ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਵਿਤਾ ਦੀ ਇਬਾਰਤ ਨੂੰ ਯਾਦਗਾਰੀ ਪੁਰਸਕਾਰ

ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕਰਵਾਏ ਪਹਿਲੇ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਕਵਿਤਾ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਹੈ ਕਿ ਆਪਣੀ ਨੇਕੀ, ਸੁਹਿਰਦਤਾ ਅਤੇ ਮਰਦੇ ਦਮ ਤੱਕ ਸੰਘਰਸ਼ ਕਰਨ ਅਤੇ ਲਿਖਦੇ ਰਹਿਣ ਕਰਕੇ ਪ੍ਰੋ. ਕੁਲਵੰਤ ਜਗਰਾਉਂ ਹਮੇਸ਼ਾਂ ਲਈ ਜਿਉਂਦਾ ਹੈ। ਉਨ੍ਹਾਂ ਆਖਿਆ ਕਿ ਵਿਸ਼ਵ ਅਮਨ ਤੋਂ ਲੈ ਕੇ ਸਭਿਆਚਾਰ ਵਿਕਾਸ ਤੀਕ ਉਸ ਦੇ ਫ਼ਿਕਰ ਸਨ। ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪ੍ਰੋ. ਕੁਲਵੰਤ ਜਗਰਾਉਂ ਦੀ ਕਵਿਤਾ ਹਨੇਰੇ ਵਿਚ ਲਟ ਲਟ ਬਲਦੀ ਮਿਸ਼ਾਲ ਹੈ। ਉਸ ਦੇ ਅਨੇਕ ਸ਼ਿਅਰ ਜ਼ਿੰਦਗੀ ਦੇ ਹਨੇਰੇ ਰਾਹ ਵਿਚ ਸਾਨੂੰ ਲੋਅ ਦੇਣ ਦੇ ਸਮਰੱਥ ਹਨ।  ਉਨ੍ਹਾਂ ਕਿਹਾ ਕਿ ਫ਼ੈਜ਼ ਅਹਿਮਦ ਫ਼ੈਜ਼ ਦਾ ਸ਼ਿਅਰ ‘ਜਿਸ ਧਜ ਸੇ ਕੋਈ ਮਕਤਲ ਕੋ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ’- ਕੁਲਵੰਤ ਜਗਰਾਉਂ ’ਤੇ ਪੂਰਾ ਢੁੱਕਦਾ ਹੈ। ਸੁਰਜੀਤ ਪਾਤਰ ਨੇ ਜਗਰਾਉਂ ਹੋਰਾਂ ਦੇ ਤੁਰ ਜਾਣ ਬਾਰੇ ਆਪਣੀਆਂ ਲਿਖੀਆਂ ਸਤਰਾਂ ਯਾਦ ਕੀਤੀਆਂ – ‘ਤੇਰੀ ਵਿਦਾ ਤੇ ਬਸੰਤ ਰੁੱਤ ਸੀ, ਤੇ ਉਸ ਤੋਂ ਅੱਗੇ ਅਨੰਤ ਰੁੱਤ ਸੀ।’ ਗਗਨ ਦੀਪ ਸ਼ਰਮਾ ਨੂੰ ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਸਨਮਾਨ ਮਿਲਣ ਤੇ ਉਨ੍ਹਾਂ ਕਿਹਾ ਕਿ ਇਹ ਆਪਣੇ ਨਿਵੇਕਲੇ ਅੰਦਾਜ਼ ਨਾਲ ਲਫ਼ਜ਼ਾਂ ਵਿਚ ਆਪਣੀ ਗੱਲ ਕਰਨ ਵਾਲਾ ਸਮਰੱਥ ਸ਼ਾਇਰ ਹੈ। ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ ਸਮਾਗਮ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਹਰਜੀਤ ਅਟਵਾਲ (ਇੰਗਲੈਂਡ), ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ  ਡਾ. ਸੁਖਦੇਵ ਸਿੰਘ ਅਧਾਰਿਤ ਪ੍ਰਧਾਨਗੀ ਮੰਡਲ ਨੇ ਪ੍ਰਧਾਨਗੀ ਕੀਤੀ। ਇਸ ਸਮਾਗਮ ਵਿਚ ਉਭਰਦੇ ਨੌਜਵਾਨ ਸ਼ਾਇਰ ਸ੍ਰੀ ਗਗਨ ਦੀਪ ਸ਼ਰਮਾ ਦੀ ਪਲੇਠੀ ਪੁਸਤਕ ‘ਕਵਿਤਾ ਦੀ ਇਬਾਰਤ’ ਬਦਲੇ ਗਗਨ ਦੀਪ ਸ਼ਰਮਾ  ਨੂੰ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿਚ ਪ੍ਰੋ. ਕੁਲਵੰਤ ਜਗਰਾਉਂ ਦੀ ਪੰਜਾਬੀ ਕਵਿਤਾ ਦੇ ਸਰੋਕਾਰ ਵਿਸ਼ੇ ਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਉਸ ਦੀ ਸ਼ਾਇਰੀ ਅਨੰਤ ਕਾਲ ਤਕ ਸਮਾਜਿਕ ਤੇ ਸਭਿਆਚਾਰਕ ਫ਼ਿਕਰਾਂ ਪ੍ਰਤੀ ਆਪਣੀ ਭੂਮਿਕਾ ਅਦਾ ਕਰਦੀ ਰਹੇਗੀ। ਗਗਨ ਦੀਪ ਸ਼ਰਮਾ ਦੀ ਪੁਸਤਕ ‘ਕਵਿਤਾ ਦੀ ਇਬਾਰਤ’ ਬਾਰੇ ਬੋਲਦਿਆਂ ਡਾ. ਚਰਨਦੀਪ ਸਿੰਘ ਨੇ ਕਿਹਾ ਕਿ ‘ਸ਼ਾਇਰੀ ਦੀ ਇਹ ਪੁਸਤਕ ਮੁੱਖ ਰੂਪ ਵਿਚ ਆਪਣੀ ਅੰਦਰੂਨੀ ਭਾਵ-ਏਕਤਾ, ਲੈਅ ਬੱਧਤਾ ਅਤੇ ਰਿਦਮੀ ਪਰਵਾਜ਼ ਜਹੀਆਂ ਵੱਡੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਦੀ ਹੋਈ ਵਿਸ਼ਾਗਤ ਵਿਲੱਖਣਤਾ ਅਤੇ ਵਿਧਾਗਤ ਉਤਮਤਾ ਦਾ ਪ੍ਰਮਾਣ ਪੇਸ਼ ਕਰਕੇ ਭਵਿੱਖਮੁਖੀ ਸੰਭਾਵਨਾਵਾਂ ਉਜਾਗਰ ਕਰਦੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ  ਕਿਹਾ ਕਿ ਮੈਨੂੰ ਮਾਣ ਹੈ ਕਿ ਪ੍ਰੋ. ਕੁਲਵੰਤ ਜਗਰਾਉਂ ਹੋਰਾਂ ਦੀ ਜ਼ਿੰਦਗੀ ਅਤੇ ਕਵਿਤਾ ਦੇ ਅੰਦਰੋਂ ਅਤੇ ਬਾਹਰੋਂ ਬਹੁਤ ਨਜ਼ਦੀਕ ਰਿਹਾ ਹਾਂ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੋ. ਕੁਲਵੰਤ ਜਗਰਾਉਂ ਦੇ ਪਰਿਵਾਰ ਦਾ ਐਵਾਰਡ ਸਥਾਪਿਤ ਕਰਨ ਲਈ ਧੰਨਵਾਦ ਕਰਦਿਆਂ ਜਗਰਾਉਂ ਹੋਰਾਂ ਦੀ ਪੰਜਾਬੀ ਸਾਹਿਤ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਦਿੱਤੀ ਦੇਣ ਦਾ ਵਿਸ਼ੇਸ਼ ਜ਼ਿਕਰ ਕੀਤਾ।  ਇਸ ਸਮੇਂ ਪ੍ਰੋ. ਕਿਸ਼ਨ ਸਿੰਘ ਹੋਰਾਂ ਵਲੋਂ ਲਿਖੀ ਪੁਸਤਕ ‘ਕੁਲਵੰਤ ਜਗਰਾਉਂ ਦੀ ਕਾਵਿ ਚੇਤਨਾ’ ਲੋਕ ਅਰਪਣ ਕੀਤੀ ਗਈ।

ਪ੍ਰੋ. ਕੁਲਵੰਤ ਜਗਰਾਉਂ ਹੋਰਾਂ ਸੰਬੰਧੀ ਹੋਰਨਾਂ ਤੋਂ ਇਲਾਵਾ ਉਘੇ ਪੱਤਰਕਾਰ ਦਰਸ਼ਨ ਸਿੰਘ ਮੱਕੜ, ਮਹਿੰਦਰਦੀਪ ਗਰੇਵਾਲ, ਸਵਰਨ ਸਿੰਘ ਪਰਵਾਨਾ (ਡੈਨਮਾਰਕ), ਗੁਰਚਰਨ ਕੌਰ ਕੋਚਰ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਸਮਾਗਮ ਵਿਚ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ’ਤੇ ਪ੍ਰੋ. ਕੁਲਵੰਤ ਜਗਰਾਉਂ ਦੇ ਭਰਾ ਸ੍ਰੀ ਕੁਲਜੀਤ ਜਗਰਾਉਂ, ਭੈਣਾਂ ਜਸਵੰਤ ਕੌਰ ਤੇ ਭਗਵੰਤ ਕੌਰ, ਬੇਟੀ ਨਵਕਿਰਨ ਕੌਰ, ਬੇਟਾ ਨਵਜੋਤ ਸਿੰਘ ਅਤੇ ਨੂੰਹ ਵੀਰਾਂ ਸਮੇਤ ਸ੍ਰੀਮਤੀ ਮਹਿੰਦਰ ਕੌਰ ਜਗਰਾਉਂ ਸਮਾਗਮ ਵਿਚ ਹਾਜ਼ਰ ਹੋਏ।

ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ. ਜਗਦੇਵ ਸਿੰਘ ਜੱਸੋਵਾਲ, ਗਿਆਨੀ ਕੇਵਲ ਸਿੰਘ ਨਿਰਦੋਸ਼, ਡਾ. ਨਿਰਮਲ ਜੌੜਾ, ਹਰਜੀਤ ਦੌਧਰੀਆ, ਉਜਾਗਰ ਸਿੰਘ ਕੰਵਲ, ਡਾ. ਸ. ਸ. ਦੁਸਾਂਝ, ਡਾ. ਦਰਸ਼ਨ ਸਿੰਘ ਔਲਖ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਕੈਲੇ, ਡਾ. ਸਰੂਪ ਸਿੰਘ ਅਲੱਗ, ਸੁਰਿੰਦਰ ਰਾਮਪੁਰੀ, ਡਾ. ਅਮਰਜੀਤ ਸਿੰਘ ਗੋਰਕੀ, ਡਾ. ਰਣਜੀਤ ਸਿੰਘ, ਹਰਨੇਮ ਰਾਮਪੁਰੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਪ੍ਰੋ. ਰਵਿੰਦਰ ਭੱਠਲ, ਸ਼ਾਹ ਚਮਨ, ਸਰਦਾਰ ਪੰਛੀ, ਸਤੀਸ਼ ਗੁਲਾਟੀ, ਦਵਿੰਦਰ ਸਿੰਘ ਸੇਖਾ, ਗੁਰਦਿਆਲ ਦਲਾਲ, ਇੰਦਰਜੀਤ ਪਾਲ ਕੌਰ, ਮਨਮੋਹਨ ਸਿੰਘ ਬੁੱਧਰਾਜਾ, ਅਵਤਾਰ ਧਮੋਟ, ਐਨ.ਐਸ. ਨੰਦਾ, ਪ੍ਰੋ. ਕਿਸ਼ਨ ਸਿੰਘ, ਲਾਭ ਸਿੰਘ ਬੇਗੋਵਾਲ, ਸੋਮਪਾਲ ਹੀਰਾ, ਸੁਖਦੇਵ ਮਾਦਪੁਰੀ, ਜਸਵਿੰਦਰ, ਪ੍ਰੀਤਮ ਪੰਧੇਰ, ਜਿੰਦਰ, ਭਗਵਾਨ ਢਿੱਲੋਂ, ਦਲਬੀਰ ਲੁਧਿਆਣਵੀ, ਤੇਗ਼ ਬਹਾਦਰ ਸਿੰਘ ਤੇਗ਼, ਤਰਲੋਚਨ ਝਾਂਡੇ, ਜਸਵੰਤ ਸਿੰਘ ਜੱਸੜ, ਹਰਭਜਨ ਫੱਲੇਵਾਲਵੀ ਸਮੇਤ ਕਾਫ਼ੀ ਗਿਣਤੀ ਵਿਚ ਸਥਾਨਕ ਲੇਖਕ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>