ਮਰਦਾਂ ਵਿੱਚ ਸਿੰਧ ਬੈਂਕ ਤੇ ਲੜਕੀਆਂ ਵਿੱਚ ਰੇਲ ਕੋਚ ਫੈਕਟਰੀ ਨੇ ਜਿੱਤੇ ਖਿਤਾਬ

ਲੁਧਿਆਣਾ – ਸਪਰੋਟਸ ਕੌਂਸਲ ਆਫ ਲੁਧਿਆਣਾ ਵੱਲੋਂ ਪੀ.ਏ.ਯੂ. ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨਜ਼ ਟਰਾਫੀ ਦੇ ਪੁਰਸ਼ ਵਰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਅਤੇ ਮਹਿਲਾ ਵਰਗ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਖਿਤਾਬ ਜਿੱਤੇ। ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨਜ਼ ਟਰਾਫੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ। ਸਿੰਧ ਬੈਂਕ ਨੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਨੈਸ਼ਨਲ ਬੈਂਕ ਨੂੰ ਫਸਵੇਂ ਮੁਕਾਬਲੇ ਵਿੱਚ 2-1 ਨਾਲ ਹਰਾ ਕੇ ਦੋ ਲੱਖ ਇਨਾਮੀ ਰਾਸ਼ੀ ਦਾ ਪਹਿਲਾ ਅਤੇ ਉਪ ਜੇਤੂ ਟੀਮ ਨੇ ਇਕ ਲੱਖ ਦੀ ਇਨਾਮ ਰਾਸ਼ੀ ਜਿੱਤੀ। ਮਹਿਲਾ ਵਰਗ ਦੇ ਫਾਈਨਲ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸੋਨੀਪਤ (ਹਰਿਆਣਾ) ਇਲੈਵਨ ਨੂੰ 3-0 ਨਾਲ ਹਰਾ ਕੇ 75 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਜਦੋਂ ਕਿ ਉਪ ਜੇਤੂ ਟੀਮ ਨੂੰ 50 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਜੇਤੂ ਟੀਮਾਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ ਰਾਜ ਸਭਾ ਮੈਂਬਰ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਉੱਘੇ ਲੋਕ ਗਾਇਕ ਸਤਿੰਦਰ ਸਰਤਾਜ ਨੇ ਇਨਾਮ ਵੰਡੇ। ਇਸ ਤੋਂ ਪਹਿਲਾਂ ਸਵੇਰ ਦੇ ਸ਼ੈਸਨ ਵਿੱਚ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਰਾਜਪਾਲ ਸਿੰਘ (ਕਪਤਾਨ), ਗੁਰਬਾਜ਼ ਸਿੰਘ, ਰਵੀਪਾਲ ਸਿੰਘ, ਸਰਨਵਜੀਤ ਸਿੰਘ ਤੇ ਧਰਮਵੀਰ ਸਿੰਘ ਨੂੰ 15-15 ਗ੍ਰਾਮ ਸ਼ੁੱਧ ਸੋਨੇ ਦੇ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਟੂਰਨਾਮੈਂਟ ਦੀ ਸਹਿ ਸਪਾਂਸਰ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਕੀਤੇ ਇਸ ਸਨਮਾਨ ਸਮਾਗਮ ਵਿੱਚ ਖੇਡ ਵਿਭਾਗ ਦੇ ਡਾਇਰੈਕਟਰ ਪਰਗਟ ਸਿੰਘ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਨੇ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ।

ਪੰਜਾਬ ਐਂਡ ਸਿੰਧ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਵਿਚਾਲੇ ਖੇਡਿਆ ਪੁਰਸ਼ ਵਰਗ ਦਾ ਫਾਈਨਲ ਮੁਕਾਬਲਾ ਬਹੁਤ ਸੰਘਰਸ਼ਪੂਰਨ ਰਿਹਾ। ਸਿੰਧ ਬੈਂਕ ਦੇ ਕਪਤਾਨ ਪਰਮਿੰਦਰ ਸਿੰਘ ਨੇ 14ਵੇਂ ਮਿੰਟ ਵਿੱਚ ਫੀਲਡ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ। ਇਸ ਤੋਂ ਬਾਅਦ ਨੈਸ਼ਨਲ ਬੈਂਕ ਦੇ ਯੁੱਧਵੀਰ ਸਿੰਘ ਨੇ 26ਵੇਂ ਮਿੰਟ ਵਿੱਚ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਦੂਜੇ ਅੱਧ ਦੇ ਅਖੀਰ ਤੱਕ ਦੋਵੇਂ ਟੀਮਾਂ ਲਈ ਜਿੱਤ ਲਈ ਜੂਝਦੀਆਂ ਰਹੀਆਂ। ਆਖਰੀ ਪਲਾਂ ਵਿੱਚ ਸਿੰਧ ਬੈਂਕ ਦੇ ਪਰਮਿੰਦਰ ਸਿੰਘ ਨੇ 67ਵੇਂ ਮਿੰਟ ਵਿੱਚ ਆਪਣਾ ਤੇ ਟੀਮ ਦਾ ਦੂਜਾ ਗੋਲ ਕਰ ਕੇ ਜਿੱਤ ਪੱਕੀ ਕੀਤੀ। ਸਿੰਧ ਬੈਂਕ ਨੇ 2-1 ਨਾਲ ਫਾਈਨਲ ਜਿੱਤ ਕੇ ਪਹਿਲੀ ਸ਼ਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨਜ਼ ਟਰਾਫੀ ਦਾ ਖਿਤਾਬ ਆਪਣੀ ਝੋਲੀ ਪਾਇਆ। ਪਰਮਿੰਦਰ ਸਿੰਘ ਨੂੰ ‘ਪਲੇਅਰ ਆਫ ਦਿ ਮੈਚ’ ਦਾ ਇਨਾਮ ਮਿਲਿਆ।

ਮਹਿਲਾ ਵਰਗ ਦੇ ਫਾਈਨਲ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸ਼ੁਰੂਆਤ ਵਿੱਚ ਹੀ ਸੋਨੀਪਤ ਇਲੈਵਨ ’ਤੇ ਦਬਦਬਾ ਬਣਾ ਲਿਆ। ਕਪੂਰਥਲਾ ਟੀਮ ਦੀ ਲਲਰੇਮਵਤੀ ਨੇ ਚੌਥੇ ਮਿੰਟ ਵਿੱਚ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ। ਸੱਤਵੇਂ ਮਿੰਟ ਵਿੱਚ ਹੀ ਰੇਲ ਕੋਚ ਫੈਕਟਰੀ ਨੂੰ ਮਿਲੇ ਪੈਨਲਟੀ ਕਾਰਨਰ ਉਪਰ ਅਨੁਰਾਧਾ ਦੇਵੀ ਨੇ ਗੋਲ ਕਰ ਕੇ ਲੀਡ 2-0 ਕਰ ਦਿੱਤੀ। ਦੂਜੇ ਅੱਧ ਵਿੱਚ ਰੇਲ ਕੋਚ ਫੈਕਟਰੀ ਦੀ ਦੀਪਿਕਾ ਠਾਕੁਰ ਨੇ 45ਵੇਂ ਮਿੰਟ ਵਿੱਚ 3-0 ਦੀ ਲੀਡ ਕਰ ਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਇਸ ਤਰ੍ਹਾਂ ਰੇਲ ਕੋਚ ਫੈਕਟਰੀ ਨੇ ਮਹਿਲਾ ਵਰਗ ਦਾ ਖਿਤਾਬ ਜਿੱਤਿਆ। ਸੋਨੀਪਤ ਦੀ ਮੋਨਿਕਾ ਨੂੰ ‘ਪਲੇਅਰ ਆਫ ਦਿ ਮੈਚ’ ਦਾ ਇਨਾਮ ਮਿਲਿਆ।

ਇਨਾਮ ਵੰਡ ਸਮਾਗਮ ਤੋਂ ਪਹਿਲਾਂ ਲੋਕ ਗਾਇਕ ਸਤਿੰਦਰ ਸਰਤਾਜ ਨੇ ਹਾਕੀ ਮੈਦਾਨ ਵਿੱਚ ਜਾ ਕੇ ਜਿੱਥੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਉਥੇ ਆਪਣਾ ਮਕਬੂਲ ਗੀਤ ‘ਸਾਈ’ ਗਾ ਕੇ ਮੇਲਾ ਲੁੱਟਿਆ। ਦਰਸ਼ਕਾਂ ਦੀ ਮੰਗ ’ਤੇ ਸਰਤਾਜ ਨੇ ‘ਚੀਰੇ ਵਾਲਿਆਂ’ ਗੀਤ ਵੀ ਗਾਇਆ। ਸਵੇਰ ਦੇ ਸ਼ੈਸਨ ਵਿੱਚ ਲੋਕ ਗਾਇਕ ਕਮਲ ਹੀਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮ ਖੇਡ ਹਾਕੀ ਲਈ ਕੀਤੇ ਜਾ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕੌਂਸਲ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਪਣੇ ਵੱਲੋਂ ਹਰ ਸੰਭਵ ਮੱਦਦ ਦਾ ਪ੍ਰਸੰਸਾ ਦਿੱਤੀ। ਸ੍ਰੀ ਢੀਂਡਸਾ ਨੇ ਆਪਣੇ ਵੱਲੋਂ ਕੌਂਸਲ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਵੀ ਕੀਤਾ। ਮੈਚ ਦਾ ਲਾਈਵ ਪ੍ਰਸਾਰਨ ਐਮ ਐਚ ਵੰਨ ਅਤੇ ਫਾਸਟ ਵੇਅ ਚੈਨਲ ਤੇ ਨਾਲੋਂ ਨਾਲ ਕੀਤਾ ਗਿਆ। ਕੁਮੈਂਟੇਟਰ ਵਜੋਂ ਪ੍ਰੋ: ਸੁਰਿੰਦਰ ਸਿੰਘ ਕਾਹਲੋਂ ਬਟਾਲਾ, ਸ: ਹਰਵਿੰਦਰ ਸਿੰਘ ਵਾਲੀਆ, ਸ: ਦਲਜੀਤ ਸਿੰਘ ਗਰੇਵਾਲ ਅਤੇ ਕੁਝ ਉ¦ਪੀਅਨ ਖਿਡਾਰੀਆਂ ਨੇ ਵੀ ਜਿੰਮੇਂਵਾਰੀ ਨਿਭਾਈ। ਭਾਈ ਦਾਨ ਸਿੰਘ ਪਬਲਿਕ ਸਕੂਲ ਮਾਣੂੰਕੇ (ਲੁਧਿਆਣਾ) ਦੇ ਵਿਦਿਆਰਥੀਆਂ ਨੇ ‘‘ਚੱਕ ਦੇ ਇੰਡੀਆ’’ ਗੀਤ ਤੇ ਨ੍ਰਿਤ ਨਾਟ ਪੇਸ਼ ਕਰਕੇ ਚੰਗਾ ਰੰਗ ਬੰਨਿਆ।
ਇਸ ਮੌਕੇ ਕੌਂਸਲ ਦੇ ਪੈਟਰਨ ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ, ਉ¦ਪੀਅਨ ਹਰਦੀਪ ਸਿੰਘ ਗਰੇਵਾਲ, ਬਲਬੀਰ ਸਿੰਘ ਰੇਲਵੇ, ਦੀਦਾਰ ਸਿੰਘ ਨਾਮਧਾਰੀ, ਪ੍ਰਧਾਨ ਪ੍ਰਿਥੀਪਾਲ ਸਿੰਘ ਬਟਾਲਾ, ਪ੍ਰਬੰਧਕੀ ਸਕੱਤਰ ਡਾ.ਕੁਲਵੰਤ ਸਿੰਘ ਸੋਹਲ, ਪੰਜਾਬ ਕਲਚਰਲ ਸੁਸਾਇਟੀ ਦੇ ਡਾਇਰੈਕਟਰ ਰਵਿੰਦਰ ਸਿੰਘ ਰੰਗੂਵਾਲ, ਮਹਾਂਵੀਰ ਰੀਅਲ ਅਸਟੇਟ ਦੇ ਚੇਅਰਮੈਨ ਸ: ਜਸਵੰਤ ਸਿੰਘ ਸਿੱਧੂ, ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ, ਪ੍ਰੋ: ਰਵਿੰਦਰ ਭੱਠਲ, ਤਰਲੋਚਨ ਲੋਚੀ, ਸੁਖਵਿੰਦਰ ਸਿੰਘ ਰੇਲਵੇ, ਰਜਨੀਸ਼ ਠਾਕੁਰ, ਭੁਪਿੰਦਰ ਸਿੰਘ ਡਿੰਪਲ, ਹਰਵਿੰਦਰ ਸਿੰਘ ਗੋਲਡੀ, ਮਨਜੀਤ ਸਿੰਘ ਜਵੱਦੀ, ਟੋਰਾਂਟੋ ਤੋ ਆਏ ਉੱਘੇ ਮੀਡੀਆ ਕਰਮੀ ਇਕਬਾਲ ਮਾਹਲ, ਸ: ਜਸਵੰਤ ਸਿੰਘ ਗੱਜਣ ਮਾਜਰਾ, ਮਨਿੰਦਰ ਸਿੰਘ ਰਿੰਕੂ ਨੱਤ ਸਰਪੰਚ ਕਾਕੋਵਾਲ, ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਸ: ਸੁਖਵਿੰਦਰ ਪਾਲ ਸਿੰਘ ਗਰਚਾ, ਸੰਤੋਖ ਸਿੰਘ ਸੁਖਾਣਾ ਪ੍ਰਧਾਨ ਪੰਜਾਬ ਨਾਟ ਅਕੈਡਮੀ,  ਚੇਅਰਮੈਨ ਤਾਰਾ ਫੀਡ, ਪਵਿੱਤਰ ਸਿੰਘ ਗਰੇਵਾਲ, ਪ੍ਰਿੰਸੀਪਲ ਗੁਰਮੁੱਖ ਸਿੰਘ ਮਾਣੂੰਕੇ, ਪ੍ਰਭਜੋਤ ਸਿੰਘ ਸੁਧਾਰ, ਗੁਰਪ੍ਰੀਤ ਸਿੰਘ, ਓਲੰਪੀਅਨ ਬਲਬੀਰ ਸਿੰਘ ਰੇਲਵੇ, ਓਲੰਪੀਅਨ ਗੁਣਦੀਪ ਕੁਮਾਰ, ਗੁਰਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਤਰਲੋਚਨ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਬਿੱਕਰ ਸਿੰਘ ਨੱਤ, ਚੇਅਰਮੈਨ ਇੰਦਰ ਮੋਹਨ ਸਿੰਘ ਕਾਦੀਆਂ, ਪਰਮਿੰਦਰ ਸਿੰਘ ਜੱਟਪੁਰੀ, ਹਰਿੰਦਰ ਸਿੰਘ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>