ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਗਾਮੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਗੁਰੂ ਦੇ ਓਟ ਆਸਰੇ ਅਤੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਦੇ ਸਹਿਯੋਗ ਨਾਲ ਆਪਣੇ ਤੌਰ ‘ਤੇ ਸਿੱਖਾਂ ਦੀ ਮੁਕੰਮਲ ਆਜ਼ਾਦੀ ਦੇ ਮੁੱਦੇ ਨੂੰ ਲੈ ਕੇ ਲੜਣ ਦੇ ਸਮਰੱਥ ਹੈ। ਇਸਨੂੰ ਸਿੱਖਾਂ ਦੀ ਨਸਲਕੁਸੀ ਵਿੱਚ ਲੱਥਪੱਥ ਕਾਂਗਰਸੀ ਜਾਂ ਬੀਜੇਪੀ ਦੀਆਂ ਬੈਸਾਖੀਆਂ ਜਾਂ ਦਿੱਲੀ ਦੇ ਦਲਾਲਾਂ ਦੇ ਸਹਾਰੇ ਦੀ ਕੋਈ ਲੋੜ ਨਹੀਂ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਅਤੇ ਕੌਮੀ ਜਨਰਲ ਸਕੱਤਰ ਜਥੇਦਾਰ ਗੁਰਿੰਦਰਪਾਲ ਸਿੰਘ ਧਨੋਲਾ ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਰਮਜੀਤ ਸਿੰਘ ਸਰਨਾ ਸਮੇਤ ਅਖੌਤੀ ਪੰਥਕ ਗਰੁੱਪਾਂ ਦੀ ਮਿਕਸ ਵੈਜੀਟੇਬਲ ਨੂੰ ਖੁਦ ਹੀ ਮੂੰਹ ਲਾਉਣ ਲਈ ਤਿਆਰ ਨਹੀਂ ਤਾਂ ਸ਼੍ਰੀ ਸਰਨਾ ਆਏ ਦਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਬਿਨ੍ਹਾ ਬਾਕੀਆਂ ਨਾਲ ਏਕਾ ਕਰਕੇ ਚੋਣਾਂ ਲੜਣ ਦੇ ਬਿਆਨ ਸਿਰਫ਼ ਸੈਟਰ ਹਕੂਮਤ ਦਾ ਦਲ ਪੁਣਾ ਹੀ ਕਹੇ ਜਾ ਸਕਦੇ ਹਨ। ਦੋਹਾਂ ਆਗੂਆਂ ਨੇ ਕਿਹਾ ਕਿ ਸ਼੍ਰੀ ਸਰਨਾ ਜਾਂ ਸ: ਪ੍ਰਕਾਸ਼ ਸਿੰਘ ਬਾਦਲ ਹਾਲੇ ਤੱਕ ਇੱਕ ਵੀ ਉਮੀਦਵਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਨਹੀਂ ਕਰ ਸਕੇ ਕਿਉਕਿ ਉਨ੍ਹਾ ਨੂੰ ਪਤਾ ਹੈ ਕਿ ਭਵਿੱਖ ਵਿੱਚ ਕਿਹੋ ਜਿਹਾ ਹਸ਼ਰ ਹੋਣ ਵਾਲਾ ਹੈ। ਉਨ੍ਹਾ ਕਿਹਾ ਕਿ ਸ: ਮੱਕੜ੍ਹ ਅਤੇ ਸ਼੍ਰੀ ਸਰਨਾ ਗਰਮੀ ਦੀ ਰੁੱਤ ਕਰਕੇ ਗੁਰਦੁਆਰਾ ਚੋਣਾਂ ਅਕਤੂਬਰ ਵਿੱਚ ਕਰਾਉਣ ਦੀ ਸਲਾਹ ਦੇ ਰਹੇ ਹਨ, ਜਦੋ ਕਿ ਪਾਰਲੀਮੈਂਟ ਚੋਣਾਂ ਵੀ ਤਾਂ ਗਰਮੀ ਵਿੱਚ ਹੀ ਹੋਈਆਂ ਸਨ, ਉਦੋ ਇਨ੍ਹਾ ਲੋਕਾਂ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਪਰ ਹੁਣ ਮਸਲਾ ਚੋਣਾਂ ਨੂੰ ਲਮਕਾ ਕੇ ਮਿਆਦ ਪੁੱਗਾ ਚੁੱਕੀ ਐਸ ਜੀ ਪੀ ਸੀ (ਲੇਮ ਡੱਕ ਪਾਰਲੀਮੈਟ) ਰਾਹੀਂ ਗੋਲਕ ਨੂੰ ਹੋਰ ਲੰਮਾ ਸਮਾਂ ਲੁੱਟਣ ਦੇ ਮਨਸੂਬੇ ਘੜ੍ਹੇ ਜਾ ਰਹੇ ਹਨ।
ਉਕਤ ਆਗੂਆਂ ਨੇ ਸ਼੍ਰੀ ਸਰਨਾ ਨੂੰ ਪੁੱਛਿਆ ਕਿ ਅਮਰੀਕਾ ਦੀ ਵਿਸ਼ੇਸ ਅਦਾਲਤ ਵੱਲੋ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਸਿੱਖ ਕਤਲੇਆਮ ਦਾ ਦੋਸ਼ੀ ਠਹਿਰਾਏ ਜਾਣ ਤੋ ਬਾਅਦ ਹੁਣ ਪੰਜਾਬ ਦੇ ਸਿੱਖਾਂ ਨੂੰ ਸ਼੍ਰੀ ਸਰਨਾ ਦੀ ਸਖਸੀਅਤ ਅਤੇ ਨੀਤੀ ਬਾਰੇ ਕੋਈ ਭੁਲੇਖਾ ਰਹਿ ਗਿਆ ਹੈ ਕਿ ਉਹ ਕਿਹੜੇ ਪੰਥਕਪੁਣੇ ਦੀ ਗੱਲ ਕਰ ਰਹੇ ਹਨ ਅਤੇ ਕਾਂਗਰਸ ਦੀ ਉਨ੍ਹਾ ਨਾਲ ਸਾਂਝ ਦੇ ਕੀ ਅਰਥ ਨਿਕਲਦੇ ਹਨ। ਉਨ੍ਹਾ ਕਿਹਾ ਕਿ ਗੋਧਰਾ ਕਾਂਡ (ਜਿਸ ਬਾਰੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅਫਸੋਸ ਹੈ) ਵਿੱਚ ਮਾਰੇ ਗਏ ਹਿੰਦੂਆਂ ਲਈ 20 ਨੂੰ ਫਾਂਸੀ ਦੀ ਸਜ਼ਾ ਅਤੇ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸੇ ਤਰ੍ਹਾ ਮੁੰਬਈ ਤਾਜ ਹੋਟਲ ਕਾਂਡ ਵਿੱਚ ਸਿਰਫ਼ 17 ਮਹੀਨਿਆਂ ਵਿੱਚ ਕਸਾਬ ਨੂੰ ਫਾਂਸੀ ਦੀ ਸਜ਼ਾ ਦਾ ਫਤਵਾ ਮਿਲ ਚੁੱਕਿਆ ਹੈ ਪਰ ਸ: ਪ੍ਰਕਾਸ਼ ਸਿੰਘ ਬਾਦਲ, ਸ: ਪਰਮਜੀਤ ਸਿੰਘ ਸਰਨਾ ਅਤੇ ਕੈਪਟਨ ਅਮਰਿੰਦਰ ਸਿੰਘ ਇਹ ਦੱਸਣ ਦੀ ਖੇਚਲ ਕਰਨਗੇ ਕਿ 26 ਸਾਲਾਂ ਬਾਅਦ ਵੀ ਦਿੱਲੀ ਵਿੱਚ ਨਸਲਕੁਸੀ ਦੌਰਾਨ ਮਾਰੇ ਗਏ 20000 ਸਿੱਖਾਂ ਅਤੇ ਪੰਜਾਬ ਵਿੱਚ 1 ਲੱਖ ਤੋਂ ਵੱਧ ਬੇਗੁਨਾਹ ਸਿੱਖ ਗੱਭਰੂਆਂ ਦੇ ਕਤਲੇਆਮ ਦੇ ਕਿਸੇ ਦੋਸ਼ੀ ਨੂੰ ਸਜ਼ਾ ਤਾਂ ਕੀ ਹੋਣੀ ਸੀ ਸਗੋ ਅਦਾਲਤੀ ਕਟਹਿਰੇ ਤੱਕ ਨਹੀਂ ਲਿਆਂਦਾ ਗਿਆ। ਇਸੇ ਤਰ੍ਹਾ ਚਿੱਠੀ ਸਿੰਘਪੁਰਾ (ਜੰਮੂ ਕਸ਼ਮੀਰ) ਵਿੱਚ ਵੀ ਕਤਲ ਹੋਏ ਬੇਗੁਨਾਹ ਸਿੱਖਾਂ ਨੂੰ ਵੀ ਹਾਲੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਅਤੇ ਹੋਂਦ ਚਿੱਲੜ ਕਾਂਡ ਵਰਗੇ ਸਗੋ ਕਈ ਨਵੇ ਜਖਮ ਆਏ ਦਿਨ ਨਜ਼ਰ ਆ ਰਹੇ ਹਨ।
ਭਾਈ ਮੰਡ ਅਤੇ ਜਥੇਦਾਰ ਧਨੋਲਾ ਨੇ ਕਿਹਾ ਕਿ ਸਿੱਖਾਂ ਦੀ ਮੁਕੰਮਲ ਆਜ਼ਾਦੀ ਨੂੰ ਆਪਣੀ ਪਾਰਟੀ ਦਾ ਮੁੱਖ ਏਜੰਡਾ ਮੰਨਣ ਵਾਲੀਆਂ ਪੰਥਕ ਧਿਰਾਂ ਪ੍ਰਤੀ ਸਾਡੇ ਮਨ ਅੰਦਰ ਹਮੇਸ਼ਾ ਸਤਿਕਾਰ ਬਣਿਆ ਰਹੇਗਾ ਪਰ ਹਿੰਦੂਤਵ ਤਾਕਤਾ ਦੇ ਹੱਥਠੋਕਿਆਂ ਅਤੇ ਕੇਦਰ ਦੇ ਦਲਿਆਂ ਤੋਂ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਦੂਰੀ ਜਾਰੀ ਰਹੇਗੀ। ਉਨ੍ਹਾ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਬੰਧੀ ਛੇਤੀ ਹੀ ਕੋਈ ਨੀਤੀ ਤਿਆਰ ਕਰੇਗਾ ਅਤੇ ਦਿੱਲੀ ਦੇ ਸਿੱਖਾਂ ਨੂੰ ਸ਼੍ਰੀ ਸਰਨਾ ਦੀਆਂ ਪੰਥ ਵਿਰੋਧੀ ਕਾਰਵਾਈਆਂ ਪ੍ਰਤੀ ਜਾਗਰੂਕ ਕਰੇਗਾ ਕਿਉਕਿ ਸੈਟਰ ਹਕੂਮਤ ਅਤੇ ਕਾਂਗਰਸ ਦੇ ਪ੍ਰਭਾਵ ਹੇਠ ਸ਼੍ਰੀ ਸਰਨਾ ਨੇ ਕਦੇ ਵੀ 84 ਦੇ ਦਿੱਲੀ ਵਿਚਲੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਬੇਗੁਨਾਹ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਰਕਾਬ ਗੰਜ ਸਾਹਿਬ ਵਿਖੇ ਅਰਦਾਸ ਕਰਨ ਦੀ ਆਗਿਆ ਨਹੀਂ ਦਿੱਤੀ। ਇਸ ਲਈ ਸ੍ਰੀ ਸਰਨਾ ਕਿਹੜੇ ਮੂੰਹ ਨਾਲ ਸਿੱਖ ਵੋਟਰਾਂ ਤੋ ਵੋਟਾਂ ਮੰਗਣ ਲਈ ਪੰਜਾਬ ਵਿੱਚ ਆਉਣਗੇ