ਹੋਂਦ ਚਿੱਲੜ ਨੇੜੇ ਪਟੌਦੀ ਵਿਚ ਵੀ ਜ਼ਿੰਦਾ ਜਲਾਏ ਗਏ ਸਨ 17 ਸਿੱਖ

ਪਟੌਦੀ (ਹਰਿਆਣਾ), (ਗੁਰਿੰਦਰਜੀਤ ਸਿੰਘ ਪੀਰਜੈਨ) – ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਚ ਮਾਰੇ ਗਏ 32 ਸਿੱਖਾਂ ਦਾ ਖੁਲਾਸਾ ਕੀਤੇ ਜਾਣ ਤੋਂ ਛੇਤੀ ਬਾਅਦ 1984 ਦੀ ਸਿੱਖ ਨਸਲਕੁਸ਼ੀ ਦੇ ਇਕ ਹੋਰ ਮਾਮਲੇ ਦਾ ਖੁਲਾਸਾ ਹੋਇਆ ਹੈ। ਹੋਂਦ ਚਿੱਲੜ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਜ਼ਿਲ੍ਹਾ ਗੁੜਗਾਉਂ ਦੇ ਕਸਬਾ ਪਟੌਦੀ ਵਿਚ ਵੀ 2 ਨਵੰਬਰ ਨੂੰ ਹੀ 17 ਸਿੱਖਾਂ ਨੂੰ ਸਥਾਨਕ ਕਾਂਗਰਸ ਅਗੂਆਂ ਦੀ ਅਗਵਾਈ ਵਾਲੀ ਭੀੜ ਵਲੋਂ ਜ਼ਿੰਦਾ ਜਲਾ ਦਿੱਤਾ ਗਿਆ ਸੀ। ਨਵੰਬਰ 1984 ਤਕ ਪਟੌਦੀ ਵਿਖੇ 30 ਸਿੱਖ ਪਰਿਵਾਰ ਰਹਿੰਦੇ ਸਨ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਅਗਲੇ ਦਿਨ ਭਾਵ 1 ਨਵੰਬਰ ਨੂੰ ਪਟੌਦੀ ਦੇ ਗੁਰਦੁਆਰਾ ਸਾਹਿਬ ਨੂੰ ਅਗਨਭੇਂਟ ਕਰ ਦਿੱਤੇ ਜਾਣ ਮਗਰੋਂ ਸਿੱਖਾਂ ਦਾ ਇਕ ਹਿੱਸਾ ਪਿੰਡ ਵਿਚ ਹੀ ਸੁਰੱਖਿਅਤ ਥਾਂ ’ਤੇ ਚਲਾ ਗਿਆ ਜਦ ਕਿ ਦੂਜੇ ਨੇ ਸਥਾਨਕ ਹਰੀ ਮੰਦਿਰ ਆਸ਼ਰਮ ਵਿਚ ਸ਼ਰਨ ਲੈ ਲਈ। 2 ਨਵੰਬਰ ਨੂੰ ਕੁਝ ਸਿੱਖ ਆਪੋ ਆਪਣੇ ਘਰਾਂ ਨੂੰ ਵਾਪਸ ਗਏ ਤਾਂ ਉਨ੍ਹਾਂ ਨੂੰ ਘੇਰ ਲਿਆ ਗਿਆ ਅਤੇ ਉਨ੍ਹਾਂ ਦੇ ਘਰਾਂ ’ਤੇ ਪੈਟਰੋਲ ਬੰਬ ਸੁੱਟੇ ਗਏ।  ਪੁਰਸ਼ਾਂ ਅਤੇ ਬੱਚਿਆਂ ਨੂੰ ਮਾਰਣ ਕੁੱਟਣ ਮਗਰੋਂ ਸੜਦੇ ਹੋਏ ਘਰਾਂ ਵਿਚ ਸੁੱਟ ਦਿੱਤਾ ਗਿਆ ਜਦਕਿ ਸਿੱਖ ਬੀਬੀਆਂ ਨਾਲ ਬਲਾਤਕਾਰ ਕਰਨ ਉਪਰੰਤ ਉਨ੍ਹਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਹਰਿਆਣਾ ਦੇ ਰਿਵਾੜੀ ਜ਼ਿਲੇ ਵਿਚ ਪਿੰਡ ਹੋਂਦ ਚਿੱਲੜ, ਜਿੱਥੇ 2 ਨਵੰਬਰ 1984 ਨੂੰ 32 ਸਿਖਾਂ ਨੂੰ ਮਾਰ ਦਿੱਤਾ ਗਿਆ ਸੀ, ਵਿਚ ਸਿਖਾਂ ਦੇ ਹੋਏ ਕਤਲੇਆਮ ਦਾ ਮੁੱਦਾ ਜ਼ੋਰ ਨਾਲ ਉਠਾਏ ਜਾਣ ਤੋਂ ਬਾਅਦ ਹੁਣ ਪਟੌਦੀ ਵਿਚ ਸਿਖਾਂ ’ਤੇ ਹੋਏ ਯੋਜਨਾਬੱਧ ਤੇ ਸਾਜਿਸ਼ ਤਹਿਤ ਕੀਤੇ ਗਏ ਹਮਲੇ ਦਾ ਖੁਲਾਸਾ ਕੀਤਾ ਹੈ ਜਿਸ ਵਿਚ ਸਥਾਨਕ ਕਾਂਗਰਸੀ ਆਗੂਆਂ ਦੀ ਅਗਵਾਈ ਵਾਲੀ ਇਕ ਭੀੜ ਨੇ 17 ਸਿਖਾਂ ਨੂੰ ਮਾਰ ਮੁਕਾਇਆ ਸੀ।

ਪਟੌਦੀ ਕਾਂਡ ਵਿਚ ਚੰਗੇ ਭਾਗੀਂ ਬਚ ਗਏ ਇਕ ਗਵਾਹ ਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਭੀੜ ਨਾਅਰੇ ਲਗਾ ਰਹੀ ਸੀ ਕਿ ‘ਜਬ ਤੱਕ ਸੂਰਜ ਚਾਂਦ ਰਹੇਗਾ ਇੰਦਰਾ ਤੇਰਾ ਨਾਮ ਰਹੇਗਾ’, ‘ਇੰਦਰਾ ਗਾਂਧੀ ਅਮਰ ਰਹੇ’ ਤੇ ‘ਸਿਖ ਗੱਦਾਰ ਹੈ ਇਨਹੇਂ ਮਾਰ ਡਾਲੋ’ । ਨਾਅਰੇ ਲਾਉਂਦੀ ਭੀੜ ਨੇ ਤਲਵਾਰਾਂ, ਲਾਠੀਆਂ, ਚਿੱਟੇ ਪਾਊਡਰ ਅਤੇ ਪੈਟਰੋਲ ਆਦਿ ਨਾਲ ਹੱਲਾ ਬੋਲਿਆ, ਸਿੱਖਾਂ ਦਾ ਮਾਲ ਅਸਬਾਬ ਲੁੱਟ ਲਿਆ 17 ਸਿੱਖਾਂ ਨੂੰ ਜਿਉਂਦਿਆਂ ਸਾੜ ਦਿੱਤਾ। ਗੁਰਜੀਤ ਸਿੰਘ ਦੇ ਘਰ ’ਤੇ ਵੀ ਹਮਲਾ ਕੀਤਾ ਗਿਆ ਤੇ ਸਾੜ ਦਿੱਤਾ ਗਿਆ ਸੀ ਪਰ ਗੁਰਜੀਤ ਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੇ ਗੁਆਂਢਿਆਂ ਨੇ ਬਚਾ ਲਿਆ।

ਗੁਰਜੀਤ ਸਿੰਘ ਨੇ ਅੱਜ ਵੀ ਪਟੌਦੀ ਵਿਚ ਆਪਣਾ ਖੰਡਰ ਰੂਪੀ ਘਰ ਉਸੇ ਤਰਾਂ ਮੌਜੂਦ ਰਖਿਆ ਹੈ ਤਾਂ ਜੋ ਉਹ ਦੁਨੀਆ ਨੂੰ ਵਿਖਾ ਸਕੇ ਕਿ ਨਵੰਬਰ 1984 ਵਿਚ ਕਿਸ ਤਰਾਂ ਸਿਖਾਂ ’ਤੇ ਹਮਲੇ ਕੀਤੇ ਗਏ ਤੇ ਸਾੜਿਆ ਗਿਆ ਤੇ ਲੱਟਿਆ ਗਿਆ ਸੀ।

ਪਿੰਡ ਦੇ ਹੀ ਸ: ਗਿਆਨ ਸਿੰਘ ਦੀਆਂ ਦੋ ਨੌਜਵਾਨ ਬੇਟੀਆਂ ਹਰਮੀਤ ਕੌਰ 16  ਅਤੇ ਕਰਮਜੀਤ ਕੌਰ 19 ਦੀ ਬੇਪੱਤੀ ਦੀ ਸ਼ਰਮਨਾਕ ਗਾਥਾ ਬਿਆਨ ਕਰਦਿਆਂ ਗੁਰਜੀਤ ਸਿੰਘ ਨੇ ਦੱਸਿਆ ਕਿ ਭੀੜ ਨੇ ਉਨ੍ਹਾਂ ਨੂੰ ਸੜਕ ’ਤੇ ਘਸੀਟਿਆ , ਅਲਫ ਮੰਗਿਆਂ ਕੀਤਾ, ਬੁਰਾ ਭਲਾ ਕਿਹਾ , ਮਾਰਿਆ ਕੁੱਟਿਆ ਤੇ ਇਸ ਸਭ ਮਗਰੋਂ ਦੋਵਾਂ ਲੜਕੀਆਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ।  ਉਨ੍ਹਾਂ ਕਿਹਾ ਕਿ ਦੋ ਲੜਕੀਆਂ ਦੀ ਇੰਦਰਾ ਗਾਂਧੀ ਦੀ ਹੱਤਿਆ ਵਿਚ ਕੀ ਭੂਮਿਕਾ ਹੋ ਸਕਦੀ ਸੀ ਪਰ ਉਸ ਵੇਲੇ ਇਹੀ ਕਿਹਾ ਜਾ ਰਿਹਾ ਸੀ ਕਿ ਸਿੱਖਾਂ ਦੇ ਬੱਚੇ ਵੀ ਮਾਰ ਦਿਓ।

ਗਵਾਹਾਂ ਦਾ ਦਾਅਵਾ ਹੈ ਕਿ ਪਟੌਦੀ ਦੇ ਗੁਰਦੁਆਰਾ ਸਿੰਘ ਸਭਾ ’ਤੇ ਹਮਲੇ ਸਮੇਂ ਗੁਰਦੁਆਰੇ ਦਾ ਗ੍ਰੰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਭਾਲ ਕੇ ਨੇੜਲੇ ਪਿੰਡ ਭੋਰੇ ਕਲਾਂ ਵੱਲ ਭੱਜ ਨਿਕਲਿਆ ਪਰ ਜ਼ਿੰਮੀਦਾਰ ਝੰਡੂ ਸੈਣੀ ਦੀ ਅਗਵਾਈ ਵਿਚ ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਉਸਦੇ ਟੋਟੇ ਕਰ ਦਿੱਤੇ।  ਇਨ੍ਹਾਂ ਹੀ ਲੋਕਾਂ ਨੇ ਗਿਆਨ ਸਿੰਘ ਦੇ ਪੁੱਤਰ ਗੁਰਬਖ਼ਸ਼ ਸਿੰਘ ਨੂੰ ਵੀ ਮਾਰ ਮੁਕਾਇਆ।  ਗਿਆਨ ਸਿੰਘ ਦੀਆਂ ਦੋ ਬੇਟੀਆਂ ਭਾਵ ਗੁਰਬਖ਼ਸ਼ ਸਿੰਘ ਦੀਆਂ ਦੋਵੇਂ ਭੈਣਾਂ ਹਰਮੀਤ ਕੌਰ ਅਤੇ ਗੁਰਬਖ਼ਸ਼ ਕੌਰ ਪਹਿਲਾਂ ਹੀ ਬਲਾਤਕਾਰ ਕਰਨ ਉਪਰੰਤ ਮਾਰ ਦਿੱਤੀਆਂ ਗਈਆਂ ਸਨ।

ਪਟੌਦੀ ਵਿਚ ਇਹ ਹੌਲਨਾਕ ਕਾਰਾ ਕਾਂਗਰਸ ਆਗੂਆਂ ਦੀ ਅਗਵਾਈ ਵਿਚ ਅੰਜਾਮ ਦਿੱਤਾ ਗਿਆ ਅਤੇ ਇਸ ਸੰਬੰਧ ਵਿਚ ਪਟੌਦੀ ਪੁਲਿਸ ਥਾਣੇ ਵਿਚ 12 ਨਵੰਬਰ ਨੂੰ 15 ਦੋਸ਼ੀਆਂ ਵਿਰੁੱਧ ਐਫ.ਆਈ.ਆਰ.ਨੰਬਰ 282,83 ਦਰਜ ਕੀਤੀ ਗਈ ਪਰ 26 ਅਪ੍ਰੈਲ 1985 ਨੂੰ ਉਸ ਵੇਲੇ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ੍ਰੀ ਵੀ.ਐਮ.ਜੈਨ ਨੇ ਸਬੂਤਾਂ ਦੀ ਅਣਹੋਂਦ ਵਿਚ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>