ਅਕਾਲੀ-ਭਾਜਪਾ ਗੱਠਜੋੜ, ਕੀ ਖੋਇਆ ਕੀ ਪਾਇਆ?

ਪੰਜਾਬ ਵਿਚ ਇਸ ਸਮੇਂ ਪਿਛਲੇ ਚਾਰ ਸਾਲਾਂ ਤੋਂ  ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਦੀ ਸਾਂਝੀ ਸਰਕਾਰ ਹੈ। ਦੋਨਾਂ ਪਾਰਟੀਆਂ ਦਾ ਇਹ ਸਿਆਸੀ ਗਠਜੋੜ 1996 ਤੋਂ ਹੈ ਅਤੇ  1997 ਤੋ 2002 ਤਕ ਵੀ ਦੋਨਾਂ ਦੀ ਸਾਂਝੀ ਸਰਕਾਰ ਕੰਮ ਕਰਦੀ ਰਹੀ ਹੈ। ਵਿਚਾਰਧਾਰਾ ਦੇ ਤੌਰ ‘ਤੇ ਦੋਨਾਂ ਦੇ ਮੂੰਹ ਵੱਖ ਵੱਖ ਪਾਸਿਆਂ ਨੂੰ ਹਨ , ਪਰ ਸਿਆਸੀ ਮਜਬੂਰੀ ਕਾਰਨ ਇਕ ਦੂਜੇ ਨਾਲ ਗਲਵੱਕੜੀ ਪਾਈ ਹੋਈ ਹੈ। ਅਕਾਲੀ ਦਲ ਇਕ ਖੇਤਰੀ ਪਾਰਟੀ ਹੈ ਤੇ ਮੁਖ ਤੌਰ ‘ਤੇ ਸਿੱਖਾਂ ਦੀ ਨੁਮਾਇੰਦਾ ਪਾਰਟੀ  ਸਮਝੀ ਜਾਂਦੀ ਹੈ ਜਿਸ ਦਾ ਆਧਾਰ ਪੇਂਡੂ ਖੇਤਰਾਂ ਵਿਚ ਵਿਸ਼ੇਸ਼ ਕਰ ਕੇ ਕਿਸਾਨਾਂ ਵਿਚ ਹੈ। ਭਾਜਪਾ ਹਿੰਦੂਆਂ ਦੀ ਪ੍ਰਤੀਂਿਧਤਾ ਕਰਨ ਵਾਲੀ ਪਾਰਟੀ ਵਜੋਂ ਜਾਣੀ ਜਾਂਦੀ ਹੈ ਜਿਸ ਦਾ ਆਧਾਰ ਸ਼ਹਿਰੀ ਖੇਤਰਾਂ ਵਿਸ਼ੇਸ਼ ਕਰ ਕੇ ਵਪਾਰੀਆਂ ਵਿਚ ਹੈ। ਅਕਾਲੀ ਦਲ ਆਪਣੇ ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਅਧਿਕਾਰਾਂ ਦਾ ਵਿਕੇਂਦਰੀ ਕਰਨ ਅਤੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਗਲ ਕਰਦਾ ਰਿਹਾ ਹੈ, ਭਾਜਪਾ ਵਿਕੇਂਦਰੀਕਰਨ ਦਾ ਵਿਰੋਧੀ ਅਤੇ ਮਜ਼ਬੂਤ ਕੇਂਦਰ ਦਾ ਹਾਮੀ ਹੈ।

ਭਾਰਤੀ ਜੰਤਾ ਪਾਰਟੀ ਇਕ ਕੌਮੀ ਪਾਰਟੀ ਹੈ ਅਤੇ ਸੰਘ ਪਰਿਵਾਰ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ। ਪਹਿਲਾਂ ਇਸ ਪਾਰਟੀ ਦਾ ਨਾਂਅ ਜਨ ਸੰਘ ਹੁੰਦਾ ਸੀ। ਮਾਰਚ 1977 ਵਿਚ ਐਮਰਜੈਂਸੀ ਚੁਕੇ ਜਾਣ ਤੋਂ ਬਾਅਦ ਇਹ ਜੰਤਾ ਪਾਰਟੀ ਵਿਚ ਸ਼ਾਮਿਲ ਹੋ ਗਈ ਸੀ, ਪਰ ਆਰ.ਐਸ. ਐਸ. ਨਾਲ ਸਬੰਧ ਰਖਣ ਕਾਰਨ ਪਾਰਟੀ ਦੇ ਪ੍ਰਮੁਖ ਨੇਤਾਵਾਂ ਨਾਲ ਮਤਭੇਦ ਪੈਦਾ ਹੋਏ ਤੇ ਵੱਖ ਹੋ ਕੇ ਭਾਰਤੀ ਜੰਤਾ ਪਾਰਟੀ ਦੀ ਸਥਾਪਨਾ ਕਰ ਲਈ।ਇਹ ਪਾਰਟੀ ਹਿੰਦੂਤਵ ਲਾਗੂ ਕਰਨ ਅਤੇ ਅਖੰਡ ਭਾਰਤ ਦੀ ਹਾਮੀ ਹੈ। ਕੇਂਦਰ ਵਿਚ ਲਗਭਗ 22 ਪਾਰਟੀਆਂ ਦੇ ਸਹਿਯੋਗ ਨਾਲ 1998 ਤੋਂ 2004 ਤਕ ਕੇਂਦਰ ਵਿਚ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਸਰਕਾਰ ਬਣਾਕੇ ਰਾਜ ਕੀਤਾ ਹੈ। ਇਸ ਸਮੇਂ ਵੀ ਭਾਜਪਾ ਨੇ ਕਈ ਸੂਬਿਆ ਵਿਚ ਨਿਰੋਲ ਆਪਣੀ ਜਾਂ ਕਿਸੇ ਹੋਰ ਪਾਰਟੀ ਨਾਲ ਮਿਲ ਕੇ ਸਰਕਾਰਾਂ ਵੀ ਬਣਾਈਆਂ ਹੋਈਆਂ ਹਨ।

ਪਿਛੋਕੜ ਵਲ ਜ਼ਰਾ ਝਾਤ ਮਾਰੀਏ ਤਾਂ ਪਤਾ ਲਗਦਾ ਹ ਕਿ ਦੋਨਾਂ ਪਾਰਟੀਆਂ ਦਾ ਆਪਸ ਵਿਚ “ਲੱਵ-ਹੇਟ” (ਪਿਆਰ-ਨਫਰਤ) ਵਾਲਾ ਰਿਸ਼ਤਾ ਰਿਹਾ ਹੈ। ਹਿੰਦੁਸਤਾਨ ਆਜ਼ਾਦ ਹੋਣ ਪਿਛੋਂ ਭਾਸ਼ਾ ਦੇ ਆਧਾਰ ‘ਤੇ ਸਾਰੇ ਦੇਸ਼ ਵਿਚ ਸੂਬੇ ਬਣਾਏ ਗਏ, ਪਰ ਪੰਜਾਬੀ ਸੂਬੇ ਦੀ ਮੰਗ ਠੁਕਰਾ ਦਿਤੀ ਗਈ। ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਸਥਾਪਤੀ ਲਈ ਬੜਾਂ ਲੰਬਾ ਸੰਘਰਸ ਕੀਤਾ। ਜਨ ਸੰਘ (ਭਾਜਪਾ ਦਾ ਪਹਿਲਾ ਰੂਪ) ਇਸ ਦੇ ਉਲਟ ਮਹਾਂ-ਪੰਜਾਬ ਦੀ ਮੰਗ ਕਰਦਾ ਰਿਹਾ। ਸਾਲ 1951 ਤੇ 1961 ਦੀ ਮਰਦਮ ਸ਼ੁਮਾਰੀ ਵੇਲੇ ਜਨ ਸੰਘ (ਅਤੇ ਆਰੀਆ ਸਮਾਜ) ਨੇ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਲਈ ਸੱਦਾ ਦਿਤਾ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਦਾ ਪੰਜਾਬ-ਮਾਰੂ ਨਤੀਜਾ ਇਹ ਹੋਇਆ ਕਿ ਬੜੇ ਲੰਬੇ ਸੰਘੱਰਸ ਪਿਛੋਂ ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ ਮੰਗ ਪਰਵਾਨ ਹੋਈ ਤਾਂ ਇਸ ਦੀ ਰਾਜਧਾਨੀ ਚੰਡੀਗੜ੍ਹ ਤੇ ਅਨੇਕ ਪੰਜਾਬੀ ਭਾਸ਼ਾਈ ਇਲਾਕੇ ਇਸ ਤੋਂ ਬਾਹਰ ਰਖੇ ਗਏ, ਕਿਉਂ ਜੋ ਕੇਂਦਰ ਵਲੋਂ ਹੱਦਬੰਦੀ ਲਈ ਗਠਿਤ ‘ਸ਼ਾਹ ਕਮਿਸ਼ਨ’ ਨੂੰ 1961 ਦੀ ਮਰਦਮ ਸ਼ੁਮਾਰੀ ਦੇ ਆਧਾਰ ‘ਤੇ ਆਪਣੀ ਸਿਫਾਰਿਸ਼ ਕਰਨ ਲਈ ਕਿਹਾ ਗਿਆ ਸੀ।

ਅਕਾਲ਼ੀ ਦਲ ਨੇ ਇਸ ਸੂਬੇ ਨੂੰ ਮੁਕੰਮਲ ਕਰਵਾਊਣ ਤੇ ਇਸ ਨਾਲ ਹੋਏ ਧੱਕੇ ਦੂਰ ਕਰਵਾਉਣ ਲਈ ਸ਼ੰਘੱਰਸ਼ ਕੀਤਾ ਅਤੇ ਅਗੱਸਤ 1982 ਵਿਚ “ਧਰਮ ਯੁੱਧ” ਮੋਰਚਾ ਲਗਾਇਆ, ਜਿਸ ਨੂੰ ਸੰਮੂਹ ਪੰਜਾਬੀਆਂ ਦਾ ਭਰਵਾ ਹੁੰਗਾਰਾ ਮਿਲਿਆ ਅਤੇ ਸਭ ਜੇਲ੍ਹਾਂ ਭਰ ਗਈਆਂ।ਭਾਜਪਾ ਨੇ ਇਨ੍ਹਾਂ ਮੰਗਾ ਦਾ ਵੀ ਡਟ ਕੇ ਵਿਰੋਧ ਕੀਤਾ। ਮੰਗਾ ਪਰਵਾਨ ਕਰਨ ਦੀ ਥਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨ ਮੋਰਚਾ ਕੁਚਲਣ ਲਈ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਾ ਫੌਜੀ ਹਮਲਾ ਕਰ ਦਿਤਾ, ਜਿਸ ਨਾਲ ਵਿਸ਼ਵ ਭਰ ਦੇ ਸਿੱਖਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਗਹਿਰੀ ਠੇਸ ਵੱਜੀ। ਉਸ ਪਿਛੋਂ ਜੋ ਕੁਝ ਵਾਪਰਿਆ ਉਹ ਭਾਰਤ ਦੇ ਇਤਿਹਾਸ ਦਾ ਕਾਲਾ ਅਧਿਆਏ ਹੈ। ਕਾਂਗਰਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸੰਮੂਹ ਉਤੇ ਫੌਜੀ ਹਮਲਾ ਕੀਤਾ ਤਾਂ ਭਾਜਪਾ ਨੇ ਇਸ ਦਾ ਭਰਵਾਂ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਛੇ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ।

ਭਾਸ਼ਾ ਦੇ ਆਧਾਰ ‘ਤੇ ਪੁਨਰ ਗਠਨ ਪਿਛੋਂ ਪਹਿਲੀਆਂ ਪੰਜਾਬ ਵਿਧਾਨ ਸਭਾ ਚੋਣਾ ਦੌਰਾਨ ਹੀ ਅਕਾਲੀ ਦਲ ਦੇ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਪਹਿਲੀ ਗੈਰ-ਕਾਂਗਰਸੀ ਸਰਕਾਰ ਹੋਂਦ ਵਿਚ ਆਈ, ਜਿਸ ਵਿਚ ਜਨ ਸੰਘ ਭਾਈਵਾਲ ਬਣਿਆ। ਇਸ ਪਿਛੋਂ ਵੀ ਫਰਵਰੀ 1969, ਜੂਨ 1977 ਅਤੇ 1997 ਵਿਚ ਜਨ ਸੰਘ/ਭਾਜਪਾ ਦੇ ਸਹਿਯੋਗ ਨਾਲ ਅਕਾਲ਼ੀ ਸਰਕਾਰ ਬਣਦੀ ਰਹੀ ਪਰ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਸੰਵਿਧਾਨ ਦੀ ਧਾਰਾ 356 ਦਾ ਦੁਰਉਪਯੋਗ ਕਰ ਕੇ ਇਨ੍ਹਾਂ ਸਰਕਾਰਾਂ ਨੂੰ ਤੋੜਿਆ ਜਾਂਦਾ ਰਿਹਾ। ਮੌਜੂਦਾ ਸਰਕਾਰ ਤੋਂ ਪਹਿਲਾਂ ਪਹਿਲੀ ਵਾਰੀ 1997 ਤੋਂ 2002 ਤਕ ਅਕਾਲੀ ਸਰਕਾਰ ਨੇ ਪੰਜ ਸਾਲ ਪੂਰੇ ਕੀਤੇ ਜਦੋਂ ਉਹ ਕੇਂਦਰ ਵਿਚ ਭਾਈਵਾਲ ਸੀ। ਹੁਣ ਪੰਜਾਬ ਵਿਚ ਇਕ ਪ੍ਰਥਾ ਜਿਹੀ ਬਣ ਗਈ ਹੈ ਕਾਂਗਰਸ ਤੇ ਅਕਾਲ਼ੀ ਵਾਰੀ ਵਾਰੀ ਸਰਕਾਰ ਬਣਾ ਰਹੇ ਹਨ।

ਜੂਨ 1971 ਵਿਚ ਜਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਮੁਖ ਮੰਤਰੀ ਦੇ ਅਹੁਦੇ ‘ਤੇ ਸ਼ਸੋਭਿਤ ਸਨ, ਤਾਂ ਚਾਰ ਜ਼ਿਲਿਆ ਦੇ ਕਾਲਜ ਨਵੰਬਰ 1969 ਵਿਚ ਅੰਮ੍ਰਿਤਸਰ ਵਿਖੇ ਸਥਾਪਤ ਹੋਈ ਗੁਰੂ ਨਾਨਕ ਦੇਵ ਯੁਨੀਵਰਸਿਟੀ ਨਾਲ ਜੋੜਣ ਅਤੇ ਸਾਰੇ ਵਿਦਿਆਕ ਅਦਾਰਿਆ ਵਿਚ ਸਿਖਿਆ ਦਾ ਮਾਧਿਅਮ ਪੰਜਾਬੀ ਲਾਗੂ ਕਰਨ ਦੇ ਮਸਲੇ ‘ਤੇ ਸਰਕਾਰ ਤੋਂ ਹਿਮਾਇਤ ਵਾਪਸ ਲੈ ਲਈ ਸੀ।ਸਤੰਬਰ 1985 ਵਿਚ ਅਕਾਲੀ ਦਲ ਨੇ 73 ਸੀਟਾਂ ਜਿੱਤ ਕੇ ਸ. ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਨਿਰੋਲ ਅਕਾਲੀ ਸਰਕਾਰ ਬਣਾਈ। ਭਾਜਪਾ ਨੇ ਇਸ ਵਿਰੁਧ ਇਕ “ਵ੍ਹਾਈਟ-ਪੇਪਰ” ਜਾਰੀ ਕੀਤਾ, ਜਿਸ ਵਿਚ ਦੋਸ਼ ਲਗਾੲਆ ਗਿਆ ਕਿ ਪੰਜਾਬ ਵਿਚ ਹਿੰਦੂਆਂ ਨਾਲ ਵਿੱਤਕਰਾ ਹੋ ਰਿਹਾ ਹੈ।

ਪੰਜਾਬ ਵਿਚ ਖਾੜਕੂ ਲਹਿਰ ਦੌਰਾਨ ਅਕਾਲੀ ਦਲ ਸਰਕਾਰੀ ਤਸ਼ੱਦਦ ਤੇ “ਝੂਠੇ” ਪੁਲਿਸ ਮੁਕਾਬਿਲਆਂਿ ਵਿਰੁਧ ਜ਼ੋਰਦਾਰ ਆਵਾਜ਼ ਬੁਲੰਦ ਕਰਦਾ ਰਿਹਾ। ਭਾਜਪਾ ਨੇ ਉਨ੍ਹਾਂ ਦਿਨਾਂ ਵਿਚ ਇਕ “ਰਾਸ਼ਟਰੀਆ ਸੁਰੱਖਸਾ ਸੰਮਤੀ” ਬਣਾਈ, ਜੋ “ਆਂਤੰਕਵਾਦ” ਵਿਰੁਧ ਡੱਟ ਕੇ ਪਹਿਰਾ ਦਿਤਾ। ਸ੍ਰੀ ਹਿੱਤ ਅਭਿਲਾਸ਼ੀ ਸਮੇਤ ਭਾਜਪਾ ਦੇ ਕਈ ਪ੍ਰਮੁਖ ਨੇਤਾ ਖਾੜਕੂਆਂ ਦੇ ਕਹਿਰ ਦਾ ਸ਼ਿਕਾਰ ਵੀ ਹੋਏ। ਇਹ ਇਕ ਹਕੀਕਤ ਹੈ ਕਿ ਡਾ. ਬਲਦੇਵ ਪ੍ਰਕਾਸ਼ ਸਮੇਤ ਉਸ ਸਮੇਂ ਦੀ ਭਾਜਪਾ ਲੀਡਰਸ਼ਿਪ ਨੇ ਬੜੇ ਹੀ ਸੰਜਮ ਤੋਂ ਕੰਮ ਲਿਆ ਤੇ ਪੰਜਾਬ ਵਿਚ ਹਿੰਦੂ-ਸਿੱਖ ਫਸਾਦ ਨਹੀਂ ਹੋਣ ਦਿਤੇ। ਫਰਵਰੀ 1992 ਦੀਆਂ ਪਮਜਾਬ ਚੋਣਾਂ ਵੇਲੇ ਅਕਾਲੀ ਦਲ ਨੇ ਬਾਈਕਾਟ ਕੀਤਾ। ਭਾਜਪਾ ਲੀਡਰਸ਼ਿਪ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਨੇ ਪਾਕਿਸਤਾਨ ਦੇ ਦਬਾਅ ਹੇਠ ਚੋਣਾਂ ਦਾ ਬਾਈਕਾਟ ਕੀਤਾ ਹੈ।

ਇਸ “ਲਵ-ਹੇਟ” ਸਬੰਧਾਂ ਦੌਰਾਨ ਹੀ ਅਕਾਲੀ ਦਲ ਨੇ 1996 ਵਿਚ ਸ੍ਰੀ ਵਾਜਪਾਈ ਦੀ 13 ਦਿਨ ਚਲਣ ਵਾਲੀ ਸਰਕਾਰ ਨੂੰ ਬਿਨਾ-ਸ਼ਰਤ ਸਮੱਰਥਨ ਦਿਤਾ ਸੀ, ਜੋ ਹੁਣ ਤਕ ਜਾਰੀ ਹੈ।ਇਸ ਉਪਰੰਤ ਪੰਜਾਬ ਵਿਚ ਦੋਨਾਂ ਨੇ ਦੋ ਵਾਰੀ ਸਾਂਝੀ ਸਰਕਾਰ ਬਣਾਈ ਹੈ। ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਦੇ ਕੰਮ ਕਾਜ ਕਰਨ ਦੇ ਢੰਗ ਵਿਚ ਤਾਂ ਕੋਈ ਬਹੁਤਾ ਫਰਕ ਨਹੀਂ ਹੈ। ਦੋਨਾਂ ਦੀ ਸਰਕਾਰ ਸਮੇਂ ਆਮ ਲੋਕਾਂ ਦੇ ਮਸਲਿਆ ਵਲ ਧਿਆਨ ਨਹੀਂ ਦਿਤਾ ਗਿਆ, ਦੋਨਾਂ ਦੇ ਅਨੇਕਾਂ ਮੰਤਰੀ ਭ੍ਰਿਸਟਾਚਾਰ ਤੇ ਭਾਈ ਭਤੀਜਾਵਾਦ ਦਾ ਸ਼ਿਕਾਰ ਹਨ। ਸੂਬੇ ਵਿਚ ਵਿਕਾਸ ਨਾਂ-ਮਾਤਰ ਹੀ ਹੋਇਆ ਹੈ।ਅਕਾਲੀ ਹੁਣ ਪੰਜਾਬ ਦੀਆਂ ਮੰਗਾ ਦੀ ਗਲ ਕਰਦੇ ਹਨ, ਪਰ ਛੇ ਸਾਲ ਸ੍ਰੀ ਵਾਜਪਾਈ ਦੀ ਸਰਕਾਰ ਵਿਚ ਭਾਈਵਾਲ ਹੋਣ ਦੇ ਬਾਵਜੂਦ ਇਕ ਵੀ ਮੰਗ ਪਰਵਾਨ ਨਹੀਂ ਕਰਵਾ ਸਕੇ।

ਅਕਾਲੀ-ਭਾਜਪਾ ਗਠਬੰਧਨ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਕਿ ਹਿੰਦੂ-ਸਿੱਖ ਸਾਂਝਾ ਭਾਈਚਾਰਾ, ਜਿਸ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਖਸ ਉਤੇ ਹੋਏ ਫੌਜੀ ਹਮਲੇ ਅਤੇ ਪੰਜਾਬ ਵਿਚ ਖਾੜਕੂ ਲਹਿਰ ਦੌਰਾਨ ਬੜੀ ਢਾਹ ਲਗੀ ਸੀ, ਆਪਸੀ ਸਬੰਧਾ ਵਿਚ “ਸ਼ੱਕ” ਤੇ ਵਿਚਾਰਕ ਮਤਭੇਦਾਂ ਕਾਰਨ ਤ੍ਰੇੜ ਆ ਗਈ ਸੀ, ਨੂੰ ਦੂਰ ਕਰਨ ਵਿਚ ਬਹੁਤ ਸਹਾਈ ਹੋਇਆ ਹੈ। ਅਜ ਆਮ ਪੰਜਾਬੀ ਉਨ੍ਹਾਂ ਕਾਲੇ ਦਿਨਾਂ ਨੂੰ ਇਕ ਭਿਆਨਕ ਸੁਪਨੇ ਵਾਂਗ ਭਲ ਕੇ ਪਹਿਲਾਂ ਵਾਲੇ ਸਾਂਝੇ ਭਾਈਚਾਰੇ ਵਾਂਗ ਰਹਿਣ ਲਗੇ ਹਨ। ਪੰਜਾਬ ਵਿਚ ਹੁਣ “ਭਾਸ਼ਾ” ਦਾ ਵੀ ਕੋਈ ਝੱਗੜਾ ਨਹੀਂ ਜਾਪਦਾ। ਭਾਜਪਾ ਲੀਡਰਸ਼ਿਪ ਨੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਸਵੀਕਾਰ ਕਰ ਲਿਆ ਹੈ। ਹਿੰਦੀ ਸਾਡੀ ਰਾਸ਼ਟਰ-ਭਾਸਾਂ ਹੈ।ਇਹ ਗਲ ਵੀ ਮਹੱਤਵਪੂਰਨ ਹੈ ਕਿ ਹਿੰਦੀ ਨੂੰ “ਰਸ਼ਟਰ ਭਾਸਾ” ਦਾ ਦਰਜਾ “ਸਿੱਖ ਵੋਟ” ਨਾਲ ਮਿਲਿਆ ਹੈ। ਪੰਜਾਬ ਸਰਕਾਰ ਵਲੋਂ ਪੰਜਾਬੀ ਨੂੰ ਇਸ ਦਾ ਯੋਗ ਸਥਾਨ ਦਿਵਾਉਣ ਤੇ ਸਕੂਲਾਂ ਵਿਚ ਪੰਜਾਬੀ ਦੀ ਸਿਖਿਆ ਲਈ ਪੇਸ਼ ਹੋਏ ਬਿਲ ਨੂੰ ਭਾਜਪਾ ਨੇ ਭਰਪੂਰ ਸਮਰਥਨ ਦਿਤਾ ਤੇ ਇਹ ਬਿਲ ਸਰਬ-ਸੰਮਤੀ ਨਾਲ ਪਾਸ ਹੋਇਆ ਹੈ। ਪੰਜਾਬ ਵਿਚ ਹਿੰਦੂ ਸਿੱਖ ਸਾਂਝੇ ਭਾਈਚਾਰੇ ਦੀ ਬਹਾਲੀ ਤੇ ਮਾਂ-ਬੋਲੀ ਪੰਜਾਬੀ ਨੂੰ ਮਾਨਤਾ ਅਕਾਲ਼ੀ-ਭਾਜਪਾ ਗਠਬੰਧਨ ਦੀ ਬਹੁਤ ਹੀ ਮਹੱਤਵਪੂਰਨ ਪ੍ਰਾਪਤੀ ਹੈ, ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਭਲੇ ਤੇ ਵਿਕਾਸ ਲਈ ਅਤਿ ਜ਼ਰੂਰੀ ਹੈ।ਸ਼ਾਲਾ, ਇਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਸਾਂਝਾ ਭਾਈਚਾਰਾ ਹੋਰ ਵੱਧੇ ਫੁਲੇ ਤੇ ਮਜ਼ਬੂਤ ਹਵੇ।ਆਮੀਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>