ਮੋਰਾਂ ਦਾ ਮਹਾਰਾਜਾ

ਭੂਮਿਕਾ: ਜਦੋਂ ਸਾਡੇ ਇਤਿਹਾਸਕਾਰ ਅਤੇ ਲਿਖਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦੇ ਹਨ ਤਾਂ ਉਹ ਆਪਣੀ ਗੱਲ ਮਹਾਰਾਜੇ ਦੇ ਸਿਰ ਉੱਤੇ ਛਾਇਆ ਕਰਦੇ ਆਹਲੀਸ਼ਾਨ ਛੱਤਰ ਤੋਂ ਸ਼ੁਰੂ ਕਰਦੇ ਹੋਏ, ਉਸਦੀ ਦਸਤਾਰ ਦੀ ਖੂਬਸੂਰਤੀ ਵਧਾਉਂਦੀ ਕੀਮਤੀ ਕਲਗੀ ’ਤੇ ਆ ਜਾਂਦੇ ਹਨ। ਉਸ ਤੋਂ ਉਪਰੰਤ ਉਹ ਮਹਾਰਾਜੇ ਦੇ ਚਿਹਰੇ ਉੱਤੇ ਆਉਂਦੇ ਹਨ ਤਾਂ ਉਸ ਦੀ ਅੱਖ ਦੇ ਕੋਹਜ਼ ਅਤੇ ਚੇਚਕ ਦੇ ਦਾਗਾਂ ਨੂੰ ਛੁਪਾਉਣ ਲਈ ਆਪਣੀ ਭਾਵੁਕਤਾ ਦਾ ਪੋਚਾ ਮਾਰਦੇ ਹੋਏ ਦਲੀਲਾਂ ਘੜ੍ਹਣ ਲੱਗ ਜਾਂਦੇ ਹਨ। ਉਹ ਮਹਾਰਾਜੇ ਦੀ ਨੇਕ ਦਿਲੀ ਦੀ ਤਾਂ ਗੱਲ ਕਰਦੇ ਹਨ, ਪਰ ਉਸ ਦੁਆਰਾ ਕੀਤੀਆਂ ਧੱਕੇਸ਼ਾਹੀ ਨੂੰ ਅਣਡਿੱਠ ਕਰਨ ਲਈ ਆਪਣੀਆਂ ਦੋਨੋਂ ਅੱਖਾਂ ਮੀਚ ਕੇ ਉੱਪਰ ਹੱਥ ਰੱਖ ਲੈਂਦੇ ਹਨ।ਫਿਰ ਉਸਦੀ ਪੱਗ ਅੰਦਰ ਝਾਕਦੇ ਹੋਏ ਮਹਾਰਾਜੇ ਦੀ ਰਾਜਨੀਤਕ ਸੂਝ, ਨਿਪੁੰਨਤਾ, ਦੂਰ ਅੰਦੇਸ਼ੀ ਅਤੇ ਚੁਸਤ ਦਿਮਾਗ ਦੀਆਂ ਸਿਫਤਾਂ ਦੇ ਪੁੱਲ ਚੀਨ ਦੀ ਕੰਧ ਤੋਂ ਵੀ ਕੱਦਾਵਰ ਉਸਾਰ ਦਿੰਦੇ ਹਨ।ਉਸ ਮਗਰੋਂ ਉਹ ਰਣਜੀਤ ਸਿੰਘ ਦੀਆਂ ਜਿੱਤਾਂ, ਪ੍ਰਾਪਤੀਆਂ ਅਤੇ ਉਸ ਦੇ ਅਧਿਕਾਰ ਅਧਿਨ ਕੀਤੇ ਵਿਸ਼ਾਲ ਰਿਆਸਤੀ ਇਲਾਕੇ ਦੀ ਵਡਿਆਈ ਕਰਦੇ ਹੋਏ ਉਸਦੀ ਹਿੱਕ ਦੇ ਜ਼ੋਰ ਦੀ ਉਪਮਾ ਕਰਦੇ ਹਨ।ਮਹਾਰਜੇ ਦੇ ਡੌਲਿਆਂ ਦੀ ਤਾਕਤ ਨੂੰ ਬਿਆਨਣ ਲਈ ਉਹ ਉਸ ਨਾਇਯਾਬ ਹੀਰੇ ਕੋਹਿਨੂਰ ਦਾ ਵਰਣਨ ਕਰਦੇ ਹਨ, ਜੋ ਜਿਵੇਂ ਉਸਨੇ ਪ੍ਰਾਪਤ ਕੀਤਾ ਸੀ ਤੇ ਉਵੇਂ ਹੀ ਉਸ ਕੋਲੋਂ ਖੁੱਸਿਆ।ਇਸ ਪਸ਼ਚਾਤ ਥੱਲੇ ਉਤਰਦੇ ਮਹਾਰਾਜੇ ਦੇ ਲੱਕ ਨਾਲ ਲਮਕਦੀ ਮਹਿੰਗੇ ਹੀਰਿਆਂ ਜੜ੍ਹੀ ਫੌਲਾਦੀ ਸ਼ਮਸ਼ੀਰ ਦੀ ਸਿਫਤ ਸ਼ੁਰੂ ਹੋ ਜਾਂਦੀ ਹੈ।ਇਸ ਵਿਵਰਣ ਪਿਛੋਂ ਸਾਡੇ ਸਾਹਿਤਕਾਰਾਂ ਅਤੇ ਇਤਿਹਾਸਕਾਰਾਂ ਦੀ ਕਲਮ ਮਹਾਰਾਜੇ ਦੇ ਕਮਰਕਸੇ ਉੱਤੇ ਹੀ ਦਮ ਤੋੜ ਦਿੰਦੀ ਹੈ।ਇਹੋ ਜਿਹੇ ਕਲਮਕਾਰਾਂ ਦੀ ਸਿਨਫਾਂ ਦਾ ਪਠਨ ਕਰਨ ਸਮੇਂ ਇਕ ਜ਼ਹੀਨ ਬੁੱਧੀ ਦੇ ਮਾਲਕ ਇਨਸਾਨ ਅਤੇ ਸਾਹਿਤ ਚਿੰਤਕ ਨੂੰ ਸਿਵਾਏ ਅੰਨ੍ਹੀਂ ਸ਼ਰਧਾ ਦੇ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ।ਮਹਾਰਾਜੇ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਣਗੌਲੇ ਪੱਖ ਹਨ, ਜਿਨ੍ਹਾਂ ਵਿਚ ਉਸਦੀ ਮਰਦਾਨਗੀ ਅਤੇ ਚਰਿੱਤਰ ਦੀ ਸਹੀ ਤਸਵੀਰ ਝਲਕਦੀ ਹੈ। ਸਿੱਖ ਬੁੱਧੀਜੀਵੀਆਂ ਵੱਲੋਂ ਉਨ੍ਹਾਂ ਉੱਤੇ ਪਰਦਾ ਪਾ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਬਾਰੇ ਖਾਮੋਸ਼ੀ ਧਾਰ ਲਈ ਜਾਂਦੀ ਹੈ।ਇਹ ਇਤਿਹਾਸ ਨਾਲ ਸਰਾਸਰ ਬੇਇਨਸਾਫੀ ਹੈ! ਮੈਨੂੰ ਇਉਂ ਜਾਪਦਾ ਹੈ ਕਿ ਸਾਡੇ ਸੂਝਵਾਨ ਵਿਦਵਾਨਾਂ ਨੂੰ ਜ਼ਿੰਦਗੀ ਵਿਚ ਸੈਕਸ ਦੀ ਮਹੱਤਤਾ ਦਾ ਉੱਕਾ ਹੀ ਗਿਆਨ ਨਹੀਂ ਹੈ!!! ਮਹਾਰਜੇ ਨੇ ਆਪਣੀ ਜ਼ਿੰਦਗੀ ਵਿਚ ਬੇਸ਼ੁਮਾਰ ਔਰਤਾਂ ਹੰਢਾਈਆਂ। ਉਸਦੇ ਹਰਮ ਵਿਚ ਬੇਅੰਤ ਰਾਣੀਆਂ ਅਤੇ ਬੇਸ਼ੁਮਾਰ ਦਾਸੀਆਂ ਦਾ ਵਡਮੁੱਲਾ ਖਜ਼ਾਨਾ ਸੀ, ਜਿਨ੍ਹਾਂ ਮੁਤੱਲਕ ਵੇਰਵੇ ਪ੍ਰਾਪਤ ਹੁੰਦੇ ਹਨ। ਬਾਕੀ ਉਸਦੇ ‘ਵੱਨ ਨਾਇਟ ਸਟੈਂਡ’ ਭਾਵ ਗਾਹੇ-ਬਗਾਹੇ ਮਹਾਰਾਜੇ ਨੇ ਕਿੱਥੇ ਕਿੱਥੇ ਮੂੰਹ ਮਾਰਿਆ ਹੋਵੇਗਾ ਜਾਂ ਜਿਨ੍ਹਾਂ ਬਾਰੇ ਲਿਖਤੀ ਰੂਪ ਵਿਚ ਕੁਝ ਨਹੀਂ ਮਿਲਦਾ, ਖੌਰੇ ਉਸਦੀ ਸੂਚੀ ਕਿੰਨੀ ਕੁ ਲੰਮੀ ਹੋਵੇਗੀ! ਵੱਖ ਵੱਖ ਇਤਿਹਾਸਕਾਰਾਂ ਨੇ ਰਾਣੀਆਂ ਅਤੇ ਦਾਸੀਆਂ ਦੀ ਗਿਣਤੀ ਅਤੇ ਨਾਮਾਂ ਦੀ ਸੰਖਿਆ ਵੱਖੋ-ਵੱਖਰੀ ਦੱਸੀ ਹੈ ਮੇਰੇ ਖਿਆਲ ਮੁਤਾਬਕ ਜੇ ਮਹਾਰਜੇ ਦੇ ਜੀਵਨ ਵਿਚ ਇਹ ਪੱਖ ਸ਼ਾਮਿਲ ਨਾ ਹੁੰਦਾ ਤਾਂ ਸ਼ਾਇਦ ਉਸ ਨੂੰ ਇਤਿਹਾਸ ਵਿਚ ਉਹ ਮੁਕਾਮ ਹਾਸਿਲ ਨਾ ਹੁੰਦਾ, ਜੋ ਰੁਤਬਾ ਉਸਦਾ ਅੱਜ ਹੈ ਤੇ ਨਾ ਹੀ ਉਸਨੇ ਐਨਾ ਵਿਸ਼ਾਲ ਰਾਜ ਕਾਇਮ ਕਰ ਸਕਣਾ ਸੀ। ਵਰਣਨਯੋਗ ਹੈ ਕਿ ਉਸਨੇ ਹਮੇਸ਼ਾ ਤਾਕਤ ਵਧਾਉਣ ਅਤੇ ਜੰਗਾਂ ਜਿੱਤਣ ਲਈ ਇਸਤਰੀਆਂ ਦਾ ਇਸਤੇਮਾਲ ਕੀਤਾ ਹੈ। ਜੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਅਤੇ ਸਿੱਖ ਇਤਿਹਾਸ ਦਾ ਅਨੀਖੜਵਾਂ ਅੰਗ ਹੈ ਤਾਂ ਮੋਰਾਂ ਉਸਦੇ ਸੰਗ ਹੈ।ਮੋਰਾਂ ਇਕ ਬਜ਼ਾਰੂ ਨਾਚੀ ਸੀ, ਜਿਸਨੇ ਤਮਾਮ ਹਿਯਾਤੀ ਮਹਾਰਾਜੇ ਨੂੰ ਆਪਣੀਆਂ ਉਂਗਲਾਂ ਦੇ ਇਸ਼ਾਰਿਆਂ ’ਤੇ ਨਚਾਇਆ ਸੀ।ਮਹਾਰਾਜੇ ਦੇ ਲੱਕ ਤੋਂ ਉੱਪਰ ਦੀ ਸ਼ਕਤੀ ਦੀਆਂ ਬਹੁਤ ਤਾਰੀਫਾਂ ਹੋ ਚੁੱਕੀਆ ਹਨ।ਵਕਤ ਹੈ ਸ਼ੇਰ-ਏ-ਪੰਜਾਬ ਦੇ ਕਮਰਕਸੇ ਤੋਂ ਹੇਠਾਂ ਕੋਈ ਗੱਲ ਕਰੇ।ਪਰ ਕੌਣ? ਕੋਈ ਹਿੰਮਤ ਕਰੇ ਜਾਂ ਨਾ ਮੈਂ ਨਿਧੜਕ, ਬੇਖੌਫ ਅਤੇ ਬੇਬਾਕੀ ਨਾਲ ਉਸਦੀ ਬੈਲਟ ਤੋਂ ਹੇਠਾਂ ਦੀ ਤਾਕਤ ਨੂੰ ਬਿਆਨ ਕਰਦਿਆਂ ਮਹਾਰਾਜੇ ਦੇ ਮੋਰਾਂ ਨਾਲ ਖੌਲਦੇ ਇਸ਼ਕ ਉੱਤੇ ਝਾਤ ਪਾਉਂਦੀ ਇਹ ਕਹਾਣੀ ‘ਮੋਰਾਂ ਦਾ ਮਹਾਰਾਜਾ’ ਪੇਸ਼ ਕਰ ਰਿਹਾ ਹਾਂ।ਇਤਿਹਾਸ ਉੱਤੇ ਅਧਾਰਿਤ ਇਹ ਕਹਾਣੀ ਨਾ ਤਾਂ ਪੂਰਨ ਰੂਪ ਵਿਚ ਸਮੂਚੀ ਗਲਪ ਹੈ ਤੇ ਨਾ ਹੀ ਇਹ ਅਫਸਾਨਾ ਨਿਰੋਲ ਇਤਿਹਾਸ ਹੈ।ਆਪਣੀ ਕਥਾ ਨੂੰ ਦਿਲਚਸਪ ਬਣਾਉਣ ਲਈ ਜਿਥੇ ਮੈਨੂੰ ਮਹਿਸੂਸ ਹੋਇਆ ਲੋੜ ਅਨੁਸਾਰ ਮੈਂ ਤਬਦੀਲੀਆਂ ਕਰ ਲਈਆਂ ਹਨ। ਇਸ ਵਿਚ ਮੇਰੀ ਕਲਾ ਅਤੇ ਕਲਪਨਾ ਦੀ ਪ੍ਰਤੱਖ ਘੁਸਪੈਠ ਹੈ।
ਬਲਵੀਰ ਕੰਵਲ ਜੀ ਦੀ ਖੋਜ ਨੂੰ ਨਤਮਸਤਕ ਹੁੰਦਿਆਂ, ਮੇਰੀ ਇਹ ਕਹਾਣੀ ਉਸਤਾਦ ਕਹਾਣੀਕਾਰ ਸ਼੍ਰੀ ਮਨਮੋਹਨ ਬਾਵਾ ਜੀ ਨੂੰ ਸਮਰਪਿਤ ਹੈ, ਜਿਨ੍ਹਾਂ ਦੀਆਂ ਪਾਈਆਂ ਪੈੜਾਂ ਵਿਚ ਪੈਰ ਧਰ ਕੇ ਚੱਲਣ ਦਾ ਇਹ ਨਿਮਾਣਾ ਜਿਹਾ ਯਤਨ ਹੈ।- ਬਲਰਾਜ ਸਿੱਧੂ, ਯੂ.ਕੇ.

ਮੋਰਾਂ ਦਾ ਮਹਾਰਾਜਾ

ਸੂਰਜ ਦੀ ਟਿੱਕੀ ਦੂਰ ਪੱਛਮ ਵੱਲ ਡਿੱਗਣ ਲੱਗੀ ਹੀ ਹੈ।ਰਾਵੀ ਕੰਢੇ ਵਸੇ ਲਾਹੌਰ ਦੀ ਹੀਰਾ ਮੰਡੀ ਦਸਤੂਰ ਮੁਤਾਬਕ ਰੰਗੀਨ ਰਾਤ ਦੀ ਤਿਆਰੀ ਵਿਚ ਜੁਟੀ ਹੋਈ ਹੈ। ਤਿੰਨ ਘੋੜ ਸਵਾਰ ਮੰਡੀ ਦੀ ਗਸ਼ਤ ਕਰ ਰਹੇ ਹਨ। ਭੇਸ-ਭੂਸ਼ਾਂ ਅਤੇ ਵਸਤਰਾਂ ਤੋਂ ਦੇਖਣ ਨੂੰ ਉਹ ਸੋਦਾਗਰ ਪ੍ਰਤੀਤ ਹੁੰਦੇ ਹਨ।ਉਨ੍ਹਾਂ ਵਿਚੋਂ ਇਕ ਘੋੜ ਸਵਾਰ ਦੇ ਸੂਫੀਆਨਾ ਬਾਣਾ ਤੇ ਖੋਜੀ ਦਾਹੜੀ ਹੈ। ਦੂਜੇ ਦੇ ਖੁੱਲ੍ਹੀ ਦਾਹੜੀ ਅਤੇ ਵਾਲ ਖੱਲ੍ਹੇ ਛੱਡ ਕੇ ਦਸਤਾਰ ਸਜਾਈ ਹੋਈ ਹੈ। ਤੀਜਾ ਜਿਸਦੀ ਲੰਮੀ ਦਾਹੜੀ ਤੇ ਮੁੱਛਾਂ ਮਰੋੜੀਆਂ ਹੋਈਆਂ ਹਨ, ਉਨ੍ਹਾਂ ਦਾ ਸਰਦਾਰ ਜਾਪਦਾ ਹੈ।ਉਸਨੇ ਬੇਤਰਤੀਬੀ ਜਿਹੀ ਪੱਗ ਬੰਨ੍ਹੀ ਹੋਈ ਹੈ ਤੇ ਲੜ੍ਹ ਖੁੱਲ੍ਹਾ ਛੱਡ ਕੇ ਆਪਣੀ ਇਕ ਅੱਖ ਲਕੋਈ ਹੋਈ ਹੈ। ਇਹ ਖੱਬੀ ਅੱਖ ਉਸਦੀ ਬਚਪਨ ਵਿਚ ਚੇਚਕ ਦੀ ਬਿਮਾਰੀ ਨਾਲ ਜਾਂਦੀ ਲੱਗੀ ਸੀ।ਮੂੰਹ ਉੱਤੇ ਮਾਤਾ ਦੇ ਦਾਗਾਂ ਦੀ ਤਾਂ ਉਹ ਬਹੁਤੀ ਪਰਵਾਹ ਨਹੀਂ ਕਰਦਾ। ਹਾਂ ਅੱਖ ਦਾ ਕੋਹਜ ਉਸ ਨੂੰ ਬਹੁਤ ਪ੍ਰਭਾਵਿਤ ਅਤੇ ਪੀੜਤ ਨਿਰਸੰਦੇਅ ਕਰਦਾ ਹੈ।
ਤਿੰਨੋਂ ਮੰਡੀ ਦੇ ਵਿਚਕਾਰ ਆ ਕੇ ਕੁਝ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਹਨ ਕਿ ਨਜ਼ਦੀਕੀ ਕੋਠੇ ਤੋਂ ਇਕ ਕੰਜਰੀ ਗਿੱਲੇ ਵਾਲ ਝਟਕ ਕੇ ਕਪੜੇ ਨਾਲ ਬਨੇਰੇ ਦੀ ਵੱਟ ’ਤੇ ਬੈਠ ਕੇ ਸੁਕਾਉਣ ਲੱਗਦੀ ਹੈ। ਗਿੱਲੇ ਵਾਲਾਂ ਦੇ ਛਿੱਟੇ ਪੈਣ ਨਾਲ ਤਿੰਨੇ ਘੋੜ ਸਵਾਰ ਉੱਪਰ ਮੁੰਡੇਰ ਵੱਲ ਦੇਖਦੇ ਹਨ।ਕਾਣੀ ਅੱਖ ਵਾਲੇ ਘੋੜ ਸਵਾਰ ਦੀ ਨਜ਼ਰ ਉਸ ਕੰਜਰੀ ’ਤੇ ਐਸੀ ਅਟਕਦੀ ਹੈ ਕਿ ਉਹ ਪਲਕਾਂ ਝਮਕਣੀਆਂ ਭੁੱਲ ਜਾਂਦਾ ਹੈ।ਉਹ ਆਪਣੇ ਲੱਕ ਨਾਲ ਬੰਨ੍ਹੀ ਸੁਰਾਹੀ ਦਾ ਡੱਕਣ ਖੋਲ੍ਹ ਕੇ ਸੁੱਕੀ ਸ਼ਰਾਬ ਦੀਆਂ ਗਟਾਗਟ ਤਿੰਨ ਚਾਰ ਘੁੱਟਾਂ ਭਰ ਕੇ ਕੁੜੱਤਣ ਤੋਂ ਨਿਜਾਤ ਪਾਉਣ ਲਈ ਖੰਘੂਰਾ ਮਾਰਦਾ ਹੈ ਤੇ ਆਪਣੇ ਨਾਲ ਦੇ ਸਾਥੀ ਨੂੰ ਪੁੱਛਦਾ ਹੈ, “ਹੀਰਾ ਮੰਡੀ ਦਾ ਇਹ ਹੀਰਾ ਕੌਣ ਹੈ?”
“ਮਹਾਰਾਜ, ਇਹ ਮੋਰਾਂ ਕੰਚਨੀ ਹੈ। ਇਹਦੇ ਮਾਂ ਖੁਦ ਆਪਣੇ ਸਮੇਂ ਦੀ ਮਸ਼ਹੂਰ ਨ੍ਰਿਤਕੀ ਸੀ ਤੇ ਅਨੇਕਾਂ ਮਹਾਰਾਜਿਆਂ ਦੀ ਰਖੇਲ ਰਹਿ ਚੁੱਕੀ ਹੈ। ਪਹਿਲਾਂ ਇਹ ਅੰਮ੍ਰਿਤਸਰ ਦੇ ਰੰਡੀ ਬਜ਼ਾਰ ਵਿਚ ਨੱਚਿਆ ਕਰਦੀ ਸੀ। ਹੁਣੇ ਹੁਣੇ ਹੀ ਲਾਹੌਰ ਆਈ ਹੈ।” ਸੂਫੀਆਨਾ ਬਾਣੇ ਵਾਲਾ ਬਿਆਨ ਕਰਦਾ ਹੈ।
ਕਾਣੀ ਅੱਖ ਵਾਲੇ ਨੂੰ ਅਸਚਰਜ ਹੁੰਦਾ ਹੈ, “ਇਹ ਅੰਮ੍ਰਿਤਸਰ ਵਿਚ ਸੀ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ!”
“ਮਹਾਰਾਜ, ਇਹ ਕਵਰ ਖੜ੍ਹਕ ਸਿੰਘ ਦੀ ਪੈਦਾਇਸ਼ ਦੇ ਜ਼ਸ਼ਨਾਂ ਵਿਚ ਵੀ ਸ਼ਰੀਕ ਸੀ। ਤੁਸੀਂ ਉਦੋਂ ਨਸ਼ੇ ਵਿਚ ਹੋਣ ਕਰਕੇ ਤਵੱਜੋਂ ਨਹੀਂ ਦਿੱਤੀ। ਹਾਂ ਸੱਚ! ਤੁਸੀਂ ਕੁਝ ਵਰ੍ਹੇ ਪਹਿਲਾਂ ਇਕ ਮਹਿਫਿਲ ਵਿਚ ਇਸ ਦਾ ਮੁਜ਼ਰਾ ਵੇਖ ਚੁੱਕੇ ਹੋ। ਉਦੋਂ ਇਹ ਮਸਾਂ ਬਾਰ੍ਹਾਂ-ਤੇਰ੍ਹਾਂ ਸਾਲਾਂ ਦੀ ਸੀ। ਭੁੱਲ ਗਏ ਲਖਨਊ ਦੀ ਉਹ ਮਹਿਫਿਲ…?”
ਕਾਣੀ ਅੱਖ ਵਾਲਾ ਆਪਣੀ ਯਾਦਾਸ਼ਤ ਉੱਤੇ ਜ਼ੋਰ ਪਾਉਂਦਾ ਹੈ। ਉਸ ਨੂੰ ਯਾਦ ਆ ਜਾਂਦਾ ਹੈ ਕਿ ਲਖਨਊ ਦੇ ਨਵਾਬਾਂ ਦੀ ਇਕ ਮਹਿਫਿਲ ਵਿਚ ਉਸਨੇ ਕਿਸੇ ਖੂਬਸੂਰਤ ਕਮਸਿਨ ਜਿਹੀ ਲੜਕੀ ਦੇ ਨਾਚ ਤੋਂ ਪ੍ਰਸੰਨ ਹੋ ਕੇ ਪੈਸਿਆਂ ਦਾ ਮੀਂਹ ਵਰ੍ਹਾਂ ਦਿੱਤਾ ਸੀ। ਜੇ ਉਸ ਵਕਤ ਉਸ ਨੇ ਜੰਗ ਦੀ ਤਿਆਰੀ ਨਾ ਕਰਨੀ ਹੁੰਦੀ ਤਾਂ ਉਸ ਬਾਲੜੀ ਨਾਚੀ ਨੂੰ ਉਸੇ ਵਕਤ ਚੁੱਕ ਲਿਆਉਣਾ ਸੀ, “ਉਹ… ਹਾਂ… ਹਾਂ… ਚੇਤਾ ਆਇਆ… ਕੀ ਇਹ ਉਹੀ ਹੈ?”
“ਹਾਂ ਹਜ਼ੂਰ… ਹੁਣ ਤਾਂ ਖਾਸੀ ਨਿੱਖਰ ਆਈ ਹੈ।” ਨਾਲ ਦਾ ਖੁਲ੍ਹੇ ਵਾਲਾਂ ਵਾਲਾ ਕਾਣੀ ਅੱਖ ਵਾਲੇ ਵੱਲ ਟੇਢਾ ਜਿਹਾ ਝਾਕ ਕੇ ਬੋਲਦਾ ਹੈ।
ਕਾਣੀ ਅੱਖ ਵਾਲਾ ਘੋੜ ਸਵਾਰ ਆਪਣੇ ਲੱਕ ਨਾਲ ਬੰਨ੍ਹੀ ਸਿੱਕਿਆਂ ਦੀ ਥੈਲੀ ਖੋਲ੍ਹਦਾ ਹੈ ਤੇ ਆਪਣੇ ਉਸੇ ਸਾਥੀ ਵੱਲ ਵਗਾਹ ਕੇ ਮਾਰਦਾ ਹੈ। ਉਸ ਦਾ ਸਾਥੀ ਜਿਉਂ ਹੀ ਥੈਲੀ ਬੋਚਦਾ ਹੈ ਤਾਂ ਕਾਣੀ ਅੱਖ ਵਾਲਾ ਘੋੜ ਸਵਾਰ ਹੁਕਮ ਕਰਦਾ ਹੈ, “ਗੁਲਾਬ ਸਿੰਘ, ਚੱਕ ਲਿਆਉ, ਅੱਜ ਤੋਂ ਇਹ ਸਿਰਫ ਲਾਹੌਰ ਦਰਬਾਰ ਵਿਚ ਹੀ ਮੁਜ਼ਰਾ ਕਰੇਗੀ।”
ਉਸਦੇ ਦੋਨੋਂ ਸਾਥੀ ਮੁਸਕੜੀਏ ਹੱਸਦੇ ਹਨ ਤੇ ਤੀਜਾ ਸੂਫੀਆਨਾ ਬਾਣੇ ਵਾਲਾ ਸਾਥੀ ਬੋਲਦਾ ਹੈ, “ਮਹਾਰਾਜ ਜਿਹੜੀ ਹਫਤਾ ਪਹਿਲਾਂ ਚੰਬੇ ਤੋਂ ਲਕਸ਼ਮੀ ਦੇਵੀ ਚੱਕ ਕੇ ਲਿਆਂਦੀ ਸੀ, ਉਸਦਾ ਕੀ ਬਣੇਗਾ?”
“ਅਜ਼ਾਜ਼-ਉੱਦ-ਦੀਨ, ਉਹਦਾ ਕੀ ਹੈ? ਉਹ ਤਾਂ ਮੇਰੇ ਹਰਮ ਵਿਚ ਹੈ। ਪਰ ਇਹ ਨਾਇਯਾਬ ਹੀਰਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਤੁਸੀਂ ਤਾਂ ਜਾਣਦੇ ਹੀ ਹੋ ਰਣਜੀਤ ਸਿੰਘ ਆਹਲਾ ਨਸਲ ਦੀ ਸ਼ਿਕਾਰੀ ਕੁੱਤੀ, ਫੁਰਤੀਲੀ ਘੋੜੀ ਤੇ ਸੁੰਦਰ ਇਸਤਰੀ ਕਿਸੇ ਹੋਰ ਕੋਲ ਰਹਿਣ ਨਹੀਂ ਦਿੰਦਾ।” ਮਹਾਰਾਜਾ ਰਣਜੀਤ ਸਿੰਘ ਦੀ ਇਕੋ ਅੱਖ ਮੋਰਾਂ ਉੱਤੇ ਇਕਾਗਰ ਹੋਈ ਰਹਿੰਦੀ ਹੈ।
ਫਕੀਰ ਅਜ਼ਾਜ਼-ਉੱਦ-ਦੀਨ ਟਿੱਚਰੀ ਲਹਿਜ਼ੇ ਵਿਚ ਬੋਲਦਾ ਹੈ, “ਮਹਾਰਾਜ, ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਗੇ। ਇਹ ਕੰਮ ਹੋ ਜਾਏਗਾ।ਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ।”
“ਨਹੀਂ ਅੱਜ ਹੋਰ ਕੁਝ ਨਹੀਂ ਕਰਨਾ। ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲਦ ਮਹਾਂ ਸਿੰਘ ਦਾ ਹੁਕਮ ਐ। ਇਹਨੂੰ ਹੁਣੇ ਚੱਕ ਕੇ ਲਿਆਉ। ਮੈਂ ਘੋੜੇ ’ਤੇ ਆਪਣੇ ਨਾਲ ਬਿਠਾ ਕੇ ਲਿਜਾਣੀ ਹੈ। ਅੱਜ ਦੀ ਰਾਤ ਦੇ ਸਾਰੇ ਕੰਮ ਖਾਰਜ।” ਐਨਾ ਕਹਿੰਦਿਆਂ ਮਹਾਰਾਜੇ ਨੇ ਹੱਥ ਵਿਚ ਫੜੀ ਸੁਰਾਹੀ ਫੇਰ ਮੂੰਹ ਨੂੰ ਲਾ ਲਈ। ਉਸ ਵਿਚ ਸ਼ਰਾਬ ਦਾ ਇਕ ਵੀ ਤੁਬਕਾ ਨਹੀਂ ਹੈ। ਅਜਿਹਾ ਦੇਖਦਿਆਂ ਡੋਗਰੇ ਗੁਲਾਬ ਸਿੰਘ ਨੇ ਆਪਣੀ ਸੁਰਾਹੀ ਮਹਾਰਾਜੇ ਦੇ ਹਵਾਲੇ ਕਰ ਦਿੱਤੀ। ਮਹਾਰਾਜਾ ਇਕੋ ਸਾਹ ਘੁੱਟਾਂ-ਬਾਟੀ ਸ਼ਰਾਬ ਦੀ ਅੱਧੀ ਸੁਰਾਹੀ ਖਾਲੀ ਕਰ ਦਿੰਦਾ ਹੈ ਤੇ ਗੁਲਾਬ ਸਿੰਘ ਵੱਲ ਤੱਕਦਾ ਹੈ।
“ਮਹਾਰਾਜ, ਤੁਸੀਂ ਮਹੱਲ ਚੱਲੋ, ਦਾਤਾਰ ਕੌਰ (ਰਾਣੀ ਰਾਜ ਕੌਰ ਜਿਸਦਾ ਨਾਂ ਮਹਾਰਾਜੇ ਨੇ ਬਦਲ ਦਿੱਤਾ ਸੀ ਕਿਉਂਕਿ ਰਾਜ ਕੌਰ ਉਸਦੀ ਮਾਤਾ ਦਾ ਵੀ ਨਾਮ ਸੀ) ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ। ਮੈਂ ਇਸ ਨੂੰ ਅੱਧੀ ਰਾਤੋਂ ਕਿਲ੍ਹੇ ਦੇ ਪਿਛਲੇ ਦਰਵਾਜ਼ੇ ਰਾਹੀਂ ਲਿਆ ਕੇ ਤੁਹਾਨੂੰ ਪੇਸ਼ ਕਰਦਾ ਹਾਂ।”
“ਹਾਂ ਇਹ ਠੀਕ ਰਹੇਗਾ। ਇਸ ਨਾਲ ਲਾਹੌਰ ਸਰਕਾਰ ਦੀ ਬਦਨਾਮੀ ਵੀ ਨਹੀਂ ਹੋਵੇਗੀ।” ਫਕੀਰ ਅਜ਼ਾਜ਼-ਉੱਦ-ਦੀਨ ਹਾਮੀ ਭਰਦਾ ਹੈ।
ਬਨੇਰੇ ’ਤੇ ਖੜ੍ਹੀ ਮੋਰਾਂ ਦੀ ਅਚਾਨਕ ਨਜ਼ਰ ਰਣਜੀਤ ਸਿੰਘ ਨਾਲ ਮਿਲਦੀ ਹੈ ਤੇ ਉਸਦੀ ਅੱਖ ਵਿਚ ਅੱਖਾਂ ਪਾ ਕੇ ਸਿਰ ਨੂੰ ਇਕ ਪਾਸੇ ਵੱਲ ਝਟਕਾ ਮਾਰਦੀ ਹੋਈ ਉਸਨੂੰ ਉੱਪਰ ਆਉਣ ਦਾ ਇਸ਼ਾਰਾ ਕਰਦੀ ਹੈ।ਫਿਰ ਹਸਦੀ ਹੋਈ ਅੰਦਰ ਭੱਜ ਜਾਂਦੀ ਹੈ।
“ਹਾਏ! ਮੈਂ ਮਰਜਾਂ। ਅਫਗਾਨੀ ਨੇਜੇ ਆਂਗੂ ਖੁੱਭ ਗਈ।” ਰਣਜੀਤ ਸਿੰਘ ਕਾਲਜੇ ’ਤੇ ਹੱਥ ਰੱਖ ਕੇ ਦੰਦ ਪੀਂਹਦਾ ਹੋਇਆ ਬੋਲਦਾ ਹੈ।
ਉਥੋਂ ਉਹ ਚੱਲਣ ਹੀ ਲੱਗਦੇ ਹਨ ਕਿ ਗੌਸ ਖਾਨ ਆ ਜਾਂਦਾ ਹੈ, “ਸਿੰਘ ਸਾਹਿਬ, ਮੈਂ ਦਾਣਾ ਮੰਡੀਓ ਆ ਰਿਹਾ ਹਾਂ। ਵਪਾਰੀਆਂ ਨੇ ਅਨਾਜ਼ ਦੀ ਕਿੱਲਤ ਹੋਣ ਦੀ ਵਜ੍ਹਾ ਕਾਰਨ ਦਾਮ ਕਾਫੀ ਵਧਾ ਦਿੱਤੇ ਹਨ। ਸਾਰੀ ਪਰਜਾ ਮਹਿੰਗਿਆਈ ਕਾਰਨ ਕੁਰਲਾ ਰਹੀ ਹੈ।”
“ਠੀਕ ਹੈ, ਕੱਲ੍ਹ ਤੋਂ ਸ਼ਾਹੀ ਅਨਾਜ਼ ਦੇ ਭੰਡਾਰਿਆਂ ਦੇ ਮੂੰਹ ਖੋਲ੍ਹ ਕੇ ਸਾਰਾ ਅਨਾਜ਼ ਗਰੀਬਾਂ ਵਿਚ ਤਕਸੀਮ ਕਰ ਦੇਵੋ। ਵਪਾਰੀਆਂ ਦੀ ਅਕਲ ਆਪੇ ਟਿਕਾਣੇ ਆ ਜਾਵੇਗੀ।” ਮਹਾਰਾਜਾ ਰਣਜੀਤ ਸਿੰਘ ਮੌਕੇ ’ਤੇ ਆਪਣਾ ਫੈਸਲਾ ਸੁਣਾ ਦਿੰਦਾ ਹੈ।
ਚਾਰੋ ਘੋੜਸਵਾਰ ਹਨੇਰੇ ਨੂੰ ਚੀਰਦੇ ਹੋਏ ਸ਼ਾਹੀ ਕਿਲ੍ਹੇ ਵੱਲ ਰਵਾਨਾ ਹੋ ਜਾਂਦੇ ਹਨ।…
ਰਾਤ ਜਿਉਂ ਜਿਉਂ ਵੱਧਦੀ ਜਾਂਦੀ ਹੈ, ਤਿਉਂ ਤਿਉਂ ਰਣਜੀਤ ਸਿੰਘ ਦੀ ਬੇਤਾਬੀ ਵਿਚ ਵੀ ਇਜ਼ਾਫਾ ਹੁੰਦਾ ਜਾਂਦਾ ਹੈ। ਉਸਨੂੰ ਇਕ ਤੋੜ… ਇਕ ਅੱਚਵੀ ਜਿਹੀ ਲੱਗੀ ਹੋਈ ਹੈ।ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ। ਉਸਦੇ ਹਰਮ ਵਿਚ ਇਕ ਤੋਂ ਵਧੀਕ ਸੁੰਦਰ ਨਾਰੀਆਂ ਹਨ।ਸੁਨੱਖੀ ਜਨਾਨੀ ਦੇਖ ਕੇ ਮਹਾਰਾਜਾ ਅਕਸਰ ਹੱਲਕ ਜਾਇਆ ਕਰਦਾ ਹੈ ਤੇ ਆਪਣੀ ਮਨਪਸੰਦ ਔਰਤ ਨੂੰ ਝੱਟ ਆਪਣੇ ਹਰਮ ਦੀ ਸ਼ਾਨ ਬਣਾ ਲੈਂਦਾ ਹੈ। ਇਸ ਮਕਸਦ ਦੀ ਪੂਰਤੀ ਲਈ ਪਹਿਲਾਂ ਉਹ ਆਪਣੀ ਦੌਲਤ ਦਾ ਸਹਾਰਾ ਲੈਂਦਾ ਹੈ। ਜੇ ਦੌਲਤ ਨਾਲ ਗੱਲ ਨਾ ਬਣੇ ਤਾਂ ਉਹ ਆਪਣੀ ਤਾਕਤ ਦਾ ਇਸਤੇਮਾਲ ਕਰਦਾ ਹੈ।
ਅੱਜ ਦਾਤਾਰ ਕੌਰ ਅਤੇ ਮਹਿਤਾਬ ਕੌਰ ਦਾ ਹੁਸਨ ਮਹਾਰਾਜੇ ਨੂੰ ਫਿੱਕਾ ਫਿੱਕਾ ਪ੍ਰਤੀਤ ਹੁੰਦਾ ਹੈ। ਉਸਦੀ ਅੱਖ ਮੂਹਰੇ ਤਾਂ ਬਲੌਰੀ ਅੱਖਾਂ ਵਾਲੀ, ਗੋਰੀ ਨਿਛੋਹ, ਛਾਂਟਵੇ ਸ਼ਰੀਰ ਦੀ ਤੇ ਆਪਣੀ ਉਮਰੋਂ ਦੱਸ-ਗਿਆਰਾਂ ਵਰ੍ਹੇ ਛੋਟੀ ਮੋਰਾਂ ਕੰਚਨੀ ਮੰਡਰਾ ਰਹੀ ਹੈ।ਬਹਿਬਲ ਅਤੇ ਬੇਚੈਨ ਹੋਇਆ ਮਹਾਰਾਜਾ ਹੋਰ ਵੀ ਵਿਆਕੁਲ ਹੋ ਜਾਂਦਾ ਹੈ।…
ਰਾਤ ਅੱਧੀ ਲੰਘ ਚੁੱਕੀ ਹੈ। ਪਿਛਲੇ ਇਕ ਘੰਟੇ ਵਿਚ ਮਹਾਰਾਜਾ ਘੱਟੋ ਘੱਟ ਪੰਜਾਹ ਵਾਰੀ ਆਪਣੇ ਵਸਤਰਾਂ ਉੱਤੇ ਇਤਰ ਦਾ ਛਿੜਕਾ ਕਰ ਹਟਿਆ ਹੈ।ਬੇਜ਼ਾਰੀ ਵਿਚ ਕਮਰੇ ਦੇ ਇਕ ਸਿਰੇ ਤੋਂ ਦੂਜੇ ਵੱਲ ਚੱਕਰ ਕੱਟਦਿਆਂ, ਅਚਾਨਕ ਮਹਾਰਾਜੇ ਦੀ ਨਿਗਾਹ ਉਸਦੇ ਆਪਣੇ ਹੱਥਾਂ ਦੀਆਂ ਤਲੀਆਂ ’ਤੇ ਪੈਂਦੀ ਹੈ। ਹਰਦਮ ਤਲਵਾਰ ਦੇ ਮੁੱਠੇ ’ਤੇ ਰਹਿਣ ਨਾਲ ਉਸਦੇ ਹੱਥ ਸਖਤ ਹੋ ਗਏ ਹਨ। ਬਿਆਈਆਂ ਪਾਟਨ ਲੱਗ ਗਈਆਂ ਹਨ। ਕੇਵਲ ਛੇ ਵਰ੍ਹਿਆਂ ਦਾ ਤਾਂ ਸੀ ਉਹ ਉਦੋਂ ਜਦੋਂ ਤੋਂ ਮਿਆਨ ਵਿਚੋਂ ਕਿਰਪਾਨਾਂ ਧੁਣ ਲੱਗ ਪਿਆ ਸੀ। ਮਹਾਰਾਜੇ ਨੇ ਚਮੇਲੀ ਦਾ ਤੇਲ ਹੱਥਾਂ ਨੂੰ ਲਾਇਆ ਤੇ ਜਸਤ ਲੈ ਕੇ ਬਿਆਈਆਂ ਭਰਨ ਲੱਗ ਪਿਆ। ਅਜਿਹਾ ਕਰਦਿਆਂ ਉਹ ਵਿਚ ਵਿਚ ਦੀ ਕੰਗਣੀ ਵਾਲੇ ਪਿਆਲਿਆਂ ਵਿਚ ਭਰ ਕੇ ਵਿਦੇਸ਼ੀ ਸ਼ਰਾਬ ਵੀ ਡੀਕ ਲਾ ਕੇ ਪੀ ਲੈਂਦਾ, ਜੋ ਉਸਨੂੰ ਕੰਪਨੀ ਦੇ ਇਕ ਫਰੰਗੀ ਜਰਨੈਲ ਵੈਨਟਿਊਰਾ(ਜੋ ਬਾਅਦ ਵਿਚ ਮਹਾਰਾਜਾ ਪਾਸ ਭਰਤੀ ਹੋਇਆ) ਨੇ ਫਰਾਂਸ ਤੋਂ ਤੋਹਫੇ ਵਜੋਂ ਲਿਆ ਕੇ ਦਿੱਤੀ ਹੈ।
ਮੋਰਾਂ ਨੂੰ ਉਡੀਕਦਾ ਮਹਾਰਾਜਾ ਜਾਮ ਦਰ ਜਾਮ ਪੀਂਦਾ ਗਿਆ… ਰਾਤ ਸੰਘਣੀ ਹੁੰਦੀ ਗਈ… ਮਹਾਰਾਜਾ ਮਦਹੋਸ਼ ਹੋ ਕੇ ਜ਼ਰਨਿਗਾਰ ਕੁਰਸੀ ’ਤੇ ਹੀ ਸੌਂ ਗਿਆ…।
ਸੁਬ੍ਹਾ ਦਾ ਸੂਰਜ ਨਿਕਲ ਆਇਆ ਹੈ। ਪਰ ਮੋਰਾਂ ਨਹੀਂ ਆਈ।ਉਸ ਨੇ ਲਾਹੌਰ ਤਖਤ  ਦੀ ਗੁਲਾਮੀ ਕਬੂਲਣ ਤੋਂ ਇਨਕਾਰ ਕਰ ਦਿੱਤਾ ਹੈ।
ਬਾਅਦ ਦੁਪਹਿਰ ਜਦੋਂ ਰਣਜੀਤ ਸਿੰਘ ਨੂੰ ਹੋਸ਼ ਆਉਂਦੀ ਹੈ ਤਾਂ ਉਹ ‘ਮੋਰਾਂ… ਮੋਰਾਂ…’ ਦੀਆਂ ਅਵਾਜ਼ਾਂ ਮਾਰਨ ਲੱਗ ਪੈਂਦਾ ਹੈ। ਉਸ ਦੀਆਂ ਹਾਕਾਂ ਸੁਣ ਕੇ ਸਭ ਅਹਿਲਕਾਰ ਇਕੱਠੇ ਹੋ ਜਾਂਦੇ ਹਨ ਤੇ ਉਹ ਮਹਾਰਾਜੇ ਨੂੰ ਮੋਰਾਂ ਦੇ ਇਨਕਾਰ ਤੋਂ ਜਾਣੂ ਕਰਵਾਉਂਦੇ ਹਨ। ਇਹ ਸੁਣ ਕੇ ਮਹਾਰਾਜਾ ਰੋਹ ਵਿਚ ਆ ਜਾਂਦਾ ਹੈ। ਉਸਦਾ ਚਿਰਹਾ ਭੱਖ ਕੇ ਲਾਲ ਹੋ ਜਾਂਦਾ ਹੈ, “ਤੁਸੀਂ ਉਸਨੂੰ ਦੱਸਿਆ ਨਹੀਂ ਕਿ ਲਾਹੌਰ ਸਰਕਾਰ ਨੇ ਯਾਦ ਕੀਤੈ?… ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਬੁਲਾਇਆ ਹੈ? ਇਸ ਨਾਫਰਮਾਨੀ ਦਾ ਨਤੀਜਾ ਜਾਣਦੀ ਹੈ ਉਹ?”
“ਹਾਂ, ਮਾਹਰਾਜ ਉਸਨੂੰ ਸਰਕਾਰ ਦੀ ਤਾਕਤ ਦਾ ਪੂਰਾ ਪੂਰਾ ਇਲਮ ਹੈ।” ਸਾਖੇ ਖਾਨ ਬੋਲਿਆ।
“ਨਹੀਂ! ਉਸਨੂੰ ਮੇਰੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਅੰਦਾਜ਼ਾ ਹੁੰਦਾ ਤਾਂ ਸਿਰ ਦੇ ਬਲ ਭੱਜੀ ਆਉਂਦੀ। ਉਹਨੇ ਅਜੇ ਮੇਰੇ ਹੱਥ ਨਹੀਂ ਦੇਖੇ। ਮੈਂ ਸਣੇ ਪੰਜਾਬ ਸਾਰਾ ਲਾਹੌਰ ਫੂਕ’ਦੂੰ। ਮੈਨੂੰ ਮੋਰਾਂ ਚਾਹੀਦੀ ਹੈ, ਮੋਰਾਂ। ਲੱਗੀ ਸਮਝ?” ਆਵੇਸ਼ ਵਿਚ ਆ ਕੇ ਮਹਾਰਾਜਾ ਰਣਜੀਤ ਸਿੰਘ ਆਪਣੀ ਸਵਰਨ ਕੁਰਸੀ ਦੇ ਮੁੱਠੇ ’ਤੇ ਮੁੱਕੀਆਂ ਮਾਰਨ ਲੱਗ ਪਿਆ।
ਦਰਬਾਰ ਵਿਚ ਸਭ ਤੋਂ ਪਿਛੇ ਖੜ੍ਹਾ ਗੁਲਾਬ ਸਿੰਘ ਅੱਗੇ ਆਉਂਦਾ ਹੋਇਆ ਬੋਲਿਆ, “ਮਹਾਰਾਜ ਧੀਰਜ ਰੱਖੋ। ਕੁਝ ਸਮਾਂ ਦਿਉ। ਕੰਮ ਹੋ ਜਾਵੇਗਾ।”
“ਇਹ ਵਕਤ ਹੀ ਤਾਂ ਹੁੰਦਾ ਹੈ ਜਿਸਦੀ ਮੇਰੇ ਕੋਲ ਘਾਟ ਰਹਿੰਦੀ ਹੈ ਤੇ ਮੈਨੂੰ ਹਰ ਅਹਿਮ ਕੰਮ ਕਰਨ ਲਈ ਸਮਾਂ ਕੱਢਣਾ ਪੈਂਦੈ।… ਇਹਦੀ ਮਾਂ ਨੂੰ… ਇਕ ਕੰਜਰੀ ਦੀ ਐਨੀ ਜ਼ੁਰਅਤ ਲਾਹੌਰ ਸਰਕਾਰ ਦੀ ਹੁਕਮ ਅਦੁਲੀ ਕਰੇ।… ਘੋੜੇ ਤੇ ਲਸ਼ਕਰ ਤਿਆਰ ਕਰੋ! ਮੈਂ ਹੁਣੇ ਚੁੱਕ ਕੇ ਲਿਆਉਂਦਾ ਹਾਂ! ਉਹ ਵੀ ਕੀ ਯਾਦ ਰੱਖੂ ਸ਼ੁਕਰਚੱਕੀਆ ਮਿਸਲ ਦੇ ਚੜ੍ਹਤ ਸਿੰਘ ਦਾ ਪੋਤਾ ਆਇਆ ਹੈ… ਬੁਰਰਰੱਰਾ…।”
ਮਿਸਰ ਲਾਲ ਸਿੰਘ ਮੌਕਾ ਸਾਂਭਣ ਲਈ ਨੀਮ-ਸ਼ਰਾਬੀ ਮਹਾਰਾਜੇ ਨੂੰ ਅੱਗੇ ਵਧਕੇ ਇਕ ਹੋਰ ਜ਼ਾਮ ਫੜ੍ਹਾਉਂਦਾ ਹੈ। ਮਹਾਰਾਜਾ ਇਕੋ ਸਾਹ ਸ਼ਰਾਬ ਖਿੱਚ ਜਾਂਦਾ ਹੈ। ਸੱਜ਼ਰੇ ਜ਼ਾਮ ਨਾਲ ਰਲ੍ਹ ਕੇ ਰਾਤ ਵਾਲੀ ਸ਼ਰਾਬ ਫਿਰ ਜ਼ੋਰ ਮਾਰਦੀ ਹੈ ਤੇ ਮਹਾਰਾਜਾ ਫਿਰ ਬੇਸੁੱਧ ਹੋ ਜਾਂਦਾ ਹੈ।
ਮਦਹੋਸ਼ੀ ਦੀ ਹਾਲਾਤ ਵਿਚ ਵੀ ਮਹਾਰਾਜਾ “ਮੋਰਾਂ… ਮੋਰਾਂ… ਮੋਰਾਂ।” ਦੇ ਨਾਮ ਦਾ ਰਟਨ ਕਰਦਾ ਰਹਿੰਦਾ ਹੈ।ਕੁਝ ਪਲਾਂ ਬਾਅਦ ਜਦ ਮਹਾਰਾਜੇ ਦੇ ਹੋਸ਼ ਮੁੜ ਪਰਤਦੇ ਹਨ ਤਾਂ ਉਹ ਦਹਾੜ ਕੇ ਆਪਣੇ ਜਰਨੈਲਾਂ ਨੂੰ ਪੈਂਦਾ ਹੈ, “ਮੇਰੇ ਮੂੰਹ ਨੂੰ ਫੁੱਲ ਲੱਗੇ ਹੋਏ ਨੇ… ਖੜ੍ਹੇ ਕੀ ਦੇਖਦੇ ਓ? ਨਹੀਂ ਨਲੂਏ ਨੂੰ ਸੱਦਾਂ ਫੇਰ?… ਨਹੀਂ! ਨਲੂਏ ਨੇ ਮੰਨਣਾ ਨ੍ਹੀਂ ਏਸ ਕੰਮ ਲਈ… ਜਾਉ ਮੋਰਾਂ ਕੰਚਨੀ ਹੁਣੇ ਮੇਰੀ ਬੁੱਕਲ ਵਿਚ ਬੈਠੀ ਹੋਣੀ ਚਾਹੀਦੀ ਹੈ, ਨਹੀਂ ਸਾਰਿਆਂ ਨੂੰ ਤੋਪ ਨਾਲ ਬੰਨ੍ਹ ਕੇ ਉਡਾ’ਦੂੰ।”
ਏਨਾ ਸੁਣ ਕੇ ਸਭ ਅਹਿਲਕਾਰ ਡਰ ਜਾਂਦੇ ਹਨ। ਕਿਉਂਕਿ ਉਹ ਇਹ ਸਚਾਈ ਭਲੀਭਾਂਤ ਜਾਣਦੇ ਹਨ ਕਿ ਜਦੋਂ ਮਹਾਰਾਜਾ ਸੋਫੀ ਹੁੰਦਾ ਹੈ ਤਾਂ ਦੁਨੀਆਂ ਵਿਚ ਉਸ ਨਾਲੋਂ ਚੰਗਾ ਬੰਦਾ ਕੋਈ ਨਹੀਂ, ਲੇਕਿਨ ਜਦੋਂ ਸ਼ਰਾਬੀ ਹੁੰਦਾ ਹੈ ਤਾਂ ਉਸ ਨਾਲੋਂ ਗੰਦਾ ਬੰਦਾ ਵੀ ਕੋਈ ਨਹੀਂ ਹੈ।
ਠਠੰਬਰੇ ਖੜ੍ਹੇ ਖਾਦਿਮਾਂ ਨੂੰ ਦੇਖ ਕੇ ਮਹਾਰਾਜਾ ਗਰਜ਼ਦਾ ਹੈ, “ਮਹੂਰਤ ਕੱਢਵਾਵਾਂ ਕਿ ਨਗਾਰੇ ਵਜਾਵਾਂ?… ਫਿਰ ਜਾਉਗੇ। ਜਾਉ ਭੱਜ ਜਾਉ, ਹੁਣੇ ਮੋਰਾਂ ਕੰਚਨੀ ਚਾਹੀਦੀ ਹੈ… ਹਾਏ ਮੋ…ਰਾਂ!” ਦਰਬਾਰ ਦੀਆਂ ਕੰਧਾਂ ਅਤੇ ਛੱਤਾਂ ਨੂੰ ਪਾੜਦੀ ਮਹਾਰਾਜੇ ਦੀ ਅਵਾਜ਼ ਕਿਲ੍ਹੇ ਤੋਂ ਬਾਹਰ ਤੱਕ ਗੂੰਝਦੀ ਹੈ।
ਮਹਾਰਾਜੇ ਦੀ ਲਲਕਾਰ ਸੁਣ ਕੇ ਅਹਿਲਕਾਰ ਹੋਰ ਵੀ ਭੈਭੀਤ ਹੋ ਜਾਂਦੇ ਹਨ। ਘੋੜਸਵਾਰੀ, ਸ਼ਿਕਾਰ, ਜਨਾਨੀਬਾਜ਼ੀ ਅਤੇ ਸ਼ਰਾਬਨੋਸ਼ੀ ਮਹਾਰਾਜੇ ਦੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ਰਹੀਆਂ ਹਨ। ਮਨਇੱਛਤ ਹੁਸੀਨਾ ਹਾਸਿਲ ਕਰਨ ਲਈ ਤਾਂ ਉਹ ਜੰਗ ਲੜਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਹ ਕਿਸੇ ਔਰਤ ਨੂੰ ਲੈ ਕੇ ਇਸ ਤਰ੍ਹਾਂ ਪਾਗਲ ਹੋਇਆ ਹੋਵੇ। ਸਭਾ ਵਿਚ ਉਪਸਥਿਤ ਚਤਰ ਸਿੰਘ, ਦੀਵਾਨ ਦੀਨਾ ਨਾਥ, ਡੋਗਰਾ ਸੁਚੇਤ ਸਿੰਘ ਅਤੇ ਰਣਜੋਧ ਸਿੰਘ ਮਜੀਠੀਆ ਵਰਗੇ ਸਮਝਦਾਰ ਅਹੁਦੇਦਾਰਾਂ ਨੂੰ ਇਹ ਕੋਈ ਭਵਿਖ ਵਿਚ ਆਉਣ ਵਾਲੇ ਸੰਕਟ ਦਾ ਸੂਚਕ ਲੱਗਾ। ਇਸ ਦੀ ਸਭ ਤੋਂ ਵੱਧ ਚਿੰਤਾ ਮਹਾਰਾਜੇ ਦੇ ਵਫਾਦਾਰ ਜਰਨੈਲਾਂ ਨੂੰ ਤੋੜ ਤੋੜ ਖਾਣ ਲੱਗੀ। ਸਿਵਾਏ ਧਿਆਨ ਸਿੰਘ ਅਤੇ ਉਸਦੇ ਭਰਾ ਗੁਲਾਬ ਸਿੰਘ ਦੇ। ਮਹਾਰਾਜੇ ਦੀ ਮੋਰਾਂ ਨੂੰ ਲੈ ਕੇ ਅਜਿਹੀ ਹਾਲਤ ਦੇਖਦਿਆਂ ਡੋਗਰੇ ਭਰਾਵਾਂ ਦੇ ਚਿਹਰੇ ਉੱਤੇ ਮੁਸਕੁਰਾਹਟ ਆ ਗਈ। ਧਿਆਨ ਸਿੰਘ ਨੇ ਮੌਕੇ ਨੂੰ ਬੋਚਦਿਆਂ ਪੈਂਦੀ ਸੱਟੇ ਮਹਾਰਾਜੇ ਦੇ ਮੂਹਰੇ ਮੇਜ਼ ’ਤੇ ਪਈ ਸੂਰਾਹੀ ਵਿਚੋਂ ਇਕ ਹੋਰ ਜਾਮ ਭਰਿਆ ਤੇ ਮਹਾਰਾਜੇ ਨੂੰ ਪੇਸ਼ ਕਰਦਾ ਹੋਇਆ ਬੋਲਿਆ, “ਮਹਾਰਾਜ, ਛੋਟਾ ਮੂੰਹ ਵੱਡੀ ਗੱਲ। ਜੇ ਹੁਕਮ ਕਰੋਂ ਤਾਂ ਮੈਂ ਮੋਰਾਂ ਨਾਲ ਗੱਲ ਕਰਕੇ ਦੇਖਾਂ? ਮੈਂ ਹਜ਼ੂਰ ਦੀਆਂ ਸਿਫਤਾਂ ਦੇ ਐਸੇ ਪੁੱਲ ਬੰਨ੍ਹਗਾ ਕਿ ਮੁਗਲੀਆ ਤੋਪ ਦੇ ਗੋਲੇ ਵਾਂਗੂ ਸਿੱਧੀ ਤੁਹਾਡੇ ਚਰਨਾਂ ਵਿਚ ਆ ਕੇ ਡਿੱਗੇਗੀ।”
“ਹਾਂ। ਹਾਂ। ਧਿਆਨ ਸਿੰਘ ਇਸ ਕੰਮ ਲਈ ਤੂੰ ਹੀ ਮੈਨੂੰ ਸਭ ਤੋਂ ਕਾਬਲ ਲੱਗਦੈਂ। ਤੂੰ ਇਸ ਕੰਮ ਵਿਚ ਮਾਹਿਰ ਹੈਂ। ਤੂੰ ਮੇਰੇ ਹਰਮ ਦਾ ਸਹੀ ਖਿਆਲ ਰਖਦਾ ਹੈ। ਮੈਂ ਤੈਨੂੰ ਮਨੋਰੰਜ਼ਨ ਮੰਤਰੀ ਹੀ ਨਾ ਬਣਾ ਦੇਵਾਂ? ਫਟਾਫਟ ਕਰ ਮੇਰੀ ਮੋਰਾਂ ਬਿਨਾ ਜਾਨ ਨਿਕਲਦੀ ਜਾਂਦੀ ਹੈ। ਇਸ ਕੰਮ ਲਈ ਸਾਰੇ ਸ਼ਾਹੀ ਖਜ਼ਾਨੇ ਦੇ ਮੂੰਹ ਖੁੱਲ੍ਹੇ ਨੇ। ਸ਼ਾਹੀ ਫੌਜਾਂ ਤੇਰੇ ਇਕ ਇਸ਼ਾਰੇ ’ਤੇ ਸਭ ਨਹਿਸਤੋ-ਨਾਬੂਦ ਕਰਦੇਣਗੀਆਂ। ਜੋ ਚਾਹੀਦਾ ਲੈ। ਪਰ ਅੱਜ ਰਾਤ ਨੂੰ ਮੋਰਾਂ ਮੇਰੀਆਂ ਬਾਹਾਂ ਵਿਚ ਹੋਵੇ। ਨਹੀਂ ਸਵੇਰੇ ਨੂੰ ਕਿਲ੍ਹੇ ਦੀ ਬੁਰਜ਼ੀ ਵਿਚ ਲਿਜਾ ਕੇ ਤੇਰਾ ਸਿਰ ਕਲਮ ਕਰ’ਦੂੰ ਤੇ ਸ਼ਾਹਾਲਾਮੀ ਦਰਵਾਜ਼ੇ ’ਤੇ ਗਿਰਝਾਂ ਦੇ ਖਾਣ ਲਈ ਟੰਗ ’ਦੂੰ। ਖਾਨੇ ਵੜ’ਗੀ ਨਾ?”
ਐਨੀ ਧਮਕੀ ਸੁਣਦਿਆਂ ਸਾਰ ਧਿਆਨ ਸਿੰਘ ਦਾ ਸੰਘ ਸੁੱਕਣ ਲੱਗ ਪਿਆ। ਕੁਝ ਪਲ ਪਹਿਲਾਂ ਜ਼ਿਹਨ ਵਿਚ ਬਣਾਈ ਯੋਜਨਾ ਉਸਨੂੰ ਇਕਦਮ ਵਿਸਰ ਗਈ। ਉਸਨੂੰ ਸਿਰਫ ਕਿਲ੍ਹੇ ਦੀ ਬੁਲੰਦ ਬੁਰਜ਼ੀ, ਰਣਜੀਤ ਸਿੰਘ ਦੀ ਹੀਰਿਆਂ ਨਾਲ ਜੜੀ ਮਿਆਨ ਵਾਲੀ ਕਿਰਪਾਨ ਅਤੇ ਆਪਣਾ ਗਲਾ ਦਿਖਾਈ ਦੇਣ ਲੱਗਾ। ਅੱਖਾਂ ਮੂਹਰੇ ਭੰਭੂ ਤਾਰੇ ਨੱਚਣ ਲੱਗੇ। ਚਿਹਰਾ ਜ਼ਰਦਰੂ ਹੋ ਗਿਆ। ਉਸਦਾ ਸਿਰ ਚਕਰਾਉਣ ਲੱਗਾ। ਉਸਨੂੰ ਆਪਣੀ ਬੋਲਣ ਲਈ ਕੀਤੀ ਪਹਿਲ ਕਦਮੀ ਉੱਤੇ ਪਛਤਾਵਾਂ ਹੋਣ ਲੱਗਾ। ਉਹ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗਾ… ਬਾਕੀ ਜਰਨੈਲਾਂ ਵਾਂਗ ਉਹ ਵੀ ਤਾਂ ਨੀਵੀਂ ਪਾ ਕੇ ਚੁੱਪ ਖੜ੍ਹਾ ਰਹਿ ਸਕਦਾ ਸੀ… ਕੀ ਜ਼ਰੂਰਤ ਸੀ ਉਸਨੂੰ ਭੂੰਡਾਂ ਦੀ ਖੱਖਰ ਨੂੰ ਛੇੜਨ ਦੀ? ਧਿਆਨ ਸਿੰਘ ਦਾ ਚਿੱਤ ਕਰੇ ਉਹ ਆਪਣੇ ਮੂੰਹ ’ਤੇ ਆਪ ਚੁਪੇੜਾਂ ਮਾਰੇ। ਉਸਦੇ ਪਿਛੇ ਖੜ੍ਹੇ ਉਸਦੇ ਭਰਾ ਗੁਲਾਬ ਸਿੰਘ ਨੇ ਉਸਦੇ ਮੋਡੇ ’ਤੇ ਹੱਥ ਰੱਖ ਕੇ ਘੁੱਟਿਆ ਤਾਂ ਧਿਆਨ ਸਿੰਘ ਨੂੰ ਕੁਝ ਹੌਂਸਲਾ ਜਿਹਾ ਹੋਇਆ।
“ਮੇਰਾ ਖਿਆਲ ਹੈ ਮਹਾਰਾਜ ਨੂੰ ਹੁਣ ਅਰਾਮ ਦੀ ਜ਼ਰੂਰਤ ਹੈ। ਮਹਾਰਾਜ…।” ਰਣਜੀਤ ਸਿੰਘ ਦੇ ਨਿੱਜੀ ਅੰਗਰੱਖਿਅਕਾਂ ਨੇ ਉਸ ਨੂੰ ਬਾਹਾਂ ਦਾ ਸਹਾਰਾ ਦੇ ਕੇ ਤੋਰਿਆ ਤੇ ਲੜਖੜਾਉਂਦੇ ਹੋਏ ਰਣਜੀਤ ਸਿੰਘ ਨੂੰ ਅਰਾਮਗਾਹ ਵਿਚ ਲਿਟਾ ਆਏ।
ਘੋੜੀ ’ਤੇ ਸਵਾਰ ਹੋ ਕੇ ਧਿਆਨ ਸਿੰਘ ਕਿਲ੍ਹੇ ਤੋਂ ਬਾਹਰ ਇੰਝ ਮੂੰਹ ਲਟਕਾਈ ਨਿਕਲਿਆ ਕਿ ਜਿਵੇਂ ਹੁਣੇ ਹੁਣੇ ਕੁੜੀ ਦੱਬ ਕੇ ਆਇਆ ਹੁੰਦਾ ਹੈ। ਉਸ ਦੇ ਅੰਦਰ ਚੱਲਦੇ ਦਵੰਦ ਯੁੱਧ ਬਾਰੇ ਜਿਵੇਂ ਉਸਦੀ ਕਾਲੀ ਕਾਬਲੀ ਘੋੜੀ ਵੀ ਜਾਣੂ ਹੋ ਗਈ ਹੁੰਦੀ ਹੈ, ਇਸ ਲਈ ਉਸਦੀ ਚਾਲ ਵੀ ਬਹੁਤ ਧੀਮੀ ਹੋ ਗਈ ਹੈ।
ਕਿਲ੍ਹੇ ਤੋਂ ਬਾਹਰ ਆ ਕੇ ਧਿਆਨ ਸਿੰਘ ਨੇ ਸੁਰੱਖਿਆ ਬੁਰਜ਼ੀ ਵੱਲ ਦੇਖਿਆ ਤੇ ਫਿਰ ਆਪਣੀ ਗਰਦਨ ਨੂੰ ਹੱਥ ਲਾ ਕੇ ਉਸ ਦੇ ਸਹੀ ਸਲਾਮਤ ਹੋਣ ਦਾ ਯਕੀਨ ਆਪਣੇ ਆਪ ਨੂੰ ਦੁਆਇਆ। ਧਿਆਨ ਸਿੰਘ ਨੂੰ ਆਪਣੀ ਜਾਨ ਕੁੜੱਕੀ ਵਿਚ ਫਸੀ ਮਹਿਸੂਸ ਹੋਈ। ਇਕ ਪਲ ਲਈ ਉਸਦੇ ਮਨ ਵਿਚ ਵਿਚਾਰ ਆਇਆ ਕਿ ਉਹ ਰਣਜੀਤ ਸਿੰਘ ਦੀ ਰਿਆਸਤ ਤੋਂ ਦੂਰ ਚਲਾ ਜਾਵੇ, “ਪਰ ਕਿਥੇ? ਦੂਰ ਜੰਮੂ ਆਪਣੇ ਪਿੰਡ ਡਿਓਲੀ! ਨਹੀਂ ਮੈਸੂਰ… ਹੈਦਰਾਬਾਦ ਦੇ ਨਿਜ਼ਾਮ ਬਹਾਦਰ ਨੇ ਜ਼ਰੂਰ ਉਸਨੂੰ ਆਪਣੇ ਖੰਭਾਂ ਹੇਠ ਲੁਕਾ ਲੈਣਗੇ… ਨਹੀਂ ਉਹ ਸ਼ੇਰ-ਏ-ਪੰਜਾਬ ਨਾਲ ਦੁਸ਼ਮਣੀ ਕਿਉਂ ਮੁੱਲ ਲੈਣਗੇ? ਉਨ੍ਹਾਂ ਨੂੰ ਰਣਜੀਤ ਸਿੰਘ ਦੀ ਤਾਕਤ ਦਾ ਅੰਦਾਜ਼ਾ ਹੈ!… ਫਰੰਗੀ ਸਰਕਾਰ ਤਾਂ ਮੈਨੂੰ ਜ਼ਰੂਰ ਪਨਾਹ ਦੇ ਦੇਵੇਗੀ।… ਨਹੀਂ ਈਸਟ ਇੰਡੀਆ ਕੰਪਨੀ ਤਾਂ ਮੇਰੇ ਰਾਹੀਂ ਖੁਦ ਰਣਜੀਤ ਸਿੰਘ ਨਾਲ ਸਮਝੌਤੇ ਅਤੇ ਸੰਧੀਆਂ ਕਰਨ ਨੂੰ ਫਿਰਦੀ ਹੈ। ਰਣਜੀਤ ਸਿੰਘ ਤਾਂ ਸ਼ਾਇਦ ਬਖਸ਼ ਦੇਵੇ ਕੰਪਨੀ ਹਰਗਿਜ਼ ਮੈਨੂੰ ਮੁਆਫ ਨਹੀਂ ਕਰੇਗੀ। ਨਾਲੇ ਫਿਰ ਪੰਜਾਬ ਉੱਤੇ ਰਾਜ ਕਰਨ ਦੀ ਮੇਰੀ ਇੱਛਾ ਮਿੱਟੀ ਵਿਚ ਮਿਲ ਜਾਵੇਗੀ…।” ਇੰਝ ਆਪਣੇ ਹੀ ਸੁਆਲਾਂ ਦਾ ਜੁਆਬ ਦਿੰਦਾ ਹੋਇਆ ਧਿਆਨ ਸਿੰਘ ਕਿਲ੍ਹੇ ਤੋਂ ਕਾਫੀ ਦੂਰ ਆ ਗਿਆ।
ਕਿਲ੍ਹੇ ਦੇ ਬਾਹਰੋਂ ਧਿਆਨ ਸਿੰਘ ਨੇ ਪਿਛੇ ਮੁੜ ਕੇ ਕਿਲ੍ਹੇ ਵੱਲ ਦੇਖਿਆ। ਕਿਲ੍ਹੇ ਦੀਆਂ ਕੰਧਾਂ ਦੇ ਮਗੋਰਿਆਂ ਵਿਚੋਂ ਝਾਕਦੀਆਂ ਤੋਪਾਂ ਦੇਖ ਕੇ ਉਹ ਹੋਰ ਵੀ ਭੈਭੀਤ ਹੋ ਗਿਆ। ਧਿਆਨ ਸਿੰਘ ਤੋਪਖਾਨੇ ਦੀਆਂ ਤੋਪਾਂ ਦੀ ਗਿਣਤੀ 288 ਬਾਖੂਬ ਜਾਣਦਾ ਹੈ। ਉਸਨੂੰ ਜਾਪਿਆ ਜਿਵੇਂ ਸਾਰੀਆਂ ਤੋਪਾਂ ਦੇ ਮੂਹਰੇ ਬੰਨ੍ਹ ਕੇ ਉਸ ਨੂੰ ਉਡਾਇਆ ਜਾ ਰਿਹਾ ਹੈ। ਐਨੇ ਨੂੰ ਬਾਦਸ਼ਾਹੀ ਮਸਜਿਦ ਨਮਾਜ਼ ਪੜ੍ਹਣ ਜਾ ਰਿਹਾ ਮਜ਼ਹਰ ਅਲੀ  ਤੇਜ਼ ਘੋੜਾ ਦੌੜਾਉਂਦਾ ਹੋਇਆ ਧਿਆਨ ਸਿੰਘ ਦੇ ਕੋਲ ਦੀ ਲੰਘਦਾ ਹੋਇਆ ਬੋਲਿਆ, “ਦਿਆਨ ਸਿੰਘ, ਅੱਲਾ ਕਰੇ ਤੁਸੀਂ ਆਪਣੇ ਮਨਸੂਬੇ ਵਿਚ ਕਾਮਯਾਬੀ ਹਾਸਿਲ ਕਰੋਂ।”
“ਇੰਨਸ਼ਾ ਅੱਲਾ! ਮੈਨੂੰ ਆਪਣੀ ਨਮਾਜ਼ ਵਿਚ ਯਾਦ ਰੱਖਣਾ।” ਧਿਆਨ ਸਿੰਘ ਦੀ ਨਿਆਣੇ ਦੇ ਰੋਣ ਵਰਗੀ ਅਵਾਜ਼ ਨਿਕਲੀ। ਉਸਨੂੰ ਲੱਗਾ ਕਿ ਮਜ਼ਹਰ ਅਲੀ ਉਸਨੂੰ ਸ਼ੁਭ ਕਾਮਨਾ ਨਹੀਂ ਬਲਕਿ ਧਮਕੀ ਦੇ ਕੇ ਗਿਆ ਹੋਵੇ। ਧਿਆਨ ਸਿੰਘ ਨੇ ਘੋੜੇ ਨੂੰ ਅੱਡੀ ਮਾਰੀ ਤੇ ਹੀਰਾ ਮੰਡੀ ਵੱਲ ਸਿੱਧਾ ਹੋ ਗਿਆ।…
ਮੂੰਹ ਹਨੇਰਾ ਹੁੰਦਿਆਂ ਮਹਾਰਾਜੇ ਨੂੰ ਸ਼ਰਾਬ ਦੀ ਤਲਬ ਹੋਈ। ਉਸ ਨੇ ਆਪਣੀਆਂ ਦਾਸੀਆਂ ਅਤੇ ਰਾਣੀਆਂ ਨੂੰ ਤਿਆਰ ਹੋ ਕੇ ਜਨਾਨਖਾਨੇ ਦੇ ਲੀਲਾ ਗ੍ਰਹਿ ਵਿਚ ਸੱਦ ਲਿਆ।
ਮਹਾਰਾਜਾ ਆਪਣੀਆਂ ਦਾਸੀਆਂ ਅਤੇ ਰਾਣੀਆਂ ਦੇ ਝੁਰਮਟ ਵਿਚਕਾਰ ਬੈਠਾ ਸ਼ਰਾਬ ਪੀ ਰਿਹਾ ਹੈ। ਰਣਜੀਤ ਸਿੰਘ ਦੇ ਇਕ ਪਾਸੇ ਰਾਣੀ ਦਾਤਾਰ ਕੌਰ ਤੇ ਦੂਜੇ ਦਾਸੀ ਰੂਪ ਕੁਮਾਰੀ ਉਸਨੂੰ ਜੱਫੀ ਪਾਈ ਬੈਠੀਆਂ ਹਨ।ਮਹਾਰਾਜੇ ਨੇ ਮਹਿਤਾਬ ਕੌਰ ਨੂੰ ਅਜੇ ਕਲਾਵੇ ਵਿਚ ਲੈਣ ਲਈ ਬਾਂਹ ਉਲਾਰੀ ਹੀ ਹੁੰਦੀ ਹੈ ਕਿ ਧਿਆਨ ਸਿੰਘ ਮਹਾਰਾਜੇ ਦੇ ਕੋਲ ਸਿੱਧਾ ਜਨਾਨਖਾਨੇ ਵਿਚ ਆ ਗਿਆ। ਪਹਿਰੇਦਾਰਾਂ ਨੂੰ ਇਹ ਵਿਸ਼ੇਸ਼ ਹਦਾਇਤ ਹੈ ਕਿ ਧਿਆਨ ਸਿੰਘ ਕਦੇ ਵੀ ਬਿਨਾ ਇਜ਼ਾਜਤ ਮਹਾਰਾਜੇ ਨੂੰ ਮਿਲ ਸਕਦਾ ਹੈ। ਮਹਾਰਾਜਾ ਉਸ ਉੱਤੇ ਅੰਨ੍ਹਾ ਵਿਸ਼ਵਾਸ ਇਸ ਲਈ ਕਰਦਾ ਹੈ ਕਿਉਂਕਿ ਮਹਾਰਾਜੇ ਲਈ ਅਯਾਸ਼ੀ ਦੇ ਸਾਰੇ ਇੰਤਜ਼ਾਮ ਧਿਆਨ ਸਿੰਘ ਹੱਥ ਹੀ ਹੁੰਦੇ ਹਨ।ਧਿਆਨ ਸਿੰਘ ਤੋਂ ਸਿਵਾਏ ਹੋਰ ਕਿਸੇ ਨੂੰ ਵੀ ਇਉਂ ਜਨਾਨਖਾਨੇ ਵਿਚ ਜਾਣ ਦੀ ਇਜ਼ਾਜਤ ਨਹੀਂ ਹੈ।ਮਹਾਰਾਜੇ ਨੂੰ ਦੂਸਰੇ ਅਹਿਲਕਾਰਾਂ ਨੇ ਕਈ ਵਾਰ ਧਿਆਨ ਸਿੰਘ ਦੇ ਮਹਾਰਾਜੇ ਦੀਆਂ ਦਾਸੀਆਂ ਨਾਲ ਸ਼ਰੀਰਕ ਸੰਬਧਾਂ ਦੇ ਸੰਕੇਤ ਵੀ ਕੀਤੇ ਹਨ। ਲੇਕਿਨ ਮਹਾਰਾਜਾ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ, “ਖਬਰਦਾਰ! ਜੇ ਕਿਸੇ ਨੇ ਮੈਨੂੰ ਧਿਆਨ ਸਿੰਘ ਦੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕੀਤੀ। ਮੇਰੀ ਭਾਵੇਂ ਇਕ ਅੱਖ ਐ, ਪਰ ਮੈਨੂੰ ਲਾਹੌਰੋਂ ਖੜ੍ਹੇ ਨੂੰ ਦਿੱਲੀ ਦਿਸਦੀ ਐ। ਮੈਂ ਨੈਣਜ਼ਲਾ ਹਾਂ।(ਜਿਸਨੂੰ ਅੱਖਾਂ ਮੀਚ ਕੇ ਵੀ ਦਿਖਾਈ ਦਿੰਦਾ ਹੋਵੇ।)”
ਏਨੀ ਤਾੜਨਾ ਸੁਣ ਕੇ ਕਰਮਚਾਰੀ ਖਾਮੋਸ਼ ਹੋ ਜਾਂਦੇ ਹਨ।ਮਹਾਰਾਜੇ ਨੇ ਧਿਆਨ ਸਿੰਘ ਨੂੰ ਭਾਰੀ ਜਾਗੀਰਾਂ ਬਖਸ਼ਣ ਦਾ ਵਾਅਦਾ ਵੀ ਕੀਤਾ ਹੋਇਆ ਹੈ।
ਧਿਆਨ ਸਿੰਘ ਜਿਉਂ ਹੀ ‘ਫਤਿਹ’ ਬੁਲਾਉਂਦਾ ਹੈ ਤਾਂ ਸਭ ਇਸਤਰੀਆਂ ਮਹਾਰਾਜੇ ਅਤੇ ਧਿਆਨ ਸਿੰਘ ਨੂੰ ਇਕੱਲਿਆਂ ਛੱਡ ਕੇ ਦੂਸਰੇ ਕਮਰੇ ਵਿਚ ਚਲੀਆਂ ਜਾਂਦੀਆਂ ਹਨ।
“ਹਾਂ ਕੀ ਸਮਾਚਾਰ ਹੈ?” ਮਹਾਰਾਜਾ ਹਿਰਖ ਨਾਲ ਬੋਲਿਆ।
ਧਿਆਨ ਸਿੰਘ ਜਕਦਾ ਜਕਦਾ ਜੁਆਬੀ ਹੁੰਦਾ ਹੈ, “ਮਹਾਰਾਜ ਕੰਮ ਤਾਂ ਹੋ ਗਿਐ… ਪਰ…।”
“ਹਾਂ…?” ਮਹਾਰਾਜਾ ਉਤਾਵਲਾ ਹੋ ਉੱਠਦਾ ਹੈ।
“ਪਰ…!!!”
ਮਹਾਰਾਜਾ ਪਲੰਘ ਤੋਂ ਉੱਠ ਕੇ ਖੜ੍ਹਾ ਹੋ ਗਿਆ, “ਕੀ ਪਰ ਪਰ ਲਾ ਰੱਖੀ ਹੈ। ਤੂੰ ਪਰਾਂ ਨੂੰ ਕੱਟ ਤੇ ਮੁੱਦੇ ’ਤੇ ਆ।”
“ਮੋਰਾਂ ਤੁਹਾਡੇ ਹਰਮ ਵਿਚ ਆਉਣ ਲਈ ਰਾਜ਼ੀ ਨਹੀਂ ਹੋਈ। ਉਹ ਕਹਿੰਦੀ ਹੈ ਕਿ ਉਹ ਸੌਂਕਣਾਂ ਬਰਦਾਸ਼ਤ ਨਹੀਂ ਕਰ ਸਕਦੀ। ਮਹਾਰਾਜੇ ਨੇ ਮੁਜ਼ਰੇ ਦਾ ਲੁਤਫ ਲੈਣਾ ਹੈ ਤਾਂ ਦੂਜੇ ਰਜਵਾੜਿਆਂ ਅਤੇ ਰਈਸਾਂ ਵਾਂਗ ਉਸਦੇ ਕੋਠੇ ’ਤੇ ਤਸ਼ਰੀਫ ਲਿਆਵੇ।”
“ਹੈਂ! ਉਹਦੀ ਇਹ ਮਜਾਲ? ਉਹਦੀ ਭੈਣ… ।” ਮਹਾਰਾਜੇ ਦਾ ਚਿਹਰਾ ਗੁੱਸੇ ਨਾਲ ਭਖ ਕੇ ਲਾਲ ਹੋ ਗਿਆ।
“ਜਾਣ ਨੂੰ ਤਾਂ ਮਹਾਰਾਜ ਤੁਸੀਂ ਉਸਦੇ ਕੋਠੇ ’ਤੇ ਵੀ ਜਾ ਸਕਦੇ ਹੋ। ਅੱਗੇ ਕਿਹੜਾ ਭੇਸ ਬਦਲ ਕੇ ਕੋਠਿਆਂ ’ਤੇ ਨਹੀਂ ਜਾਂਦੇ…।”
ਮਹਾਰਾਜੇ ਨੇ ਧਿਆਨ ਸਿੰਘ ਨੂੰ ਵਿਚੋਂ ਟੋਕਿਆ, “ਨਹੀਂ ਬੇਇਜ਼ਤੀ ਆ ਇਹਦੇ ’ਚ ਮੇਰੀ… ਉਹਨੂੰ ਮੇਰੇ ਕੋਲੇ ਹੀ ਆਉਣਾ ਪਊਗਾ… ਸਿੱਧੀ ਤਰ੍ਹਾਂ ਬੰਦੀ ਬਣ ਕੇ ਪਿਆਰ ਨਾਲ ਆ ਜਾਵੇ। ਨਹੀਂ ਹਿੱਕ ਦੇ ਜ਼ੋਰ ਨਾਲ ਲੈ ਕੇ ਆਊਂ!”
ਧਿਆਨ ਸਿੰਘ ਆਪਣੇ ਖੁਸ਼ਕ ਬੁੱਲ੍ਹਾਂ ’ਤੇ ਜੀਭ ਫੇਰਦਾ ਹੋਇਆ ਬੋਲਿਆ, “ਮੈਨੂੰ ਪਤਾ ਸੀ ਸਰਕਾਰ ਇਹੀ ਕਹੇਗੀ। ਇਸ ਗੱਲ ਦਾ ਖਿਆਲ ਰੱਖਦਿਆਂ ਹੋਇਆਂ ਮੈਂ ਸਭ ਬੰਦੋਬਸਤ ਕਰ ਦਿੱਤਾ ਹੈ। ਸੱਪ ਵੀ ਮਰ’ਜੂ ਤੇ ਸੋਟੀ ਵੀ ਨਹੀਂ ਟੁੱਟਣੀ।”
“ਕੀ ਮਤਲਬ ਐ ਤੇਰਾ? ਬੁੱਝਾਰਤਾਂ ਜਿਹੀਆਂ ਨਾ ਪਾ।”
“ਇੰਤਜ਼ਾਮ ਕਰ ਆਇਆ ਹਾਂ, ਮਹਾਰਾਜ। ਲਾਹੌਰ ਦੇ ਬਾਹਰ ਇਕ ਹਵੇਲੀ ਹੈ, ਅਜੇ ਪਿਛਲੇ ਹਫਤੇ ਹੀ ਆਪਾਂ ਕੁਰਕ ਕੀਤੀ ਹੈ। ਵਾਰਿਸ ਸ਼ਾਹ ਲੋਕਾਇਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ, ਜਿਹੜੀ ਗੱਲ ਪਰਦੇ ਨਾਲ ਹੋ ਜਾਵੇ ਉਹਦੇ ਵਰਗੀ ਰੀਸ ਨਹੀਂ ਹੁੰਦੀ। ਮੈਂ ਮੋਰਾਂ ਨੂੰ ਉਥੇ ਹਵੇਲੀ ਵਿਚ ਛੱਡ ਆਇਆ ਹਾਂ ਤੇ ਉਥੇ ਉਹ ਸਰਕਾਰ ਦੀ ਖਿਦਮਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਕੰਮ ’ਤੇ ਕੁਝ ਖਰਚ ਹੋਇਆ ਹੈ… ਜੇ ਸਰਕਾਰ ਖਜਾਨਚੀ ਨੂੰ ਕਹਿ ਕੇ …।” ਧਿਆਨ ਸਿੰਘ ਬੋਲਦਾ ਬੋਲਦਾ ਚੁੱਪ ਕਰਕੇ ਆਪਣੇ ਕੰਨ ਖੁਰਕਣ ਲੱਗ ਪਿਆ।
ਰਣਜੀਤ ਸਿੰਘ ਨੇ ਆਪਣੇ ਗਲ ਵਿਚੋਂ ਇਕ ਬਹੁਮੁੱਲੀ ਮਾਲਾ ਉਤਾਰ ਕੇ ਧਿਆਨ ਸਿੰਘ ਨੂੰ ਫੜ੍ਹਾ ਦਿੱਤੀ, “ਖਰਚੇ ਦੀ ਪਰਵਾਹ ਨਾ ਕਰ। ਮੈਂ ਦੀਵਾਨ ਨੂੰ ਕਹਿ’ਦੂੰ। ਤੈਨੂੰ ਮੂੰਹੋਂ ਮੰਗੇ ਇਨਾਮ ਮਿਲਣਗੇ। ਮੈਂ ਜਲਦ ਹੀ ਤੈਨੂੰ ਰਾਜੇ ਦੀ ਉਪਾਧੀ ਨਾਲ ਨਿਵਾਜ਼ਾਂਗਾ। ਚੱਲ ਚੱਲੀਏ।”
ਰਣਜੀਤ ਸਿੰਘ ਨੂੰ ਨਾਲ ਲੈ ਕੇ ਧਿਆਨ ਸਿੰਘ ਲਾਹੌਰ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਬਗਵਾਨਪੁਰ ਦੇ ਪਿਛਲੇ ਪਾਸੇ ਵਾਲੀ ਪਹਾੜੀ ਵੱਲ ਚੱਲ ਪਿਆ। ਮਹਾਰਾਜੇ ਦੇ ਅੰਗਰੱਖਿਅਕ ਅਤੇ ਦਸ ਬਾਰਾਂ ਸੈਨਕਾਂ ਦਾ ਕਾਫਲਾ ਵੀ ਉਹਨਾਂ ਦੀ ਸੁਰੱਖਿਆ ਲਈ ਨਾਲ ਹੈ।
ਉਹਨਾਂ ਦੇ ਪਿਛੇ ਇਕ ਬੱਘੀ ਵਿਚ ਕੁਝ ਗੋਲੀਆਂ ਵੀ ਹਨ, ਜੋ ਧਿਆਨ ਸਿੰਘ ਦੇ ਕਹਿਣ ’ਤੇ ਮਹਾਰਾਜੇ ਨੇ ਖਿਦਮਤਦਾਰੀ ਕਰਨ ਲਈ ਲੈ ਆਂਦੀਆਂ ਹਨ।
ਹਵੇਲੀ ਪਹੁੰਚ ਕੇ ਮਹਾਰਾਜੇ ਦੇ ਸਿਪਾਹੀਆਂ ਨੇ ਹਵੇਲੀ ਦੇ ਇਰਦ-ਗਿਰਦ ਘੇਰਾ ਪਾ ਕੇ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜੇ ਨੂੰ ਬਾਹਰ ਇੰਤਜ਼ਾਰ ਕਰਨ ਲਈ ਆਖ ਕੇ ਗੋਲੀਆਂ ਨਾਲ ਕੇਵਲ ਧਿਆਨ ਸਿੰਘ ਨੇ ਹੀ ਹਵੇਲੀ ਅੰਦਰ ਪ੍ਰਵੇਸ਼ ਕੀਤਾ।
ਧਿਆਨ ਸਿੰਘ ਦੇ ਅਜਿਹਾ ਕਰਨ ਨਾਲ ਮਹਾਰਾਜੇ ਦੀ ਬੇਚੈਨੀ ਹੋਰ ਵੱਧ ਗਈ ਤੇ ਉਸਨੂੰ ਧਿਆਨ ਸਿੰਘ ਉੱਤੇ ਗੁੱਸਾ ਆਉਣ ਲੱਗਾ। ਉਹ ਮਨ ਹੀ ਮਨ ਧਿਆਨ ਸਿੰਘ ਨੂੰ ਗਾਲ੍ਹਾਂ ਕੱਢਣ ਲੱਗਾ, “ਇਹ ਸਾਲੇ ਡੋਗਰੇ ਆਪਣੇ ਆਪ ਨੂੰ ਚਾਣਕੀਯ ਦੀ ਔਲਾਦ ਹੀ ਸਮਝਦੇ ਨੇ…  ਭੁੱਲ ਗਏ ਇਹਨਾਂ ਨੂੰ ਉਹ ਦਿਨ ਜਦੋਂ ਮੇਰੇ ਅੜਦਲ ਵਿਚ ਤਿੰਨ ਰੁਪਈਆਂ ’ਤੇ ਨੌਕਰੀ ਕਰਨ ਲੱਗੇ ਸੀ। ਇਹ ਤਾਂ ਮੈਂ ਹੀ ਮਿਹਰਬਾਨ ਹੋ ਜਾਂਦਾ ਹਾਂ, ਵਰਨਾ…।”
ਰਣਜੀਤ ਸਿੰਘ ਇਉਂ ਧਿਆਨ ਸਿੰਘ ਨੂੰ ਆਪਣੇ ਚਿੱਤ ਵਿਚ ਕੋਸ ਹੀ ਰਿਹਾ ਹੁੰਦਾ ਹੈ ਕਿ ਐਨੇ ਨੂੰ ਹਵੇਲੀ ਦੇ ਬੂਹੇ ਉੱਤੇ ਆ ਕੇ ਧਿਆਨ ਸਿੰਘ ਨੇ ਅੰਦਰ ਆਉਣ ਲਈ ਇਸ਼ਾਰਾ ਕੀਤਾ। ਰਣਜੀਤ ਸਿੰਘ ਘੋੜੇ ਤੋਂ ਉਤਰ ਕੇ ਹਵੇਲੀ ਵੱਲ ਕਮਾਨ ਚੋਂ ਨਿਕਲੇ ਤੀਰ ਵਾਂਗ ਭੱਜਿਆ।
ਵਿਸ਼ਾਲ ਹਵੇਲੀ ਦੇ ਮਹਿਮਾਨ ਕਮਰੇ ਵਿਚ ਦਾਸੀਆਂ ਨੇ ਮਹਾਰਾਜੇ ਨੂੰ ਪਲੰਘ ਉੱਤੇ ਬਿਠਾਇਆ। ਉਸ ਉੱਤੇ ਫੁੱਲਾਂ ਅਤੇ ਰੂਹਕਿਓੜੀ ਦੀ ਬਰਖਾ ਕੀਤੀ। ਮਹਾਰਾਜੇ ਨੇ ਸਭ ਗੋਲੀਆਂ ਦੀਆਂ ਸ਼ਕਲਾਂ ਨੂੰ ਗਹੁ ਨਾਲ ਤੱਕਿਆ। ਉਸ ਨੂੰ ਕਿਸੇ ਵਿਚੋਂ ਵੀ ਮੋਰਾਂ ਦਾ ਚਿਹਰਾ ਦਿਖਾਈ ਨਾ ਦਿੱਤਾ। ਮਹਾਰਾਜੇ ਨੇ ਕਮਰੇ ਵਿਚ ਚਾਰ-ਚੁਫੇਰੇ ਨਜ਼ਰ ਦੌੜਾਈ। ਉਸਨੂੰ ਹਰ ਪਾਸੇ ਹਨੇਰਾ ਹੀ ਹਨੇਰਾ ਦਿਸਿਆ। ਮਹਾਰਾਜਾ ਅਜੇ ਕੁਝ ਬੋਲਣ ਹੀ ਲੱਗਿਆ ਹੁੰਦਾ ਹੈ ਕਿ ਕਮਰੇ ਵਿਚ ਇਕ ਹੋਰ ਮੁਟਿਆਰ ਦਾਖਲ ਹੋਈ। ਮਹਾਰਾਜੇ ਨੂੰ ਲੱਗਿਆ ਕਿ ਜਿਵੇਂ ਕਮਰੇ ਵਿਚ ਚਾਨਣ ਹੀ ਚਾਨਣ ਹੋ ਗਿਆ ਹੁੰਦਾ ਹੈ। ਨੂਰ-ਓ-ਨੂਰ! ੰਹਾਰਾਜੇ ਦੇ ਮੂੰਹੋਂ ਆਪ ਮੂਹਾਰੇ ਨਿਕਲ ਗਿਆ, “ਮੋਰਾਂ! ਮੇਰੀ ਜਾਨ!!!”
ਮੋਰਾਂ ਨੇ ਸੱਜੇ ਹੱਥ ਦੀਆਂ ਸਾਰੀਆਂ ਜੁੜੀਆਂ ਉਂਗਲਾਂ ਨੂੰ ਆਪਣੇ ਮੱਥੇ ਵੱਲ ਲਿਜਾਂਦਿਆਂ ‘ਤਸਲੀਮਾਤ’ ਅਰਜ਼ ਕੀਤੀ।
ਉਤੇਜਨਾ ਦੇ ਵਹਿਣਾਂ ਵਿਚ ਵਹਿ ਰਹੇ ਮਹਾਰਾਜੇ ਤੋਂ ਉਸ ਦਾ ਕੋਈ ਜੁਆਬ ਨਾ ਦੇ ਹੋਇਆ।ਮਹਾਰਾਜੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਮੋਰਾਂ ਉਸਦੇ ਕੋਲ ਹੈ। ਇਹ ਸਭ ਕੁਝ ਉਸਨੂੰ ਸੁਫਨੇ ਦੀ ਭਾਂਤੀ ਜਾਪਦਾ ਹੈ। ਮਹਾਰਾਜਾ ਸਾਰਾ ਕੁੱਲ ਆਲਮ ਭੁੱਲ ਗਿਆ ਹੈ।
“ਤਖਲੀਆ!”(ਇਕਾਂਤ) ਆਖ ਕੇ ਮੋਰਾਂ ਨੇ ਗੋਲੀਆਂ ਨੂੰ ਕਮਰੇ ਵਿਚੋਂ ਬਾਹਰ ਭੇਜ ਦਿੱਤਾ। ਮਹਾਰਾਜੇ ਦੇ ਕੋਲ ਪਲੰਘ ਉੱਤੇ ਬੈਠ ਕੇ ਮੋਰਾਂ ਨੇ ਉਸਨੂੰ ਪਾਨ ਪਰੋਸ ਕੇ ਦਿੱਤਾ। ਫਿਰ ਉਹਨਾਂ ਵਿਚਕਾਰ ਦੋ ਚਾਰ ਰਸਮੀ ਜਿਹੀਆਂ ਖੈਰ-ਓ-ਖਬਰ ਪੁੱਛਣ ਵਰਗੀਆਂ ਗੱਲਾਂ ਹੋਈਆਂ। ਮਹਾਰਾਜੇ ਨੇ ਮੋਰਾਂ ਦੇ ਹੁਸਨ ਦੀਆਂ ਜਿਹੜੀਆਂ ਤਾਰੀਫਾਂ ਕੀਤੀਆਂ ਉਸ ਤੋਂ ਮੋਰਾਂ ਨੇ ਸਹਿਜੇ ਹੀ ਅੰਦਾਜ਼ਾ ਲਾ ਲਿਆ ਕੇ ਮਹਾਰਾਜਾ ਉਸ ਉੱਤੇ ਬੁਰੀ ਤਰ੍ਹਾਂ ਡੁੱਲਿਆ ਪਿਆ ਹੈ। ਮਹਾਰਾਜੇ ਨੂੰ ਬਚਦਾ ਖੁਚਦਾ ਡੰਗਣ ਦੇ ਮਕਸਦ ਨਾਲ ਮੋਰਾਂ ਉੱਠ ਕੇ ਖੜ੍ਹੀ ਹੋ ਗਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰਦੀ ਹੋਈ ਬੋਲੀ, “ਜਹਾਂ ਪਨਾਹ, ਦੀ ਇਜ਼ਾਜਤ ਹੋਵੇ ਤਾਂ ਮੈਂ ਸਾਜੀਦਿਆਂ ਨੂੰ ਬੁਲਾ ਕੇ ਆਪਣੇ ਲੱਕ ਦੇ ਝਟਕੇ ਵਿਖਾਵਾਂ?”
“ਓ ਰਹਿਣ ਦੇ ਨੱਚਣ ਨੂੰ ਮੋਰਾਂ! ਅੱਜ ਤੂੰ ਧਰਤੀ ਉੱਤੇ ਨਹੀਂ ਮੇਰੇ ਦਿਲ ’ਤੇ ਨੱਚੇਂਗੀ। ਤੇਰੇ ਰੂਪ ਦੀ ਧਮਕ ਸਿੱਧੀ ਕਲੇਜੇ ’ਚ ਵੱਜਦੀ ਆ।ਸਹਾਰ ਨ੍ਹੀਂ ਹੁੰਦਾ ਮੈਥੋਂ।” ਮਹਾਰਾਜਾ ਉੱਠਿਆ ਤੇ ਉਸਨੇ ਮੋਰਾਂ ਨੂੰ ਆਪਣੀਆਂ ਬਾਹਾਂ ਵਿਚ ਚੁੱਕ ਲਿਆ। ਮੋਰਾਂ ਨੇ ਰਣਜੀਤ ਸਿੰਘ ਦੇ ਗਲ੍ਹ ਵਿਚ ਬਾਹਾਂ ਪਾ ਕੇ ਆਪਣਾ ਮੂੰਹ ਅੱਗੇ ਵਧਾਇਆ ਤੇ ਗੁਲਾਬੀ ਹੋਠ ਮਹਾਰਾਜੇ ਦੇ ਬੁੱਲ੍ਹਾਂ ਉੱਤੇ ਰੱਖ ਦਿੱਤੇ। ਮਹਾਰਾਜੇ ਦੇ ਬੁੱਲ੍ਹਾਂ ਨੇ ਮੋਰਾਂ ਦੇ ਲਬ ਘੁੱਟ ਕੇ ਪੀਚ ਲਿੱਤੇ।
ਮੋਰਾਂ ਨੂੰ ਪਲੰਘ ’ਤੇ ਲਿਟਾ ਕੇ ਮਹਾਰਾਜਾ ਉਸ ਨੂੰ ਵਾਹੋਦਾਹੀ ਚੁੰਮਣ ਲੱਗ ਪਿਆ। ਮਹਾਰਾਜਾ ਮੋਰਾਂ ਨੂੰ ਇੰਝ ਟੁੱਟ ਕੇ ਪਿਆ ਜਿਵੇਂ ਉਹ ਕਿਸੇ ਇਸਤਰੀ ਨਾਲ ਪਿਆਰ ਨਹੀਂ ਬਲਕਿ ਅਫਗਾਨੀ ਫੌਜਾਂ ਨਾਲ ਲੜਾਈ ਕਰ ਰਿਹਾ ਹੋਵੇ।
ਮੋਰਾਂ ਨੂੰ ਚੁੰਮਣਾ ਛੱਡ ਕੇ ਮਹਾਰਾਜੇ ਨੇ ਆਪਣੇ ਅੰਗ ਵਸਤਰ ਦੀਆਂ ਤਣੀਆਂ ਖੋਲ੍ਹਣ ਲਈ ਜਿਉਂ ਹੀ ਉਠਣਾ ਚਾਹਿਆ, ਮੋਰਾਂ ਨੇ ਉਸਦੇ ਗਲਮੇ ਵਿਚ ਹੱਥ ਪਾ ਕੇ ਮਹਾਰਾਜੇ ਨੂੰ ਵਾਪਿਸ ਆਪਣੇ ਉੱਪਰ ਸਿੱਟ ਲਿਆ।…
ਮੋਰਾਂ ਅਤੇ ਮਹਾਰਾਜੇ ਦੇ ਵਸਤਰ ਪਰ੍ਹਾਂ ਗਲੀਚੇ ਵਿਚ ਗੁਥਮ-ਗੁੱਥਾ ਹੋਏ ਪਏ ਹਨ… ਸਾਰੇ ਕਮਰੇ ਦੇ ਸਨਾਟੇ ਵਿਚ ਦੋ ਕਿਸਮ ਦੀਆਂ ਅਵਾਜ਼ਾਂ ਗੂੰਝ ਰਹੀਆਂ ਹਨ… ਇਕ ਮਹਾਰਾਜੇ ਦੀ ਜ਼ੋਰ-ਅਜ਼ਮਾਈ ਦੀਆਂ… ਦੂਜੀ ਸਰੂਰ ਵਿਚ ਉਂਘਲਾਉਂਦੀ ਹੋਈ ਮੋਰਾਂ ਦੀਆਂ… ਕੁਝ ਦੇਰ ਬਾਅਦ ਦੋਨੋਂ ਆਵਾਜ਼ਾਂ ਆਪਸ ਵਿਚ ਰਲਗਡ ਹੋ ਕੇ ਤਸੱਲੀ ਦੇ ਸੰਕੇਤ ਪ੍ਰਗਟਾਉਂਦੀ ਇਕ ਨਵੀਂ ਅਤੇ ਉੱਚੀ ਧੁੰਨੀ ਪੈਦਾ ਕਰਦੀਆਂ ਹਨ, “ਹੰਅ….ਅ!!!”
ਮਹਾਰਾਜੇ ਦੀ ਹਿੱਕ ਨਾਲ ਚਿੰਬੜੀ ਹੋਈ ਮੋਰਾਂ ਲੱਤ ਦੇ ਸਹਾਰੇ ਨਾਲ ਖਿੱਚ ਕੇ ਰਜਾਈ ਤਾਣ ਲੈਂਦੀ ਹੈ। ਮਹਾਰਾਜੇ ਨੂੰ ਇਕ ਅਸਹਿ ਅਤੇ ਅਕਹਿ ਖੁਸ਼ੀ ਹੁੰਦੀ ਹੈ। ਅਜਿਹੀ ਮੁਸੱਰਤ ਮਹਾਰਾਜੇ ਨੂੰ ਇਸ ਤੋਂ ਪਹਿਲਾਂ ਉਦੋਂ ਹੋਈ ਸੀ। ਜਦੋਂ ਉਸਨੇ ਲਾਹੌਰ ਕਿਲ੍ਹੇ ’ਤੇ ਆਪਣੀ ਜਿੱਤ ਦਾ ਨਿਸ਼ਾਨ ਕੇਸਰੀ ਝੰਡਾ ਝੁਲਾਇਆ ਸੀ।
ਅਗਲੇ ਦਿਨ ਦੁਪਹਿਰ ਤੱਕ ਮੋਰਾਂ ਤੇ ਮਹਾਰਾਜਾ ਕਸ਼ਮੀਰੀ ਰਜਾਈ ਵਿਚ ਲੇਟੇ ਰਹੇ। ਭੁੱਖ ਲੱਗਣ ’ਤੇ ਮਹਾਰਾਜੇ ਨੇ ਉੱਠ ਕੇ ਕਪੜੇ ਪਾਏ ਤੇ ਮੋਰਾਂ ਵੀ ਆਪਣੇ ਵਸਤਰ ਧਾਰਨ ਕਰਕੇ ਹਮਾਮ ਵੱਲ ਚਲੀ ਗਈ। ਮਹਾਰਾਜੇ ਨੇ ਸ਼ਾਹੀ ਬਾਵਰਚੀਆਂ ਨੂੰ ਖਾਣਾ ਮੰਗਵਾਉਣ ਦਾ ਸੁਨੇਹਾ ਭੇਜ ਕੇ ਲੰਡੂ ਜਿਹਾ ਪੈਗ ਪਾਇਆ। ਸ਼ਰਾਬ ਪੀਦਿਆਂ ਮਹਾਰਾਜੇ ਦੀ ਨਿਗਾਹ ਬਿਸਤਰੇ ਉੱਤੇ ਰਾਤ ਦੇ ਮਿੱਧੇ ਪਏ ਫੁੱਲਾਂ ਉੱਤੇ ਪਈ। ਸ਼ਰਾਬ ਦਾ ਅੱਧਾ ਪਿਆਲਾ ਵਿਚੇ ਛੱਡ ਕੇ ਉਹ ਇਸ਼ਨਾਨ ਕਰ ਰਹੀ ਮੋਰਾਂ ਕੋਲ ਗਿਆ ਤੇ ਕਪੜੇ ਉਤਾਰ ਕੇ ਉਸ ਨਾਲ ਨਹਾਉਣ ਲੱਗ ਪਿਆ।
ਨਹਾਉਣ ਉਪਰੰਤ ਮੋਰਾਂ ਅਤੇ ਮਹਾਰਾਜੇ ਨੂੰ ਗੋਲੀਆਂ ਨੇ ਕੱਪੜੇ ਪਹਿਨਾ ਕੇ ਤਿਆਰ ਕੀਤਾ। ਮੋਰਾਂ ਦਾ ਰਾਣੀਆਂ ਵਾਂਗ ਹਾਰ-ਸ਼ਿੰਗਾਰ ਕੀਤਾ ਗਿਆ।
ਖਾਣਾ ਖਾਂਦਿਆਂ ਮਹਾਰਾਜੇ ਤੇ ਮੋਰਾਂ ਨੇ ਇਕੱਠਿਆਂ ਸ਼ਰਾਬ ਪੀਤੀ। ਦਾਸੀਆਂ ਮਹਾਰਾਜੇ ਨਾਲ ਚੋਲ-ਮੋਲ ਕਰਦੀਆਂ ਰਹੀਆਂ।ਭੋਜਨ ਦੀ ਸਮਾਪਤੀ ਉਪਰੰਤ ਮਹਾਰਾਜੇ ਨੇ ਮੋਰਾਂ ਨਾਲ ਅਰਾਮ ਫੁਰਮਾਉਣ ਦੀ ਤਾਕੀਦ ਕਰਕੇ ਅਰਾਮਗਾਹ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।
ਮੁੜ ਦਰਵਾਜ਼ਾ ਰਾਤ ਦੇ ਭੋਜਨ ਸਮੇਂ ਖੁੱਲ੍ਹਿਆ ਤੇ ਖਾਣੇ ਬਾਅਦ ਮਹਾਰਾਜੇ ਤੇ ਮੋਰਾਂ ਨੇ ਫਿਰ ਦਰ ਮੁੜ ਬੰਦ ਕਰ ਲਿਆ।…
ਇੰਝ ਪੂਰਾ ਇਕ ਮਹੀਨਾ ਦਰਵਾਜ਼ਾ ਕੇਵਲ ਖਾਣਾ ਅਤੇ ਸ਼ਰਾਬ ਜਾਂ ਕੋਈ ਜ਼ਰੂਰੀ ਵਸਤੂ ਲੈਣ ਲਈ ਖੁੱਲ੍ਹਦਾ ਅਤੇ ਫਿਰ ਬੰਦ ਹੋ ਜਾਂਦਾ ਰਿਹਾ। ਮਹਾਰਾਜੇ ਨੇ ਕਿਸੇ ਵੀ ਵਿਅਕਤੀ ਨੂੰ ਮਿਲਣ ਤੋਂ ਮਨਾਹੀ ਦੀ ਤਾਕੀਦ ਕਰ ਦਿੱਤੀ ਹੈ। ਕੇਵਲ ਹਰ ਤਿੰਨ ਦਿਨ ਬਾਅਦ ਸਿਰਫ ਫਕੀਰ ਅਜ਼ਾਜ-ਉੱਦ-ਦੀਨ ਮਹਾਰਾਜੇ ਨੂੰ ਮਿਲ ਕੇ ਜਾਂਦਾ ਹੈ। ਉਹ ਵੀ ਮਹਾਰਾਜੇ ਨੂੰ ਕੋਈ ਦਵਾਈ (ਮਰਦਾਨਾ ਤਾਕਤ ਦੀ ਔਸ਼ਧੀ) ਦੇ ਕੇ ਚਲਾ ਜਾਂਦਾ, ਜਿਸ ਨੂੰ ਮਹਾਰਾਜਾ ਸ਼ਰਾਬ ਵਿਚ ਘੋਲ ਕੇ ਪੀਂਦਾ ਹੈ।
ਪੂਰੇ ਇਕ ਮਹੀਨੇ ਬਾਅਦ ਮਹਾਰਾਜਾ ਮੋਰਾਂ ਤੋਂ ਵਿਦਾਇਗੀ ਲੈ ਕੇ ਸ਼ਾਹੀ ਕੰਮ ਨਿਪਟਾਉਣ ਅਤੇ ਰਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਿਲ੍ਹੇ ਵਿਚ ਗਿਆ। ਲੇਕਿਨ ਉਥੇ ਉਸਦਾ ਬਹੁਤਾ ਮਨ ਨਾ ਲੱਗਾ। ਰਾਤ ਨੂੰ ਦਾਸੀਆਂ ਅਤੇ ਰਾਣੀਆਂ ਨਾਲ ਵੀ ਉਹਦਾ ਬਹੁਤਾ ਦਿਲ ਨਾ ਪ੍ਰਚਦਾ। ਇਕ ਹਫਤੇ ਵਿਚ ਸਭ ਜ਼ਰੂਰੀ ਕੰਮ ਨਿਪਟਾ ਕੇ ਮਹਾਰਾਜਾ ਫਿਰ ਮੋਰਾਂ ਕੋਲ ਹਵੇਲੀ ਵਿਚ ਚਲਾ ਗਿਆ ਤੇ ਉਸ ਨੇ ਦੋ ਮਹੀਨੇ ਹਵੇਲੀ ਚੋਂ ਬਾਹਰ ਪੈਰ ਨਹੀਂ ਰੱਖਿਆ। ਮਹਾਰਾਜੇ ਨੂੰ ਆਪਣੀ ਸਲਤਨਤ ਦੇ ਕੰਮਾਂ-ਕਾਰਾਂ ਬਾਰੇ ਕੋਈ ਬਹੁਤੀ ਚਿੰਤਾ ਵੀ ਨਹੀਂ ਹੋਈ ਕਿਉਂਕਿ ਹਰ ਕੰਮ ਲਈ ਉਸ ਨੇ ਭਰੋਸੇਯੋਗ ਅਤੇ ਕਾਬਲ ਵਿਅਕਤੀ ਆਹੁਦੇਦਾਰ ਥਾਪੇ ਹੋਏ ਹਨ।ਮਹਾਰਾਜਾ ਮੋਰਾਂ ਨਾਲ ਰੰਗ-ਰਲੀਆ ਮਾਣਦਾ ਅਤੇ ਸ਼ਰਾਬ ਪੀਂਦਾ ਰਿਹਾ।…
ਇਸ ਪ੍ਰਕਾਰ ਮਹਾਰਾਜਾ ਮਹੀਨੇ ਦੋ ਮਹੀਨੇ ਬਾਅਦ ਹਫਤੇ ਕੁ ਲਈ ਹਵੇਲੀਓ ਬਾਹਰ ਜਾਂਦਾ ਤੇ ਫਿਰ ਵਾਪਿਸ ਮੋਰਾਂ ਕੋਲ ਆ ਜਾਂਦਾ… ਮਹਾਰਾਜਾ ਦਿਨ ਰਾਤ ਹਵੇਲੀ ਵਿਚ ਗੁਜ਼ਾਰਦਾ ਮਹੀਨਾ ਮਹੀਨਾ ਸ਼ਰਾਬ ਦੇ ਦੌਰ ਚਲਦੇ… ਸਾਰਾ ਸਾਰਾ ਦਿਨ ਮੋਰਾਂ ਦਾ ਨਾਚ ਹੁੰਦਾ… ਰਾਤ ਨੂੰ ਮੋਰਾਂ ਮਹਾਰਾਜੇ ਨਾਲ ਸੇਜ ’ਤੇ ਗੁੱਥਮ-ਗੁੱਥਾ ਹੁੰਦੇ।… ਸਮਾਂ ਮਹਾਰਾਜੇ ਦੇ ਸ਼ਾਸ਼ਨ ਵਾਂਗ  ਆਪਣੀ ਚਾਲ ਚੱਲਦਾ ਗਿਆ।
ਮਹਾਰਾਜੇ ਦੇ ਮੋਰਾਂ ਪ੍ਰਤੀ ਸਨੇਹ ਅਤੇ ਪ੍ਰਸ਼ਾਸ਼ਨ ਬਾਰੇ ਲਾਹਪ੍ਰਵਾਹੀ ਵੱਲ ਅਹੁਦੇਦਾਰਾਂ ਨੇ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ। ਜਾਂ ਕਹਿ ਲਉ ਉਹ ਇਸ ਦੇ ਆਦੀ ਹੋ ਗਏ ਹਨ। ਇਹ ਉਹਨਾਂ ਲਈ ਕੋਈ ਨਵੀਂ ਗੱਲ ਨਹੀਂ ਹੈ। ਇਹ ਮਹਾਰਾਜੇ ਦਾ ਦਸਤੂਰ ਹੀ ਹੈ ਕਿ ਜਦੋਂ ਵੀ ਕੋਈ ਨਵੀਂ ਇਸਤਰੀ ਪ੍ਰਾਪਤ ਹੁੰਦੀ ਹੈ ਤਾਂ ਪਹਿਲੇ ਕੁਝ ਮਹੀਨੇ ਤਾਂ ਉਹ ਉਸ ਨਾਲ ਦਿਨ ਰਾਤ ਚਿਚੜੀ ਵਾਂਗ ਚਿਭੜਿਆ ਰਹਿੰਦਾ ਹੈ। ਫਿਰ ਆਹੀਸਤਾ ਆਹੀਸਤਾ ਮਹਾਰਾਜੇ ਦਾ ਆਕਰਸ਼ਨ ਉਸ ਵੱਲੋਂ ਘੱਟ ਜਾਂਦਾ। ਇਹ ਆਕਰਸ਼ਨ ਘੱਟਣ ਦੇ ਸਿਰਫ ਦੋ ਕਾਰਨ ਹੁੰਦੇ ਹਨ । ਇਕ ਤਾਂ ਮਹਾਰਾਜੇ ਦਾ ਚੰਚਲ ਮਨ ਕਿਸੇ ਹੋਰ ਉੱਤੇ ਆ ਜਾਂਦਾ ਹੈ ਜਾਂ ਦੂਜਾ ਉਹ ਕਿਸੇ ਯੁੱਧ ’ਤੇ ਚਲਾ ਜਾਂਦਾ ਹੈ। ਜੰਗ ਜਿੱਤ ਕੇ ਪਰਤਣ ਉਪਰੰਤ ਮਹਾਰਾਜੇ ਨੂੰ ਕਈ ਕਈ ਦਿਨ ਆਪਣੀ ਵਿਜਯ ਦਾ ਸਰੂਰ ਰਹਿੰਦਾ ਹੈ। ਉਹ ਕਈ ਕਈ ਦਿਨ ਇਸਦਾ ਜਸ਼ਨ ਮਨਾਉਦਾ ਹੈ। ਅਜਿਹੇ ਮੌਕੇ ਮਹਾਰਾਜਾ ਆਪਣੇ ਸੈਨਾਪਤੀ ਤੋਂ ਹਰ ਦੂਜੇ ਤੀਜੇ ਦਿਨ ਨਵੇਂ ਨਵੇਂ ਨਕਸ਼ੇ ਬਣਾਵਾ ਕੇ ਆਪਣੇ ਅਧਿਕਾਰ ਖੇਤਰ ਨੂੰ ਨਿਰਖਦਾ ਰਹਿੰਦਾ ਹੈ। ਹਾਂ, ਜੇ ਕੋਈ ਇਸਤਰੀ ਮਹਾਰਾਜੇ ਦੇ ਦਿਲ ਨੂੰ ਜ਼ਿਆਦਾ ਟੁੰਬ ਜਾਂਦੀ ਹੈ ਜਾਂ ਉਹ ਇਸਤਰੀ ਕਿਸੇ ਤਕੜੇ ਖਾਨਦਾਨ ਨਾਲ ਸਬੰਧ ਰੱਖਦੀ ਹੁੰਦੀ ਹੈ ਤਾਂ ਮਹਾਰਾਜਾ ਉਸ ਨਾਲ ਬਕਾਇਦਾ ਉਸਦੇ ਧਰਮ ਦੀਆਂ ਰਵਾਇਤਾਂ ਮੁਤਾਬਿਕ ਵਿਆਹ ਵੀ ਕਰਵਾਉਂਦਾ ਹੈ। ਆਪ ਸਿੱਖ ਹੋਣ ਦੇ ਬਾਵਜੂਦ ਵੀ ਉਸ ਨੇ ਹਿੰਦੂ ਰਾਣੀਆਂ ਨਾਲ ਹਿੰਦੂ ਤੇ ਮੁਸਲਮਾਨ ਦਾਸੀਆਂ ਨਾਲ ਇਸਲਾਮੀ ਰੀਤਾਂ ਮੁਤਾਬਕ ਨਿਕਾਹ ਪੜ੍ਹਾਏ ਹਨ। ਅਨੇਕਾਂ ਦਾਸੀਆਂ ਉੱਤੇ ਉਸਨੇ ਚਾਦਰ ਪਾਉਣ ਦੀ ਰਸਮ ਪੁਗਾਈ ਹੈ। ਇਹ ਗੱਲ ਵੱਖਰੀ ਹੈ ਕਿ ਕਈਆਂ ਨੂੰ ਪਟਰਾਣੀ ਦੀ ਪਦਵੀ ਮਿਲੀ ਤੇ ਕਈ ਮਹਿਜ਼ ਉਸਦੀਆਂ ਰਖੇਲਾਂ ਬਣ ਕੇ ਉਸਦੇ ਹਰਮ ਦੀ ਸ਼ੋਭਾ ਤੇ ਗਿਣਤੀ ਵਿਚ ਵਾਧਾ ਕਰਨ ਤੱਕ ਹੀ ਸੀਮਿਤ ਰਹੀਆਂ ਹਨ। ਪਟਰਾਣੀਆਂ ਦਾ ਅਹੁਦਾ ਵੀ ਮਹਾਰਾਜੇ ਦੀ ਕਿਸੇ ਰਾਣੀ ਕੋਲ ਬਹੁਤੀ ਦੇਰ ਨਹੀਂ ਰਹਿੰਦਾ ਹੈ। ਕਿਉਂਕਿ ਮਹਾਰਾਜਾ ਹਰ ਦੂਜੇ ਤੀਜੇ ਸਾਲ ਨਵਾਂ ਵਿਆਹ ਰਚਾ ਲੈਂਦਾ ਹੈ। ਇਉਂ ਪੁਰਾਣੀ ਤੋਂ ਖੋਹ ਕੇ ਸੱਜਰੀ ਰਾਣੀ ਨੂੰ ਪਟਰਾਣੀ ਜਾਂ ਮਹਾਰਾਣੀ ਦੀ ਪਦਵੀ ਬਖਸ਼ ਦਿੱਤੀ ਜਾਂਦੀ ਹੈ।
ਮੋਰਾਂ ਦੀ ਆਮਦ ਨਾਲ ਭਾਵੇਂ ਮਹਾਰਾਜੇ ਦੀ ਦੂਸਰੀਆਂ ਰਾਣੀਆਂ ਵਿਚੋਂ ਦਿਲਚਸਪੀ ਘੱਟ ਗਈ ਹੈ। ਇਸ ਲਈ ਮੋਰਾਂ ਤੋਂ ਦੂਸਰੀਆਂ ਰਾਣੀਆਂ ਨੂੰ ਸ਼ਿਕਾਇਤ ਤਾਂ ਜ਼ਰੂਰ ਹੈ, ਪਰੰਤੂ ਉਸ ਤੋਂ ਜਲਣ ਕਿਸੇ ਨੂੰ ਨਹੀਂ ਹੈ। ਕਿਉਂਕਿ ਮਹਾਰਾਜੇ ਨੇ ਮੋਰਾਂ ਨੂੰ ਨਾ ਤਾਂ ਰਾਜ ਮਹਿਲ ਵਿਚ ਲਿਆਂਦਾ ਅਤੇ ਨਾ ਹੀ ਉਸਨੂੰ ਹਰਮ ਦਾ ਹਿੱਸਾ ਬਣਾਇਆ ਹੈ। ਨਾਲੇ ਫਿਰ ਉਹ ਸੋਚਦੀਆਂ ਹਨ ਕਿ ਮੋਰਾਂ ਕੰਚਨੀ ਤਾਂ ਇਕ ਵੇਸਵਾ ਹੈ, ਗੰਦਾ ਖੂਨ। ਇਕ ਕੰਜਰੀ ਦੀ ਔਲਾਦ, ਕਦ ਤੱਕ ਮਹਾਰਾਜੇ ਕੋਲ ਟਿਕ ਸਕੇਗੀ?
ਦੋ ਤਿੰਨ ਸਾਲ ਪਲਕ ਝਪਕਦਿਆਂ ਬੀਤ ਗਏ। ਸਮਾਂ ਕਿਵੇਂ ਟਪੂਸੀਆਂ ਮਾਰ ਲੰਘਿਆ ਗਿਆ। ਇਸਦਾ ਕਿਸੇ ਨੂੰ ਕੋਈ ਇਲਮ ਜਾਂ ਅਹਿਸਾਸ ਨਾ ਹੋਇਆ।
ਅਸਗਤ ਦਾ ਮਹੀਨਾ ਹੋਣ ਕਰਕੇ ਨਾ ਗਰਮੀ ਅਤੇ ਨਾ ਹੀ ਸਰਦੀ ਹੈ। ਮੋਰਾਂ ਦਾ ਮਨ ਸੈਰ ਕਰਨ ਨੂੰ ਕੀਤਾ। ਮਹਾਰਾਜੇ ਨੇ ਫੌਰਨ ਲਖੀਆ ਹਾਥੀ (ਇਸ ਦਾ ਸ਼ਿੰਗਾਰ ਅਤੇ ਦੁਸ਼ਾਲਿਆਂ ਦੀ ਕੀਮਤ 1.5 ਲੱਖ ਸੀ) ਮੰਗਵਾਇਆ ਤੇ ਆਪਣੇ ਨਾਲ ਛੱਤਰ ਹੇਠ ਬੈਠਾ ਕੇ ਲਾਹੌਰ ਦੀ ਸੈਰ ਕਰਵਾਉਣ ਤੁਰ ਪਿਆ। ਮਕਾਨਾਂ ਨੂੰ ਸਜਰੀਆਂ ਕੀਤੀਆਂ ਕਲੀਆਂ ਤੇ ਦੁਕਾਨਾਂ ਨੂੰ ਉਚੇਚਾ ਸਜਾਇਆ ਦੇਖ ਕੇ ਮੋਰਾਂ ਨੇ ਮਹਾਰਾਜੇ ਤੋਂ ਇਸਦਾ ਕਾਰਨ ਪੁੱਛਿਆ। ਮਹਾਰਾਜਾ ਇਉਂ ਜੋਸ਼ ਵਿਚ ਆ ਕੇ ਬੋਲਣ ਲੱਗਾ ਜਿਵੇਂ ਉਹ ਪਹਿਲਾਂ ਹੀ ਦੱਸਣ ਲਈ ਕਾਹਲਾ ਹੁੰਦਾ ਹੈ, “ਹੁਣ ਤੋਂ ਕੁਝ ਦਿਨਾਂ ਬਾਅਦ ਅਗਲੇ ਮਹੀਨੇ ਨਵੰਬਰ ਵਿਚ ਮੇਰੀ ਸਾਲਗਿਰਾ ਹੈ। ਅੱਜ ਤੋਂ ਤਕਰੀਬਨ 31 ਸਾਲ ਪਹਿਲਾਂ ਮੇਰਾ ਜਨਮ ਆਪਣੇ ਨਾਨਕੇ ਘਰ ਬੱਡਰੱਖਾਂ ਵਿਖੇ ਹੋਇਆ ਸੀ। ਜਾਣਦੀ ਏ ਜਦੋਂ ਮੇਰੀ ਮਾਤਾ ਪੈਦਾ ਹੋਈ ਸੀ ਤਾਂ ਫੂਲਵੰਸ਼ੀ ਰਾਜੇ ਸੁਖਚੈਨ ਦਾ ਸਪੁੱਤਰ ਯਾਨੀ ਮੇਰੇ ਨਾਨੇ ਗਜਪਤਿ ਸਿੰਘ ਨੇ ਸਨਾਤਨੀ ਪ੍ਰਥਾ ਮੁਤਾਬਕ ਮੇਰੀ ਮਾਤਾ ਨੂੰ ਜੀਉਂਦਿਆਂ ਧਰਤੀ ਵਿਚ ਦੱਭ ਦਿੱਤਾ ਸੀ। ਇਕ ਮਹਾਂਪੁਰਸ਼ ਬਾਬਾ ਗੁੱਦੜ ਜੀ ਨੇ ਮੇਰੀ ਮਾਤਾ ਨੂੰ ਮੱਠ ਵਿਚੋਂ ਕੱਢਵਾਇਆ ਤੇ ਮੇਰੇ ਨਾਨੇ ਨੂੰ ਝਾੜਾਂ ਪਾਉਂਦਿਆਂ ਦੱਸਿਆ ਸੀ ਕਿ ਇਸ ਲੜਕੀ ਦੀ ਕੁੱਖੋਂ ਇਕ ਮਹਾਬਲੀ ਪੈਦਾ ਹੋਵੇਗਾ। ਬਾਬਾ ਜੀ ਦੀ ਉਹ ਭਵਿੱਖਬਾਣੀ ਸੱਚ ਸਾਬਤ ਹੋ ਗਈ ਹੈ। ਮੇਰੇ ਜਨਮ ਦਿਹਾੜੇ ਦਾ ਸਾਰੇ ਲਾਹੌਰ ਨੂੰ ਚਾਅ ਚਾੜ੍ਹ ਜਾਂਦਾ ਹੈ। ਮੇਰੀ ਪਰਜਾ ਸੁੱਖ ਦੀ ਨੀਂਦ ਸਾਉਂਦੀ ਤੇ ਢੋਲੇ ਮਾਹੀਏ ਗਾਉਂਦੀ ਹੈ। ਲੋਕ ਮੇਰੇ ਰਾਜ ਨੂੰ ਇੰਦਰ ਤੇ ਬਿਕਰਮਾ ਦਿੱਤਯ ਦੇ ਰਾਜ ਤੋਂ ਸਰਵਉੱਤਮ ਗਰਦਾਨਦੇ ਹਨ। ਮੈਂ ਸਿੱਖ ਰਾਜ ਸਥਾਪਤ ਕੀਤਾ ਹੈ, ਪਰ ਮੁਗਲਾਂ ਵਾਂਗ ਤੁਅਸਬੀ ਨਹੀਂ ਬਣਿਆ। ਮੈਂ ਜ਼ਬਰੀ ਕਿਸੇ ਦਾ ਧਰਮ ਪ੍ਰਵਿਤਰਨ ਨਹੀਂ ਕਰਵਾਇਆ। ਸਭ ਧਰਮਾਂ ਲਈ ਮੇਰੇ ਦਿਲ ਵਿਚ ਪੂਰੀ ਸ਼ਰਧਾ ਹੈ। ਆਪਣੇ ਜਨਮ ਦਿਨ ਦੇ ਪਵਿੱਤਰ ਮੌਕੇ ਮੈਂ ਮੰਦਰ ਵਿਚ ਜਾ ਕੇ ਹਵਨ ਕਰਵਾਉਂਦਾ ਹਾਂ, ਮੱਥੇ ’ਤੇ ਚੰਦਨ ਨਾਲ ਰਲੇ ਕੇਸਰ ਦਾ ਤਿਲਕ ਲਾਉਂਦਾ ਹਾਂ। ਪੀਰਾਂ ਦੀ ਦਰਗਾਹ ’ਤੇ ਚਾਦਰ ਚੜ੍ਹਾ ਕੇ ਆਉਂਦਾ ਹਾਂ।ਦਰਬਾਰ ਸਾਹਿਬ ਖੁਸ਼ੀ ਨਮਿਤ ਖੋਲ੍ਹੇ ਗਏ ਅਖੰਠ ਪਾਠ ਦੇ ਭੋਗ ਦੀ ਅਰਦਾਸ ਵਿਚ ਸ਼ਾਮਿਲ ਹੁੰਦਾ ਹਾਂ। ਉਸ ਤੋਂ ਉਪਰੰਤ ਮੈਂ ਗਰੀਬਾਂ ਨੂੰ ਪੈਸੇ ਧੇਲੇ ਅਤੇ ਕੱਪੜੇ ਆਦਿਕ ਚੀਜ਼ਾਂ ਦਾਨ ਕਰਿਆ ਕਰਦਾ ਹਾਂ। ਪਿਛਲੇ ਵਰ੍ਹੇ ਜਾਗੀਰਾਂ ਤੋਂ ਇਲਾਵਾ ਮੈਂ ਬਾਰ੍ਹਾਂ ਲੱਖ ਦਾਨ ’ਤੇ ਖਰਚੇ। ਇਸ ਮੁਬਾਰਕ ਦਿਨ ਕੈਦੀਆਂ ਦੀ ਸਜ਼ਾਵਾਂ ਬਖਸ਼ ਦਿੰਦਾ ਜਾਂ ਘੱਟ ਕਰ ਦਿੰਦਾ ਹਾਂ।…”
ਵੇਗ ਵਿਚ ਆਇਆ ਮਹਾਰਾਜਾ ਚੁੱਪ ਕਰਨ ਦਾ ਨਾਮ ਨਾ ਲੈਂਦਾ ਜੇ ਕਿਧਰੇ ਮੋਰਾਂ ਵਿਚੋਂ ਨਾ ਟੋਕਦੀ, “ਅੱਛਾ ਮਹਾਰਾਜ, ਧੂਮਧਾਮ ਨਾਲ ਜਨਮ ਦਿਨ ਤਾਂ ਤੁਸੀਂ ਪਹਿਲਾਂ ਵੀ ਮਨਾਉਂਦੇ ਆਏ ਹੋ। ਪਰ ਇਸ ਵਾਰ ਤੁਹਾਡੀ ਸਾਲਗਿਰਾ ਦੇ ਜ਼ਸ਼ਨ ਵੱਖਰੇ ਹੀ ਹੋਣਗੇ। ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਗੇ!”
“ਉਹ ਕਿਵੇਂ?” ਮਹਾਰਾਜੇ ਨੇ ਉਤਸੁਕਤਾ ਦਾ ਇਜ਼ਹਾਰ ਕੀਤਾ।
“ਇਸ ਵਾਰ ਮੋਰਾਂ ਕੰਚਨੀ ਤੁਹਾਡੀ ਸਾਲਗਿਰਾ ਦੀ ਰੋਜ਼ ਪੂਰੀ ਰਾਤ ਐਸਾ ਨਾਚ ਨੱਚੇਗੀ ਕੀ ਤਵਾਰੀਖ ਦੇ ਪੰਨੇ ਵੀ ਉਸਨੂੰ ਕਦੇ ਭੁੱਲ ਨਹੀਂ ਸਕਣਗੇ। ਤੁਹਾਡੇ ਕੰਨਾਂ ਨੂੰ ਮੇਰੇ ਘੂੰਗਰੂਆਂ ਦੀ ਛਨਕਾਹਟ ਵਿਚ ਬਸ਼ੀਰਾ ਬਿੱਲੋ (ਉਸ ਸਮੇਂ ਦੀ ਪ੍ਰਸਿੱਧ ਗਵਿਤਰੀ) ਦੀ ਆਵਾਜ਼ ਫਿੱਕੀ ਤੇ ਬੇਸੁਰੀ ਲੱਗੇਗੀ।” ਮਹਾਰਾਜਾ ਪ੍ਰਸੰਨ ਹੋ ਕੇ ਸ਼ਰਾਰਤ ਕਰਨ ਲਈ ਭਰੇ ਬਜ਼ਾਰ ਵਿਚ ਮੋਰਾਂ ਨੂੰ ਜੱਭੀ ਪਾ ਕੇ ਉਸਦੀ ਗੱਲ੍ਹ ’ਤੇ ਦੰਦੀ ਵੱਢ ਦਿੰਦਾ ਹੈ।
ਮੋਰਾਂ ਨਖਰਾ ਦਿਖਾਉਂਦੀ ਹੋਈ ਮਹਾਰਾਜੇ ਦੀ ਛਾਤੀ ਵਿਚ ਹਲਕੀ ਜਿਹੀ ਮੁੱਕੀ ਮਾਰਦੀ ਹੈ, “ਹਟੋ ਨਾ ਮਹਾਰਾਜ! ਕੀ ਕਰਦੇ ਹੋ… ਬਹੁਤ ਸਤਾਉਂਦੇ ਹੋ ਤੁਸੀਂ… ਬੰਦੀ ਕਿੰਨੀ ਵਾਰ ਕਹਿ ਚੁੱਕੀ ਹੈ ਪਿਆਰ ਕਰਿਆ ਕਰੋ, ਧੱਕਾ ਨਹੀਂ…।”
“ਮੈਂ ਕੀ ਕਰਾਂ ਹਮਲਾਵਰਾਂ ਤੇ ਅਫਗਾਨੀਆਂ ਨੇ ਮੈਨੂੰ ਧੱਕਾ ਕਰਨ ਦੀ ਆਦਤ ਪਾ ਦਿੱਤੀ ਹੈ, ਮੋਰਾਂ। ਨਾਲੇ ਬਚਪਨ ਤੋਂ ਸਿੱਖ ਮਿਸਲਾਂ ਦੀ ਖਾਨਾਜੰਗੀ ਦੇਖਦਾ ਆਇਆ ਹਾਂ।” ਮਹਾਰਾਜਾ ਮੁੱਛਾਂ ਨੂੰ ਵਟੇ ਚਾੜ੍ਹਣ ਲੱਗ ਜਾਂਦਾ ਹੈ।
ਮਹਾਰਾਜੇ ਦੇ ਜਨਮ ਦਿਹਾੜੇ ’ਤੇ ਦਸਤੂਰਨ ਕੀਤੇ ਜਾਣ ਵਾਲੇ ਸਾਰੇ ਕਾਰਜ ਪਹਿਲਾਂ ਵਾਂਗ ਹੀ ਹੋਏ। ਅਲਬੱਤਾ ਇਕ ਗੱਲ ਵੱਖਰੀ ਹੋਈ ਕਿ ਇਸ ਵਾਰ ਸਭ ਰਸਮਾਂ ਵਿਚ ਮੋਰਾਂ ਨੇ ਮਹਾਰਾਜੇ ਨਾਲ ਸ਼ਿਰਕਤ ਕੀਤੀ। ਅੱਜ ਤੱਕ ਇਹ ਸੁਭਾਗ ਮਹਾਰਾਜੇ ਦੀ ਕਿਸੇ ਰਾਣੀ ਨੂੰ ਵੀ ਪ੍ਰਾਪਤ ਨਹੀਂ ਹੋਇਆ ਹੈ।ਪਹਿਲਾਂ ਮਹਾਰਾਜਾ ਆਪ ਹੱਥੀਂ ਦਾਨ ਕਰਿਆ ਕਰਦਾ ਸੀ। ਅਲਬੱਤਾ, ਇਸ ਵਾਰ ਅਲੌਕਿਕ ਘਟਨਾ ਘਟੀ ਕਿ ਮਹਾਰਾਜੇ ਨੇ ਆਪਣੀ ਬਜਾਏ ਸਾਰਾ ਦਾਨ ਪੁੰਨ ਮੋਰਾਂ ਦੇ ਦਸਤ-ਏ-ਮੁਬਾਰਕ ਤੋਂ ਕਰਵਾਇਆ। ਹਰ ਥਾਂ ਮੋਰਾਂ ਮਹਾਰਾਜੇ ਦੇ ਪਿਛੇ ਲੈਲਾ ਘੋੜੇ ’ਤੇ ਬੈਠ ਕੇ ਉਸ ਨਾਲ ਜਾਂਦੀ ਰਹੀ। ਮਹਾਰਾਜੇ ਨੇ ਕੁਮੈਤੀ ਰੰਗਾ 16 ਮੁੱਠੀ ਇਹ ਘੋੜਾ ਪਿਸ਼ਾਵਰ ਦੇ ਹਾਕਿਮ ਸੁਲਤਾਨ ਮੁਹੰਮਦ ਬਾਰਕਜ਼ਈ ਤੋਂ ਬੜੀ ਜਦੋ-ਜਹਿਦ ਉਪਰੰਤ ਧੱਕੇ ਨਾਲ ਪ੍ਰਾਪਤ ਕੀਤਾ ਸੀ। ਇਸ ਦੇ ਸਾਜ ਰਤਨਾਂ ਅਤੇ ਯਾਕੂਬਾਂ ਨਾਲ ਜੜਾਏ ਹਨ ਤੇ ਮਹਾਰਾਜੇ ਦੇ ਸਿਵਾਏ ਕਿਸੇ ਹੋਰ ਨੂੰ ਇਸ ਦੀ ਸਵਾਰੀ ਕਰਨ ਦੀ ਆਗਿਆ ਨਹੀਂ ਹੈ।
ਇਸ ਖਬਰ ਬਾਰੇ ਪਤਾ ਲੱਗਣ ’ਤੇ ਸਾਰੇ ਸ਼ਾਹੀ ਮਹਿਲ ਵਿਚ ਹੱਲਚਲ ਮੱਚ ਗਈ।ਸਭ ਨੂੰ ਮਹਾਰਾਜੇ ਦੇ ਇਸ ਕਾਰੇ ਦਾ ਦੁੱਖ ਹੋਇਆ। ਰਾਣੀ ਦਾਤਾਰ ਕੌਰ ਨੂੰ ਤਾਂ ਸੱਤੀਂ ਕੱਪੜੀ ਅੱਗ ਲੱਗ ਗਈ। ਜਦੋਂ ਸਾਲਗੀਰਾਂ ਦੇ ਅਗਲੇ ਦਿਨ ਮਹਾਰਾਜਾ ਮਹਿਲ ਵਿਚ ਪਰਤਿਆ ਤਾਂ ਦਾਤਾਰ ਕੌਰ ਮਹਾਰਾਜੇ ਨੂੰ ਟੁੱਟ ਕੇ ਪੈ ਗਈ। ਪੰਜ ਸੱਤ ਮਿੰਟ ਮਹਾਰਾਜਾ ਦਾਤਾਰ ਕੌਰ ਦੀਆਂ ਗੱਲਾਂ ਸੁਣਦਾ ਰਿਹਾ, ਪਰ ਫਿਰ ਉਸ ਤੋਂ ਬਰਦਾਸ਼ਤ ਨਾ ਕਰ ਹੋਇਆ ਤੇ ਉਸਨੇ ਪੁੱਠੇ ਹੱਥ ਦੀ ਵੱਟ ਕੇ ਇਕ ਚੁਪੇੜ ਮਾਰੀ। ਜਿਸ ਨਾਲ ਦਾਤਾਰ ਕੌਰ ਕਈ ਗਜ਼ ਦੂਰ ਜਾ ਡਿੱਗੀ। ਕਰੋਧ ਵਿਚ ਆ ਕੇ ਮਹਾਰਾਜੇ ਨੇ ਰਾਣੀ ਦਾਤਾਰ ਕੌਰ ਨੂੰ ਮਹਿਲ ਵਿਚੋਂ ਕੱਢ ਦਿੱਤਾ ਤੇ ਸ਼ੇਖੂਪੁਰੇ ਭੇਜ ਕੇ ਗੁਜ਼ਾਰੇ ਲਈ ਜਗੀਰ ਬਖਸ਼ ਦਿੱਤੀ।
ਇਸ ਘਟਨਾ ਤੋਂ ਬਾਅਦ ਮਹਾਰਾਜਾ ਮੋਰਾਂ ਨੂੰ ਹੋਰ ਵੀ ਜ਼ਿਆਦਾ ਚਾਹੁਣ ਲੱਗ ਪਿਆ। ਮਹਾਰਾਜੇ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਹੈ। ਗਰਮੀ ਵਿਚ ਵਧੇਰੇ ਸਮਾਂ ਉਹ ਸ਼ਿਕਾਰ ਖੇਡਣ ਅਤੇ ਝੀਲਾਂ ਕੰਡੇ ਗੁਜ਼ਾਰਨਾ ਪਸੰਦ ਕਰਦਾ ਹੈ। ਮੋਰਾਂ ਮਹਾਰਾਜੇ ਦੇ ਪਿਛੇ ਘੋੜੇ ’ਤੇ ਬੈਠ ਕੇ ਨਾਲ ਸ਼ਿਕਾਰ ਖੇਡਣ ਵੀ ਜਾਣ ਲੱਗ ਪਈ ਹੈ। ਕਈ ਵਾਰੀ ਤਾਂ ਮਹਾਰਾਜਾ ਮੋਰਾਂ ਨਾਲ ਘੋੜ ਦੌੜ ਦਾ ਮੁਕਾਬਲਾ ਵੀ ਕਰਦਾ ਹੈ। ਰਫਤਾ-ਰਫਤਾ ਮਹਾਰਾਜੇ ਦੇ ਤਕਰੀਬਨ ਸਾਰੇ ਕੰਮਾਂ ਵਿਚ ਮੋਰਾਂ ਹੱਥ ਵਟਾਉਣ ਲੱਗ ਪਈ ਹੈ।ਮਹਾਰਾਜੇ ਨੂੰ ਮੋਰਾਂ ਨਾਲ ਸਮਾਂ ਗੁਜ਼ਾਰਨਾ ਚੰਗਾ ਲੱਗਦਾ ਹੈ। ਮੋਰਾਂ ਫਰੰਗੀ ਔਰਤਾਂ ਵਾਂਗ ਖੁੱਲ੍ਹੇ ਸੁਭਾਅ ਅਤੇ ਮਹਾਰਾਜੇ ਵਾਂਗ ਤੇਜ਼ ਦਿਮਾਗ ਹੈ। ਪਠਾਣੀਆਂ ਵਾਂਗ ਦਲੇਰ ਅਤੇ ਅਰਬਣਾਂ ਵਰਗੀ ਸੁਨੱਖੀ ਤਾਂ ਹੈ ਹੀ। ਮਹਾਰਾਜਾ ਸ਼ਾਹੀ ਕਿਲ੍ਹੇ ਵਿਚ ਘੱਟ ਵੱਧ ਹੀ ਵੜ੍ਹਦਾ ਹੈ।
ਮੋਰਾਂ ਦੀ ਮਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ, ਜਿਸ ਦੀ ਤੀਮਾਰਦਾਰੀ ਲਈ ਮੋਰਾਂ ਨੇ ਮਹਾਰਾਜੇ ਤੋਂ ਕੁਝ ਦਿਨ ਲਈ ਹੀਰਾ ਮੰਡੀ ਵਿਚ ਜਾਣ ਦੀ ਆਗਿਆ ਮੰਗੀ। ਮਹਾਰਾਜੇ ਨੇ ਕੋਈ ਇਤਰਾਜ਼ ਨਾ ਕੀਤਾ, ਕਿਉਂਕਿ ਖੁਦ ਉਸ ਨੇ ਵੀ ਆਪਣੀਆਂ ਦੂਰਾਡੇ ਦੀਆਂ ਰਿਆਸਤਾਂ ਦਾ ਜਾਇਜ਼ਾ ਲੈਣ ਕੁਝ ਦਿਨਾਂ ਲਈ ਬਾਹਰ ਜਾਣ ਦਾ ਮਨਸੂਬਾ ਬਣਾਇਆ ਹੋਇਆ ਹੈ।
ਰਣਜੀਤ ਸਿੰਘ ਕਸ਼ਮੀਰ ਤੋਂ ਪਰਤਦਾ ਹੈ ਤਾਂ ਮਹਿਲ ਵਿਚ ਮਹਾਰਾਜੇ ਦੀ ਜੀਵਨ-ਜਾਚ ਪਹਿਲਾਂ ਵਾਂਗ ਹੋ ਜਾਂਦੀ ਹੈ। ਸਵੇਰੇ ਪੰਜ ਵਜੇ ਉੱਠ ਕੇ ਮਹਾਰਾਜਾ ਇਸ਼ਨਾਨ ਕਰਕੇ ਤਿਆਰ ਹੋ ਜਾਂਦਾ। ਪੂਜਾ ਕਰਕੇ ਆਪਣੀ ਘੋੜੀ ’ਤੇ ਸਵਾਰ ਹੁੰਦਾ ਤੇ ਬਾਹਰ ਨਿਕਲ ਜਾਂਦਾ।ਪੈਦਲ ਸੈਨਾ, ਘੋੜ ਸਵਾਰ, ਫੌਜ-ਏ-ਖਾਸ ਅਤੇ ਤੋਪਖਾਨੇ ਦਾ ਖੁਦ ਮੁਆਇਨਾ ਕਰਦਾ। ਪੂਰੇ ਦੋ ਘੰਟੇ ਆਪਣੀ ਫੌਜ ਦਾ ਨਰਿਖਣ ਕਰਦਾ ਹੋਇਆ ਮਹਾਰਾਜਾ ਆਪਣੇ ਸਕੱਤਰ ਨੂੰ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਦਾ ਆਦੇਸ਼ ਵੀ ਦਿੰਦਾ ਰਹਿੰਦਾ। ਨੌ ਕੁ ਵਜੇ ਦੇ ਕਰੀਬ ਅਕਾਲ ਸੈਨਾ ਨੂੰ ਨਿਰਖਦਾ-ਪਰਖਦਾ ਘੋੜੇ ਉੱਤੇ ਬੈਠਾ ਹੀ ਸਵੇਰੇ ਦਾ ਨਾਸ਼ਤਾ ਕਰਦਾ। ਇਸ ਤੋਂ ਅੱਧੇ ਘੰਟੇ ਬਾਅਦ ਮਹਾਰਾਜਾ ‘ਸਰਕਾਰ ਖਾਲਸਾ’ ਸਜਾਉਂਦਾ। ਰਾਜ ਪ੍ਰਬੰਧ ਦਾ ਸਾਰਾ ਕਾਰ-ਵਿਹਾਰ ਮਹਾਰਾਜੇ ਨੂੰ ਦੱਸਿਆ ਜਾਂਦਾ। ਮਸੂਲ, ਮਾਮਲਿਆਂ, ਆਮਦਨ ਅਤੇ ਖਰਚ ਦਾ ਸਾਰਾ ਹਿਸਾਬ ਕਿਤਾਬ ਮਹਾਰਾਜਾ ਆਪ ਕਰਦਾ। ਇਸ ਤੋਂ ਇਲਾਵਾ ਰਿਆਸਤ ਦੇ ਬਾਕੀ ਮਸਲੇ ਨਜਿੱਠਦਾ। ਦੁਪਿਹਰ ਬਾਰਾਂ ਤੋਂ ਇਕ ਵਜੇ ਤੱਕ ਗੁਰਬਾਣੀ ਜਾਂ ਕੀਰਤਨ ਸਰਵਨ ਕਰਦਾ। ਉਸ ਉਪਰੰਤ ‘ਦਰਬਾਰ ਖਾਲਸਾ’ ਲੱਗ ਜਾਂਦਾ। ਰਿਆਸਤ ਦੇ ਘਰੇਲੂ ਮਸਲੇ ਅਤੇ ਫਰਿਆਦੀਆਂ ਦੀਆਂ ਬੇਨਤੀਆਂ ਜਾਂ ਛੋਟੇ ਮੋਟੇ ਗੁਆਡੀ ਰਾਜਾਂ ਨਾਲ ਝਗੜਿਆਂ ਅਤੇ ਸਮਸਿਆਵਾਂ ਦਾ ਨਿਪਟਾਰਾ ਇਸੇ ਦਰਬਾਰ ਵਿਚ ਕਰਦਾ। ਪੰਜ ਵਜੇ ਮਹਾਰਾਜਾ ਦਰਬਾਰ ਖਾਰਜ ਕਰਕੇ ਮਨੋਰੰਜਨ ਲਈ ਨਾਚ-ਗਾਣੇ ਦਾ ਆਨੰਦ ਮਾਣਦਾ। ਰਾਤ ਨੂੰ ਅੱਠ ਵਜੇ ਭੋਜਨ ਕਰਕੇ ਸ਼ਰਾਬ ਪੀਂਦਾ ਤੇ ਆਪਣੀਆਂ ਰਾਣੀਆਂ ਅਤੇ ਦਾਸੀਆਂ ਕੋਲ ਰੰਗ-ਰਲੀਆਂ ਮਾਣਦਾ ਸੌਂ ਜਾਂਦਾ।
ਬਸ ਇਹੀ ਨਿੱਤ-ਚਰਿਆ ਹੈ ਮਾਹਾਰਾਜੇ ਦੀ ਕਈ ਸਾਲਾਂ ਤੋਂ।
ਕੁਝ ਕੁ ਦਿਨਾਂ ਬਾਅਦ ਮਹਾਰਾਜੇ ਨੂੰ ਇਕ ਨ੍ਰਿਤਕੀ ਦਾ ਨ੍ਰਿਤ ਦੇਖਦਿਆਂ ਮੋਰਾਂ ਦਾ ਚੇਤਾ ਆਉਂਦਾ ਹੈ। ਉਹ ਮੋਰਾਂ ਨੂੰ ਬੁਲਾਉਣ ਦਾ ਸੱਦਾ ਦਿੰਦਾ ਹੈ ਤਾਂ ਮੋਰਾਂ ਆਪਣੀ ਮਾਂ ਦੀ ਬਿਮਾਰੀ ਦਾ ਕਾਰਨ ਦੱਸ ਕੇ ਮਹਾਰਾਜੇ ਕੋਲ ਨਾ ਆਉਣ ਦਾ ਬਹਾਨਾ ਮਾਰ ਦਿੰਦੀ ਹੈ। ਮਹਾਰਾਜਾ ਤੜਫ ਜਾਂਦਾ ਹੈ। ਉਹ ਆਪਣੇ ਫਰੰਗੀ ਸਿਪਾਹਸਿਲਾਰ ਫੋਰਡ ਅਤੇ ਅਸਤਬਲ ਦੇ ਜਰਨੈਲ ਡੋਗਰਾ ਸੁਚੇਤ ਸਿੰਘ ਤੋਂ ਮੋਰਾਂ ਦੀ ਰਿਹਾਸ਼ਿਗਾਹ

This entry was posted in ਕਹਾਣੀਆਂ.

2 Responses to ਮੋਰਾਂ ਦਾ ਮਹਾਰਾਜਾ

  1. Aman says:

    This is a great story. Please post the complete story. I would love to read the ending. The same with story “KOOKER”

  2. anju sharma says:

    ਬਲਰਾਜ ਜੀ ਮੇਂ ਮੋਰਾਂ ਦੀ ਕਹਾਣੀ ਪੜ ਰਹੀ ਸੀ ਤੁਸੀ ਮੈਨੂੰ ਦੱਸ ਸਕਦੇ ਹੋ ਕਿ ਸੱਚੀ ਕਹਾਣੀ ਹੈ ਜਾਂ ਕੋਈ ਸੋਚ ਹੈ ਕਿਉਨਕਿ ਮੈਂ ਕਿਸੇ ਰੇਡਿਓ ਓੱਤੇ ਇਸ ਜਾਣਕਾਰੀ ਬਾਰੇ ਗੱਲ ਕਰਨਾ ਚਹੁੰਦੀ ਹਾਂ ਇਸ ਕਰਕੇ ਮੇਰੇ ਲਈ ਜਾਨਣਾ ਜਰੂਰੀ ਹੈ,.ਕਿਉਂਕਿ ਮੈਂ ਅੱਜ ਤੀਕਰ ਮੋ੍ਰਾ ਬਾਰੇ ਪੜਿਆ ਜਰੂਰ ਹੈ ਪਰ ਇੰਨਾ ਨਹੀ ਪੜਿਆ,ਮੇਰੇ ਲਈ ਨਵੀ ਜਾਣਕਾਰੀ ਹੈ ਮੈਨੂੰ ਜਰੂਰ ਦੱਸਣਾ ਇਸ ਬਾਰੇ ਰੱਬ ਰਾਖਾ ਜੀ,…….

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>