱਲੇ ਦੀ ਬੁੱਧੀ ਦਾ ਚਰਖਾ ਈ ਪੁੱਠਾ ਚੱਲ ਪੈਂਦੈ, ਅਖੇ ਹਮ ਪੜ੍ਹ ਲਿਖ ਕਰ ਵਾਹੀ ਕਿਉਂ ਕਰੇਂ? ਪੁੱਛਣਾ ਹੋਵੇ, ਬਈ ਕੰਜਰਾ! ਹੋਰ ਤੈਨੂੰ ਮੈਂ ਜੱਜ ਲਾ ਦਿਆਂ? ਜਿਹੜੀ ਗੱਲ ਮੇਰੇ ਵੱਸ ਸੀ, ਉਹ ਕਰ ਦਿੱਤੀ! ਥੱਬਾ ਤੇਰੀ ਪੜ੍ਹਾਈ ‘ਤੇ ਪੈਸਿਆਂ ਦਾ ਲਾਇਐ! ਜੇ ਨੌਕਰੀ ਕਿਤੇ ਨਹੀਂ ਵੀ ਮਿਲਦੀ, ਖੇਤ ਈ ਡੱਕਾ ਭੰਨ ਕੇ ਦੂਹਰਾ ਕਰ ਲਿਆ ਕਰ! ਪਰ ਨ੍ਹਾਂ..! ਕੋਈ ਸੁੱਧ ਬੁੱਧ ਈ ਨੀ ਕੁੱਤੇ ਨੂੰ! ਇਕ ਤਾਂ ਪੜ੍ਹਾਈ ਨੇ ਮੱਤ ਮਾਰ ਦਿੱਤੀ ਤੇ ਦੂਜੀ ਨਸ਼ਿਆਂ ਨੇ ਕਸਰ ਪੂਰੀ ਕਰ ਧਰੀ! ਲੈ ਜਾਓ ਭਰਾਓ ਮੇਰਾ ਪੜ੍ਹਿਆ ਲਿਖਿਆ, ਤੇ ਆਪਣਾ ਅਨਪੜ੍ਹ ਮੈਨੂੰ ਦੇ ਜਾਓ ਵਟਾ ਕੇ…!” ਸੂਬੇਦਾਰ ਖਪਦਾ ਫ਼ਿਰਦਾ, “ਹੋਰ ਤਾਂ ਹੋਰ, ਕੰਜਰ ਇਕ ਦਿਨ ਅੱਗੋਂ ਮੈਨੂੰ ਈ ਆਕੜ ਕੇ ਪਿਆ, ਅਖੇ ਭਾਪਾ ਜੀ ਤੁਸੀਂ ਸੂਬੇਦਾਰ ਪੈਨਸ਼ਨ ਆਏ ਓ! ਤੇ ਆਰਮੀ ਵਿਚੋਂ ਜਦੋਂ ਕਿਸੇ ਨੂੰ ਰਟਾਇਰਮੈਂਟ ਦਿੰਦੇ ਐ, ਤਾਂ ਅਗਲੇ ਦੀ ਬੰਦੂਕ ਤੇ ਦਿਮਾਗ ਓਥੇ ਈ ਰੱਖ ਲੈਂਦੇ ਐ! ਲਓ ਕਰ ਲਓ ਗੱਲ! ਅਖੇ ਬਿੱਲੀ ਨੇ ਸ਼ੇਰ ਸਿਖਾਇਆ ਤੇ ਬਿੱਲੀ ਨੂੰ ਈ ਵੱਢਣ ਆਇਆ! ਹੈ ਨਾ ਪੁੱਠੀ ਬਿਰਤੀ ਇਸ ਖ਼ਸਮਾਂ ਨੂੰ ਖਾਣੇ ਦੀ? ਮਾਂ ਬਾਪ ਦੀ ਇੱਜ਼ਤ ਕਰਨੀ ਵੀ ਨਹੀਂ ਸਿੱਖੇ, ਹੋਰ ਇਹਨਾਂ ਨੂੰ ਕੀ ਸੁਆਹ ਤੇ ਖੇਹ ਆਊ ..?” ਪੜ੍ਹੇ ਲਿਖੇ ਪੁੱਤ ਵੱਲੋਂ ਦੁਖੀ ਉਹ ਸੁੰਨੀਆਂ ਗਲੀਆਂ ਵਿਚ ਇਕੱਲਾ ਹੀ ਹੋਕੇ ਦਿੰਦਾ ਫ਼ਿਰਦਾ। ਲੋਕ ਉਸ ਦੇ ਦਿਲ ਦਾ ਦਰਦ ਵੀ ਸਮਝਦੇ। ਪਰ ਕਰ ਕੁਝ ਨਹੀਂ ਸਕਦੇ ਸਨ।

ਬਿਨਾਂ ਸ਼ੱਕ ਜੋਰਾ ਸਿੰਘ ਦੇ ਮੁੰਡੇ ਨਿਕਲੇ ਵੀ ਲਾਇਕ ਸਨ। ਕਦੇ ਕਦਾਈਂ ਉਹ ਖੇਤ ਵਿਚ ਦੇਸੀ ਦਾਰੂ ਦਾ ਘੜ੍ਹਾ ਪਾ ਲੈਂਦੇ ਅਤੇ ਆਪਣੇ ਪੀਣ ਜੋਗੀ ਦਾਰੂ ਕੱਢ ਲੈਂਦੇ। ਸ਼ਾਮੀ ਕੰਮ ਤੋਂ ਥੱਕੇ ਹਾਰੇ ਦੋ-ਦੋ ਪੈੱਗ ਲਾ ਕੇ ਉਹ ਖੇਤੋਂ ਘਰ ਨੂੰ ਤੁਰ ਪੈਂਦੇ ਅਤੇ ਰੋਟੀ ਖਾ ਕੇ ਸੌਂ ਜਾਂਦੇ। ਸੰਤ ਕੌਰ ਵੀ ਆਪਣੇ ਸਾਊ ਪੁੱਤਰਾਂ ਤੋਂ ਸੰਤੁਸ਼ਟ ਸੀ। ਆਪਣੇ ਸਤਿਯੁਗੀ ਪੁੱਤਰਾਂ ‘ਤੇ ਕੋਈ ਗ਼ਿਲਾ-ਸ਼ਿਕਵਾ ਨਹੀਂ ਸੀ। ਲੋਕਾਂ ਦੇ ਧੀਆਂ ਪੁੱਤਰਾਂ ਦਾ ਕਾਟੋ ਕਲੇਸ਼ ਉਹ ਹਰ ਰੋਜ਼ ਦੇਖਦੀ ਸੀ। ਪਰ ਜਦ ਉਹ ਆਪਣੇ ਪੁੱਤਰਾਂ ਵੱਲ ਦੇਖਦੀ ਤਾਂ ਸੱਤ ਵਾਰ ਧਰਤੀ ਨੂੰ ਨਮਸਕਾਰ ਕਰਦੀ ਸੀ ਕਿ ਉਸ ਦੇ ਮੁੰਡੇ ਲੋਕਾਂ ਦੇ ਮੁੰਡਿਆਂ ਵਾਂਗ ‘ਵਿਗੜੇ’ ਹੋਏ ਨਹੀਂ ਸਨ! ਉਹਨਾਂ ਦਾ ਤਾਂ, ਘਰੋਂ ਕੰਮ ‘ਤੇ ਅਤੇ ਕੰਮ ਤੋਂ ਘਰ ਆਉਣ ਦਾ ਅਸੂਲ ਬਣਿਆਂ ਹੋਇਆ ਸੀ।

ਜੋਰਾ ਸਿੰਘ ਦੀ ਸਾਰੀ ਜ਼ਿੰਦਗੀ ਕਰਜ਼ੇ ਲਾਹੁੰਣ ਅਤੇ ਸੇਠਾਂ-ਆੜ੍ਹਤੀਆਂ ਦੇ ਅੱਗੇ ਹੱਥ ਜੋੜਦਿਆਂ ਹੀ ਲੰਘੀ ਸੀ। ਪੁੱਤਰ ਉਡਾਰ ਹੋਣ ਤੱਕ ਉਹ ਕਦੇ ਸੁਖ ਦੀ ਨੀਂਦ ਨਹੀਂ ਸੁੱਤਾ ਸੀ। ਉਸ ਦਾ ਸਾਰਾ ਜੀਵਨ ਫ਼ਿਕਰਾਂ ਅਤੇ ਫ਼ਾਕਿਆਂ ਵਿਚ ਹੀ ਬੀਤਿਆ ਸੀ। ਉਸ ਦੇ ਘਰਵਾਲੀ ਸੰਤ ਕੌਰ ਉਸ ਨੂੰ ਉਤਸ਼ਾਹ ਦਿੰਦੀ, “ਕਿਉਂ ਐਵੇਂ ਫ਼ਿਕਰ ਜਿਹਾ ਕਰੀ ਜਾਂਦਾ ਰਹਿੰਨੈ? ਦੇਖ ਕੱਲ੍ਹ ਨੂੰ ਤੇਰੇ ਪੁੱਤ ਜੁਆਨ ਹੋਏ, ਸਾਰਾ ਕੰਮ ਕਾਰ ਈ ਆਪਣੇ ਮੋਢਿਆਂ ‘ਤੇ ਚੁੱਕ ਲੈਣਗੇ!” ਇਸ ਗੱਲ ਨਾਲ ਜੋਰਾ ਸਿੰਘ ਨੂੰ ਕੁਝ ਹੌਸਲਾ ਤਾਂ ਮਿਲਦਾ। ਪਰ ਅਗਲੀ ਗੱਲ ਬਾਰੇ ਸੋਚ ਕੇ ਉਹ ਉਦਾਸ ਵੀ ਹੋ ਜਾਂਦਾ ਅਤੇ ਆਪਣੀ ਘਰਵਾਲੀ ਨਾਲ ਗੱਲ ਸਾਂਝੀ ਕਰਦਾ, “ਤਿੰਨ ਪੁੱਤ ਸੱਤ ਕਿੱਲਿਆਂ ਨਾਲ ਗੁਜ਼ਾਰਾ ਕਿਵੇਂ ਕਰਨਗੇ ਸੰਤ ਕੌਰੇ? ਮੈਨੂੰ ਤਾਂ ਇਹੀ ਝੋਰਾ ਖਾਈ ਜਾਂਦਾ ਰਹਿੰਦੈ..!” ਤਾਂ ਸੰਤ ਕੌਰ ਉਸ ਦੇ ਕਿਰਦੇ ਜਾਂਦੇ ਦਿਲ ਹੇਠ ਫ਼ਿਰ ਭਰੋਸੇ ਦਾ ਥੰਮ੍ਹ ਦਿੰਦੀ, “ਔਹ ਦੇਖ ਨੀਲੀ ਛੱਤ ਵਾਲਾ ਰੱਬ! ਉਹਨੂੰ ਸਭ ਦਾ ਈ ਫ਼ਿਕਰ ਐ! ਤੇਰੇ ਕੀਤੇ ਫ਼ਿਕਰ ਨਾਲ ਕੁਛ ਨਹੀਂ ਬਣਨਾ!” ਉਸ ਦੀ ਆਖੀ ਗੱਲ ਦੇ ਹੌਸਲੇ ਸਹਾਰੇ ਉਹ ਦੋਚਿੱਤੀ ਵਿਚ ਖੇਤ ਚਲਾ ਜਾਂਦਾ।
ਕੋਈ ਸ਼ੱਕ ਨਹੀਂ ਸੀ ਕਿ ਜੋਰਾ ਸਿੰਘ ਦੇ ਮੁੰਡੇ ਦੇਹ ਤੋੜ ਕੇ ਕੰਮ ਕਰਦੇ। ਮਾਂ ਬਾਪ ਨੂੰ ਉਹਨਾਂ ਦਾ ਅੱਜ ਤੱਕ ਕੋਈ ਉਲਾਂਭਾ ਨਹੀਂ ਆਇਆ ਸੀ।

ਇਕ ਦਿਨ ਜੋਰਾ ਸਿੰਘ ਦਾ ਦੂਰੋਂ ਘਰਾਂ ਵਿਚੋਂ ਲੱਗਦਾ ਭਤੀਜਾ ਜੋਰਾ ਸਿੰਘ ਦੇ ਖੇਤ ਕੋਲ ਦੀ ਲੰਘਣ ਲੱਗਿਆ ਤਾਂ ਜੋਰਾ ਸਿੰਘ ਨੇ ਉਸ ਨੂੰ ਰੋਕ ਲਿਆ।

“ਕਿੰਨਵੀਂ ‘ਚ ਪੜ੍ਹਦੈਂ ਪੁੱਤਰਾ?”

“ਦਸਵੀਂ ‘ਚ ਪੜ੍ਹਦੈਂ ਜੀ!”

“ਕਿਵੇਂ ਚੱਲਦੀ ਐ ਪੜ੍ਹਾਈ?”

“ਪੜ੍ਹਾਈ ਠੀਕ ਚੱਲਦੀ ਐ ਜੀ, ਦਸਵੀਂ ਦੇ ਪੇਪਰ ਨੇੜੇ ਐ, ਹੁਣ ਤਾਂ ਪ੍ਰੈਕਟੀਕਲ ਚੱਲ ਰਹੇ ਐ ਸਾਇੰਸ ਦੇ!”

“ਉਹ ਕੀ ਹੁੰਦੈ?”

“ਉਹ ਇਹ ਹੁੰਦੇ ਐ ਜੀ ਬਈ ਦੋ ਗੈਸਾਂ, ਆਕਸੀਜ਼ਨ ਤੇ ਹਾਈਡਰੋਜ਼ਨ ਦੇ ਮਿਸ਼ਰਣ ਨਾਲ ਪਾਣੀ ਬਣਦੈ! ਤੇ ਪਾਣੀ ‘ਚ ਖੁਰੇ ਲੂਣ ਨੂੰ ਵੱਖ ਕਿਵੇਂ ਕਰਨੈਂ!”

“ਚੱਲ ਉਹ ਤਾਂ ਤੂੰ ਹੀ ਜਾਣੇ ਤੇ ਜਾਂ ਜਾਨਣ ਤੇਰੇ ਮਾਸ਼ਟਰ, ਪਰ ਪਾਣੀ ਤੇ ਲੂਣ ਨੂੰ ਅੱਡ ਕਿਵੇਂ ਕਰਦੇ ਓਂ?”

“ਚਾਚਾ ਜੀ, ਸਾਡਾ ਮਾਸਟਰ ਪ੍ਰੈਕਟੀਕਲ ਕਰ ਕੇ ਦਿਖਾ ਰਿਹਾ ਸੀ ਕਿ ਲੂਣ ਮਿਲੇ ਪਾਣੀ ਨੂੰ ਉਬਾਲਣਾ ਸ਼ੁਰੂ ਕਰ ਦਿਓ, ਅੱਗ ਦੇ ਸੇਕ ਨਾਲ ਪਾਣੀ ਭਾਫ਼ ਬਣ ਕੇ ਉੱਡ ਜਾਊਗਾ ਤੇ ਲੂਣ ਦੀ ਪੇਪੜੀ ਥੱਲੇ ਰਹਿ ਜਾਊਗੀ!”
ਜੋਰਾ ਸਿੰਘ ਹੱਸ ਪਿਆ।

“ਐਨਾਂ ਸਿਆਪਾ ਕਰਨ ਤੋਂ ਬਿਨਾ ਸਰਦਾ ਨੀ? ਕੀ ਥੁੜਿਆ ਪਿਐ ਲੂਣ ਤੇ ਪਾਣੀ ਵੱਖ ਕਰਨ ਤੋਂ ਬਿਨਾ?”

“ਚਾਚਾ ਜੀ, ਸਾਨੂੰ ਪੇਪਰਾਂ ‘ਚ ਇਹ ਸੁਆਲ ਆਉਣੇ ਐਂ, ਇਕ ਪ੍ਰੈਕਟੀਕਲ ਪਾਸ ਕਰੇ ਤੋਂ ਪੰਜ ਨੰਬਰ ਮਿਲਦੇ ਐ!”

“ਮੈਂ ਐਵੇਂ ਨੀ ਪਿੱਟਦਾ ਹੁੰਦਾ ਕਿ ਪਾੜ੍ਹਿਆਂ ਦਾ ਡਮਾਕ ਖਰਾਬ ਹੁੰਦੈ? ਪਹਿਲਾਂ ਤਾਹਡੇ ਮਾਸਟਰਾਂ ਦਾ ਡਮਾਕ ਖਰਾਬ ਤੇ ਉਹ ਉਵੇਂ ਈ ਅੱਗੇ ਤੁਹਾਡੇ ਕਰ ਦਿੰਦੇ ਐ!” ਉਹ ਫ਼ਿਰ ਹੱਸਿਆ ਤਾਂ ਪਾੜ੍ਹਾ ਅੱਗੇ ਤੁਰ ਗਿਆ। ਉਹਨਾਂ ਵਿਚੋਂ ਪਤਾ ਨਹੀਂ ਕੌਣ ਕਿਸ ਨੂੰ ਪਾਗਲ ਸਮਝ ਰਿਹਾ ਸੀ?

ਜੋਰਾ ਸਿੰਘ ਅਤੇ ਸੂਬੇਦਾਰ ਦੇ ਖੇਤ ਨਾਲੋ-ਨਾਲ ਸਨ। ਕਦੇ ਕਦੇ ਖੇਤ ਉਹ ਦਾਰੂ-ਪਿਆਲਾ ਵੀ ਸਾਂਝਾ ਕਰ ਲੈਂਦੇ।
“ਵੰਡਰਫ਼ੁੱਲ-ਵੰਡਰਫ਼ੁੱਲ!” ਖੇਤ ਕੱਢੀ ਦੇਸੀ ਦਾਰੂ ਦਾ ਪੈੱਗ ਪੀ ਕੇ ਸੂਬੇਦਾਰ ਨੇ ਸਿਫ਼ਤ ਕੀਤੀ।

“ਕਿਹੜਾ ਲੰਡਰ ਫ਼ੁੱਲ ਸੂਬੇਦਾਰਾ?” ਗੱਲ ਜੋਰਾ ਸਿੰਘ ਨੂੰ ਸਮਝ ਨਹੀਂ ਆਈ ਸੀ।
ਸੂਬੇਦਾਰ ਉੱਚੀ-ਉੱਚੀ ਹੱਸ ਪਿਆ!

“ਉਏ ਲੰਡਰ ਫ਼ੁੱਲ ਨਹੀਂ ਛੋਟੇ ਵੀਰ, ਵੰਡਰਫ਼ੁੱਲ!”

“ਉਹ ਕੀ ਹੁੰਦੈ?”

“ਜਦੋਂ ਕਿਸੇ ਚੀਜ਼ ਦੀ ਉਸਤਿਤ ਕਰਨੀ ਹੋਵੇ, ਜਾਂ ਕਿਸੇ ਨੂੰ ਸ਼ਾਬਾਸ਼ ਦੇਣੀ ਹੋਵੇ, ਉਦੋਂ ਗੋਰੇ ਵੰਡਰਫ਼ੁੱਲ ਆਖਦੇ ਨੇ!”

“ਤੂੰ ਸਾਡੇ ਦੇਸੀ ਲਾਣੇ ‘ਚ ਗੋਰੇ ਨਾ ਲਿਆ ਵਾੜਿਆ ਕਰ ਸੂਬੇਦਾਰਾ! ਆਪਾਂ ਨੂੰ ਤਾਂ ਆਪਣਾ ਲਾਣਾ-ਬਾਣਾ ਈ ਚੰਗੈ!”

“ਯਾਰ ਤੇਰਾ ਲਾਣਾ-ਬਾਣਾ ਤਾਂ ਚੰਗੈ ਜੋਰਿਆ! ਪਰ ਮੇਰੇ ਵਾਲਾ ਲਾਣਾ-ਬਾਣਾ ਤਾਂ ਉਲਝਿਆ ‘ਤਾਣਾ’ ਬਣਿਆਂ ਪਿਐ!”

“ਉਹ ਕਿਵੇਂ?”

“ਯਾਰ ਮੈਂ ਕਦੇ ਕਦੇ ਕਸੂਤਾ ਫ਼ਸ ਜਾਨੈ! ਜੇ ਤਾਂ ਮੁੰਡੇ ਨੂੰ ਕੁਛ ਨੀ ਆਖਦਾ ਤਾਂ ਉਹ ਨਸ਼ੇ ਵੱਧ ਕਰਨ ਲੱਗ ਜਾਂਦੈ! ਤੇ ਜੇ ਮੈਂ ਉਹਨੂੰ ਝਿੜਕਦੈਂ, ਤਾਂ ਉਹਦੀ ਮਾਂ ਰੇੜਕਾ ਪਾ ਕੇ ਬੈਠ ਜਾਂਦੀ ਐ, ਅਖੇ ਤੂੰ ਮੁੰਡੇ ਨੂੰ ਘੂਰਦਾ ਕਿਉਂ ਐਂ? ਕੀ ਕਰਾਂ ਤੇ ਕਿਹੜੇ ਖ਼ੂਹ ‘ਚ ਜਾਵਾਂ?”

“ਖੌਂਸੜਾ ਲਾਹ ਕੇ ਚਾਰ ਮਾਰ ਸਿਰ ‘ਚ! ਜਨਾਨੀ ਅੱਗੇ ਕਿਵੇਂ ਬੋਲਜੇ?” ਜੋਰਾ ਸਿੰਘ ਨੇ ਜੱਟਾਂ ਵਾਲਾ ਤਜ਼ਰਬਾ ਦੱਸਿਆ।

“ਯਾਰ ਇਉਂ ਸਿਰ ‘ਚ ਵੀ ਨੀ ਵੱਜਦੀਆਂ! ਉਹ ਵੀ ਪੜ੍ਹੀ ਲਿਖੀ ਐ!”

“ਜੇ ਪੜ੍ਹੀ ਲਿਖੀ ਐ ਤਾਂ ਕੋਈ ਅਹਿਸਾਨ ਐਂ? ਹੈ ਤਾਂ ਤੇਰੀ ਆਪਣੀ ਔਰਤ ਈ ਨਾ? ਇਹ ਤਾਂ ਜੁੱਤੀ ਦੀਆਂ ਯਾਰ ਹੁੰਦੀਐਂ ਸੂਬੇਦਾਰਾ! ਜੇ ਇਹਨਾਂ ਨੂੰ ਖ਼ੁਰਾਕ ਨਾ ਮਿਲੇ ਤਾਂ ਕੋਈ ਨਾ ਕੋਈ ਵੰਝ ਖੜ੍ਹਾ ਕਰੀ ਰੱਖਦੀਐਂ! ਤੂੰ ਚਾਰ ਮਾਰ ਟੋਟਣ ‘ਚ ਤੇ ਫ਼ੇਰ ਦੇਖ ਗਜ ਵਾਂਗੂੰ ਸਿੱਧੀ ਹੁੰਦੀ!”

ਸੂਬੇਦਾਰ ਚੁੱਪ ਧਾਰ ਗਿਆ। ਤੁਰੇ ਫ਼ਿਰੇ ਅਤੇ ਪੜ੍ਹੇ ਲਿਖੇ, ਸੂਝਵਾਨ ਸੂਬੇਦਾਰ ਅਤੇ ਖੇਤਾਂ ਨੂੰ ਹੀ ‘ਸੰਸਾਰ’ ਸਮਝ ਲੈਣ ਵਾਲੇ ਜੋਰਾ ਸਿੰਘ ਦੀ ਸੋਚ ਦਾ ਸੈਂਕੜੇ ਕੋਹਾਂ ਦਾ ਫ਼ਰਕ ਸੀ! ਜਦ ਵੀ ਸੂਬੇਦਾਰ ਜੋਰਾ ਸਿੰਘ ਨੂੰ ਮਿਲਦਾ ਤਾਂ ਉਸ ਦੇ ਮੁੰਡਿਆਂ ਦੀ ਸਿਫ਼ਤ ਕਰਦਾ ਅਤੇ ਆਪਣੇ ਮੁੰਡੇ ਬਾਰੇ ਅਤੀਅੰਤ ਝੁਰਦਾ ਅਤੇ ਕਲਪਦਾ ਹੀ ਰਹਿੰਦਾ। ਵੱਸ ਸੂਬੇਦਾਰ ਦੇ ਵੀ ਕੋਈ ਨਹੀਂ ਸੀ। ਇਕੱਲੇ-ਇਕੱਲੇ ਪੁੱਤ ਦਾ ਫ਼ਿਕਰ ਹੋਣਾ ਉਸ ਲਈ ਇਕ ਕੁਦਰਤੀ ਅਤੇ ਲਾਜ਼ਮੀ ਗੱਲ ਸੀ।

ਪਹਿਲਾਂ ਸੂਬੇਦਾਰ ਪੀਣ ਦਾ ਸਿਰਫ਼ ‘ਸ਼ੌਕੀਨ’ ਸੀ। ਪਰ ਹੁਣ ਪੁੱਤਰ ਦਰੇਗ ਵਿਚ ਉਹ ਹਰ ਰੋਜ਼ ਹੀ ਰੱਜ ਕੇ ਪੀਣ ਲੱਗ ਗਿਆ ਸੀ। ਜਿਹੜੇ ਲੋਕ ਪਹਿਲਾਂ ਉਸ ਦੀ ‘ਸੂਬੇਦਾਰ ਸਾਹਿਬ’ ਆਖ ਕੇ ਇੱਜ਼ਤ ਕਰਦੇ ਸੀ, ਹੁਣ ਉਸ ਦੇ ਕੋਲ ਖੜ੍ਹਨ ਦੀ ਵੀ ਤਕਲੀਫ਼ ਮੰਨਦੇ ਅਤੇ ਉਸ ਦੀ ਸ਼ਰਾਬ ਦੀ ਮਾੜੀ ਆਦਤ ਨੂੰ ਨਫ਼ਰਤ ਕਰਨ ਲੱਗ ਪਏ। ਜੋ ਮੁੰਡੇ ਖੁੰਡੇ ਉਸ ਤੋਂ 1965 ਅਤੇ 1971 ਦੀ ਜੰਗ ਵਿਚ ਭਾਰਤੀ ਫ਼ੌਜ ਵੱਲੋਂ ਕੀਤੇ ਬਹਾਦਰੀ ਦੇ ਕਾਰਨਾਵੇਂ ਬੜੇ ਮਾਣ ਨਾਲ ਸੁਣਦੇ ਹੁੰਦੇ ਸਨ, ਉਹ ਹੁਣ ਸੂਬੇਦਾਰ ਨੂੰ ਡਿੱਕਡੋਲੇ ਖਾਂਦਿਆਂ ਆਉਂਦਾ ਦੇਖ ਕੇ ਰਾਹ ਛੱਡ ਜਾਂਦੇ ਜਾਂ ਕਿਨਾਰਾ ਕਰ ਲੈਂਦੇ। ਇਸ ਆਪ ਸਹੇੜੀ ਬੁਰਾਈ ਦਾ ਅਹਿਸਾਸ ਸੂਬੇਦਾਰ ਨੂੰ ਵੀ ਸੀ। ਪਰ ਉਹ ਅੰਦਰੋਂ ਥੋੜ੍ਹਾ ਚਾਹੁੰਦਾ ਸੀ ਕਿ ਉਸ ਦੀ ਲੋਕਾਂ ਵਿਚ ਬਣੀ ਇੱਜ਼ਤ ਗਾਨੀ ਦੇ ਮਣਕਿਆਂ ਵਾਂਗ ਖਿੱਲਰ, ਖੇਰੂੰ-ਖੇਰੂੰ ਹੋਵੇ? ਪਹਿਲਾਂ ਉਹ ਦੁੱਖ, ਝੋਰੇ ਅਤੇ ਚਿੰਤਾ ਕਰ ਕੇ ਪੀਂਦਾ ਸੀ। ਹੁਣ ਉਸ ਦੀ ਪੀਣ ਦੀ ਆਦਤ ਬਣ ਕੇ ਵਿਗੜ ਗਈ ਸੀ ਅਤੇ ‘ਐਬ’ ਬਣ ਗਈ ਸੀ।

ਹੁਣ ਤਾਂ ਸੂਬੇਦਾਰ ਸਵੇਰੇ ਉਠਣ ਸਾਰ ਹੀ ਦਾਰੂ ਪੀਣ ਲੱਗ ਜਾਂਦਾ। ਜੰਗਾਂ-ਯੁੱਧਾਂ ਵਿਚ ਚੜ੍ਹਦੀ ਕਲਾ ਨਾਲ ਬੜ੍ਹਕ ਮਾਰ ਕੇ ਵੈਰੀ ਦੇ ਆਹੂ ਲਾਹੁੰਣ ਵਾਲਾ ਸੂਬੇਦਾਰ ਹੁਣ ਲੋਕਾਂ ਦੀਆਂ ਨਜ਼ਰਾਂ ਵਿਚ ਇਕ ‘ਸ਼ਰਾਬੀ’ ਬਣ ਕੇ ਸੁੰਗੜ ਗਿਆ ਸੀ ਅਤੇ ਲੋਕ ਉਸ ਤੋਂ ਪਾਸਾ ਵੱਟ ਕੇ ਲੰਘਣ ਲੱਗ ਪਏ ਸਨ। ਹੁਣ ਤਾਂ ਉਸ ਦੀ ਇੰਨੀ ਬੁਰੀ ਹਾਲਤ ਹੋ ਗਈ ਸੀ ਕਿ ਲੋਕ ਉਸ ਨੂੰ ਫ਼ੜ ਕੇ ਘਰ ਛੱਡ ਕੇ ਆਉਂਦੇ। ਕਦੇ ਉਹ ਮੂਧੇ ਮੂੰਹ ਕਿਸੇ ਗੰਦੀ ਨਾਲੀ ਕੋਲ ਹੀ ਪਿਆ ਰਹਿੰਦਾ ਅਤੇ ਦੇਰ ਰਾਤ ਗਈ ਸੂਬੇਦਾਰਨੀ ਉਸ ਨੂੰ ਆਸਰਾ ਦੇ ਕੇ ਘਰੇ ਲੈ ਕੇ ਜਾਂਦੀ। ਕਦੇ ਕਦੇ ਅੱਕ ਕੇ ਉਹ ਉਸ ਨੂੰ ਉਥੇ ਹੀ ਪਿਆ ਰਹਿਣ ਦਿੰਦੀ ਅਤੇ ਮਾੜੀ ਮੋਟੀ ਸੁਰਤ ਆਉਣ ‘ਤੇ ਸੂਬੇਦਾਰ ਆਪ ਹੀ ਡਿੱਗਦਾ-ਢਹਿੰਦਾ ਘਰ ਆ ਕੇ ਮੰਜੇ ‘ਤੇ ਡਿੱਗ ਪੈਂਦਾ ਅਤੇ ਸਾਰੀ ਸਾਰੀ ਰਾਤ ਉਸੇ ਹਾਲਤ ਵਿਚ ਹੀ ਪਿਆ ਰਹਿੰਦਾ। ਦੁਖੀ ਹੋਈ ਸੂਬੇਦਾਰਨੀ ਉਸ ਨੂੰ ਪਾਣੀ ਤੱਕ ਨਾ ਪੁੱਛਦੀ। ਸਗੋਂ ਘੋਰ ਦੁਖੀ ਉਹ, “ਏਦੂੰ ਤਾਂ ਇਹ ਮਰਜੇ ਦਫ਼ਾ ਹੋਣਾ! ਕੀ ਥੁੜਿਆ ਪਿਐ ਹੁਣ ਇਹਦੇ ਵੱਲੋਂ!” ਤੱਕ ਵੀ ਆਖ ਦਿੰਦੀ।

ਸੂਬੇਦਾਰਨੀ ਵੀ ਅੱਤ ਦੀ ਉਦਾਸ ਸੀ। ਉਸ ਦੀ ਹਾਲਤ ਵੀ ਘੋਰ ਨਰਕ ਬਣੀ ਹੋਈ ਸੀ। ਜੋ ਆਂਢਣਾਂ ਗੁਆਂਢਣਾਂ ਉਸ ਨੂੰ ‘ਮੜਕ’ ਵਾਲੀ ‘ਸੂਬੇਦਾਰਨੀ’ ਆਖ ਕੇ ਯਾਦ ਕਰਦੀਆਂ ਸਨ, ਅੱਜ ਉਸ ‘ਤੇ ਨੱਕ-ਬੁੱਲ੍ਹ ਮਾਰਦੀਆਂ, ਨਖ਼ਰੇ ਹੇਠ ਨਾ ਲਿਆਉਂਦੀਆਂ! ਉਸ ਨੂੰ ਦੁੱਖ ਇਸ ਗੱਲ ਦਾ ਸਭ ਤੋਂ ਵੱਧ ਸੀ ਕਿ ਗੁਆਂਢਣਾਂ ਉਸ ਨੂੰ ਸ਼ਰਾਬੀ ਸੂਬੇਦਾਰ ਦੀ ਸੂਬੇਦਾਰਨੀ ਆਖ ਕੇ ਚਿੜਾਉਂਦੀਆਂ ਸਨ। ਇਹ ਗੱਲ ਸੁਣ ਕੇ ਉਸ ਦਾ ‘ਮਰਨ’ ਹੋ ਜਾਂਦਾ ਅਤੇ ਉਹ ਘੁੱਟ ਵੱਟ ਅੰਦਰ ਵੜ ਜਾਂਦੀ ਅਤੇ ਛਾਤੀ ਪਿੱਟਦੀ। ਸੂਬੇਦਾਰਨੀ ਸੋਚਦੀ ਕਿ ਸਰਦਾਰੀਆਂ ਤਾਂ ਵਾਕਿਆ ਹੀ ਆਪਣੇ ਬੰਦਿਆਂ ਦੇ ਸਿਰ ‘ਤੇ ਹੀ ਹੁੰਦੀਆਂ ਨੇ। ਨਹੀਂ ਤਾਂ ਲੋਕ ਛੱਜ ਵਿਚ ਪਾ ਕੇ ਛੱਟਣੋ ਵੀ ਬਾਜ਼ ਨਹੀਂ ਆਉਂਦੇ!

“ਜੇ ਤੂੰ ਕਿਸੇ ਕੰਮ ਦਾ ਹੁੰਦਾ ਤਾਂ ਆਪਣੇ ਘਰ ਦੀ ਆਹ ਹਾਲਤ ਨਾ ਹੁੰਦੀ ਲਹਿ ਪੈਣਿਆ ..! ਤੇਰੇ ਕਾਰਨ ਇਹ ਘਰ ਮੂਧਾ ਵੱਜਿਐ!” ਉਹ ਆਪਣੇ ਮੁੰਡੇ ਸਾਹਮਣੇ ਦੁਹੱਥੜ ਮਾਰਦੀ। ਪਰ ਉਸ ਦੇ ਪੜ੍ਹੇ-ਲਿਖੇ ਮੁੰਡੇ ਨੂੰ ਆਪਣੇ ਕਸੂਰ ਦੀ ਸਮਝ ਨਾ ਪੈਂਦੀ। ਉਹ ਨਸ਼ਿਆਂ ਵਿਚ ਹੀ ਏਨਾ ‘ਧਸ’ ਗਿਆ ਸੀ ਕਿ ਉਸ ਨੂੰ ਕਿਸੇ ਗੱਲ ਦੀ ਛੇਤੀ ਸਮਝ ਹੀ ਨਾ ਆਉਂਦੀ! ਨਸ਼ਿਆਂ ਦੇ ਝੰਬੇ ਦਿਮਾਗ ਨੇ ਚੰਗਾ-ਮੰਦਾ ਸੋਚਣਾ ਹੀ ਬੰਦ ਕਰ ਦਿੱਤਾ ਸੀ। ਇਹਨਾਂ ਸੋਚਾਂ ਵਿਚ ਗਰਕੀ ਸੂਬੇਦਾਰਨੀ ਦਿਨਾਂ ਵਿਚ ਹੀ ਹਾਰ ਗਈ ਸੀ। ਇਕ ਪਾਸੇ ਜੁਆਨ, ਪਰ ਖੋਖਲੇ ਹੋਏ ਪੁੱਤ ਦਾ ਦਰਦ ਅਤੇ ਦੂਜੇ ਪਾਸੇ ਸ਼ਰਾਬੀ-ਕਬਾਬੀ ਸੂਬੇਦਾਰ ਦਾ ਦੁੱਖ! ਉਹ ਵੀ ਦਿਨ ਹੁੰਦੇ ਸਨ, ਜਦ ਲੋਕ ਸੂਬੇਦਾਰਨੀ ਦੇ ਪੈਰਾਂ ਹੇਠ ਹੱਥ ਦਿੰਦੇ ਸਨ। ਪੁੱਛ ਕੇ ਗੱਲ ਕਰਦੇ ਸਨ। ਹਰ ਕੰਮ ਵਿਚ ਸਲਾਹ ਲੈਂਦੇ ਸਨ। ਪਰ ਅੱਜ ਲੋਕ ਗੱਲ-ਗੱਲ ‘ਤੇ ਉਸ ਦੀ ‘ਦੁਰਗਤੀ’ ਕਰਨੋਂ ਨਾ ਟਲਦੇ! ਇਸ ਦੀ ਉਸ ਨੂੰ ਅਥਾਹ ਪੀੜ ਸੀ। ਉਹ ਅਜੇ ਤੱਕ ਨਹੀਂ ਭੁੱਲੀ ਸੀ ਕਿ ਇਕ ਦਿਨ ਜਦ ਪਿੰਡ ਦਾ ਜਗਤਾ ਛੜਾ, ਸ਼ਰਾਬੀ ਸੂਬੇਦਾਰ ਨੂੰ ਸੰਭਾਲੀ ਆ ਰਿਹਾ ਸੀ। ਜਦ ਉਸ ਨੇ ਨਸ਼ੇ ਵਿਚ ਧੁੱਤ ਹੋਏ ਸੂਬੇਦਾਰ ਨੂੰ ਮੰਜੇ ‘ਤੇ ਲਿਟਾਇਆ ਤਾਂ ਉਹ ‘ਵੱਢਖਾਣੀ’ ਨਜ਼ਰ ਨਾਲ ਸੂਬੇਦਾਰਨੀ ਵੱਲ ‘ਅਜੀਬ’ ਹੀ ਝਾਕਣੀਂ ਝਾਕਿਆ। ਪਿੰਡ ਦਾ ਛੜਾ ਜਗਤਾ ਕੋਈ ਸਿੱਧਾ, ਸਾਊ ਬੰਦਾ ਨਹੀਂ ਸੀ। ਉਸ ਦੀ ਇਲਾਕੇ ਦੇ ‘ਵੈਲੀਆਂ’ ਨਾਲ ਉਠਣੀ-ਬੈਠਣੀ ਸੀ ਅਤੇ ਕਈ ਫ਼ੌਜਦਾਰੀ ਦੇ ਕੇਸਾਂ ਵਿਚ ਉਹ ਸਜ਼ਾ ਵੀ ਕੱਟ ਚੁੱਕਿਆ ਸੀ ਅਤੇ ਪਿੰਡ ਵਿਚ ਉਸ ਦੀ ‘ਜਗਤਾ ਜੱਲਾਦ’ ਅੱਲ ਪਈ ਹੋਈ ਸੀ।

“ਸੂਬੇਦਾਰਨੀਏਂ..! ਕਿਉਂ ਨਸ਼ਈ ਪਿਉ-ਪੁੱਤਾਂ ‘ਚ ਫ਼ਸ ਕੇ ਆਪਣੇ ਸੋਹਣੇ ਸਰੀਰ ਦੀ ਜੱਖਣਾ ਪੱਟਦੀ ਐਂ..?” ਜਗਤੇ ਜੱਲਾਦ ਨੇ ਕਿਹਾ ਸੀ। ਉਸ ਦੀਆਂ ਡਰਾਉਣੀਆਂ ਅਤੇ ਲਹੂ ਚੋਂਦੀਆਂ ਅੱਖਾਂ ਤੋਂ ਸੂਬੇਦਾਰਨੀ ਨੂੰ ‘ਡਰ’ ਆਇਆ ਸੀ।
ਸੂਬੇਦਾਰਨੀ ਚੁੱਪ ਰਹੀ।

“ਜਗਤੇ ਨਾਲ ਲਾ ਕੇ ਦੇਖ! ਜ਼ਿੰਦਗੀ ‘ਚ ਜੇ ਕੰਡੇ ਜਿੰਨੀ ਤਕਲੀਫ਼ ਹੋਣ ਦੇ ਦਿੱਤੀ ਤਾਂ ਚਾਹੇ ਸਿਰ ਕਲਮ ਕਰਦੀਂ!” ਉਸ ਨੇ ਉਸ ਦੀ ਚੁੱਪ ‘ਚੋਂ ‘ਹਾਂ’ ਦਾ ਮਤਲਬ ਕੱਢਦਿਆਂ ਫ਼ਿਰ ਵਾਰ ਕੀਤਾ।

“ਇਸ ਤੋਂ ਪਹਿਲਾਂ ਕਿ ਮੈਂ ਤੇਰੀਆਂ ਬੋਟੀਆਂ ਕਰ ਕੇ ਕੁੱਤਿਆਂ ਨੂੰ ਪਾਂਵਾਂ, ਦਫ਼ਾ ਹੋ ਜਾਹ ਸੂਰਾ! ਜੇ ਸੂਬੇਦਾਰ ਮਰ ਵੀ ਜਾਵੇ, ਤਾਂ ਤੂੰ…..

This entry was posted in ਕਹਾਣੀਆਂ.

One Response to ਝੱਖੜ ਝੰਬੇ ਰੁੱਖ

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>