ਫਤਿਹਗੜ੍ਹ ਸਾਹਿਬ :- “ਲੰਮੇ ਸਮੇ ਤੋ ਕਾਂਗਰਸ, ਬੀਜੇਪੀ ਅਤੇ ਕਮਿਊਨਿਸਟ ਆਦਿ ਜਮਾਤਾਂ ਪਾੜੋ ਅਤੇ ਰਾਜ ਕਰੋ ਦੀ ਸੋਚ ਉੱਤੇ ਅਮਲ ਕਰਕੇ ਹਿੰਦ ਵਿੱਚ ਵੱਸਣ ਵਾਲੀਆਂ ਵੱਖ ਵੱਖ ਕੌਮਾਂ, ਧਰਮਾਂ, ਫਿਰਕਿਆਂ ਨੂੰ ਸ਼ਾਜਿਸੀ ਢੰਗ ਰਾਹੀਂ ਜ਼ਜਬਾਤੀ ਮੁੱਦਿਆਂ ਉਤੇ ਲੜਾ ਕੇ ਮਨੁੱਖਤਾ ਦਾ ਅਜਾਈਂ ਖੂਨ ਵਹਾ ਕੇ ਨਫਰਤ ਫੇਲਾਉਦੇ ਹੋਏ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਿੱਚ ਮਸ਼ਰੂਫ ਹਨ। ਉਸੇ ਤਰਾ ਪੰਜਾਬ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ, ਬਾਦਲ ਦਲੀਏ, ਕਾਂਗਰਸੀ ਅਤੇ ਬੀਜੇਪੀ ਜਮਾਤਾਂ ਨਾਲ ਸਬੰਧਿਤ ਆਗੂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹਰ ਵਾਰੀ ਨਵੇ ਨਾਅਰਿਆਂ ਨਾਲ ਗੁੰਮਰਾਹ ਕਰਕੇ “ਉਤਰ ਕਾਟੋ ਮੈ ਚੜਾਂ” ਦੀ ਰਵਾਇਤ ਨੂੰ ਜਾਰੀ ਰੱਖਦਿਆਂ ਹੋਇਆ ਪੰਜਾਬ ਦੀ ਹਕੂਮਤ ਉੱਤੇ ਲੋਕ ਭਾਵਨਾ ਵਿਰੁੱਧ ਕਾਬਿਜ਼ ਹੁੰਦੇ ਆ ਰਹੇ ਹਨ। ਜੋ ਕਿ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦੀ ਵੱਡੀ ਤਰਾਸ਼ਦੀ ਸੀ, ਲੇਕਿਨ ਹੁਣ ਪੰਜਾਬ ਨਿਵਾਸੀ ਇਨ੍ਹਾ ਦੇ ਗੁੰਮਰਾਹਕੁੰਨ ਪ੍ਰਚਾਰ ਅਤੇ ਨਾਅਰਿਆਂ ਨੂੰ ਸਮਝ ਚੁੱਕੇ ਹਨ ਅਤੇ ਹੁਣ ਉਹ ਇਸ ਦੁਖਾਂਤ ਦਾ ਅੰਤ ਕਰਨ ਲਈ ਪੰਜਾਬ ਵਿੱਚ ਇਨਸਾਫ਼ ਦਾ ਰਾਜ ਕਾਇਮ ਕਰਨ ਵੱਲ ਵੱਧ ਰਹੇ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਲੰਮੇ ਸਮੇ ਤੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਨਾ ਤਾਂ ਕਾਂਗਰਸੀਆਂ ਕੋਲ ਨਾ ਭਾਜਪਾ ਕੋਲ, ਨਾ ਕਮਿਊਨਿਸਟਾਂ ਕੋਲ ਅਤੇ ਨਾ ਹੀ ਬਾਦਲ ਦਲੀਆਂ ਕੋਲ ਕੋਈ ਉਸਾਰੂ ਪ੍ਰੋਗਰਾਮ ਹੈ ਅਤੇ ਨਾ ਹੀ ਇਹ ਲੋਕ ਇਸ ਦਿਸ਼ਾ ਵੱਲ ਕਿਸੇ ਤਰ੍ਹਾ ਦੀ ਸੰਜੀਦਗੀ ਰੱਖਦੇ ਹਨ। ਕਿਉਕਿ ਇਨ੍ਹਾ ਉਪਰੋਕਤ ਸਿਆਸੀ ਜਮਾਤਾਂ ਦਾ ਮੁੱਖ ਮਕਸਦ ਪੰਜਾਬ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲਾ ਨਾ ਹੋ ਕੇ ਕੇਵਲ ਸੱਤਾ ਹਾਸਿਲ ਕਰਨਾ ਰਹਿ ਗਿਆ ਹੈ। ਜਦੋ ਕਿ ਇੱਥੇ ਅਨਪੜਤਾ, ਬੇਰੁਜ਼ਗਾਰੀ, ਚੋਰ ਬਾਜ਼ਾਰੀ, ਜਖੀਰੇਬਾਜ਼ੀ, ਗਰੀਬੀ, ਉਚ-ਨੀਚ, ਵਹਿਮਾਂ-ਭਰਮ ਫੈਲਾ ਰਹੇ ਡੇਰਾਵਾਦ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ, ਪੰਜਾਬੀਆਂ ਅਤੇ ਸਿੱਖ ਕੌਮ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਉਪਰੋਕਤ ਜਮਾਤਾਂ ਨੇ ਹੁਣ ਤੱਕ ਕੋਈ ਰਤੀ ਭਰ ਵੀ ਪ੍ਰਾਪਤੀ ਨਹੀਂ ਕੀਤੀ। ਪੰਜਾਬ ਅਤੇ ਸਿੱਖ ਕੌਮ ਨਾਲ ਸਬੰਧਿਤ ਅਤਿ ਗੰਭੀਰ ਮਸਲੇ ਬੀਤੇ ਲੰਮੇ ਸਮੇ ਤੋਂ ਜਿਊ ਤੇ ਤਿਉ ਖੜੇ ਹਨ। ਉਨ੍ਹਾ ਕਿਹਾ ਕਿ ਇਨ੍ਹਾ ਜਮਾਤਾਂ ਦੇ ਆਗੂਆਂ ਵਿੱਚ ਦੂਰ ਅੰਦੇਸ਼ੀ, ਇਮਾਨਦਾਰੀ, ਦ੍ਰਿੜਤਾ ਦੀ ਵੱਡੀ ਘਾਟ ਹੋਣ ਕਾਰਨ ਪੰਜਾਬ ਸੂਬਾ ਹਰ ਖੇਤਰ ਵਿੱਚ ਦੂਸਰੇ ਸੂਬਿਆਂ ਦੇ ਮੁਕਾਬਲੇ ਪੱਛੜਦਾ ਜਾ ਰਿਹਾ ਹੈ। ਇੱਥੋ ਤੱਕ ਮੁੱਢਲੀਆਂ ਜਰੂਰੀ ਸਹੂਲਤਾਂ, ਤਾਲੀਮ, ਸਿਹਤ, ਪੀਣ ਵਾਲੇ ਸਾਫ਼ ਪਾਣੀ, ਇੱਥੋ ਦੀ ਖੇਤੀ ਪ੍ਰਧਾਨ ਸੂਬੇ ਨੂੰ ਅਤੇ ਉਦਯੋਗਾਂ ਨੂੰ ਲੋੜੀਦੀ ਬਿਜਲੀ ਦੀ ਸਪਲਾਈ ਦੇਣ ਦੇ ਨਾਲ ਨਾਲ ਕੁੱਲੀ, ਜੁੱਲੀ ਅਤੇ ਗੁੱਲੀ ਦਾ ਵੀ ਪ੍ਰਬੰਧ ਨਹੀਂ ਕਰ ਸਕੀਆ। ਇੱਥੇ ਇਹ ਜਮਾਤਾਂ ਕਾਨੂੰਨ ਦਾ ਇਨਸਾਫ਼ ਪਸੰਦ ਰਾਜ ਕਾਇਮ ਕਰਨ ਅਤੇ ਰਿਸ਼ਵਤਖੋਰੀ ਨੂੰ ਖਤਮ ਕਰਨ ਵਿੱਚ ਇਹ ਉਪਰੋਕਤ ਜਮਾਤਾਂ ਹੁਣ ਤੱਕ ਬੁਰੀ ਤਰ੍ਹਾ ਅਸਫ਼ਲ ਸਾਬਿਤ ਹੋਈਆਂ ਹਨ। ਸਿੱਖ ਕੌਮ ਦੇ ਹੋਏ ਕਤਲੇਆਮ ਅਤੇ ਨਸਲਕੁਸੀ ਦੇ ਦੋਸ਼ੀਆਂ ਵਿੱਚੋ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿਵਾ ਸਕੇ। ਬੰਦੀ ਬੇਕਸੂਰ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾ ਕੇ ਅੱਛੇ ਸ਼ਹਿਰੀ ਬਣਾਉਣ ਵਿੱਚ ਕੋਈ ਭੂਮਿਕਾ ਨਹੀ ਨਿਭਾ ਸਕੇ। “ਰਾਜ ਨਹੀ ਸੇਵਾ” ਅਤੇ ਸੰਗਤ ਦਰਸ਼ਨ ਵਰਗੇ ਜ਼ਜਬਾਤੀ ਨਾਅਰੇ ਦੇ ਕੇ ਇੱਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਦੀਆ ਆ ਰਹੀਆਂ ਹਨ। ਐਸ ਜੀ ਪੀ ਸੀ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਬੇਰਹਿਮੀ ਨਾਲ ਲੁੱਟ ਜਾਰੀ ਹੈ। ਦਿਨ ਦਿਹਾੜੇ ਥਾਣਿਆਂ, ਤਸ਼ੱਦਦ ਕੇਦਰਾਂ ਵਿੱਚ ਸ: ਸੋਹਣ ਸਿੰਘ ਅਤੇ ਦਰਸ਼ਨ ਸਿੰਘ ਲੁਹਾਰਾ ਵਰਗੇ ਸਿੱਖਾਂ ਨੂੰ ਮਾਰ ਦਿੱਤਾ ਜਾਂਦਾ ਹੈ। ਮੁਲਾਜ਼ਮ, ਬੀਬੀਆਂ ਅਤੇ ਨੌਜਵਾਨੀ ਦੀਆਂ ਦਸਤਾਰਾਂ ਅਤੇ ਚੁੰਨੀਆਂ ਲਾਹ ਕੇ ਸਿੱਖ ਨਿਸ਼ਾਨੀਆਂ ਦੀ ਤੌਹੀਨ ਕੀਤੀ ਜਾ ਰਹੀ ਹੈ। ਇਹ ਜਮਾਤਾਂ ਵਿਸ਼ੇਸ ਤੌਰ ‘ਤੇ ਭਾਜਪਾ ਅਤੇ ਆਰ ਐਸ ਐਸ ਦੀ ਗੁਲਾਮ ਬਣੀ ਬਾਦਲ ਹਕੂਮਤ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦਾ ਕੁਝ ਨਹੀਂ ਸਵਾਰ ਸਕਦੀ। ਖਾਲਸਾ ਕਾਲਜ ਅੰਮ੍ਰਿਤਸਰ ਵਰਗੀਆਂ ਸਿੱਖ ਕੌਮੀ ਵਿਰਾਸਤਾਂ ਉਤੇ ਸਿਆਸਤਦਾਨ ਪਰਿਵਾਰਾਂ ਦੇ ਕਬਜ਼ੇ ਕਰਾਉਣ ਦੀਆਂ ਵਿਊਤਾ ਬਣਾਈਆਂ ਜਾ ਰਹੀਆਂ ਹਨ, ਇਨ੍ਹਾ ਪੰਜਾਬ ਅਤੇ ਸਿੱਖ ਕੌਮ ਨਾਲ ਸਬੰਧਿਤ ਮਸਲਿਆਂ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਇੱਕੋ ਇੱਕ ਸਹੀ ਜਮਹੂਰੀਅਤ ਅਤੇ ਅਮਨਮਈ ਹੱਲ ਹੈ ਕਿ ਤਿੰਨ ਪ੍ਰਮਾਣੂ ਤਾਕਤਾਂ ਹਿੰਦ, ਪਾਕਿ ਅਤੇ ਚੀਨ ਦੀ ਤਿਕੋਣ ਦੇ ਵਿਚਕਾਰ ਬੱਫਰ ਸਟੇਟ, ਬਿਨ੍ਹਾ ਕਿਸੇ ਖੂਨ ਦਾ ਕਤਰਾ ਵਹਾਏ ਖਾਲਸਤਾਨ ਸਟੇਟ ਕਾਇਮ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਕੇਵਲ ਇਸ ਨਿਸ਼ਾਨੇ ਦੀ ਪ੍ਰਾਪਤੀ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਲਈ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸਾਡੀ ਸੰਜੀਦਗੀ ਭਰੀ ਅਪੀਲ ਹੈ ਕਿ ਉਹ “ਉਤਰ ਕਾਟੋ ਮੈ ਚੜਾਂ” ਦੀ ਮਨੁੱਖਤਾ ਵਿਰੋਧੀ ਸੋਚ ਦਾ ਭੋਗ ਪਾ ਕੇ ਆਜ਼ਾਦ ਫਿਜ਼ਾਂ ਵਾਲੀ ਸੋਚ ਨੂੰ ਬਲ ਦੇ ਕੇ ਗੁਰੂ ਸਾਹਿਬਾਨ ਦੀ ਸੋਚ ਉਤੇ ਅਧਾਰਿਤ “ਹਲੇਮੀ ਰਾਜ” ਨੂੰ ਕਾਇਮ ਕਰਨ ਵਿੱਚ ਯੋਗਦਾਨ ਪਾਉਣ।