ਹੋਰਾਂ ਸੰਗਠਨਾਂ ਅਤੇ ਸਖਸੀਅਤਾਂ ਨੂੰ ਬਦਨਾਮ ਕਰਨ ਦੀ ਬਜਾਏ ਅਕਾਲ ਤਖਤ ਸਾਹਿਬ ਵੱਲੋ ਜਾਰੀ ਹੁਕਮਨਾਮੇ ਨੂੰ ਲਾਗੂ ਕਰੋ – ਮਾਨ

ਫਤਿਹਗੜ੍ਹ ਸਾਹਿਬ :- “ਪੰਜੇ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋ ਪੰਥਕ ਬੁੱਧੀਜੀਵੀਆਂ ਪੰਥਕ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ 2003 ਵਿੱਚ “ਨਾਨਕਸ਼ਾਹੀ ਕੈਲੰਡਰ” ਨੂੰ ਮਾਨਤਾ ਦੇ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਜਾਰੀ ਕੀਤਾ ਗਿਆ ਸੀ ਅਤੇ ਸਮੁੱਚੀ ਸਿੱਖ ਕੌਮ ਨੇ ਇਸ ਨਾਨਕਸ਼ਾਹੀ ਕੈਲੰਡਰ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਸੀ। ਪਰ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਸਿੱਖ ਕੌਮ ਦੇ ਨਿਯਮਾਂ, ਅਸੂਲਾਂ ਅਤੇ ਮਰਿਯਾਦਾਵਾਂ ਨੂੰ ਪਿੱਠ ਦੇਣ ਵਾਲੇ ਡੇਰੇਦਾਰਾਂ, ਸਾਧ ਯੁਨੀਅਨ ਨੂੰ ਖੁਸ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਉਪਰੋਕਤ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ 2009 ਵਿੱਚ ਸ਼ਾਜਿਸੀ ਢੰਗ ਨਾਲ ਬਦਲ ਕੇ, ਇਸ ਵਿੱਚੋ ਆਤਮਾ ਕੱਢ ਕੇ ਇਸਨੂੰ ਦੁਬਾਰਾ ਜਾਰੀ ਕਰਨ ਦੀ ਵੱਡੀ ਗੁਸਤਾਖੀ ਕਰਕੇ ਕੇਵਲ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਗਟਾਉਣ ਵਾਲੇ ਇਸ ਕੈਲੰਡਰ ਦਾ ਕਤਲ ਹੀ ਨਹੀਂ ਕੀਤਾ ਬਲਕਿ ਸਿੱਖ ਕੌਮ ਵਿੱਚ ਭਰਾ ਮਾਰੂ ਜੰਗ ਕਰਾਉਣ ਦੀ ਵੀ ਬੱਜਰ ਗੁਸਤਾਖੀ ਕੀਤੀ ਹੈ।”

ਇਹ ਉਪਰੋਕਤ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋ ਅੱਜ ਦੇ ਅਖਬਾਰਾਂ ਵਿੱਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਤੋ ਸਪੱਸ਼ਟੀਕਰਨ ਮੰਗਣ ਅਤੇ ਕਦੀ ਹੋਰ ਪੰਥਕ ਸਖਸੀਅਤਾਂ ਅਤੇ ਸੰਗਠਨਾਂ ਦੇ ਪ੍ਰਧਾਨਾਂ ਜਾਂ ਪੰਥਕ ਧਿਰਾਂ ਨੂੰ ਬਦਨਾਮ ਕਰਨ ਦੀ ਕਾਰਵਾਈ ਨੂੰ ਗੈਰ ਦਲੀਲ ਕਰਾਰ ਦਿੰਦੇ ਹੋਏ ਅੱਜ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਸਿੱਖ ਕੌਮ ਦੇ ਤਖਤਾਂ ਉੱਤੇ ਬਿਰਾਜਮਾਨ ਮੌਜੂਦਾ ਜਥੇਦਾਰਾਂ ਦੀਆਂ ਆਤਮਾਵਾਂ, ਸਿਧਾਤਹੀਣ ਹੋ ਚੁੱਕੀ ਰਵਾਇਤੀ ਸਿੱਖ ਲੀਡਰਸਿਪ ਦੀਆਂ ਗੁਲਾਮ ਬਣ ਕੇ ਵਿਚਰਣ ਦੀ ਕਾਰਵਾਈ ਦੀ ਪੁਰਜੋਰ ਨਿਖੇਧੀ ਕੀਤੀ ਅਤੇ ਕਿਹਾ ਕਿ “ਉਠ ਆਪ ਤੋ ਨਹੀਂ ਹੁੰਦਾ ਫਿੱਟੇ ਮੂੰਹ ਗੋਡਿਆਂ ਦਾ” ਵਾਲੀ ਕਹਾਵਤ ਇਨ੍ਹਾ ਜਥੇਦਾਰਾਂ ਉੱਤੇ ਪੂਰਨ ਤੌਰ ‘ਤੇ ਸਹੀ ਢੁੱਕਦੀ ਹੈ। ਜੋ ਅਕਾਲੀ ਫੂਲਾ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵੱਲੋ ਸੱਚ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੇ ਪਾਏ ਗਏ ਕੌਮ ਪੱਖੀ ਪੂਰਨਿਆਂ ਨੂੰ ਪਿੱਠ ਦੇ ਕੇ ਸ਼੍ਰੀ ਅਕਾਲ ਤਖਤ ਵਰਗੀ ਮਹਾਨ ਸੰਸਥਾਂ ‘ਤੇ ਸਿੱਖ ਵਿਰੋਧੀ ਗਲਤ ਪਿਰਤਾਂ ਪਾ ਰਹੇ ਹਨ। ਉਨ੍ਹਾ ਕਿਹਾ ਕਿ ਜਿਨ੍ਹਾ ਜਥੇਦਾਰ ਸਾਹਿਬਾਨ ਨੂੰ ਬੀਤੇ ਸਮੇ ਦੇ ਇਤਿਹਾਸ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋ ਸੇਧ ਲੈ ਕੇ ਦ੍ਰਿੜਤਾ ਨਾਲ ਕੌਮ ਪੱਖੀ ਫੈਸਲੇ ਕਰਨਾ ਬਣਦਾ ਹੈ, ਉਹ ਜਥੇਦਾਰ ਉਨ੍ਹਾ ਮਹਾਨ ਇਤਿਹਾਸਿਕ ਪਰੰਪਰਾਵਾ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਕੇ ਆਪਣੇ ਸਿਧਾਂਤਹੀਣ ਸਿਆਸੀ ਆਕਾਵਾਂ ਤੋ ਆਦੇਸ਼ ਲੈ ਕੇ ਕਾਰਵਾਈਆਂ ਕਰਨ ਵਿੱਚ ਮਲੀਨ ਹੋ ਚੁੱਕੇ ਹਨ, ਜੋ ਅੱਜ ਸਭ ਤੋ ਵੱਡੀ ਸਿੱਖ ਕੌਮ ਦੀ ਤਰਾਸ਼ਦੀ ਹੈ।

ਉਨ੍ਹਾ ਆਪਣੇ ਇਸ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਇਟਲੀ, ਅਮਰੀਕਾ, ਯੁਕੇ ਅਤੇ ਹੋਰ ਕਈ ਮੁਲਕਾਂ ਵਿੱਚ ਸਿੱਖ ਕੌਮ ਦੀ ਸ਼ਾਨ ਦਸਤਾਰ ਦੇ ਸਬੰਧੀ ਉੱਠੇ ਮੁੱਦਿਆਂ, ਹਿੰਦ ਦੇ ਵਿਧਾਨ ਦੀ ਧਾਰਾ ਜੋ ਸਿੱਖ ਕੌਮ ਨੂੰ ਹਿੰਦੂ ਗਰਦਾਨਦੀ ਹੈ, ਉਸਨੂੰ ਖਤਮ ਕਰਨ, ਅਨੰਦ ਮੈਰਿਜ ਐਕਟ ਹੋਂਦ ਵਿੱਚ ਲਿਆਉਣ, 1984 ਅਤੇ ਹੋਰ ਵੱਖ ਵੱਖ ਸਮਿਆਂ ‘ਤੇ ਸਿੱਖਾਂ ਦੇ ਕਾਤਿਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ, ਸਿੱਖ ਕੌਮ ਦੀ ਕਾਲੀ ਸੂਚੀ ਖਤਮ ਕਰਨ, ਪੰਜਾਬ ਵਿੱਚ ਕਾਲੇ ਕਾਨੂੰਨਾਂ ਦੀ ਵਰਤੋ ਕਰਕੇ ਸਿੱਖਾਂ ‘ਤੇ ਤਸ਼ੱਦਦ ਕਰਕੇ ਗੈਰ ਕਾਨੂੰਨੀ ਤਰੀਕੇ ਮਾਰ ਦੇਣ ਆਦਿ ਸਿੱਖ ਕੌਮ ਨਾਲ ਸਬੰਧਿਤ ਅਤਿ ਸੰਜੀਦਾ ਮੁੱਦਿਆਂ ਉੱਤੇ ਇਹ ਜਥੇਦਾਰ ਸਾਹਿਬਾਨ ਸਾਜਿਸੀ ਚੁੱਪ ਧਾਰੀ ਬੈਠੇ ਹਨ ਜੋ ਹੋਰ ਵੀ ਦੁੱਖਦਾਇਕ ਅਤੇ ਸਰਮਨਾਕ ਵਰਤਾਰਾ ਹੈ। ਸ: ਮਾਨ ਨੇ ਮੌਜੂਦਾ ਜਥੇਦਾਰਾਂ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖ ਕੌਮ ਨਾਲ ਸਬੰਧਿਤ ਉਪਰੋਕਤ ਮਸਲੇ ਅਤੇ ਹੋਰ ਸਮਾਜਿਕ, ਮਾਲੀ, ਸਿਆਸੀ, ਅਤੇ ਇਖਲਾਕੀ ਤੌਰ ਤੇ ਦਰਪੇਸ਼ ਆ ਰਹੀਆਂ ਮੁਸ਼ਕਿਲਾ ਨੂੰ ਹੱਲ ਕਰਨ ਲਈ ਜਾਂ ਤਾਂ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਪਹਿਰਾ ਦੇਣ, ਵਰਨਾ ਜੇਕਰ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਉਹ ਆਪੋ ਆਪਣੇ ਇਨ੍ਹਾ ਉੱਚ ਅਹੁਦਿਆਂ ਤੋ ਅਸਤੀਫਾ ਦੇ ਕੇ ਕੌਮ ਦੀ ਮੰਝਧਾਰ ਵਿੱਚ ਡਿਕਡੋਲੇ ਖਾਂਦੀ ਬੇੜੀ ਨੂੰ ਕਿਨਾਰੇ ‘ਤੇ ਲਾਉਣ ਲਈ ਕਿਸੇ ਹੋਰ ਸਖਸੀਅਤਾਂ ਨੂੰ ਮੌਕਾ ਦੇਣ ਦਾ ਉੱਦਮ ਕਰਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>