ਲੌਇਨ ਆਫ਼ ਪੰਜਾਬ: ਬਾਲੀਵੁੱਡ ਮਸਾਲਾ, ਗੁਆਚ ਗਿਆ ਮਸਲਾ

ਦੀਪ ਜਗਦੀਪ ਸਿੰਘ

ਲੌਇਨ ਆਫ਼ ਪੰਜਾਬ ਸਿੱਧੀ-ਸਾਦੀ ਬਾਲੀਵੁੱਡ ਮਸਾਲਾ ਫ਼ਿਲਮ ਵਰਗੀ ਪੰਜਾਬੀ ਫ਼ਿਲਮ ਹੈ। ਜਿਆਦਾ ਮਨੋਰੰਜਨ ਅਤੇ ਮਸਾਲਾ ਘਟੀਆ ਕਿਸਮ ਦੇ ਨੰਗੇਜ਼ ਅਤੇ ਅਸਲਿਅਤ ਤੋਂ ਦੂਰ ਐਕਸ਼ਨ ਰਾਹੀਂ ਕੀਤਾ ਗਿਆ ਹੈ। ਫ਼ਿਰ ਵੀ ਚੰਗੀ ਕਹਾਣੀ ਚੰਗਾ ਸੁਨੇਹਾ ਜ਼ਰੂਰ ਦਿੰਦੀ ਹੈ, ਪਰ ਹੱਲ੍ਹ ਵੀ ਅਸਲਿਅਤ ਤੋਂ ਕਾਫ਼ੀ ਦੂਰ ਦੱਸਦੀ ਹੈ। ਇਹ ਫ਼ਿਲਮ ਪੰਜਾਬੀ ਸਿਨੇਮਾ ਵਿਚ ਕੋਈ ਨਵਾਂ ਮੀਲ ਪੱਥਰ ਤਾਂ ਨਹੀਂ ਜੋੜਦੀ, ਬੱਸ ਮਨੋਰੰਜਨ ਲਈ ਇਕ ਵਾਰ ਦੇਖਣਯੋਗ ਜਰੂਰ ਹੈ। ਹਾਂ, ਇਹ ਦਿਲਜੀਤ ਨੂੰ ਬਤੌਰ ਅਦਾਕਾਰ ਜਰੂਰ ਸਥਾਪਿਤ ਕਰ ਸਕਦੀ ਹੈ, ਕਿਉਂ ਕਿ ਉਸ ਨੇ ਅਦਾਕਾਰੀ ਰਾਹੀਂ ਖੁਦ ਨੂੰ ਸਾਬਿਤ ਕਰ ਦਿਖਾਇਆ ਹੈ।

ਕਹਾਣੀ ਇਕ ਰੋਮਾਂਚਕ ਭੇਦ ਭਰੇ ਐਕਸ਼ਨ ਦ੍ਰਿਸ਼ ਨਾਲ ਸ਼ੁਰੂ ਹੁੰਦੀ ਹੈ, ਜਿਸ ਵਿਚ ਅਨਪੜ੍ਹ ਅਵਤਾਰ ਆਪਣੇ ਦੋਸਤਾਂ ਨਾਲ ਲੜ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਇਕ ਫੈਕਟਰੀ ਬੰਬ ਨਾਲ ਉਡਾਉਣ ਤੋਂ ਰੋਕ ਸਕੇ।  ਦੋਸਤ ਇਹ ਫੈਕਟਰੀ ਧਮਾਕੇ ਨਾਲ ਇਸ ਲਈ ਉਡਾ ਦੇਣਾ ਚਾਹੁੰਦੇ ਹਨ, ਕਿਉਂ ਕਿ ਇਸ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਰਸਾਇਣ ਪਿੰਡ ਨਾਲ ਵਗਦੇ ਪਾਣੀ ਦੇ ਸੋਮੇ ਨੂੰ ਗੰਧਲਾ ਕਰ ਕੇ ਪਿੰਡ ਵਾਸੀਆਂ ਦੀ ਜਾਣ ਲੈ ਰਿਹਾ ਹੈ। ਇਸ ਲੜਾਈ ਤੋਂ ਬਾਅਦ ਅਵਤਾਰ ਨਾਇਕ ਵੀ ਬਣ ਜਾਂਦਾ ਹੈ ਅਤੇ ਖ਼ੁਦ ਮੁਸੀਬਤ ਵਿਚ ਹੀ ਫਸ ਜਾਂਦਾ ਹੈ। ਪੰਜ ਪਿੰਡਾਂ ਦੀ ਸਾਂਝੀ ਪੰਚਾਇਤ ਉਸ ਦੀ ਜ਼ਿੰਮੇਵਾਰੀ ਲਾਉਂਦੀ ਹੈ ਕਿ ਉਹ ਆਪਣੀ ਬਚਪਨ ਦੀ ਸਾਥੀ ਜਿਸ ਨਾਲ ਉਹ ਹਮੇਸ਼ਾ ਲੜਦਾ ਰਹਿੰਦਾ ਹੈ ਅਤੇ ਉਹ ਉਸ ਨੂੰ ਮਨ ਹੀ ਮਨ ਪਿਆਰ ਕਰਦੀ ਹੈ, ਸਿਮਰਨ (ਪੂਜਾ ਟੰਡਨ) ਅਤੇ ਉਸ ਦੇ ਭਰਾ (ਗੁਰਪ੍ਰੀਤ ਘੁੱਗੀ) ਨਾਲ ਚੰਡੀਗੜ੍ਹ ਜਾ ਕੇ ਇਲਾਕੇ ਦੀਆਂ ਵੋਟਾਂ ਨਾਲ ਜਿੱਤ ਕੇ ਮੰਤਰੀ ਬਣੇ ਬਲਵੰਤ ਰਾਏ (ਦੀਪ ਢਿੱਲੋਂ) ਨੂੰ ਪਿੰਡ ਦੀ ਸੱਮਸਿਆ ਬਾਰੇ ਦੱਸਣ ਅਤੇ ਉਸ ਨੂੰ ਫੈਕਟਰੀ ਬੰਦ ਕਰਵਾਉਣ ਲਈ ਅਪੀਲ ਕਰਨ।

ਤਿੰਨੇ ਜਣੇ ਸ਼ਹਿਰ ਪਹੁੰਚਦੇ ਹਨ ਤਾਂ ਸ਼ਹਿਰੀ ਗੁੰਡਿਆਂ ਦੇ ਚੱਕਰ ਵਿਚ ਫੱਸ ਜਾਂਦੇ ਹਨ। ਇੱਥੇ ਹੀ ਅਵਤਾਰ ਦੀ ਮੁਲਾਕਾਤ ਜੱਸੀ (ਜਿਵਿਧਾ) ਨਾਲ ਹੁੰਦੀ ਹੈ ਅਤੇ ਉਹ ਪਹਿਲੀ ਨਜ਼ਰ ਵਿਚ ਹੀ ਉਸ ਦੀਆਂ ਅਦਾਵਾਂ ਵਿਚ ਗ੍ਰਿਫ਼ਤਾਰ ਹੋ ਜਾਂਦਾ ਹੈ। ਸ਼ਹਿਰ ਵਿਚ ਵਾਪਰਦੀਆਂ ਅਣ-ਸੁਖਾਂਵੀਆਂ ਘਟਨਾਵਾਂ ਕਈ ਹੌਲਨਾਕ ਸੱਚਾਈਆਂ ਤੋਂ ਪਰਦਾ ਚੁੱਕਦੀਆਂ ਹਨ ਅਤੇ ਅਵਤਾਰ ਨੂੰ ਭ੍ਰਿਸ਼ਟ ਹੋ ਚੁੱਕੇ ਸਿਸਟਮ ਨਾਲ ਲੜ੍ਹਨ ਲਈ ਮਜਬੂਰ ਕਰ ਦਿੰਦੀਆਂ ਹਨ, ਤਾਂ ਕਿ ਉਹ ਉਸ ਨੇਕ ਮਕਸਦ ਨੂੰ ਪੂਰਾ ਕਰ ਸਕੇ, ਜਿਸ ਲਈ ਉਹ ਸ਼ਹਿਰ ਆਇਆ ਹੈ। ਇਹ ਕਹਾਣੀ ਦੇਖ ਕੇ ਮੈਨੂੰ ਸੰਨੀ ਦਿਓਲ ਦੀ ਬਾਲੀਵੁੱਡ ਫ਼ਿਲਮ ਘਾਤਕ ਯਾਦ ਆਉਂਦੀ ਹੈ, ਜਿਸ ਵਿਚ ਇਕ ਨੇਕ ਨੌਜਵਾਨ ਸੰਨੀ ਦਿਓਲ ਆਪਣੇ ਪਿਤਾ ਅਮਰੀਸ਼ ਪੁਰੀ ਦੇ ਇਲਾਜ ਲਈ ਆਪਣੇ ਭਰਾ ਕੋਲ ਸ਼ਹਿਰ ਆਉਂਦਾ ਹੈ ਅਤੇ ਸਥਾਨਕ ਗੁੰਡਿਆਂ ਦੇ ਜਾਲ ਵਿਚ ਫਸ ਜਾਂਦਾ ਹੈ। ਆਖ਼ਿਰ ਉਹ ਆਪਣੇ ਬਾਊ ਜੀ ਦੇ ਸਵੈਮਾਣ ਖਾਤਿਰ ਲੜਦਾ ਹੈ ਅਤੇ ਜਿੱਤ ਕੇ ਸੁਰਖ਼ਰੂ ਹੁੰਦਾ ਹੈ। ਇਸੇ ਤਰ੍ਹਾਂ ਦਿਲਜੀਤ ਪਿੰਡ ਦੀ ਸੱਮਸਿਆ ਦੇ ਇਲਾਜ ਲਈ ਸ਼ਹਿਰ ਆਉਂਦਾ ਹੈ ਅਤੇ ਸ਼ਹਿਰ ਦੀ ਗੁੰਡਾ-ਰਾਜਨੇਤਾ ਸਾਂਝ ਦੇ ਚੱਕਰ ਵਿਚ ਫੱਸ ਜਾਂਦਾ ਹੈ।

ਦਿਲਜੀਤ ਨੇ ਬਤੌਰ ਨਾਇਕ ਆਪਣੀ ਪਹਿਲੀ ਫ਼ਿਲਮ ਵਿਚ ਕਮਾਲ ਕਰ ਦਿਖਾਇਆ ਹੈ। ਉਸ ਨੇ ਆਪਣੇ ਸੰਵਾਦ ਬੜੇ ਆਤਮ ਵਿਸ਼ਵਾਸ ਨਾਲ ਬੋਲੇ ਹਨ ਅਤੇ ਕੈਮਰੇ ਦੇ ਮੂਹਰੇ ਬਿਲਕੁਲ ਮਜ਼ਬੂਤੀ ਨਾਲ ਖੜ੍ਹਾ ਹੋਇਆ ਲੱਗਦਾ ਹੈ। ਭਾਵੇਂ ਐਕਸ਼ਨ ਦ੍ਰਿਸ਼ ਹੋਣ ਜਾਂ ਮਜ਼ਾਕੀਆਂ, ਭਾਵੁਕ ਜਾਂ ਫਿਰ ਰੁਮਾਂਟਿਕ, ਦਿਲਜੀਤ ਹਰ ਤਰ੍ਹਾਂ ਦੇ ਦ੍ਰਿਸ਼ ਵਿਚ ਆਤਮ-ਵਿਸ਼ਵਾਸ ਨਾਲ ਭਰਪੂਰ ਅਦਾਕਾਰੀ ਕਰ ਗਿਆ ਹੈ। ਪੂਜਾ ਟੰਡਨ ਪੰਜਾਬੀ ਪੇਂਡੂ ਕੁੜੀ ਦੇ ਕਿਰਦਾਰ ਵਿਚ ਬਿਲਕੁਲ ਵੀ ਨਹੀਂ ਜਚੀ। ਉਸ ਦੀ ਭਾਸ਼ਾ ਬਿਲਕੁਲ ਕਮਜ਼ੋਰ ਹੈ, ਪਿਆਰ ਦੇ ਇਜ਼ਹਾਰ ਵਾਲੇ ਭਾਵੁਕ ਦ੍ਰਿਸ਼ ਤੋਂ ਇਲਾਵਾ ਕਿਸੇ ਵੀ ਦ੍ਰਿਸ਼ ਵਿਚ ਉਹ ਬਿਲਕੁਲ ਨਹੀਂ ਜ¤ਚਦੀ। ਇਸ ਦੇ ਉਲਟ ਬੇਹੱਦ ਅਸ਼ਲੀਲ ਪਹਿਰਾਵੇ ਦੇ ਬਾਵਜੂਦ ਜਿਵਿਧਾ ਆਤਮ-ਵਿਸ਼ਵਾਸ ਨਾਲ ਭਰਪੂਰ ਲੱਗ ਰਹੀ ਹੈ। ਉਸ ਦੇ ਸੰਵਾਦ ਜਿਆਦਾ ਪ੍ਰਭਾਵਸ਼ਾਲੀ ਤਾਂ ਨਹੀਂ, ਪਰ ਸੁਣਨਯੋਗ ਹਨ। ਦੀਪ ਢਿੱਲੋਂ ਇਕ ਵਾਰ ਫਿਰ ਸਿਖ਼ਰ ਦਾ ਅਦਾਕਾਰ ਹੋ ਨਿਬੜਿਆ ਹੈ। ਆਪਣੀਆਂ ਪਿਛਲੀਆਂ ਫ਼ਿਲਮਾਂ ਵਿਚ ਬਹੁਤ ਸਾਰੇ ਨੇਕ ਕਿਰਦਾਰ ਨਿਭਾਉਣ ਤੋਂ ਲੰਬੇ ਅਰਸੇ ਬਾਅਦ ਦੀਪ ਢਿੱਲੋਂ ਇਕ ਸ਼ਾਤਿਰ ਨੇਤਾ ਦੇ ਕਿਰਦਾਰ ਵਿਚ ਨਜ਼ਰ ਆਇਆ ਹੈ। ਉਹ ਕਿਰਦਾਰ ਵਿਚ ਪੂਰੀ ਤਨਦੇਹੀ ਨਾਲ ਵੜ ਜਾਂਦਾ ਹੈ ਅਤੇ ਦਰਸ਼ਕਾਂ ਨੂੰ ਉਸ ਕਿਰਦਾਰ ਨਾਲ ਅੱਤ ਦੀ ਨਫ਼ਰਤ ਕਰਨ ਲਈ ਉਕਸਾਉਂਦਾ ਹੈ। ਯਾਦ ਗਰੇਵਾਲ ਦੇਸੀ ਗੁੰਡੇ ਦੇ ਕਿਰਦਾਰ ਵਿਚ ਪੂਰੀ ਤਰ੍ਹਾਂ ਖ਼ਰਾ ਉਤਰਿਆ ਹੈ। ਉਸ ਦੇ ਹਾਵ-ਭਾਵ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਵਿਚ ਕਾਮਯਾਬ ਹੋਏ ਹਨ। ਵਿੰਦੂ ਦਾਰਾ ਸਿੰਘ ਇਸ ਫ਼ਿਲਮ ਵਿਚ ਹੈਰਾਨਕੁੰਨ ਕਰ ਦੇਣ ਵਾਲੇ ਅੰਦਾਜ਼ ਵਿਚ ਨਿਭਿਆ ਹੈ। ਉਹ ਸਿੱਖ ਥਾਣੇਦਾਰ ਬਲਬੀਰ ਸਿੰਘ ਦੇ ਕਿਰਦਾਰ ਵਿਚ ਪੂਰਾ ਰੋਬ੍ਹਦਾਰ ਲੱਗਦਾ ਹੈ ਅਤੇ ਪਾਗਲਪਣ ਦੀ ਹੱਦ ਤੱਕ ਜਾ ਕਿ ਆਪਣਾ ਕਿਰਦਾਰ ਨਿਭਾਉਂਦਾ ਹੈ। ਅਸਲ ਵਿਚ ਨਿਰਦੇਸ਼ਕ ਨੇ ਬਿੱਗ ਬੌਸ ਵਿਚ ਬਣੀ ਵਿੰਦੂ ਦਾਰਾ ਸਿੰਂਘ ਦੀ ਬੇਕਾਬੂ ਪਾਗਲ ਬੰਦੇ ਵਾਲੀ ਪਛਾਣ ਨੂੰ ਪੂਰੀ ਤਰ੍ਹਾਂ ਵਰਤਦਿਆਂ ਉਸ ਨੂੰ ਅਜਿਹਾ ਹੀ ਕਿਰਦਾਰ ਦਿ¤ਤਾ ਹੈ, ਜਿਸ ਨੂੰ ਉਹ ਬਿਨ੍ਹਾਂ ਕਿਸੇ ਤਰ¤ਦਦ ਦੇ ਬਖ਼ੂਬੀ ਨਿਭਾ ਗਿਆ ਹੈ। ਗੁਰਪ੍ਰੀਤ ਘੁ¤ਗੀ ਦਾ ਮਜ਼ਾਕੀਆਂ ਅੰਦਾਜ਼ ਚੰਗਾ ਲ¤ਗਿਆ ਹੈ, ਪਰ ਇਸ ਵਾਰ ਉਹ ਆਪਣੇ ਪਿਛਲੇ ਕਿਰਦਾਰਾਂ ਦੇ ਮੁਕਾਬਲੇ ਕਾਫ਼ੀ ਠੰਡਾ ਰਿਹਾ ਹੈ। ਭੋਟੂ ਸ਼ਾਹ ਦੀ ਆਮਦ, ਜਾਣੇ-ਪਛਾਣੇ ਬਿਹਾਰੀ ਭ¤ਈਏ ਦੇ ਕਿਰਦਾਰ ਵਿਚ, ਸ਼ੁਰੂਆਤ ਵਿਚ ਤਾਂ ਚੰਗੀ ਲੱਗਦੀ ਹੈ, ਪਰ ਬਾਅਦ ਵਿਚ ਉਹ ਖੁਦ ਨੂੰ ਦੁਹਰਾਉਂਦਾ ਹੋਇਆ ਹੀ ਮਹਿਸੂਸ ਹੁੰਦਾ ਹੈ। ਇਸ ਕਰ ਕੇ ਉਹ ਮਨੋਰੰਜਨ ਕਰਨ ਵਿਚ ਅਸਫ਼ਲ ਰਹਿ ਗਿਆ ਹੈ।ਵਿਵੇਕ ਸ਼ੌਕ ਆਪਣੇ ਛੋਟੇ, ਪਰ ਯਾਦਗ਼ਾਰ ਕਿਰਦਾਰ ਵਿਚ ਸਫ਼ਲਤਾ ਨਾਲ ਨਿਭ ਗਿਆ ਹੈ। ਬਾਕੀ ਸਹਿਯੋਗੀ ਕਲਾਕਾਰ ਵੀ ਆਪਣੇ-ਆਪਣੇ ਕਿਰਦਾਰਾਂ ਵਿਚ ਠੀਕ ਠਾਕ ਅਦਾਕਾਰੀ ਕਰ ਗਏ ਹਨ।

ਲੌਇਨ ਆਫ਼ ਪੰਜਾਬ ਇਕ ਅਜਿਹੀ ਕਹਾਣੀ ਹੈ ਜਿਹੜੀ ਕਿਸੇ ਵੀ ਭਾਰਤੀ ਭਾਸ਼ਾ ਵਿਚ ਬਣਾਈ ਜਾ ਸਕਦੀ ਹੈ ਅਤੇ ਕੁਦਰਤੀ ਉਸ ਭਾਸ਼ਾ ਦੇ ਭੂਗੋਲਿਕ ਖਿੱਤੇ ਨਾਲ ਮੇਲ ਖਾ ਜਾਵੇਗੀ। ਇਹ ਮੌਲਿਕ ਰੂਪ ਵਿਚ ਬਣੀ ਪੰਜਾਬੀ ਫ਼ਿਲਮ ਦੀ ਬਜਾਇ ਆਮ ਬਾਲੀਵੁੱਡ ਫ਼ਿਲਮ ਜਿਆਦਾ ਲੱਗਦੀ ਹੈ। ਇਹ ਰਾਜਨੀਤਿਕ ਨੇਤਾਵਾਂ-ਉਦਯੌਗਪਤੀਆਂ ਦੀ ਭ੍ਰਿਸ਼ਟ ਸਾਂਝ ਭਿਆਲੀ ਦੀ ਗੱਲ੍ਹ ਕਰਦੀ, ਜੋ ਪੰਜਾਬ ਸਮੇਤ ਪੂਰੇ ਭਾਰਤ ਵਿਚ ਨੈਤਿਕਤਾ ਅਤੇ ਕੁਦਰਤ ਨੂੰ ਭ੍ਰਿਸ਼ਟ ਕਰ ਰਹੀ ਹੈ। ਇਹ ਸਾਂਝ ਆਮ ਮਨੁੱਖ ਦੀ ਲੁੱਟ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਲਈ ਖ਼ਤਰਾ ਬਣ ਰਹੀ ਹੈ। ਗੁੱਡੂ ਧਨੋਆ ਨੇ ਇਹ ਫ਼ਿਲਮ ਵੀ ਆਪਣੇ ਜਾਣੇ-ਪਛਾਣੇ ਬਾਲੀਵੁਡੀ ਅੰਦਾਜ਼ ਵਿਚ ਬਣਾਈ ਹੈ ਅਤੇ ਆਪਣੇ ਕਲਾਕਾਰਾਂ ਤੋਂ ਚੰਗਾ ਕੰਮ ਕਰਵਾਉਣ ਵਿਚ ਸਫ਼ਲ ਰਿਹਾ ਹੈ, ਪਰ ਕਈ ਥਾਂਈ ਚੰਗੀ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕਰ ਸਕਿਆ, ਜੋ ਫ਼ਿਲਮ ਦੀ ਸੱਭ ਤੋਂ ਵੱਡੀ ਕਮਜ਼ੋਰੀ ਹੈ। ਇਸ ਤੋਂ ਇਲਾਵਾ ਉਹ ਫ਼ਿਲਮ ਵਿਚ ਕਈ ਵੱਡੇ ਟੱਪਲੇ ਖਾ ਗਿਆ ਹੈ, ਜਿਨ੍ਹਾ ਵਿਚ ਅੰਤ ਤੋਂ ਪਹਿਲਾਂ ਵਾਲਾ ਉਹ ਦ੍ਰਿਸ਼ ਜ਼ਿਕਰਯੋਗ ਹੈ, ਜਿਸ ਵਿਚ ਦਿਲਜੀਤ ਸਾਰੇ ਨਕਾਰਾਤਮ ਕਿਰਦਾਰ ਨਿਭਾ ਰਹੇ ਅਦਾਕਾਰਾਂ ਨੂੰ ਐਂਬੂਲੈਂਸ ਵਿਚ ਕੈਦ ਕਰ ਕੇ ਪਿੰਡ ਲਿਜਾ ਰਿਹਾ ਹੈ। ਰਾਹ ਵਿਚ ਪੁਲਿਸ ਨਾਕੇ ਨੂੰ ਤੋੜਨ ਤੋਂ ਬਾਅਦ ਉਹ ਐਂਬੂਲੈਂਸ ਦਾ ਪਿਛਲਾ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਨੇਤਾ ਬੱਬਰ ਨੂੰ ਵਰ੍ਹਦੀਆਂ ਗੋਲ੍ਹੀਆਂ ਦੇ ਅੱਗੇ ਕਰ ਦਿੰਦਾ ਹੈ। ਇਸ ਦ੍ਰਿਸ਼ ਵਿਚ ਐਂਬੂਲੈਂਸ ਵਿਚ ਸਵਾਰ ਸਾਰੇ ਅਦਾਕਾਰ ਗੋਲੀਆਂ ਦੇ ਸਾਹਮਣੇ ਹੁੰਦੇ ਹਨ, ਅੰਨੇਵਾਹ ਵਰ੍ਹ ਰਹੀਆਂ ਗੋਲੀਆਂ ਸਿਰਫ਼ ਬੱਬਰ ਨੂੰ ਹੀ ਲੱਗਦੀਆਂ ਹਨ, ਜਦ ਕਿ ਕਿਸੇ ਹੋਰ ਨੂੰ ਝਰੀਟ ਤੱਕ ਨਹੀਂ ਲੱਗਦੀ। ਕੀ ਬਾਕੀਆਂ ਨੇ ਬੁਲੇਟ ਪਰੂਫ਼ ਜੈਕਟਾਂ ਪਾਈਆਂ ਹੋਇਆਂ ਸਨ ਜਾਂ ਪੁਲਸ ਸਿਰਫ਼ ਬੱਬਰ ਨੂੰ ਹੀ ਨਿਸ਼ਾਨਾ ਬਣਾ ਰਹੀ ਸੀ? ਇਸ ਦੇ ਨਾਲ ਹੀ ਗੁਡੂ ਨੇ ਫ਼ਿਲਮ ਵਿਚ ਮਸਾਲਾ ਪਾਉਣ ਲਈ ਘਟੀਆ ਕਿਸਮ ਦੇ ਨੰਗੇਜ਼ ਭਰਪੂਰ ਦ੍ਰਿਸ਼ ਜਬਰਦਸਤੀ ਠੂਸੇ ਹਨ, ਜੋ ਬੇਹੱਦ ਭੱਦੇ ਲੱਗਦੇ ਹਨ।

ਫ਼ਿਲਮ ਦਾ ਸੰਗੀਤ ਬੁਰੀ ਤਰ੍ਹਾਂ ਅਸਫ਼ਲ ਸਾਬਿਤ ਹੋਇਆ ਹੈ ਅਤੇ ਕਹਾਣੀ ਨਾਲ ਦੂਰ-ਦੂਰ ਤੱਕ ਮੇਲ਼ ਨਹੀਂ ਖਾਂਦਾ। ਟਾਈਟਲ ਗੀਤ ਨੂੰ ਛੱਡ ਕੇ ਬਾਕੀ ਸਾਰੇ ਗੀਤ ਜਬਰਦਸਤੀ ਪਾਏ ਗਏ ਹਨ ਅਤੇ ਕਹਾਣੀ ਦੀ ਲੰਬਾਈ ਨੂੰ ਬੇਮਤਲਬ ਵਧਾ ਰਹੇ ਹਨ। ਆਪਣੀ ਧੁਨ ਕਰ ਕੇ ਲੱਕ 28 ਗੀਤ ਲੋਕਾਂ ਵਿਚ ਆਸ ਜਗਾਉਂਦਾ ਹੈ, ਪਰੰਤੂ ਬੇ-ਸਿਰ ਪੈਰ ਦੀ ਥਾਂ ‘ਤੇ ਆਉਣ ਕਰ ਕੇ ਵੱਡੇ ਪਰਦੇ ‘ਤੇ ਬੁਰੀ ਤਰ੍ਹਾਂ ਅਸਫ਼ਲ ਸਾਬਿਤ ਹੁੰਦਾ ਹੈ। ਫ਼ਿਲਮ ਦੇ ਸਾਰੇ ਹੀ ਗੀਤਾਂ ਦੇ ਬੋਲ ਬੇਅਰਥ ਹਨ ਅਤੇ ਸੰਗੀਤ ਵਿਚ ਕੋਈ ਗੁਣਾਤਮਕ ਵਾਧਾ ਨਹੀਂ ਕਰਦੇ। ਪਾਪੂਲਰ ਕਿਸਮ ਦਾ ਸੰਗੀਤ ਬਣਾਉਣ ਦੇ ਚੱਕਰ ਵਿਚ ਅਨੰਦ ਰਾਜ ਅਨੰਦ ਦੀ ਮਿਹਨਤ ਬੇਕਾਰ ਗਈ ਅਤੇ ਦਰਸ਼ਕਾਂ ਨੂੰ ਟਿਕਟ ਖਿੜਕੀ ਤੱਕ ਨਹੀਂ ਲਿਆ ਸਕੀ। ਸੰਗੀਤ ਨੇ ਫ਼ਿਲਮ ਦੇ ਪ੍ਰਚਾਰ ਵਿਚ ਨਕਾਰਤਮਕ ਰੋਲ ਨਿਭਾਇਆ ਹੈ।

ਸੰਤੋਸ਼ ਧਨੋਆ ਦੀ ਕਹਾਣੀ ਚੰਗੀ ਹੈ, ਪਰ ਸਨਆਂਸ਼ੂ ਗੁਪਤਾ ਦੀ ਪਟਕਥਾ ਕਮਜ਼ੋਰ ਹੈ ਅਤੇ ਕਹਾਣੀ ਨੂੰ ਬਿਨ੍ਹਾਂ ਵਜ੍ਹਾ ਲੰਬੀ ਖਿੱਚਦੀ ਹੋਈ ਲੱਗਦੀ ਹੈ। ਫ਼ਿਲਮ ਦੀ ਲੰਬਾਈ ਘਟਾਉਣ ਲਈ ਇਸ ਨੂੰ ਸੰਪਾਦਿਤ ਕੀਤਾ ਜਾ ਸਕਦਾ ਸੀ। ਫ਼ਿਲਮ ਦਾ ਕਲਾ ਨਿਰਦੇਸ਼ਨ ਅਤੇ ਸ਼ੂਟਿੰਗ ਲੁਕੇਸ਼ਨਾਂ ਦੂਜੇ ਦਰਜੇ ਦੇ ਹਨ। ਸਿਨੇਮੇਟੋਗ੍ਰਾਫ਼ੀ ਬੱਸ ਠੀਕ ਠਾਕ ਹੀ ਹੈ ਅਤੇ ਹੋਰ ਜਿਆਦਾ ਸਾਫ਼-ਸੁਥਰੀ ਹੋਣ ਦੀ ਮੰਗ ਕਰਦੀ ਹੈ। ਰਾਮ ਸ਼ੈਟੀ ਦਾ ਐਕਸ਼ਨ ਚੰਗਾ ਹੈ, ਪਰ ਬਹੁਤ ਥਾਂਈ ਨਕਲੀ ਜਿਹਾ ਮਹਿਸੂਸ ਹੁੰਦਾ ਹੈ। ਕੋਰਿਓਗ੍ਰਾਫ਼ੀ ਘਸੇ-ਪਿੱਟੇ ਬਾਲੀਵੁੱਡ ਅੰਦਾਜ਼ ਦੀ ਹੈ, ਫ਼ਿਰ ਵੀ ਦਿਲਜੀਤ ਕੁਝ ਦ੍ਰਿਸ਼ਾਂ ਵਿਚ ਚੰਗਾ ਡਾਂਸ ਕਰ ਗਿਆ ਹੈ। ਸੰਵਾਦ ਠੀਕ ਠਾਕ ਹਨ, ਪਰ ਜੇ ਮਿਹਨਤ ਕੀਤੀ ਜਾਂਦੀ ਤਾਂ ਯਾਦਗ਼ਾਰ ਬਣਾਏ ਜਾ ਸਕਦੇ ਸਨ।

ਅੰਤ ਵਿਚ ਇਹੀ ਕਹਾਂਗਾ ਕਿ ਲੌਇਨ ਆਫ਼ ਪੰਜਾਬ, ਪੰਜਾਬੀ ਵਿਚ ਬਣੀ ਇਕ ਹੋਰ ਬਾਲੀਵੁੱਡ ਮਸਾਲਾ ਫ਼ਿਲਮ ਹੈ, ਜਿਹੜੀ ਪੰਜਾਬ ਦੇ ਮਸਲਿਆਂ ਨੂੰ ਛੋਹਣ ਦੀ ਕੌਸ਼ਿਸ਼ ਕਰਦੀ ਹੈ, ਪਰ ਕੋਈ ਗੰਭੀਰ ਹੱਲ ਦੱਸਣ ਵਿਚ ਨਾਕਾਮਯਾਬ ਰਹਿੰਦੀ ਹੈ। ਮਨੋਰੰਜਨ ਦੇ ਨਾਲ ‘ਤੇ ਇਹ ਫ਼ਿਲਮ ਹਿੰਸਾ ਅਤੇ ਨੰਗੇਜ਼ਪੁਣਾ ਦਿਖਾਂਉਂਦੀ ਅਤੇ ਫੈਲਾਉਂਦੀ ਹੈ। ਇਹ ਸਾਰੇ ਤੱਤ ਇਸ ਨੂੰ ਬੱਸ ਇਕ ਵਾਰ ਦੇਖਣ ਯੋਗ ਬਣਾਉਂਦੇ ਹਨ। ਜੇ ਤੁਸੀ ਦਿਲਜੀਤ ਦੇ ਚਾਹੁਣ ਵਾਲੇ ਹੋ ਤਾਂ ਉਸ ਦੇ ਪੰਗੇਬਾਜ਼ ਅੰਦਾਜ਼ ਲਈ ਇਹ ਫ਼ਿਲਮ ਦੇਖ ਸਕਦੇ ਹੋ, ਪਰ ਸੰਜੀਦਾ ਮਨੋਰੰਜਨ ਦੇ ਚਾਹਵਾਨ ਇਸ ਨੂੰ ਸਹਿਜੇ ਹੀ ਨੰਜ਼ਰਅੰਦਾਜ਼ ਕਰ ਸਕਦੇ ਹਨ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>