ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨਜ਼ ਟਰਾਫੀ : ਮਹਾਂਵੀਰ ਰੀਅਲ ਅਸਟੇਟ ਓ.ਐਨ.ਜੀ.ਸੀ., ਸਿੰਧ ਬੈਂਕ ਤੇ ਨਾਮਧਾਰੀ ਇਲੈਵਨ ਦਾ ਜੇਤੂ ਸਿਲਸਿਲਾ ਜਾਰੀ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੀ ਪਹਿਲੀ ਮਹਾਂਵੀਰ ਰੀਅਲ ਅਸਟੇਟ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨਜ਼ ਟਰਾਫੀ ਦੇ ਦੂਜੇ ਦਿਨ  ਓ.ਐਨ.ਜੀ.ਸੀ., ਪੰਜਾਬ ਐਂਡ ਸਿੰਧ ਬੈਂਕ ਤੇ ਨਾਮਧਾਰੀ ਇਲੈਵਨ²  ਨੇ ਜਿੱਤਾਂ ਦਰਜ ਕੀਤੀਆਂ। ਇਨ੍ਹਾਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਆਪਣੀਆਂ ਲਗਾਤਾਰ ਦੂਜੀਆਂ ਜਿੱਤਾਂ ਦਰਜ ਕੀਤੀਆਂ ਜਿਸ ਨਾਲ ਇਨ੍ਹਾਂ ਟੀਮਾਂ ਨੇ ਸੈਮੀਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ। ਅੱਜ ਦੇ ਮੁਕਾਬਲਿਆਂ ਦੌਰਾਨ ਸਵੇਰ ਦੇ ਸੈਸ਼ਨ ਦੌਰਾਨ ਲੁਧਿਆਣਾ ਦੇ ਡੀ.ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦੋਂ ਕਿ ਸ਼ਾਮ ਦੇ ਸੈਸ਼ਨ ਦੌਰਾਨ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਪੁੱਜੇ। ਸ਼ਾਮ ਦੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ.ਕਿਰਪਾਲ ਸਿੰਘ ਔਲਖ, ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਗੁਰਸ਼ਰਨ ਸਿੰਘ ਸੰਧੂ ਤੇ  ਲੁਧਿਆਣਾ ਦੇ ਡੀ.ਸੀ.ਪੀ.ਯੁਰਿੰਦਰ ਸਿੰਘ ਨੇ ਪ੍ਰਧਾਨਗੀ ਕੀਤੀ।

ਪਹਿਲੀ ਮਹਾਂਵੀਰ ਰੀਅਲ ਅਸਟੇਟ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨਜ਼ ਟਰਾਫੀ ਦੇ ਦੂਜੇ ਦਿਨ ਅੱਜ ਖੇਡੇ ਗਏ ਪਹਿਲੇ ਮੈਚ ਵਿੱਚ ਓ.ਐਨ.ਜੀ.ਸੀ. ਨੇ ਭਾਰਤੀ ਹਵਾਈ ਸੈਨਾ ਨੂੰ 5-2 ਨਾਲ ਹਰਾਇਆ। ਇਸ ਜਿੱਤ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਓ.ਐਨ.ਜੀ.ਸੀ.ਦੇ ਦਿਵਾਕਰ ਰਾਮ ਹੈਟ੍ਰਿਕ ਜੜਦਿਆਂ ਤਿੰਨ ਗੋਲ ਜਦੋਂ ਕਿ ਗੁਰਵਿੰਦਰ ਸਿੰਘ ਚੰਦੀ ਤੇ ਜੇਅੰਤਾ ਨੇ ਇਕ-ਇਕ ਗੋਲ ਕੀਤਾ। ਭਾਰਤੀ ਹਵਾਈ ਸੈਨਾ ਵੱਲੋਂ ਪ੍ਰਭਾਕਰ ਤੇ ਲਭਪ੍ਰੀਤ ਸਿੰਘ ਨੇ ਇਕ-ਇਕ ਗੋਲ ਕੀਤਾ। ਜੇਤੂ ਟੀਮ ਦੇ ਦਿਵਾਕਰ ਰਾਮ ਨੂੰ ‘ਮੈਨ ਆਫ ਦਿ ਮੈਚ’ ਦਾ ਪੁਰਸਕਾਰ ਮਿਲਿਆ। ਦਿਨ ਦੇ ਦੂਜੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ ਨੂੰ 4-2 ਨਾਲ ਹਰਾ ਕੇ ਇਸ ਟੂਰਨਾਮੈਂਟ ਦੀ ਲਗਾਤਾਰ ਦੂਜੀ ਜਿੱਤ ਪ੍ਰਾਪਤ ਕੀਤੀ। ਨੈਸ਼ਨਲ ਬੈਂਕ ਦੀ ਇਹ ਪਹਿਲੀ ਹਾਰ ਸੀ। ਸਿੰਧ ਬੈਂਕ ਵੱਲੋਂ ਪਰਮਿੰਦਰ ਸਿੰਘ ਨੇ ਦੋ, ਹਰਵੀਰ ਤੇ ਪ੍ਰਭਦੀਪ ਸਿੰਘ ਨੇ ਇਕ-ਇਕ ਗੋਲ ਕੀਤਾ। ਪੰਜਾਬ ਨੈਸ਼ਨਲ ਬੈਂਕ ਵੱਲੋਂ ਨਵਦੀਪ ਸਿੰਘ ਤੇ ਜਲਵਿੰਦਰ ਸਿੰਘ ਨੇ ਇਕ-ਇਕ ਗੋਲ ਕੀਤਾ। ਸਿੰਧ ਬੈਂਕ ਦੇ ਪਰਮਿੰਦਰ ਸਿੰਘ ਨੂੰ ‘ਮੈਨ ਆਫ ਦਿ ਮੈਚ’ ਦਾ ਇਨਾਮ ਮਿਲਿਆ।

ਦਿਨ ਦੇ ਤੀਜੇ ਮੈਚ ਵਿੱਚ ਨਾਮਧਾਰੀ ਇਲੈਵਨ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਇਕਪਾਸੜ ਜਿੱਤ ਹਾਸਲ ਕਰਦਿਆਂ ਦਿੱਲੀ ਇਲੈਵਨ ਨੂੰ 6-0 ਨਾਲ ਹਰਾਇਆ। ਨਾਮਧਾਰੀ ਟੀਮ ਵੱਲੋਂ ਹਰਪ੍ਰੀਤ ਸਿੰਘ ਤੇ ਕਰਮਜੀਤ ਸਿੰਘ ਨੇ ਦੋ-ਦੋ ਅਤੇ ਰਮਨਜੀਤ ਸਿੰਘ ਤੇ ਬਲਵਿੰਦਰ ਸਿੰਘ ਨੇ ਇਕ-ਇਕ ਗੋਲ ਕੀਤਾ। ਜੇਤੂ ਟੀਮ ਦੇ ਕਰਮਜੀਤ ਸਿੰਘ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਦਿਨ ਦਾ ਆਖਰੀ ਤੇ ਚੌਥਾ ਮੈਚ ਯੰਗ ਸਟਾਰ ਕਲੱਬ ਚੰਡੀਗੜ੍ਹ ਤੇ ਸਿਗਨਲਜ਼ ਕੋਰ ਵਿਚਾਲੇ ਖੇਡਿਆ ਗਿਆ। ਦੋਵਾਂ ਟੀਮਾਂ ਕੱਲ੍ਹ ਆਪੋ-ਆਪਣਾ ਪਹਿਲਾ ਮੈਚ ਹਾਰ ਗਈਆਂ ਸਨ ਅਤੇ ਅੱਜ ਯੰਗ ਸਟਾਰ ਕਲੱਬ ਨੇ 2-0 ਨਾਲ ਇਸ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪੈਟਰਨ ਤੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ.ਗੁਰਭਜਨ ਸਿੰਘ ਗਿੱਲ, ਪ੍ਰਧਾਨ ਪ੍ਰਿਥੀਪਾਲ ਸਿੰਘ, ਹਰਵਿੰਦਰ ਸਿੰਘ ਗੋਲਡੀ,ਭੁਪਿੰਦਰ ਸਿੰਘ ਡਿੰਪਲ, ਡਾ.ਕੁਲਵੰਤ ਸਿੰਘ ਸੋਹਲ,   ਅਜੈਪਾਲ ਸਿੰਘ ਪੂਨੀਆ,   ਕਮਲਜੀਤ ਸਿੰਘ ਲਾਦੀਆ, ਤਰਲੋਚਨ ਸਿੰਘ ਗਿੱਲ, ਪਵਿੱਤਰ ਸਿੰਘ ਗਰੇਵਾਲ, ਡਾ. ਬਲਦੇਵ ਸਿੰਘ ਔਲਖ,  ਜਗਵੀਰ ਸਿੰਘ ਗਰੇਵਾਲ, ਸੁਰਜੀਤ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ, ਕੁਲਵਿੰਦਰ ਰਾਜਨ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>