ਬਨਾਰਸ ਹਿੰਦੂ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਂਗ, ਅੰਮ੍ਰਿਤਸਰ ਸਿੱਖ ਯੂਨੀਵਰਸਿਟੀ ਵੀ ਬਣੇ

ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਖ਼ਾਲਸਾ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਸਬੰਧੀ ਵਾਦ-ਵਿਵਾਦ  ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖ਼ਾਲਸਾ ਕਾਲਜ ਬਚਾਓ ਮੋਰਚਾ ਵੱਲੋਂ ਜਨ-ਹਿੱਤ ਵਿੱਚ ਜਾਰੀ ਇੱਕ ਇਸ਼ਤਿਹਾਰ ਵਿੱਚ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦੇ ਹੋਏ ਇਸ ਨੂੰ ਜਿਓ-ਦਾ-ਤਿਓ ਰੱਖਣ ਦੀ ਅਪੀਲ ਕੀਤੀ ਗਈ ਹੈ। ਕਾਲਜ ਦੇ ਕੁਝ ਸਟਾਫ ਮੈਂਬਰ ਇਸ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਾਂਗ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਹੱਕ ਵਿੱਚ ਹਨ, ਭਾਵੇਂ ਕਿ ਉਹ ਇਸ ਸਬੰਧੀ ਖੁੱਲ੍ਹ ਕੇ ਸਾਹਮਣੇ ਆਉਣ ਲਈ ਤਿਆਰ ਨਹੀਂ ਹਨ।

ਖ਼ਾਲਸਾ ਕਾਲਜ ਚੈਰਿਟੇਬਲ ਸੁਸਾਇਟੀ ਦੇ ਪ੍ਰਮੁੱਖ ਆਗੂਆਂ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਕਾਲਜ ਨੂੰ ਯੂਨੀਵਰਸਿਟੀ ਬਣਾਉਣ ਦਾ ਸੁਪਨਾ ਕੋਈ ਨਵਾਂ ਨਹੀਂ ਬਲਕਿ 1920 ਦਾ ਹੈ, ਜੋ ਕਿ ਹੁਣ 21ਵੀਂ ਸਦੀ ਵਿੱਚ ਪੂਰਾ ਹੋਣ ਜਾ ਰਿਹਾ ਹੈ।

ਜਦ ਅਸੀਂ ਇਸ ਪਿਛੋਕੜ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸਕ ਪਿਛੋਕੜ ’ਤੇ ਝਾਤ ਪਾਉਂਦੇ ਹਨ ਤਾਂ ਪਤਾ ਲੱਗਦਾ ਹੈ ਕਿ ਬਨਾਰਸ ਹਿੰਦੂ ਕਾਲਜ 1873 ਵਿੱਚ ਹੋਂਦ ਵਿੱਚ ਆਇਆ ਸੀ, ਜਿਸ ਨੂੰ 1915 ਵਿੱਚ ਪਾਰਲੀਮੈਂਟ ਰਾਹੀਂ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਇਸੇ ਤਰਾਂ ਮੁਹੰਮਦਨ ਐਂਗਲੋ ਓਰੀਐਂਟਲ ਕਾਲਜ, ਅਲੀਗੜ੍ਹ 1886 ਵਿੱਚ ਆਰੰਭ ਕੀਤਾ ਗਿਆ, ਜਿਸ ਨੂੰ 1920 ਵਿੱਚ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇ ਕੇ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਦਾ ਨਾਂ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਖਾਲਸਾ ਕਾਲਜ ਅੰਮ੍ਰਿਤਸਰ ਨੇ ਵੀ ਇਸੇ ਤਰ੍ਹਾਂ ਇਹਨਾਂ ਧਾਰਮਿਕ ਕਾਲਜਾਂ ਵਾਂਗ ਅੰਮ੍ਰਿਤਸਰ ਸਿੱਖ਼ ਯੂਨੀਵਰਸਿਟੀ ਵਿੱਚ ਪ੍ਰਵਰਤਿਤ ਹੋ ਜਾਣਾ ਸੀ, ਜੇ ਉਦੋਂ 1920 ਵਿੱਚ ਖ਼ਾਲਸਾ ਕਾਲਜ ਦੇ ਵਿਦਿਆਰਥੀ ਸਵਤੰਤਰਤਾ ਲਹਿਰ ਵਿੱਚ ਭਾਗ ਨਾ ਲੈ ਰਹੇ ਹੁੰਦੇ।

ਇਸ ਸਮੇਂ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਕੇਂਦਰ ਵੱਲੋਂ 1000 ਕਰੋੜ ਰੁਪਏ ਦੇ ਕਰੀਬ ਵਾਰਸ਼ਕ ਗ੍ਰਾਂਟ ਮਿਲ ਰਹੀ ਹੈ। ਇਥੋਂ ਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਬਹੁਤ ਹੀ ਘੱਟ ਹਨ। ਬੀ.ਏ. ਕਲਾਸ ਦੀ ਫੀਸ ਕੇਵਲ 2500 ਰੁਪਏ ਸਲਾਨਾ ਦੇ ਕਰੀਬ ਹੈ। ਇਸੇ ਤਰਾਂ ਅਲੀਗੜ੍ਹ ਯੂਨੀਵਰਸਿਟੀ ਨੂੰ ਕੇਂਦਰ ਵੱਲੋਂ ਏਨੀ ਹੀ ਸਲਾਨਾ ਗ੍ਰਾਂਟ ਮਿਲਦੀ ਹੈ ਅਤੇ ਫ਼ੀਸਾਂ ਵੀ ਬਨਾਰਸ ਯੂਨੀਵਰਸਿਟੀ ਵਾਂਗ ਮਾਮੂਲੀ ਹਨ। ਬਨਾਰਸ ਯੂਨੀਵਰਸਿਟੀ ਵਿੱਚ 15000 ਦੇ ਕਰੀਬ ਵਿਦਿਆਰਥੀ, 1700 ਅਧਿਆਪਕ, 8000 ਨੌਨ-ਟੀਚਿੰਗ ਸਟਾਫ ਹੈ। ਅਮਰੀਕਾ, ਯੂਰਪ, ਏਸ਼ੀਆ, ਮੱਧ-ਪੂਰਬ ਅਫ਼ਰੀਕਾ ਆਦਿ ਤੋਂ ਵੱਡੀ ਗਿਣਤੀ ਵਿਦਿਆਰਥੀ ਇਥੇ ਪੜ੍ਹਦੇ ਹਨ। ਇਹ ਯੂਨੀਵਰਸਿਟੀ ਹਿੰਦੂਸਤਾਨ ਦੀਆਂ ਚੋਣਵੀਆਂ ਯੂਨੀਵਰਸਿਟੀਆਂ ਵਿਚੋਂ ਇਕ ਹੈ। ਅੱਜ ਕਲ੍ਹ ਇਸ ਦੇ ਦੋ ਕੈਂਮਪੱਸ ਹਨ। ਬਨਾਰਸ ਵਾਲੇ ਕੈਮਪੱਸ ਦਾ ਖ਼ੇਤਰ 1300 ਏਕੜ ਅਤੇ ਮਿਰਜ਼ਾਪੁਰ ਜਿਲ੍ਹੇ ਵਾਲੇ ਬਰਕਾਸ਼ਾ ਕੈਮਪੱਸ ਦਾ ਖ਼ੇਤਰ 2700 ਏਕੜ ਹੈ। ਏਥੇ 14 ਫੈਕਲਟੀਆਂ ਅਤੇ 124 ਵਿਭਾਗਾਂ ਤੋਂ ਇਲਾਵਾ 927 ਬਿਸਤ੍ਰਿਆਂ ਵਾਲਾ ਆਧੁਨਿਕ ਯੰਤਰਾਂ ਨਾਲ ਲੈਸ ਆਪਣਾ ਹਸਪਤਾਲ ਤਾਂ ਕੀ ਇਕ ਆਪਣਾ ਫੁਲਾਇੰਗ ਕਲੱਬ ਵੀ ਹੈ।

ਤੀਹ ਹਜ਼ਾਰ ਵਿਦਿਆਰਥੀਆਂ ਵਾਲੀ 1160 ਏਕੜ ਵਿੱਚ ਫੈਲੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ 12 ਫੈਕਲਟੀਆਂ ਦੇ 95 ਵਿਭਾਗ, 5 ਇੰਸਟੀਚਿਊਟ ਅਤੇ 13 ਸੈਂਟਰ ਹਨ। ਇਹ ਯੂਨੀਵਰਸਿਟੀ ਹਿੰਦੂਸਤਾਨ ਵਿੱਚੋਂ 7ਵੇਂ ਨੰਬਰ ’ਤੇ ਆਉਣ ਵਾਲੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਦੇ ਪਿਛੇ ਜੋ ਉਦੇਸ਼ ਰੱਖੇ ਗਏ ਸਨ, ਉਹਨਾਂ ਅਨੁਸਾਰ ਇਸ ਨੇ ਖੋਜ਼ ਅਤੇ ਹੋਰ ਕਾਰਜਾਂ ਤੋਂ ਇਲਾਵਾ ਇਸਲਾਮ ਵਿਚਾਰਧਾਰਾ ਅਤੇ ਇਸਲਾਮੀ  ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਨਾਲੋ-ਨਾਲ ਭਾਰਤ ਦੇ ਧਰਮਾਂ, ਸੱਭਿਅਤਾ ਅਤੇ ਸੱਭਿਆਚਾਰ ਦੀ ਪੜ੍ਹਾਈ ਨੂੰ ਅੱਗੇ ਖੜ੍ਹਨਾ ਹੈ, ਖ਼ਾਸ ਕਰਕੇ ਭਾਰਤ ਵਿੱਚ ਰਹਿ ਰਹੇ ਮੁਸਲਮਾਨਾਂ ਦੇ ਵਿਦਿਅਕ ਅਤੇ ਸੱਭਿਆਚਾਰਕ ਪੱਖ ਨੂੰ ਪ੍ਰਫ਼ੁੱਲਤ ਕਰਨਾ ਹੈ।

ਏਸੇ ਤਰਜ਼ ’ਤੇ ਬਨਾਰਸ ਯੂਨੀਵਰਸਿਟੀ ਦਾ ਮਕਸਦ ਵੀ ਵੇਦਕ, ਹਿੰਦੂ, ਬੋਧੀ, ਜੈਨੀ, ਇਸਲਾਮੀ ਸਿੱਖ, ਈਸਾਈ, ਪਾਰਸੀ ਅਤੇ ਹੋਰਨਾਂ ਸਭਿਆਤਾਵਾਂ, ਸਭਿਆਚਾਰਾਂ ਅਤੇ ਧਰਮਾਂ, ਸਾਹਿਤ, ਇਤਿਹਾਸ, ਵਿਗਿਆਨ ਅਤੇ ਹੁਨਰਾਂ ਦੀ ਘੋਖ ਕਰਨ ਨੂੰ ਪ੍ਰੋਤਸਾਹਤ ਕਰਨਾ ਹੈ।

ਇਨ੍ਹਾਂ ਯੂਨੀਵਰਸਿਟੀਆਂ ਵਾਂਗ ਸਿੱਖ ਆਗੂਆਂ ਵੱਲੋਂ ਅੰਮ੍ਰਿਤਸਰ ਵਿਖ਼ੇ ਹੀ ਅਜਿਹੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। ਜਿਸ ਦੀ ਪ੍ਰੋੜ੍ਹਤਾ ਮੌਜੂਦਾ ਖ਼ਾਲਸਾ ਕਾਲਜ ਯੂਨੀਵਰਸਿਟੀ ਦੇ ਆਗੂਆਂ ਦੇ ਬਿਆਨ ਤੋਂ ਵੀ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੀ ਪੰਜਵੀਂ ਸ਼ਤਾਬਦੀ ਸਮੇਂ ਇਹ ਆਸ ਦੀ ਕਿਰਨ ਜਾਗੀ ਸੀ ਕਿ ਉਪਰੋਕਤ ਯੂਨੀਵਰਸਿਟੀਆਂ ਵਾਂਗ ਅੰਮ੍ਰਿਤਸਰ ਸਿੱਖ਼ ਯੂਨੀਵਰਸਿਟੀ ਵੀ ਸਥਾਪਿਤ ਹੋਵੇਗੀ, ਪ੍ਰੰਤੂ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕਰ ਦਿੱਤਾ, ਜਿਸ ਨੂੰ ਖ਼ਾਲਸਾ ਕਾਲਜ ਦੇ ਉਸ ਵੇਲੇ ਦੀ ਪ੍ਰਬੰਧਕੀ ਨੇ ਸਹਿਮਤੀ ਪਰਗਟ ਕਰਦੇ ਹੋਏ, ਆਪਣੀ ਵਿਸ਼ਾਲ ਕੈਮਪੱਸ ਦੀ ਬੇਸ਼ਕੀਮਤੀ 300 ਏਕੜ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ।

ਇਸ ਸਮੇਂ ਖ਼ਾਲਸਾ ਕਾਲਜ ਕੈਮਪੱਸ 200 ਏਕੜ ਜ਼ਮੀਨ ਵਿੱਚ ਹੈ ਅਤੇ ਇਥੇ ਕੇਵਲ 2500 ਵਿਦਿਆਰਥੀ ਪੜ੍ਹਦੇ ਹਨ। ਕੇਵਲ 4 ਫੈਕਲਟੀਆਂ ਦੇ 20 ਵਿਭਾਗਾਂ ਦੇ 150 ਅਧਿਆਪਕ, 200 ਨੌਨ-ਟੀਚਿੰਗ ਕਰਮਚਾਰੀ ਕੰਮ ਕਰ ਰਹੇ ਹਨ। ਬਨਾਰਸ ਯੂਨੀਵਰਸਿਟੀ ਦੇ 60 ਹੋਸਟਲ, ਅਲੀਗੜ੍ਹ ਦੇ 73 ਹੋਸਟਲਾਂ ਦੇ ਮੁਕਾਬਲੇ ਖ਼ਾਲਸਾ ਕਾਲਜ ਦੇ ਕੇਵਲ 6 ਹੋਸਟਲ ਹਨ। ਇਸ ਕਾਲਜ ਨੂੰ 1000 ਕਰੋੜ ਦੇ ਮੁਕਾਬਲੇ ’ਤੇ ਕੇਵਲ 12 ਕਰੋੜ ਰੁ. ਸਲਾਨਾ ਗ੍ਰਾਂਟ ਮਿਲਦੀ ਹੈ ਜੋ ਕਿ ਹਰ ਸਾਲ ਲਗਾਤਾਰ ਘੱਟਦੀ ਜਾ ਰਹੀ ਹੈ। ਉਪਰੋਕਤ ਕੇਂਦਰੀ ਯੂਨੀਵਰਸਿਟੀਆਂ ਦੀ ਆਮ ਵਿਦਿਆਰਥੀਆਂ ਲਈ ਫੀਸ 2500 ਰੁਪਏ ਸਾਲਾਨਾ ਦੇ ਮੁਕਾਬਲੇ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਆਮ ਫੀਸ ਇਸ ਤੋਂ ਦਸ ਗੁਣਾ ਆਰਥਾਤ 25000 ਰੁਪਏ ਵਾਰਸ਼ਕ ਹੈ ਅਤੇ ਨਵੇਂ ਵਿਦਿਅਕ ਸੈਸ਼ਨ ਤੋਂ ਬਣਨ ਜਾ ਰਹੀ ਖ਼ਾਲਸਾ ਯੂਨੀਵਰਸਿਟੀ ਦੀਆਂ ਫੀਸਾਂ ਵਧਣ ਦੀ ਸੰਭਾਵਨਾਂ ਹੈ।ਜੇ ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਵਾਂਗ ਅੰਮ੍ਰਿਤਸਰ ਸਿੱਖ਼ ਯੂਨੀਵਰਸਿਟੀ ਵੀ ਉਸ ਸਮੇਂ ਬਣ ਗਈ ਹੁੰਦੀ ਤਾਂ ਇਸ ਨਾਲ ਅੰਮ੍ਰਿਤਸਰ ਦਾ ਵਿਦਿਅਕ   ਨਕਸ਼ਾ ਹੋਰ ਹੀ ਹੋਣਾ ਸੀ।

ਅਸੀਂ ਸਮਝਦੇ ਹਾਂ ਕਿ  ਬਨਾਰਸ ਹਿੰਦੂ  ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਂਗ ਅੰਮ੍ਰਿਤਸਰ ਸਿੱਖ ਯੂਨੀਵਰਸਿਟੀ ਵੀ ਬਣਨੀ ਚਾਹੀਦੀ ਹੈ ਜਿਸ ਦਾ ਆਪਣਾ ਵਖਰਾ ਵਿਸ਼ਾਲ ਕੈੱਪਮਸ ਹੋਵੇ ।ਖ਼ਾਲਸਾ ਕਾਲਜ ਹੋਰਨਾਂ ਕਾਲਜਾਂ ਵਾਂਗ ਇਸ  ਯੂਨੀਵਰਸਿਟੀ ਦਾ ਅਫਿਲੀਏਟਿਡ  ਕਾਲਜ ਹੋਵੇ । ਜੇ ਇਹ ਯੂਨੀਵਰਸਿਟੀ ਸਥਾਪਤ ਹੋ ਜਾਂਦੀ ਹੈ ਤਾਂ ਇਸ ਯੂਨੀਵਰਸਿਟੀ ਦਾ ਉਦੇਸ਼  ਖੋਜ ਅਤੇ ਹੋਰ ਕਾਰਜਾਂ ਤੋਂ ਇਲਾਵਾ ਸਿੱਖ ਵਿਚਾਰਧਾਰਾ ਅਤੇ ਸਿੱਖ ਧਰਮ ਦੀ  ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੋਵਗਾ  ਅਤੇ ਨਾਲੋ-ਨਾਲ ਭਾਰਤ ਦੇ ਧਰਮਾਂ, ਸੱਭਿਅਤਾ ਅਤੇ ਸੱਭਿਆਚਾਰ ਦੀ ਪੜ੍ਹਾਈ ਨੂੰ ਅੱਗੇ ਖੜ੍ਹਨਾ  ਤੇ  ਖ਼ਾਸ ਕਰਕੇ ਭਾਰਤ ਵਿੱਚ ਰਹਿ ਰਹੇ ਸਿੱਖਾਂ  ਦੇ ਵਿਦਿਅਕ ਅਤੇ ਸੱਭਿਆਚਾਰਕ ਪੱਖ ਨੂੰ ਪ੍ਰਫ਼ੁੱਲਤ ਕਰਨਾ ਹੋਵੇਗਾ।

ਇਸ ਤਰ੍ਹਾਂ  ਸਰਹੱਦੀ ਜਿਲ੍ਹੇ ਵਿੱਚ ਸਥਾਪਤ ਇਸ ਯੂਨੀਵਰਸਿਟੀ ਨੂੰ ਵੱਡੀ ਪੱਧਰ ’ਤੇ ਕੇਂਦਰੀ ਸਹਾਇਤਾ ਮਿਲਣ ਨਾਲ ਜਿਥੇ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਆਰਥਿਕ ਲਾਭ ਹੋਏਗਾ ਉੱਥੇ ਸਿੱਖ ਧਰਮ, ਸਭਿਆਚਾਰ, ਭਾਸ਼ਾ ਦੇ ਪ੍ਰਫ਼ੁੱਲਤ ਹੋਣ ਲਈ ਨਵੇਂ ਦਿਸਹੱਦੇ ਖੁਲ੍ਹਣਗੇ। ਮਾਮੂਲੀ ਫੀਸ ਹੋਣ ਕਰਕੇ ਸਰਹੱਦੀ ਜਿਲ੍ਹਿਆਂ ਦੇ ਬਹੁਤ ਹੀ ਗ਼ਰੀਬ ਵਿਦਿਆਰਥੀਆਂ ਨੂੰ ਵੀ ਉੱਚ ਕੋਈ ਦੀ ਸਿਖਿਆ ਪ੍ਰਾਪਤ ਕਰਨ ਦਾ ਅਵਸਰ ਮਿਲੇਗਾ।

ਇਸ ਸਮੇਂ ਅੰਮ੍ਰਿਤਸਰ ਦੇ ਸਪੂਤ ਡਾ. ਮਨਮੋਹਨ ਸਿੰਘ, ਦੇਸ਼ ਦੇ ਪ੍ਰਧਾਨ ਮੰਤਰੀ  ਹੋਣ ਕਰਕੇ ਇਸ ਤਜ਼ਵੀਜ ਨੂੰ ਅਮਲੀ ਰੂਪ ਧਾਰਨ ਕਰਨ ਵਿੱਚ ਮੁਸ਼ਕਿਲ ਵੀ ਨਹੀਂ ਆਵੇਗੀ। ਲੋੜ ਹੈ ਕਿ ਖ਼ਾਲਸਾ ਕਾਲਜ ਚੈਰਿਟੇਬਲ ਸੁਸਾਇਟੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਰਾਹੀਂ  ਕੇਂਦਰ ਸਰਕਾਰ ਪਾਸ ਇਸ ਤਜਵੀਜ਼ ਨੂੰ ਲੈ ਕੇ ਪਹੁੰਚ ਕਰੇ। ਇਸ ਨਾਲ ਮੌਜੂਦਾ ਤਣਾਅ ਖਤਮ ਹੋਵੇਗਾ ਅਤੇ ਸੁਸਾਇਟੀ ਦਾ ਪਰਚਮ ਹੋਰ ਉੱਚਾ ਲਹਿਰਾਏਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>