ਖ਼ਾਲਸਾ ਕਾਲਜ ਸਬੰਧੀ ਟੀਵੀ ਚੈਨਲ ਵਲੋਂ ਕੀਤਾ ਖ਼ੁਲਾਸਾ ਪੈ ਸਕਦਾ ਹੈ ਬਾਦਲ ਪ੍ਰਵਾਰ ਲਈ ਭਾਰੀ

ਬਠਿੰਡਾ, (ਕਿਰਪਾਲ ਸਿੰਘ): -ਅੱਜ ਤੋਂ 121 ਸਾਲ ਪਹਿਲਾਂ 1890 ਈਸਵੀ ਵਿੱਚ ਸਿੱਖ ਚੇਤਨਾ ਵਿੱਚ ਇਹ ਵੀਚਾਰ ਉਤਪਨ ਹੋਇਆ ਕਿ ਸਿੱਖ ਬੱਚਿਆਂ ਨੂੰ ਸਸਤੀ ਤੇ ਵਧੀਆ ਵਿਦਿਆ ਦੇਣ ਲਈ ਖ਼ਾਲਸਾ ਕਾਲਜ ਬਣਾਇਅ ਜਾਵੇ, ਜਿਸ ਦੇ ਸਿੱਟੇ ਵਜੋਂ ਲਾਹੌਰ ਵਿਖੇ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਹੋਈ ਸਿੱਖ ਕਨਵੋਕੇਸ਼ਨ ਵਿਚ ਇਸ ਮਕਸਦ ਲਈ ਮਤਾ ਪਾਸ ਕੀਤਾ ਗਿਆ। ਉਸ ਕਨਵੋਕੇਸ਼ਨ ਵਿੱਚ ਕੀਤੀ ਭਾਵਪੂਰਕ ਅਪੀਲ ਸਦਕਾ ਖ਼ਾਲਸਾ ਕਾਲਜ ਬਣਾਉਣ ਲਈ ਫੂਲਕੀਆਂ ਸਿੱਖ ਰਿਆਸਤ ਦੇ ਰਾਜਿਆਂ ਤੇ ਅਮੀਰ ਸਿੱਖਾਂ ਨੇ ਦਿਲ ਖੋਲ੍ਹ ਕੇ ਪੈਸੇ ਦਿੱਤੇ ਅੰਮ੍ਰਿਤਸਰ ਦੇ ਨਜਦੀਕ ਤਿੰਨ ਪਿੰਡਾਂ ਨੇ 500 ਏਕੜ ਜਮੀਨ ਮੁਫ਼ਤ ਵਿੱਚ ਦਿੱਤੀ, ਜਿਸ ਵਿੱਚੋਂ ਇਕੱਲੇ ਪਿੰਡ ਕੋਟ ਸਈਅਦ ਖਾਂ, ਜਿਸ ਦਾ ਅੱਜਕਲ੍ਹ ਨਾਮ ਕੋਟ ਖ਼ਾਲਸਾ ਹੈ, ਨੇ 400 ਏਕੜ ਜਮੀਨ ਦਿੱਤੀ। ਇਸ ਤੋਂ ਇਲਾਵਾ ਸਿੱਖ ਜਿਮੀਦਾਰਾਂ ਨੇ ਇੱਕ ਆਨਾ ਪ੍ਰਤੀ ਏਕੜ ਦੇ ਹਿਸਾਬ ਟੈਕਸ ਇਕੱਤਰ ਕਰਕੇ ਖ਼ਾਲਸਾ ਕਾਲਜ ਦੀ ਉਸਾਰੀ ਲਈ ਦਿੱਤਾ। ਸਮੂਹ ਸਿੱਖਾਂ ਦੇ ਇਸ ਭਰਵੇਂ ਸਹਿਯੋਗ ਸਦਕਾ 1892 ਵਿੱਚ ਖ਼ਾਲਸਾ ਕਾਲਜ ਅਮਿੰ੍ਰਤਸਰ ਦੀ ਮੌਜੂਦਾ ਆਲੀਸ਼ਾਨ ਇਮਾਰਤ ਹੋਂਦ ਵਿੱਚ ਆਈ, ਜਿਸ ਨੂੰ ਸਿੱਖਾਂ ਦੀ ਸ਼ਾਨ ’ਤੇ ਵਿਰਾਸਤ ਵਜੋਂ ਜਾਣਿਆ ਜਾਂਦਾ ਹੈ। ਇਸ ਲਈ ਖ਼ਾਲਸਾ ਕਾਲਜ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਿਉਂ ਹੀ ਚੁੱਪ ਚਪੀਤੇ ਇਸ ਨੂੰ ਖ਼ਾਲਸਾ ਯੂਨੀਵਰਸਿਟੀ ਵਿੱਚ ਤਬਬਦੀਲ ਕੀਤੇ ਜਾਣ ਦੀਆਂ ਖ਼ਬਰਾਂ ਆਈਆਂ ਤਾਂ ਇਸ ਦੇ ਨਾਲ ਹੀ ਵਿਵਾਦ ਸ਼ੁਰੂ ਹੋ ਗਿਆ ਕਿ ਖ਼ਾਲਸਾ ਕਾਲਜ ਦੀ ਹੋਂਦ ਖਤਮ ਕਰ ਕੇ ਇਸ ਨੂੰ ਨਿਜੀ ਜਾਇਦਾਦ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਖ਼ਾਲਸਾ ਕਾਲਜ ਦੇ ਮੌਜੂਦਾ ਵਿਦਿਆਰਥੀ, ਪੁਰਾਣੇ ਵਿਦਿਆਰਥੀ, ਟੀਚਿੰਗ ਤੇ ਨਾਨ ਟੀਚਿੰਗ ਸਟਾਫ, ਸਤਾਧਾਰੀ ਅਕਾਲੀ ਦਲ ਨੂੰ ਛੱਡ ਕੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਨੇੜਲੇ ਪਿੰਡ ਵਾਸੀ ਇਸ ਤਜ਼ਵੀਜ ਦਾ ਸਖਤ ਵਿਰੋਧ ਕਰ ਰਹੇ ਹਨ। ਉਨ੍ਹਾਂ ਇਹ ਮਾਮਲਾ ਅਕਾਲ ਤਖ਼ਤ ’ਤੇ ਵੀ ਪਹੁੰਚਾਇਆ ਤੇ ਮੰਗ ਕੀਤੀ ਕਿ ਖ਼ਾਲਸਾ ਕਾਲਜ ਦੀ ਹੋਂਦ ਬਚਾਉਣ ਲਈ ਜਥੇਦਾਰ ਦਖ਼ਲ ਦੇਣ।

ਆਮ ਆਦਮੀ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਖ਼ਾਲਸਾ ਕਾਲਜ ਨੂੰ ਖ਼ਾਲਸਾ ਯੂਨੀਵਰਸਿਟੀ ਬਣਾਉਣ ਵਿੱਚ ਤਾਂ ਸਿੱਖਾਂ ਨੂੰ ਖੁਸ਼ੀ ਤੇ ਮਾਨ ਮਹਿਸੂਸ ਹੋਣਾ ਚਾਹੀਦਾ ਸੀ, ਇਸ ਲਈ ਸਿਰਫ ਸਿਆਸੀ ਵਿਰੋਧੀ ਹੀ ਇਸ ਮਾਮਲੇ ਨੂੰ ਤੂਲ ਦੇ ਕੇ ਵਿਵਾਦ ਖੜ੍ਹਾ ਕਰ ਰਹੇ ਹੋਣਗੇ। ਚੀਫ਼ ਖ਼ਾਲਸਾ ਦੀਵਾਨ ਜਿਸ ਦੇ ਕਾਫੀ ਸਾਰੇ ਮੈਂਬਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਵੀ ਮੈਂਬਰ ਹਨ, ਨੇ ਵੀ ਕਾਲਜ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕੀਤੇ ਜਾਣ ਦਾ ਮਤਾ ਪਾਸ ਕਰ ਦਿੱਤਾ। 24 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਵੀ ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਜੇ ਖ਼ਾਲਸਾ ਯੂਨੀਵਰਸਿਟੀ ਬਣਾਉਣੀ ਹੈ ਤਾਂ ਵੱਖਰੀ ਜਮੀਨ ਲੈ ਕੇ ਉਸ ਲਈ ਵੱਖਰੀ ਇਮਾਰਤ ਬਣਾਈ ਜਾਵੇ ਨਾ ਕਿ ਕਿ ਖ਼ਾਲਸਾ ਕਾਲਜ ਦੀ ਹੋਂਦ ਖਤਮ ਕੀਤੀ ਜਾਵੇ। ਚੀਫ ਖ਼ਾਲਸਾ ਦੀਵਾਨ ਦਾ ਮਤਾ ਤਾਂ ਸਮਝਿਆ ਜਾ ਸਕਦਾ ਹੈ ਕਿ ਸ਼ਾਇਦ ਉਸ ਵਿੱਚ ਧੜੇਬੰਦੀ ਹੋਵੇ ਤੇ ਬਾਦਲ ਵਿਰੋਧੀ ਮੈਂਬਰਾਂ ਦੀ ਬਹੁ ਗਿਣਤੀ ਨੇ ਸਿਆਸੀ ਵਿਰੋਧ ਵਜੋਂ ਇਹ ਮਤਾ ਪਾਸ ਕਰ ਦਿੱਤਾ ਹੋਵੇ, ਪਰ ਸ਼੍ਰੋਮਣੀ ਕਮੇਟੀ ਵਿਚੋਂ ਸਰਬ ਸੰਮਤੀ ਨਾਲ ਮਤਾ ਪਾਸ ਹੋਣਾ ਤੇ ਉਹ ਵੀ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਵੱਲੋਂ ਇਹ ਮਤਾ ਖ਼ੁਦ ਪੜ੍ਹੇ ਜਾਣ ਨੇ ਤਾਂ ਇਸ ਬੁਝਾਰਤ ਨੂੰ ਹੋਰ ਪੇਚੀਦਾ ਬਣਾ ਦਿੱਤਾ ਕਿ ਅਸਲ ਪਹੇਲੀ ਹੈ ਕੀ? ਜੇ ਯੂਨੀਵਰਸਿਟੀ ਬਣਾਉਣ ਨਾਲ ਬਾਦਲ ਜਾਂ ਉਸ ਦੇ ਕੁੜਮ ਮਜੀਠੀਆ ਪ੍ਰਵਾਰ ਦਾ ਕੋਈ ਲਾਭ ਹੁੰਦਾ ਤਾਂ ਸ: ਮੱਕੜ ਨੇ ਇਹ ਜੁਰ੍ਹਤ ਕਿਵੇਂ ਕਰ ਲਈ ਕਿ ਉਹ ਇਸ ਦੇ ਵਿਰੋਧ ਵਿੱਚ ਕੋਈ ਮਤਾ ਪੇਸ਼ ਕਰਕੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰਵਾ ਲਵੇ? ਹਾਲੀ ਇਹ ਕਿਆਸ ਅਰਾਂਈਆਂ ਚੱਲ ਹੀ ਰਹੀਆਂ ਸਨ ਕਿ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ, ਭਾਵ ਮੱਕੜ ਸਾਹਿਬ ਨੇ ਖ਼ੁਦ ਹੀ ਬਿਆਨ ਦਾਗ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਖ਼ਾਲਸਾ ਯੂਨੀਵਰਸਿਟੀ ਦੇ ਵਿਰੋਧ ਵਿੱਚ ਕੋਈ ਮਤਾ ਪਾਸ ਹੀ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ (1920) ਅਤੇ ਦਲ ਖ਼ਾਲਸਾ ਵਲੋਂ ਸ: ਮੱਕੜ ਦੀ ਅਕਾਲ ਤਖ਼ਤ ’ਤੇ ਸ਼ਿਕਾਇਤ ਕੀਤੀ ਗਈ ਕਿ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮਤਾ ਖ਼ੁਦ ਪੜ੍ਹਿਆ ਤੇ  ਜਨਰਲ ਇਜਲਾਸ ਦੇ ਸਮੁੱਚੇ ਮੈਂਬਰਾਂ ਨੇ ਜੈਕਾਰੇ ਛੱਡ ਕੇ ਇਸ ਨੂੰ ਪ੍ਰਵਾਨ ਕੀਤਾ ਪਰ ਅਗਲੇ ਹੀ ਦਿਨ ਇਸ ਤੋਂ ਮੁੱਕਰ ਕੇ ਸ: ਮੱਕੜ ਨੇ ਗੁਰੂ ਗੰ੍ਰਥ ਸਾਹਿਬ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਦਾ ਅਪਮਾਨ ਕੀਤਾ ਹੈ ਤੇ ਇੱਕ ਸਿੱਖ ਦੇ ਸੱਚ ਬੋਲਣ ਦੀ ਭਰੋਸੇਯੋਗਤਾ ’ਤੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸ: ਮੱਕੜ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਉਸ ਨੂੰ ਯੋਗ ਤਨਖ਼ਾਹ ਲਾਈ ਜਾਵੇ। ਵੈਸੇ ਤਾਂ ਜਨਰਲ ਇਜਲਾਸ ਵਿੱਚ ਪੰਜੇ ਜਥੇਦਾਰ ਖ਼ੁਦ ਸ਼ਾਮਲ ਸਨ ਇਸ ਲਈ ਹੋਰ ਕਿਸੇ ਸਬੂਤ ਦੀ ਲੋੜ ਹੀ ਨਹੀਂ ਹੈ, ਪਰ ਫਿਰ ਵੀ ਉਨ੍ਹਾਂ ਮਤਾ ਪੜ੍ਹਦਿਆਂ ਦੀ ਸ: ਮੱਕੜ ਦੀ ਵੀਡੀਓ ਸੀਡੀ ਆਪਣੀ ਸ਼ਿਕਾਇਤ ਨਾਲ ਨੱਥੀ ਕਰ ਦਿੱਤੀ ਸੀ। ਇਸ ਦੇ ਬਾਵਯੂਦ ਅਕਾਲ ਤਖ਼ਤ ’ਤੇ 29 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿਚ ਸਮੇਂ ਦੀ ਘਾਟ ਦਾ ਬਹਾਨਾ ਬਣਾ ਕੇ, ਨਾ ਹੀ ਇਸ ਸ਼ਿਕਾਇਤ ’ਤੇ ਅਤੇ ਨਾ ਹੀ ਖ਼ਾਲਸਾ ਕਾਲਜ ਬਚਾਓ ਸੰਘਰਸ਼ ਕਮੇਟੀ ਦੀ ਸ਼ਿਕਾਇਤ ’ਤੇ ਕੋਈ ਵੀਚਾਰ ਕੀਤੀ ਗਈ। ਇੱਕ ਨਿੱਜੀ ਟੀਵੀ ਚੈਨਲ ’ਡੇ ਐਂਡ ਨਾਈਟ’ ਦੇ ਸੀਨੀਅਰ ਪੱਤਰਕਾਰ ਸ: ਸਵਰਨ ਸਿੰਘ ਦਾਨੇਵਾਲੀਆ ਦੀ ਟੀਮ ਨੇ ਖ਼ਾਲਸਾ ਕਾਲਜ ਦੀ ਹੋਂਦ ਕਾਇਮ ਰੱਖਣ ਦੇ ਹਾਮੀਆਂ ਤੇ ਇਸ ਨੂੰ ਨਿੱਜੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੇ ਹਮਾਇਤੀਆਂ ਨੂੰ ਮਿਲ ਕੇ ਤੱਥਾਂ ਦੇ ਅਧਾਰਤ ਇੱਕ ਵਿਸ਼ੇਸ਼ ਰੀਪੋਰਟ ਤਿਆਰ ਕੀਤੀ ਜਿਹੜੀ ਕਿ 31 ਮਾਰਚ ਸ਼ਾਮ ਨੂੰ ਪ੍ਰਸਾਰਤ ਕੀਤੀ ਗਈ। ਇਹ ਰੀਪੋਰਟ ਵੇਖ ਕੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਯੂਨੀਵਰਸਿਟੀ ਬਣਾਉਣ ਦੇ ਨਾਮ ’ਤੇ ਖ਼ਾਲਸਾ ਕਾਲਜ ਦੀ ਕੌਮੀ ਜਾਇਦਾਦ ਨੂੰ ਨਿਜੀ ਹੱਥਾਂ ਵਿੱਚ ਲੈਣ ਲਈ ਇਹ ਇੱਕ ਸਾਜਿਸ਼ ਹੈ।

ਟੀਵੀ ’ਤੇ ਵਿਖਾਈ ਗਈ ਇਸ ਰੀਪੋਰਟ ਮੁਤਾਬਕ 2004 ਵਿੱਚ ਸੁਖਬੀਰ ਸਿੰਘ ਬਾਦਲ ਦੇ ਸਹੁਰਾ ਸਤਿਆਜੀਤ ਸਿਘ ਮਜੀਠੀਆ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਬਣੇ। ਉਨ੍ਹਾਂ ਆਉਂਦਿਆਂ ਹੀ ਕਾਲਜ ਦੀ ਜਾਇਦਾਦ ਨੂੰ ਆਪਣੇ ਨਿਜੀ ਹੱਥਾਂ ਵਿੱਚ ਲੈਣ ਦੀ ਮੁਢਲੀ ਤਿਆਰੀ ਵਜੋਂ ਚੁੱਪ ਚਪੀਤੇ ਹੀ ਆਪਣੇ ਪ੍ਰਵਾਰਕ ਮੈਂਬਰਾਂ ਨੂੰ ਇਸ ਦੇ ਗਵਰਨਿੰਗ ਕੌਂਸਿਲ ਦੇ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਪੜ੍ਹੀ ਗਈ ਉਸ ਸੂਚੀ ਵਿੱਚ ਲੜੀ ਨੰਬਰ 3 ਸਤਿਆਜੀਤ ਸਿੰਘ ਮਜੀਠੀਆ, ਨੰ: 23 ਬਿਕ੍ਰਮਜੀਤ ਸਿੰਘ ਮਜੀਠੀਆ (ਪੁੱਤਰ), ਨੰ: 33 ਗੁਰਮੇਹਰ ਸਿੰਘ ਮਜੀਠੀਆ (ਪੁੱਤਰ), ਨੰ: 42 ਹਰਸਿਮਰਤ ਕੌਰ ਬਾਦਲ (ਪੁੱਤਰੀ), ਨੰ: 90 ਸੁਖਬੀਰ ਸਿੰਘ ਬਾਦਲ (ਜੁਆਈ), ਨੰ: 60 ਸੁਖਮਨਜਸ ਕੌਰ ਢਿੱਲੋਂ (ਰਿਸ਼ਤੇਦਾਰ), ਨੰਬਰ 93 ਜਸਵਿੰਦਰਪਾਲ ਸਿੰਘ (ਰਿਸ਼ਤੇਦਾਰ), ਨੰ: 95 ਸਵਰਨ ਸਿੰਘ (ਰਿਸ਼ਤੇਦਾਰ) ਹਨ। ਗਵਰਨਿੰਗ ਕੌਂਸਿਲ ਦੇ ਕਾਰਜ਼ਕਾਰੀ ਮੈਂਬਰ ਸ: ਭਾਗ ਸਿੰਘ ਅਣਖੀ ਨੇ ਦੱਸਿਆ ਕਿ ਗਵਰਨਿੰਗ ਕੌਂਸਿਲ ਵਿੱਚ ਇਹ ਮੈਂਬਰ ਸ਼ਾਮਲ ਕਰਨ ਦੀ ਕਾਰਵਾਈ ਇੰਨੀ ਗੁਪਤ ਰੱਖੀ ਗਈ ਕਿ ਨਾ ਕਦੀ ਮੈਂਬਰ ਵਧਾਉਣ ਦਾ ਏਜੰਡਾ ਮੈਂਬਰਾਂ ਨੂੰ ਭੇਜਿਆ ਗਿਆ, ਨਾ ਕਦੀ ਕਿਸੇ ਮੀਟਿੰਗ ਵਿੱਚ ਇਸ ਨੂੰ ਵੀਚਾਰਿਆ ਗਿਆ ਤੇ ਨਾ ਹੀ ਇਹ ਸੂਚੀ ਮੈਬਰਾਂ ਨੂੰ ਕਦੀ ਵਿਖਾਈ ਗਈ ਹੈ।

ਨਿੱਜੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦਾ ਮਤਾ ਵੀ ਕਦੀ ਕਿਸੇ ਮੀਟਿੰਗ ਵਿੱਚ ਨਹੀਂ ਵੀਚਾਰਿਆ ਗਿਆ। ਉਸ ਦੇ ਸੰਵਿਸ਼ਾਨ ਵਿੱਚ ਦਰਜ਼ ਕਰ ਦਿੱਤਾ ਗਿਆ ਕਿ ਖ਼ਾਲਸਾ ਕਾਲਜ ਦਾ ਭਾਵ ਹੋਇਗਾ ਖ਼ਾਲਸਾ ਚੈਰੀਟੇਬਲ ਟ੍ਰਸਟ। ਖ਼ਾਲਸਾ ਕਾਲਜ ਦੇ ਨਾਮ ਦੀ ਤਬਦੀਲੀ ਦਾ ਮਤਾ ਵੀ ਕਦੀ ਕਿਸੇ ਮੀਟਿੰਗ  ਵਿੱਚ ਨਹੀਂ ਲਿਆਂਦਾ ਗਿਆ। ਸੰਵਿਧਾਨ ਵਿੱਚ ਇੱਥੋਂ ਤੱਕ ਤਬਦੀਲੀ ਕਰ ਦਿੱਤੀ ਗਈ ਕਿ ਇਸ ਦੀ ਸੈਕਸ਼ਨ ਨੰ: 5 ਦੀ ਮਦ 14 ਅਨੁਸਾਰ ਯੂਨੀਵਰਸਿਟੀ ਦੇ ਪ੍ਰਬੰਧਕ ਲੋੜ ਪੈਣ ’ਤੇ ਇਸ ਦੀ ਜਾਇਦਾਦ ਨੂੰ ਵੇਚ ਜਾਂ ਲੀਜ਼ ’ਤੇ ਦੇ ਸਕਦੇ ਹਨ। ਇਸ ਮੱਦ ਨਾਲ ਪੰਥਕ ਜਾਇਦਾਦ ਇੱਕ ਪ੍ਰੀਵਾਰ ਦੇ ਹੱਥਾਂ ਵਿੱਚ ਚਲੀ ਜਾਵੇਗੀ। ਸ: ਅਣਖੀ ਨੇ ਕਿਹਾ ਕਾਨੂੰਨਦਾਨ ਤੇ ਪੜ੍ਹੇ ਲਿਖੇ ਸਾਰੇ ਲੋਕ ਜਾਣਦੇ ਹਨ ਕਿ ਨਾਮ ਦੀ ਤਬਦੀਲੀ ਦਾ ਭਾਵ ਹੈ ਕਿ ਉਸ ਦੀ ਪੁਰਾਣੀ ਹੋਂਦ ਖਤਮ ਹੋ ਜਾਣਾ। ਲੋਕਾਂ ਨੇ ਖ਼ਾਲਸਾ ਕਾਲਜ ਬਣਾਉਣ ਲਈ ਦਿਲ ਖੋਲ੍ਹ ਕੇ ਦਾਨ ਸਿਰਫ ਇਸ ਉਮੀਦ ਨਾਲ ਦਿੱਤਾ ਸੀ ਕਿ ਇਹ ਸੰਸਥਾ ਜਿਥੇ ਸਿੱਖ ਪ੍ਰਵਾਰਾਂ ਦੇ ਬੱਚਿਆਂ ਨੂੰ ਸਸਤੀ ਤੇ ਉੱਚ ਕੋਟੀ ਦੀ ਵਧੀਆ ਵਿਦਿਆ ਪ੍ਰਦਾਨ ਕਰੇਗੀ ਉਥੇ ਵਿਦਿਆਰਥੀਆਂ ਨੂੰ ਸਿੱਖ ਸਿਧਾਂਤਾ ਵਿੱਚ ਵੀ ਪ੍ਰਪੱਕ ਕੀਤਾ ਜਾਵੇਗਾ। ਸਿੰਘ ਸਭਾ ਤੇ ਚੀਫ਼ ਖ਼ਾਲਸਾ ਦੀਵਾਨ ਦੀਆਂ ਲਹਿਰਾਂ ਵਿੱਚੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਹੋਂਦ ਵਿੱਚ ਆਇਆ ਤੇ ਖ਼ਾਲਸਾ ਕਾਲਜ ਨੇ ਹਰ ਸਿੱਖ ਜੱਦੋ ਜਹਿਦ ਵਿੱਚ ਆਪਣਾ ਭਰਵਾਂ ਯੋਗਦਾਨ ਪਾਇਆ। ਇਥੋਂ ਉੱਠੀ ਲਹਿਰ ਨੇ ਹੀ ਮਹੰਤਾਂ ਦੇ ਕਬਜ਼ੇ ਵਿੱਚੋਂ ਅਕਾਲ ਤਖ਼ਤ ਨੂੰ ਅਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕੋਈ ਵੀ ਪ੍ਰਾਈਵੇਟ ਕਮਰਸ਼ੀਅਲ ਯੂਨੀਵਰਸਿਟੀ ਖ਼ਾਲਸ ਪੰਥ ਦੀ ਉਸ ਢੰਗ ਨਾਲ ਗੱਲ  ਨਹੀਂ ਕਰ ਸਕਦੀ ਜਿਸ ਤਰ੍ਹਾਂ ਕਿ ਖ਼ਾਲਸਾ ਕਾਲਜ ਕਰ ਸਕਦਾ  ਹੈ।

ਹੁਣ ਤੱਕ ਇਸ ਸੰਸਥਾ ਨੇ ਬਾਖ਼ੂਬੀ ਆਪਣਾ ਰੋਲ ਨਿਭਾਇਆ ਤੇ ਇੱਥੋਂ ਵਿਦਿਆ ਦੇ ਨਾਲ ਨਾਲ ਅਥਲੈਟਿਕਸ ਤੇ ਖੇਡਾਂ ਦੇ ਖੇਤਰ ਵਿੱਚ ਹਾਕੀ ਦੇ ਚਮਕਦੇ ਸਿਤਾਰੇ ਬਲਬੀਰ ਸਿੰਘ ਸੀਨੀਅਰ, ਸ਼ਹਿਜ਼ਾਦਾ ਖੁਰਾਮ ਲਤੀਫ਼, ਧਰਮ ਸਿੰਘ, ਹਰਵਿੰਦਰ ਸਿੰਘ, ਰਾਮ ਸਰੂਪ ਪਾਸੀ, ਹੈਮਰ ਥਰੋਅਰ ਪ੍ਰਵੀਨ ਕੁਮਾਰ, ਬਹਾਦਰ ਸਿੰਘ ਤੇ ਜੁਗਰਾਜ ਸਿੰਘ ਸ਼ਾਟਪੁੱਟ, ਗੁਰਚਰਨ ਸਿੰਘ ਐਥਲੀਟ, ਬਿਸ਼ਨ ਸਿੰਘ ਬੇਦੀ ਕ੍ਰਿਕਟਰ ਕੌਮ ਦੀ ਝੋਲੀ ਵਿਚ ਪਾਏ। ਵਿਦਿਆ ਦੇ ਖੇਤਰ ਵਿਚ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ, ਕਰਮ ਸਿੰਘ ਗਿੱਲ, ਆਰ ਸੀ ਪਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਖੇਮ ਸਿੰਘ ਗਿੱਲ, ਜੀ ਐੱਸ ਰੰਧਾਵਾ। ਭਾਰਤੀ ਫ਼ੌਜ ਵਿੱਚ ਫੀਲਡ ਮਾਰਸ਼ਲ ਅਰਜੁਨ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਰਜਿੰਦਰ ਸਿੰਘ ਸਪੈਰੋ ਅਤੇ ਆਪਣੇ ਖੇਤਰ ਦੀਆਂ ਵਿਦਵਾਨ ਸਖ਼ਸ਼ੀਅਤਾ ਫਿਲਮਕਾਰ ਭੀਸ਼ਮ ਸਾਹਨੀ ਤੇ ਅਕਸ਼ੈ ਕੁਮਾਰ ਆਦਿ ਦੇ ਨਾਮ ਵਰਨਣਯੋਗ ਹਨ। ਆਪਣਾ ਵਿਸ਼ੇਸ਼ ਸਥਾਨ ਬਣਾਉਣ ਵਾਲੇ ਸਿਆਸਦਾਨਾਂ ਵਿਚੋਂ ਸਬਕਾ ਮੁਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਦੇ ਨਾਮ ਮੁਖ ਤੌਰ ’ਤੇ ਵਰਨਣਣੋਗ ਹਨ। ਸ: ਅਣਖੀ ਨੇ ਕਿਹਾ ਕਿ ਜੇ ਇਹ ਕਾਲਜ ਨਿਜੀ ਯੂਨੀਵਰਸਿਟੀ ਵਿੱਚ ਤਬਦੀਲ ਹੋ ਗਿਆ ਤਾਂ ਇਸ ਨੂ ਇੱਕ ਕਮਰਸ਼ੀਅਲ ਆਦਾਰੇ ਦੇ ਤੌਰ ’ਤੇ ਚਲਾਇਆ ਜਾਵੇਗਾ, ਜਿਸ ਨਾਲ ਵਿਦਿਆ ਮਹਿੰਗੀ ਹੋ ਜਾਵੇਗੀ ਤੇ ਗਰੀਬ ਸਿੱਖ ਪ੍ਰਵਾਰਾਂ ਦੇ ਬੱਚੇ ਜਿਨ੍ਹਾਂ ਲਈ ਵਿਸ਼ੇਸ ਤੌਰ ’ਤੇ ਇਹ ਕਾਲਜ ਬਣਾਇਆ ਗਿਆ ਸੀ ਉਹ ਵਿਦਿਆ ਤੋਂ ਵਾਂਝੇ ਰਹਿ ਜਾਣਗੇ।     ਮਾਸਟਰ ਤਾਰਾ ਸਿੰਘ ਦੀ ਦੋਹਤਰੀ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਿਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਭਾਜਪਾ ਦੇ ਸਕੱਤਰ ਵੀ ਹਨ ਜਿਸ ਦਾ ਏਜੰਡਾ ਖ਼ਾਲਸੇ ਦੇ ਏਜੰਡੇ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਉਨ੍ਹਾਂ ਨੇ ਕਿਹਾ ਜਿਸ ਕਾਲਜ ਨੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੋਹਿਆ ਉਸ ਬਾਰ ਕਿਸੇ ਨੇ ਸੁਪਨੇ ਵਿੱਚ ਨਹੀਂ ਸੀ ਸੋਚਿਆ ਕਿ ਇਸ ਦੀ ਹੋਂਦ ਹੀ ਖਤਮ ਹੋ ਜਾਵੇਗੀ। ਖ਼ਾਲਸਾ ਕਾਲਜ ਦੇ ਚਾਂਸਲਰ ਰਾਜ ਮਹਿੰਦਰ ਸਿੰਘ ਮਜੀਠੀਆ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦਾ ਸੰਵਿਧਾਨ ਬਣਾਉਣ ਸਮੇਂ ਇਨ੍ਹਾਂ ਨੂੰ ਚਾਹੀਦਾ ਸੀ ਕਿ ਬਤੌਰ ਚਾਂਸਲਰ ਉਹ ਮੇਰੀ ਸਲਾਹ ਲੈਂਦੇ ਪਰ ਪਤਾ ਨਹੀਂ ਉਨ੍ਹਾਂ ਦੀ ਕੀ ਮਜਬੂਰੀ ਸੀ ਕਿ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਮੈਨੂੰ ਨਹੀਂ ਪਤਾ ਕਿ ਉਸ ਸੰਵਿਧਾਨ ਵਿੱਚ ਕੀ ਹੈ ਅਤੇ ਕੀ ਨਹੀਂ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕੀ ਸਾਰੇ ਪੰਥ ਦੀ ਚਿੰਤਾ ਦੋ ਕੁੜਮਾਂ ਨੂੰ ਹੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਨਿੱਜੀ ਟ੍ਰਸਟ ਬਣਾ ਕੇ ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਹੜੱਪਣ ਤੋਂ ਬਾਅਦ ਬਾਦਲ ਪਰਵਾਰ ਨੇ ਖ਼ਾਲਸਾ ਕਾਲਜ ਸਮੇਤ ਹੋਰਨਾਂ ਪੰਥਕ ਜਾਇਦਾਦਾਂ ’ਤੇ ਅੱਖ ਰੱਖੀ ਹੋਈ ਹੈ। ਅਕਾਲ ਤਖ਼ਤ ਦਾ ਜਥੇਦਾਰ ਆਪਣੇ ਫ਼ਰਜ਼ ਨਿਭਾਉਣ ਤੋਂ ਪੂਰੀ ਤਰ੍ਹਾਂ ਕੁਤਾਹੀ ਵਰਤਦੇ ਇਸ ਗੰਭੀਰ ਮਸਲੇ ਤੇ ਖਾਮੋਸ਼ੀ ਧਾਰੀ ਬੈਠੇ ਹਨ। ਇਸ ਦਾ ਨਜ਼ਾਇਜ਼ ਫਾਇਦਾ ਉਠਾ ਕੇ ਬਾਦਲ ਪ੍ਰਵਾਰ ਦੋਵੇਂ ਹੱਥੀਂ ਸਿੱਖ ਕੌਮ ਦੀਆਂ ਜਾਇਦਾਦਾਂ ਲੁੱਟਣ ’ਤੇ ਲੱਗਾ ਹੋਇਆ ਹੈ।

ਖ਼ਾਲਸਾ ਕਾਲਜ ਦੇ ਮੌਜੂਦਾ ਪਿੰ: ਦਲਜੀਤ ਸਿੰਘ ਨੇ ਪ੍ਰਬੰਧਕਾਂ ਦਾ ਪੱਖ ਪੂਰਦਿਆਂ ਕਿਹਾ ਕਿ ਵਿਵਾਦ ਪੈਦਾ ਕਰਕੇ ਪਬਲਿਕ ਅਪੀਨੀਅਨ  ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਸ਼ਇਦ ਯੂਨੀਵਰਸਿਟੀ ਬਣਨ ਨਾਲ ਇਸ ਦੀ ਜਾਇਦਾਦ ਕਿਸੇ ਇੱਕ ਪ੍ਰਵਾਰ ਦੇ ਹੱਥਾ ਵਿੱਚ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਪੰਜਾਬ ਸਰਕਾਰ ਵਲੋਂ ਪਾਸ ਐਕਟ ਅਧੀਨ ਬਣਨੀ ਹੈ। ਤੇ ਕਿਸੇ ਐਕਟ ਅਧੀਨ ਬਣੀ ਯੂਨੀਵਰਸਿਟੀ ਕਦੀ ਵੀ ਕਿਸੇ ਦੇ ਨਿਜੀ ਹੱਥਾਂ ਵਿੱਚ ਨਹੀਂ ਜਾ ਸਕਦੀ। ਉਨ੍ਹਾਂ ਸੰਵਿਧਾਨ ਵਿੱਚ ਕੀਤੀ ਕਿਸੇ ਤਬਦੀਲੀ ਕੀਤੇ ਜਾਣ ਦੇ ਦੋਸ਼ ਨੂੰ ਵੀ ਨਕਾਰਿਆ। ਗਵਰਨਿੰਗ ਕੌਂਸਿਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਜਿਸ ਸਮੇਂ ਬਨਾਰਸ ਹਿੰਦੂ ਕਾਲਜ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਮੁਹੰਮਡਨ ਕਾਲਜ ਅਲੀਗੜ੍ਹ ਨੂੰ ਇਸਲਾਮਿਕ ਯੂਨੀਵਰਸਿਟੀ ਬਣਾਇਆ ਗਿਆ ਉਸ ਸਮੇਂ ਅੰਗਰੇਜ, ਸਿੱਖਾਂ ਲਈ ਵੀ ਯੂਨੀਵਰਸਿਟੀ ਦੇਣ ਵਾਸਤੇ ਅੰਮ੍ਰਿਤਸਰ ਆਏ ਤਾਂ ਉਸ ਸਮੇਂ ਦੇ ਪ੍ਰਬੰਧਕਾਂ ਨੇ ਕਿਹਾ ਤੁਸੀਂ ਵਾਪਸ ਜਾਓ ਅਸੀਂ ਆਪਣੀ ਯੂਨੀਵਰਸਿਟੀ ਆਪ ਬਣਾਵਾਂਗੇ। ਇਹ ਉਸ ਸਮੇਂ ਦਾ ਸੁਫਨਾ ਹੈ ਜਿਹੜਾ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਖ਼ਾਲਸਾ ਕਾਲਜ ਵਿੱਚ ਪੜ੍ਹਾਈ ਪੁਰਣੇ ਢੰਗ ਦੀ ਹੋ ਰਹੀ ਹੈ, ਜਿਥੋਂ ਡਿਰੀਆਂ ਪ੍ਰਾਪਤ ਕਰਕੇ ਵੀ ਨੌਕਰੀਆਂ ਨਹੀਂ ਮਿਲਦੀਆਂ। 2004 ਤੋਂ ਜਦੋਂ ਦੀ ਸਾਡੀ ਇਹ ਨਵੀਂ ਪ੍ਰਬੰਧਕੀ ਕਮੇਟੀ ਬਣੀ ਹੈ ਜਿਸ ਵਿੱਚ ਸ: ਸਤਿਆਜੀਤ ਸਿੰਘ ਪ੍ਰਧਾਨ ਅਤੇ ਉਹ (ਸ: ਛੀਨਾ) ਆਨਰੇਰੀ ਸਕੱਤਰ ਬਣੇ ਹਨ, ਉਸ ਸਮੇਂ ਤੋਂ ਹੀ ਅਸੀਂ ਫੈਸਲਾ ਕੀਤਾ ਕਿ ਰਵਾਇਤੀ ਪੜ੍ਹਾਈ ਦੀ ਥਾਂ ਕਿੱਤਾ ਮੁਖੀ ਪੜ੍ਹਾਈ ਸ਼ੁਰੂ ਕੀਤੀ ਜਾਵੇ। ਤਜ਼ਵੀਜ ਸ਼ੁਦਾ ਯੂਨੀਵਰਸਿਟੀ ਵਿੱਚ ਕਿੱਤਾ ਮੁਖੀ ਕੋਰਸਾਂ ਵਿੱਚ ਨਵੀਂ ਤਕਨੀਕ ਦੀ ਵਿਦਿਆ ਦਿੱਤੀ ਜਾਵੇਗੀ ਜਿਹੜੀ ਮਹਿੰਗੀ ਤਾਂ ਹੋ ਸਕਦੀ ਹੈ ਪਰ ਉਸ ਨਾਲ ਰੁਜ਼ਗਾਰ ਮਿਲੇਗਾ।

ਪ੍ਰਬੰਧਕ ਜਿਸ ਤਰ੍ਹਾਂ ਮਰਜ਼ੀ ਸਫਾਈ ਪੇਸ਼ ਕਰਨ ਪਰ ਜਿਸ ਤਰ੍ਹਾਂ ਚੁੱਪ ਚਪੀਤੇ ਸੰਵਿਧਾਨ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਯੂਨੀਵਰਸਿਟੀ ਬਣਾਉਣ ਦੀ ਸਾਰੀ ਪ੍ਰੀਕ੍ਰਿਆ ਗੁਪਤ ਰੱਖੀ ਗਈ ਹੈ ਉਸ ਵਿੱਚ ਸ਼ੱਕ ਦੀ ਗੁੰਜਾਇਸ ਜਰੂਰ ਹੈ। ਕਾਲਜ ਸਟਾਫ, ਪਿੰਡ ਵਾਸੀ ਸਮੁਚੀਆਂ ਪੰਥਕ ਜਥੇਬੰਦੀਆਂ ਦੇ ਜਾਗਣ ਸਦਕਾ ਇੱਕ ਵਾਰ ਐਣ ਆਖ਼ਰੀ ਮੌਕੇ ’ਤੇ 31 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਵਲੋਂ ਇਸ ਦਾ ਫੈਸਲਾ ਕੁਝ ਸਮੇਂ ਲਈ ਰੋਕ ਲਿਆ ਹੈ ਪਰ ਜਿਸ ਤਰ੍ਹਾਂ ਉਸ ਪਿੱਛੋਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆਹੈ ਕਿ ਖ਼ਾਲਸਾ ਯੂਨੀਵਰਸਿਟੀ ਬਣਾਉਣ ਲਈ ਮੰਤਰੀ ਮੰਡਲ ਵਿੱਚ ਕੋਈ ਵਿਰੋਧ ਨਹੀਂ ਸੀ ਪਰ ਕੁਝ ਮਦਾਂ ’ਤੇ ਸਪਸ਼ਟੀਕਰਨ ਲੈਣ ਲਈ ਫੈਸਲਾ ਅੱਗੇ ਪਾਇਆ ਗਿਆ ਹੈ, ਇਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਖ਼ਾਲਸਾ ਕਾਲਜ ਦੀ ਹੋਂਦ ਨੂੰ ਖ਼ਤਰਾ ਹਾਲੀ ਪੂਰੀ ਤਰ੍ਹਾਂ ਟਲਿਆ ਨਹੀਂ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>