ਮੱਧਵਰਗੀ ਨੌਕਰੀਪੇਸ਼ਾ ਔਰਤ ਦੀ ਤ੍ਰਾਸਦੀ

ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਨੂੰਨ ਨੇ ਅੱਜ ਹਰ ਖੇਤਰ ਵਿਚ ਔਰਤ ਨੂੰ ਪੁਰਖ ਦੇ ਬਰਾਬਰ ਹੱਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਨੌਕਰੀਆਂ ਦੇ ਖੇਤਰ ਵਿਚ ਔਰਤਾਂ ਲਈ ਵਧੇਰੀਆਂ ਥਾਂਵਾਂ ਰਾਖਵੀਆਂ ਕਰ ਦਿੱਤੀਆ ਗਈਆਂ ਹਨ। ਹੋਰ ਕਈ ਅਧਿਕਾਰ ਵੀ ਉਸਨੂੰ ਦਿੱਤੇ ਗਏ ਹਨ। ਪਰ ਇਕੱਲਾ ਕਨੂੰਨ ਕੁਝ ਨਹੀਂ ਕਰ ਸਕਦਾ ਜਦ ਤਕ ਕਿ ਪੁਰਖ ਵਰਗ ਔਰਤ ਪ੍ਰਤੀ ਆਪਣੀ ਸੋਚ ਵਿਚ ਤਬਦੀਲੀ ਨਹੀਂ ਲਿਆਉਂਦਾ।  ਸੰਵਿਧਾਨ ਕਨੂੰਨ ਤੇ ਬਣਾ ਸਕਦਾ ਹੈ ਅਤੇ ਉਹਨਾਂ ਨੂੰ ਤੋੜਨ ਵਾਲਿਆਂ ਨੂੰ ਸਜ਼ਾ ਵੀ ਦੇ ਸਕਦਾ ਹੈ ਪਰ ਸਮਾਜ ਨੂੰ ਇਹਨਾਂ ਕਨੂਨਾਂ ਨੂੰ ਮੰਨਣ ਲਈ ਜਾਂ ਅਪਨਾਉਣ ਲਈ ਮਜ਼ਬੂਰ ਨਹੀਂ ਕਰ ਸਕਦਾ। ਨਾਰੀ ਨੂੰ ਮਾਨਯੋਗ ਸਥਾਨ ਦਿਲਵਾਣਾ, ਉਸਦੀ ਕਾਬਲੀਅਤ ਤੇ ਉਸਦੇ ਨਾਰੀਯੋਗ ਗੁਣਾਂ ਨੂੰ ਵਿਕਾਸ ਦਾ ਸਹੀ ਮੌਕਾ ਦੇਣਾ ਕਿਸੇ ਕੰਨੂਨ ਦੀ ਨਹੀਂ ਬਲਕਿ ਸਮਾਜ ਦੀ ਖਾਸਕਰ ਇਸਦੇ ਪੁਰਖ ਵਰਗ ਦੀ, ਜ਼ਿੱਮੇਵਾਰੀ ਹੈ।

ਅੱਜ ਦੀ ਨਾਰੀ ਘਰੋਂ ਬਾਹਰ ਆਕੇ ਹਰ ਖੇਤਰ ਦੇ ਵਿਚ ਪੁਰਖ ਦੇ ਨਾਲ ਬਰਾਬਰ ਕਦਮ ਮਿਲਾਕੇ ਕੰਮ ਕਰ ਰਹੀ ਹੈ। ਪਰ ਉਸਨੂੰ ਨੌਕਰੀ ਦੋਰਾਨ ਪੁਰਖ ਨੂੰ ਪੇਸ਼ ਆਉਂਦੀਆਂ  ਮੁਸ਼ਕਿਲਾਂ ਤੋਂ ਅਲਾਵਾ ਕੁਝ ਹੋਰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਕ ਤਾਂ ਉਸ ਤਰ੍ਹਾਂ ਦੀਆਂ ਔਕੜਾਂ ਹਨ  ਜੋ ਉਸ ਦੇ ਔਰਤ ਹੋਣ ਕਾਰਣ ਯਾਨੀਕਿ ਕੁਦਰਤ ਵਲੌਂ ਬਖਸ਼ੀ ਗਈ ਉਸਦੀ ਸ਼ਾਰੀਰਿਕ ਬਣਤਰ ਕਾਰਣ ਪੇਸ਼ ਆਉਂਦੀਆਂ ਹਨ ਜਿਵੇਂ ਉਸਦੀ ਸ਼ਾਰੀਰਿਕ ਸ਼ੁਰੱਖਿਆ ਦੀ ਜ਼ਰੂਰਤ, ਉਸ ਲਈ ਮੈਟਰਨਿਟੀ ਲੀਵ ਦੀ ਜ਼ਰੂਰਤ ਆਦਿ, ਜਿਹਨਾਂ ਦੀ ਜ਼ਿੱਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਅਤੇ ਇਸ ਵਿਚ ਸ਼ੱਕ ਨਹੀਂ ਕਿ ਕਾਰਜ ਖੇਤਰ ਵਿਚ ਅੱਜ ਔਰਤ ਨੂੰ ਪਹਿਲਾਂ ਨਾਲੋਂ ਵਧੀਆ ਸਹੂਲਤਾਂ ਹਾਸਿਲ ਹਨ। ਦੂਜੀ ਤਰ੍ਹਾਂ ਦੀਆਂ ਮੁਸ਼ਕਿਲਾਂ ਜੋ ਚਿੰਤਾਜਨਕ ਵੀ ਹਨ, ਉਹ ਔਰਤ ਦੇ ਸਨਮਾਨ ਅਤੇ ਸ਼ਖਸੀਅਤ ਨਾਲ ਜ਼ਿਆਦਾ ਤਆਲੁਕ ਰਖਦੀਆਂ ਹਨ।  ਇਹਨਾਂ ਲਈ ਕਨੂੰਨ ਕੁਝ ਨਹੀਂ ਕਰ ਸਕਦਾ। ਇਹ ਤਾਂ ਸਾਰੇ ਸਮਾਜ ਦੀ ਸਾਂਝੀ ਜ਼ਿੱਮੇਦਾਰੀ ਬਣਦੀ ਹੈ ਜਿਸ ਵਿਚ ਪੁਰਖ ਹੀ ਨਹੀਂ ਖੁਦ ਨਾਰੀ ਵੀ ਸ਼ਾਮਿਲ ਹੈ।  ਮਾਂ ਦੇ ਰੂਪ ਵਿਚ, ਸੱਸ ਦੇ ਰੂਪ ਵਿਚ ਜਾਂ ਨਣਦ-ਭਾਬੀ ਦੇ ਰੂਪ ਵਿਚ ਇਕ ਔਰਤ ਵੀ ਦੂਸਰੀ ਔਰਤ ਲਈ ਬੜਾ ਅਹਿਮ ਰੋਲ ਨਿਭਾਂਉਦੀ ਹੈ।

ਅੱਜ ਦੇ ਔਰਤ ਵਰਗ ਵਿਚ ਵੱਡੀ ਗਿਣਤੀ ਪੜ੍ਹੀ ਲਿਖੀ ਔਰਤਾਂ ਦੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ੳੱਚੀ ਵਿਦਿਆ ਹਾਸਿਲ ਕੀਤੀ ਹੁੰਦੀ ਹੈ। ਇਕ ਪੜ੍ਹੀ ਲਿੱਖੀ ਬੁੱਧੀਜੀਵੀ ਔਰਤ  ਵਧੇਰੇਤਰ ਮਾਨਸਿਕ ਯਾਤਨਾ ਦੀ ਸ਼ਿਕਾਰ ਹੁੰਦੀ ਹੈ।  ਉਸ ਲਈ ਸ਼ਾਰੀਰਿਕ ਦੁੱਖ ਉੱਨਾ ਦੁੱਖਦਾਈ ਨਹੀਂ ਹੁੰਦਾ ਜਿੰਨਾ ਮਾਨਸਿਕ ਦੁੱਖ। ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੀ ਮੱਧਵਰਗੀ, ਖਾਸਕਰ ਉੱਚਮੱਧਵਰਗੀ ਔਰਤ ਜੋ ਨੋਕਰੀਪੇਸ਼ਾ ਵੀ ਹੈ, ਡੂੰਘੇ ਮਾਨਸਿਕ ਸੰਤਾਪ ਦਾ ਸ਼ਿਕਾਰ ਹੈ।  ਉਸਦੀ ਸੱਭ ਤੋਂ ਵੱਡੀ ਤ੍ਰਾਸਦੀ ਹੈ ਉਸਦਾ ਮਾਨਸਿਕ ਸੋਸ਼ਣ। ਔਰਤ ਨੂੰ ਕੁਦਰਤ ਨੇ ਵੀ ਪੁਰਖ ਦੀ ਤੁਲਨਾ ਵਿਚ ਜ਼ਿਆਦਾ ਕੋਮਲ ਤੇ ਸਹਿਨਸ਼ੀਲ ਬਣਾਇਆ ਹੈ ਤਾਂ ਜੋ ਉਹ ਪਾਰਿਵਾਰਿਕ ਸੰਬੰਧਾਂ ਵਿਚ ਇਕ ਸੰਤੁਲਨ ਕਾਇਮ ਰੱਖ ਸਕੇ। ਉਹ ਛੇਤੀਂ ਕਿਤੇ ਬਹਿਸ ਵਿਚ ਪੈਣਾ ਨਹੀਂ ਚਾਹੁੰਦੀ। ਪਹਿਲਾਂ ਤਾਂ ਉਹ ਹਰ ਤਰ੍ਹਾਂ ਨਾਲ ਸਮਝੌਤੇ ਦੀ ਕੋਸ਼ਿਸ਼ ਹੀ ਕਰਦੀ ਹੈ। ਲੇਕਿਨ ਕਈ ਵਾਰ ਉਸਦਾ ਪਤੀ ਜਾਂ ਸਹੁਰੇ ਘਰ ਵਾਲੇ ਉਸਦੀ ਸਹਿਨਸ਼ੀਲਤਾ ਦਾ ਗਲਤ ਫਾਇਦਾ ਵੀ ਚੁੱਕਦੇ ਹਨ। ਉਸ ਤੇ ਲੋੜੋਂ ਵੱਧ ਜ਼ਿੱਮੇਵਾਰੀਆਂ ਪਾ ਦਿੰਦੇ ਹਨ ਅਤੇ ਉਸਦਾ ਸ਼ਾਰੀਰਿਕ ਤੇ ਮਾਨਸਿਕ ਸੋਸ਼ਣ ਵੀ ਕਰਦੇ ਹਨ।

ਅਜਿਹੀ ਔਰਤ ਕੁਝ ਹਦ ਤਕ ਤੇ ਸ਼ਾਤੀ ਨਾਲ ਹਰ ਤਰ੍ਹਾਂ ਸਮਝੌਤੇ ਦੀ ਕੋਸ਼ਿਸ਼ ਕਰਦੀ ਹੈ। ਪਰ ਇਸ ਕਰਕੇ ਨਹੀਂ ਕਿ ਉਹ ਕਮਜ਼ੋਰ ਹੈ। ਬਲਕਿ ਇਸ ਕਰਕੇ ਕਿ ਉਸ ਵਿਚ ਖਿਮਾਭਾਵ ਤੇ ਸਹਿਨਸ਼ੀਲਤਾ ਹੁੰਦੀ ਹੈ। ਜਿੱਥੇ ਤੱਕ ਹੋ ਸਕੇ ਉਹ ਕਲਹਿ-ਕਲੇਸ਼ ਤੋਂ ਬਚਨਾ ਚਾਹੁੰਦੀ ਹੈ। ਲੇਕਿਨ ਅਕਸਰ ਪੁਰਖ ਇਸ ਚੁੱਪੀ ਨੂੰ ਉਸਦੀ ਕਮਜ਼ੋਰੀ ਸਮ੍ਹਝ ਕੇ ਉਸ ਤੇ ਹੋਰ ਵੀ ਜ਼ਿਆਦਾ ਅਤਿਆਚਾਰ ਕਰਦਾ ਹੈ। ਔਰਤ ਦਾ ਸੁਭਾਅ ਬੜਾ ਕਰੜਾ ਵੀ ਹੁੰਦਾ ਹੈ। ਉਸ ਵਿਚ ਜੇਕਰ ਸਹਿਨਸ਼ੀਲਤਾ ਬਹੁਤ ਹੁੰਦੀ ਹੈ ਤੇ ਲੋੜ ਪੈਣ ਤੇ ਬਦਲੇ ਦੀ ਭਾਵਨਾ ਵੀ ਉੱਨੀ ਹੀ ਤੀਬਰ ਹੁੰਦੀ ਹੈ। ਜੇ ਉਹ ਵਿਰੋਧ ਕਰਨ ਤੇ ਅੜ ਜਾਵੇ ਤਾਂ ਉਸਦੇ ਕ੍ਰੋਧ ਦੇ ਵੇਗ ਨੂੰ ਵੀ ਕੋਈ ਫਿਰ ਰੋਕ ਨਹੀਂ ਸਕਦਾ। ਪਰ ਸਭ ਤੋਂ ਵੱਧ ਦੁਖਦ ਹਾਲਤ ਹੁੰਦੀ ਹੈ ਇਕ ਮੱਧਵਰਗੀ ਨੌਕਰੀਪੇਸ਼ਾ ਔਰਤ ਦੀ।
ਇਕ ਨਿਮਨ-ਵਰਗੀ ਪਰਿਵਾਰ ਵਿਚ ਕਿਸੇ ਅਨਪੜ੍ਹ ਔਰਤ ਦੇ ਸਾਹਮਣੇ ਮਾਨ-ਮਰਿਆਦਾ ਜਾਂ ਸ਼ਿਸ਼ਟਾਚਾਰ ਨਾਂ ਦਾ ਕੋਈ ਮਸਲਾ ਨਹੀਂ ਹੁੰਦਾ। ਉਹ ਗਾਲ੍ਹਾਂ ਕੱਢ ਕੇ ਵੀ ਆਪਣਾ ਗੁੱਸਾ ਉਤਾਰ ਲੈਂਦੀ ਹੈ। ਜੇਕਰ ਪਤੀ ਮਾਰਦਾ ਹੈ ਤੇ ਉਹ ਬਰਾਬਰ ਹੱਥ ਚੁੱਕਣ ਵਿਚ ਵੀ ਗੁਰੇਜ਼ ਨਹੀਂ ਕਰਦੀ। ਉਹ ਦੀ ਮਾਰਕੁੱਟ ਦਾ ਜਵਾਬ ਮਾਰਕੁੱਟ ਨਾਲ ਹੀ ਦੇਵੇਗੀ। ਉਸ ਦੇ ਮਨ ਦਾ ਰੋਸ਼ ਇਸ ਤਰ੍ਹਾਂ ਨਾਲ ਦੀ ਨਾਲ ਹੀ ਉਤਰ ਜਾਂਦਾ ਹੈ, ਉਸਦੇ ਮਨ ਤੇ ਕੋਈ ਬੋਝ ਨਹੀਂ ਰਹਿੰਦਾ। ਇਸ ਦੇ ਉਲਟ ਇਕ ਅਮੀਰ ਵਰਗ ਦੀ ਔਰਤ ਨੌਕਰੀ ਤਾਂ ਘੱਟ ਹੀ ਕਰਦੀ ਹੈ। ਜੇਕਰ ਕਰੇ ਵੀ ਤਾਂ ਕਿਸੇ ੳੱਚੇ ਔਹਦੇ ਤੇ ਹੀ ਕਰਦੀ ਹੈ ਜਾਂ ਫਿਰ ਆਪਣਾ ਨਿਜੀ ਕਾਰੋਬਾਰ ਸੰਭਾਲਦੀ ਹੈ।  ਇਹ ਸਭ ਕੁਝ ਉਹ ਆਰਥਕ ਥੋੜ ਵਜੋਂ ਨਹੀਂ, ਬਲਕੀ ਸਮਾਂ ਬਿਤਾਉਣ ਲਈ ਜਾਂ ਆਪਣੇ ਆਪ ਨੂੰ ਵਿਅਸਤ ਰੱਖਣ ਲਈ ਕਰਦੀ ਹੈ ਤੇ ਨਾਲ ਹੀ ਆਪਣੀ ਦੌਲਤ ਹੋਰ ਵਧਾਉਣ ਲਈ ਕਰਦੀ ਹੈ। ਇਨ੍ਹਾਂ ਪਰਿਵਾਰਾਂ ਵਿਚ ਪਤੀ ਪਤਨੀ ਅਕਸਰ ਆਤਮਨਿਰਭਰ ਹੁੰਦੇ ਨੇ। ਜੇਕਰ ਉਨ੍ਹਾਂ ਦਰਮਿਆਨ ਕੋਈ ਮਨਮੁਟਾਵ ਆਉਂਦਾ ਵੀ ਹੈ ਤਾਂ ਉਹ ਛੇਤੀਂ ਹੀ ਖਤਮ ਵੀ ਹੋ ਜਾਂਦਾ ਹੈ ਜਾਂ ਉਸਨੂੰ ਨਜ਼ਰਅੰਦਾਜ਼ ਕਰਨਾ ਆਸਾਨ ਹੁੰਦਾ ਹੈ ਕਿਉਂਕੀ ਉਹਨਾਂ ਸਾਹਮਣੇ ਕੋਈ ਆਰਥਕ ਸੰਕਟ ਨਹੀਂ ਹੁੰਦਾ ਨਾ ਹੀ ਉਹ ਇਕ ਦੂਸਰੇ ਦੇ ਕੰਮਾਂ ਵਿਚ ਵਿਚ  ਦਖ਼ਲ-ਅੰਦਾਜ਼ੀ ਕਰਦੇ ਨੇ।  ਉਹ ਆਪਣਾ ਆਪਣਾ ਵੱਖਰਾ ਨਿਜੀ ਜੀਵਨ ਵੀ ਜਿਉਂਦੇ ਰਹਿਣ ਤਾਂ ਉਨ੍ਹਾਂ ਨੂੰ ਖ਼ਾਸ ਫ਼ਰਕ ਨਹੀਂ ਪੈਂਦਾ।

ਕਹਿਣ ਦਾ ਭਾਵ ਇਹ ਹੈ ਕਿ ਨਿਮਨਵਰਗੀ ਔਰਤ ਨੁੰ “ਬਦਨਾਮੀ ਹੋਵੇਗੀ” ਜਾਂ “ਲੋਕ ਕੀ ਕਹਿਣਗੇ” ਵਰਗੀਆਂ ਗੱਲਾਂ ਦੀ ਪਰਵਾਹ ਨਹੀਂ  ਹੁੰਦੀ। ਉੱਚਵਰਗੀ ਔਰਤ ਨੁੰ ਅਮੀਰੀ ਕਾਰਣ ਕਾਫ਼ੀ ਆਜ਼ਾਦੀ ਹੁੰਦੀ ਹੈ।  ਪਰ ਹਰ ਤਰ੍ਹਾਂ ਦੇ ਸ਼ਿਸ਼ਟਾਚਾਰ ਤੇ ਮਰਿਆਦਾ ਵਰਗੇ ਬੰਧਨਾਂ ਦਾ ਸ਼ਿਕਾਰ ਹੁੰਦੀ ਹੈ ਤਾਂ ਇਕ ਮੱਧਵਰਗੀ ਨੌਕਰੀਪੇਸ਼ਾ ਔਰਤ। ਉਸਨੂੰ ਹਰ ਕਦਮ ਬਹੁਤ ਸੋਚ ਸਮਝ ਕੇ ਚੁੱਕਣਾ ਹੁੰਦਾ ਹੈ। ਸਭ ਤਰ੍ਹਾਂ ਦੇ ਉਪਦੇਸ਼ ਉਸੇ ਨੂੰ ਹੀ ਦਿੱਤੇ ਜਾਂਦੇ ਹਨ। ਅਕਸਰ ਉਸਦੀ ਸਹੀ ਦਲੀਲ ਨੂੰ ਵੀ ਗਲਤ ਕਰਾਰ ਦਿੱਤਾ ਜਾਂਦਾ ਹੈ। ਕਈ ਵਾਰ ਪਤੀ ਦੇ ਨਾਲ ਨਾਲ ਸਹੁਰਾ ਪਰਿਵਾਰ ਵੀ ਉਸਨੂੰ ਮਾਨਸਿਕ ਤਸੀਹੇ ਦਿੰਦਾ ਹੈ।  ਅਜਿਹੇ ਹਾਲਾਤ ਵਿਚ ਉਸ ਕੋਲ ਦੋ ਹੀ ਰਸਤੇ ਹੁੰਦੇ ਹਨ। ਜਾਂ ਤੇ ਉਹ ਮਰਿਆਦਾ ਦਾ ਖ਼ਿਆਲ ਛੱਡ ਕੇ ਪੁਰਖ ਨੁੰ ਬਰਾਬਰ ਮੂੰਹਤੋੜ ਜਵਾਬ ਦੇਵੇ, ਗਾਲੀ ਗਲੌਚ ਤੇ ਮਾਰਕੁੱਟ ਵੀ ਕਰੇ ਜੋ ਇਕ ਸੰਵੇਦਨਸ਼ੀਲ ਪੜ੍ਹੀ ਲਿਖੀ ਔਰਤ ਕਰ ਨਹੀਂ ਸਕਦੀ ਨਾ ਹੀ ਕਰਨਾ ਚਾਹੁੰਦੀ ਹੈ। ਦੂਜਾ ਰਸਤਾ ਉਸ ਕੋਲ ਫਿਰ ਇਹੋ ਰਹਿ ਜਾਂਦਾ ਹੈ ਕਿ  ਉਹ ਬੇਇੱਜ਼ਤੀ ਸਹਿਕੇ, ਚੁਪਚਾਪ ਸਾਰਾ ਜ਼ੁਲਮ ਬਰਦਾਸ਼ਤ ਕਰਦੀ ਰਹੇ ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਹੌਲੀ ਹੌਲੀ ਮਾਨਸਿਕ ਜਾਂ ਦਿਮਾਗੀ ਰੋਗਾਂ ਦਾ ਸ਼ਿਕਾਰ ਹੋ ਜਾਂਦੀ ਹੈ। ਆਪਣੇ ਆਦਰਸ਼ਾਂ ਨੂੰ ਉਹ ਛੱਡ ਨਹੀਂ ਸਕਦੀ। ਉਸਦਾ ਸਵੈਭਿਮਾਨ ਤੇ ਮਾਨ ਮਰਿਆਦਾ ਦਾ ਖ਼ਿਆਲ ਉਸ ਨੁੰ ਜ਼ੁਲਮ ਦੇ ਖ਼ਿਲਾਫ਼ ਬੋਲਣ ਨਹੀਂ ਦਿੰਦਾ। ਉਹ ਸੰਤਾਪ ਸਹਿੰਦੀ ਤੇ ਅਨਾਦਰ ਬਰਦਾਸ਼ਤ ਕਰਦੀ ਅੰਦਰ ਹੀ ਅੰਦਰ ਘੁਟਦੀ ਕੈਂਸਰ ਜਿਹਾ ਜੀਵਨ ਬਤੀਤ ਕਰਦੀ ਰਹਿੰਦੀ ਹੈ। ਖ਼ੂਨ ਦੇ ਹੰਝੂ ਜੌ ਉਹ ਸਵੈਭਿਮਾਨ ਵਜੋਂ ਵਗਣ ਨਹੀਂ ਦਿੰਦੀ, ਉਸ ਦੇ ਅੰਦਰ ਹੀ ਸੁਲਗਦੇ ਰਹਿੰਦੇ ਹਨ ਤੇ ਨਾਸੂਰ ਬਣ ਜਾਂਦੇ ਹਨ। ਬਹੁਤ ਦਾਂ ਉਸਦੀ ਹਾਲਤ ਐਬਨਾਰਮਲ ਹੋ ਜਾਂਦੀ ਹੈ।

ਅਸਲ ਵਿਚ ਹਿਸਟੀਰਿਆ ਵਰਗੇ ਮਨੋਰੋਗ ਜੋ ਜ਼ਿਆਦਾਤਰ ਔਰਤਾਂ ਨੂੰ ਹੀ ਲਗਦੇ ਹਨ, ਹੋਰ ਕੁਝ ਨਹੀਂ, ਉਸ ਨੁੰ ਦਿੱਤੀ ਗਈ ਮਾਨਸਿਕ ਯਾਤਨਾ ਦਾ ਹੀ ਦੂਜਾ ਨਾਂ ਹੈ। ਇਹ ਮਨੋਰੋਗ ਉਸ ਦੀ ਅੰਦਰ ਹੀ ਅੰਦਰ ਦਬਾਈ ਗਈ ਪੀੜ ਦਾ ਹੀ ਨਤੀਜਾ ਹੁੰਦੇ ਹਨ। ਔਰਤ ਦੀ ਇਸ ਦੁਰਦਸ਼ਾ ਨੁੰ ਬਿਮਾਰੀ ਦਾ ਨਾਂ ਦੇ ਕੇ ਜ਼ੁਲਮ ਕਰਣ ਵਾਲਾ ਪੁਰਖ਼ ਖ਼ੁਦ ਇਸਤੋਂ ਸਾਫ਼ ਬਚ ਜਾਂਦਾ ਹੈ। ਸ਼ਾਇਦ ਔਰਤਾਂ ਦੇ ਇਹਨਾਂ ਮਾਨਸਿਕ ਜਾਂ ਦਿਮਾਗੀ ਰੋਗਾਂ ਦਾ ਇਲਾਜ ਬਿਨਾ ਦਵਾ ਹੀ ਹੋ ਸਕਦਾ ਹੈ ਜੇ ਉਸਨੂੰ ਪੁਰਖਾਂ ਦੇ ਇਹੋ ਜਿਹੇ ਜ਼ੁਲਮੀ ਮਨਸੂਬਿਆਂ ਤੋਂ ਦੂਰ ਹੀ ਕਰ ਦਿੱਤਾ ਜਾਵੇ, ਅਲੱਗ ਕਰ ਦਿੱਤਾ ਜਾਵੇ। ਸ਼ਾਡੇ ਸਮਾਜ ਦੀ ਇਕ ਬਹੁਤ ਬੜੀ ਵਿਡੰਬਨਾ ਹੈ ਕਿ ਔਰਤ ਨੂੰ ਪਾਗਲ ਤੇ ਕਰਾਰ ਦਿੱਤਾ ਜਾ ਸਕਦਾ ਹੈ, ਮੈਂਟਲ ਹਸਪਤਾਲਾਂ ਵਿਚ ਵੀ ਭਰਤੀ ਕਰਵਾਇਆ ਜਾ ਸਕਦਾ ਹੈ ਪਰ ਇਸ ਤਰਾਂ ਦੇ ਦੁਖ਼ਦਾਈ ਮਾਹੌਲ ਤੋਂ ਦੂਰ ਕਰਕੇ ਇਕ ਸੁਤੰਤਰ, ਸਿਰਜਣਾਤਮਕ ਜੀਵਨ ਜੀਉਣ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ ਜੋਕਿ ਇਸ ਤ੍ਰਾਸਦੀ ਦਾ ਸਹੀ ਤੇ ਆਸਾਨ ਹੱਲ ਹੈ।

ਸ਼ਾਇਦ ਸ਼ਰੀਰਕ ਰੋਗ ਤੋਂ ਵੀ ਜ਼ਿਆਦਾ ਦੁੱਖ਼ਦਾਈ ਤੇ ਖ਼ਤਰਨਾਕ ਹੁੰਦਾ ਹੈ ਮਾਨਸਿਕ ਸੰਤਾਪ ਜਿਸ ਕਰਕੇ ਔਰਤ ਆਪਣੀ ਉਮਰ ਵੀ ਤੇ ਸਿਹਤ ਵੀ ਦੋਵੇਂ ਗਵਾ ਲੈਂਦੀ ਹੈ।  ਬਹੁਤ ਘੱਟ ਔਰਤਾਂ ਇਸ ਜ਼ੁਲਮ ਖ਼ਿਲਾਫ਼ ਅਵਾਜ਼ ਚੁੱਕਦੀਆਂ ਨੇ। ਤਲਾਕ ਵਰਗੇ ਜਾਂ ਵੱਖ਼ ਰਹਿਣ ਵਰਗੇ ਫ਼ੈਸਲੇ ਲੈਣ ਦੀ ਉਨ੍ਹਾਂ ਵਿਚ ਹਿੰਮਤ ਨਹੀਂ ਹੁੰਦੀ।  ਕੁੱਝ ਹਿੰਮਤੀ ਔਰਤਾਂ ਇਸ ਤ੍ਰਾਸਦੀ ਤੋਂ ਬਚਣ ਖ਼ਾਤਿਰ ਆਪਣੇ ਆਪ ਨੁੰ ਕਿਸੇ ਸਕਾਰਾਤਮਕ ਤੇ ਸਿਰਜਣਾਤਮਕ (ਕਰੀਏਟਿਵ) ਰੁਚੀ ਵੱਲ ਮੋੜ ਲੈਂਦੀਆਂ ਹਨ ਤਾਕਿ ਉਹ ਆਪਣੇ ਆਪ ਨੂੰ ਮਾਨਸਿਕ ਪੱਖੋਂ ਬਰਬਾਦ ਹੋਣ ਤੋਂ ਜਾਂ ਦਿਮਾਗੀ ਹਾਦਸੇ ਤੋਂ ਬਚਾ ਸਕਣ, ਜੋ ਇਸ ਸਮੱਸਿਆ ਦਾ ਸ਼ਭ ਤੋਂ ਅਸਾਨ ਉਪਾਅ ਹੈ। ਪਰ ਇਹੋ ਜਿਹੀਆਂ ਔਰਤਾਂ ਬਹੁਤ ਘੱਟ ਹੀ ਹੁੰਦੀਆਂ ਹਨ।

ਵੇਖਿਆ ਜਾਵੇ ਤਾਂ ਇਕ ਨਾਰਮਲ ਜੀਵਨ ਇਨ੍ਹਾਂ ਤਿੰਨਾਂ ਵਰਗਾਂ ਦੀਆਂ ਔਰਤਾਂ ਵਿਚੋਂ ਕੌਣ ਜੀਉਂਦੀ ਹੈ ?  ਸ਼ਾਇਦ ਕੋਈ ਵੀ ਨਹੀਂ। ਵਿਚਾਰਣ ਵਾਲੀ ਗੱਲ ਇਹ ਹੈ ਕਿ ਔਰਤ ਦੀ ਉਹ ਸ਼ਕਤੀ ਜੋ ਪੁਰਖ਼ ਵਰਗ ਵਲੋਂ ਕੀਤੇ ਗਏ ਅੱਤਿਆਚਾਰ ਨੂੰ ਬਰਦਾਸ਼ਤ ਕਰਣ ਤੇ ਨਜਿੱਠਣ ਵਿਚ ਬਰਬਾਦ ਹੁੰਦੀ ਹੈ, ਕਿਸੇ ਹੋਰ ਸਿਰਜਨਾਤਮਕ ਕੰਮਾਂ ਵਾਸਤੇ ਵਰਤੀ ਜਾਵੇ ਤਾਂ ਉਸ ਨਾਲ ਸਮਾਜ ਤੇ ਦੇਸ਼ ਦਾ ਕਿੰਨਾਂ ਭਲਾ ਹੋ ਸਕਦਾ ਹੈ। ਹਾਂ, ਪਰ ਫ਼ਿਰ ਪੁਰਖ ਦੀ ਸੱਤਾਵਾਦੀ ਨੀਅਤ ਦਾ ਕੀ ਬਣੇਗਾ ! ਪੁਰਖ ਨੂੰ ਹਮੇਸ਼ਾ ਇਹ ਡਰ ਬਣਿਆ ਰਹਿੰਦਾ ਹੈ ਕਿ ਜੇ ਉਸਨੇ ਔਰਤ ਵਾਸਤੇ ਉਦਾਰਤਾ ਅਤੇ ਹਮਦਰਦੀ ਵਿਖਾਈ ਤਾਂ ਉਹ ਆਪਣੀ ਪਾਰੰਪਰਕ ਸੱਤਾ  ਗੁਆ ਨਾ ਲਵੇ ਕਿਉਂਕੀ ਉਸਨੇ ਆਪਣੇ ਪਰਿਵਾਰ ਵਿਚ ਆਪਣੇ ਪਿਤਾ ਤੇ ਪੁਰਖਿਆਂ ਨੂੰ ਵੀ ਔਰਤ ਜਾਤੀ ਤੇ ਹਕੂਮਤ ਕਰਦੇ ਹੀ ਵੇਖਿਆ ਸੁਣਿਆ ਹੁੰਦਾ ਹੈ।
ਪੁਰਖ਼ ਦੀ ਇਹ ਸੋਚ ਬਿਲਕੁਲ ਗਲਤ ਹੈ। ਕੁਦਰਤ ਨੇ ਔਰਤ ਤੇ ਪੁਰਖ਼ ਨੂੰ ਇੱਕ ਦੂਜੇ ਦਾ ਪੂਰਕ ਬਣਾਇਆ ਹੈ। ਇਕ ਤੋਂ ਬਿਨਾਂ ਦੂਜੇ ਦਾ ਅਸਤਿਤਵ ਸੰਭਵ ਨਹੀਂ। ਦੋਵਾਂ ਵਿਚਕਾਰ ਬਰਾਬਰ ਸਮਝ, ਸਹਿਯੋਗ ਤੇ ਸੁਹਿਰਦਤਾ ਦੀ ਲੋੜ ਹੈ। ਅੱਜਕਲ ਹਰ ਔਰਤ ਲਈ ਆਰਖਿਕ ਲੋੜਾਂ ਪੂਰੀਆਂ ਕਰਨ ਖ਼ਾਤਰ ਬਾਹਰ ਨਿਕਲ ਕੇ ਨੌਕਰੀ ਕਰਨਾ ਵੀ ਜ਼ਰੂਰੀ ਹੋ ਗਿਆ ਹੈ। ਉਸ ਨੂੰ ਦੋਹਰਾ ਰੋਲ ਨਿਭਾਉਣ ਹੈ ਕਿੳਂਕੀ ੳਸ ਤੇ ਘਰ ਦੇ ਕੰਮਕਾਜ ਦੀ ਵੀ ਸਾਰੀ ਜ਼ਿੱਮੇਵਾਰੀ ਹੁੰਦੀ ਹੈ।  ਲੇਕਿਨ ਉਹ ਆਪਣੀਆਂ ਸਾਰੀਆਂ ਜ਼ਿੱਮੇਵਾਰੀਆਂ ਤਾਂ ਹੀ ਬਾਖ਼ੂਬੀ ਨਿਭਾ ਸਕੇਗੀ ਜੇਕਰ ਉਸਨੂੰ ਮਾਨਸਿਕ ਸੰਤਾਪ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ। ਤਾਂਹੀ ਉਹ ਇੱਕ ਸੁਖ਼ੀ ਪਰਿਵਾਰ ਦਾ ਨਿਰਮਾਣ ਕਰ ਸਕੇਗੀ ਜਿਸ ਨਾਲ ਪਰਿਵਾਰ ਵੀ ਖ਼ੁਸ਼ ਹੋਵੇਗਾ ਤੇ ਸਮਾਜ ਅਤੇ ਦੇਸ਼ ਵੀ।
**************************

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>