ਪੰਜਾਬ ਖੇਤੀ ਵਰਸਿਟੀ ਵਿੱਚ ਡਾ: ਐਸ ਪੀ ਸਿੰਘ ਨੂੰ ਬਾਬਾ ਬੁੱਲ੍ਹੇਸ਼ਾਹ ਯਾਦਗਾਰੀ ਐਵਾਰਡ ਪ੍ਰਦਾਨ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਪਾਮੇਟੀ ਅਤੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ ਡੈਨਮਾਰਕ ਵੱਲੋਂ ਇਸ ਸਾਲ ਦਾ ਬਾਬਾ ਬੁੱਲ੍ਹੇਸ਼ਾਹ ਯਾਦਗਾਰੀ ਐਵਾਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਬੁਧ ਚਿੰਤਕ ਡਾ: ਐਸ ਪੀ ਸਿੰਘ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਬਾਬਾ ਬੁੱਲ੍ਹੇਸ਼ਾਹ ਨੇ ਸੰਕੀਰਨ ਧਾਰਮਿਕ  ਸੋਚਾਂ ਤੋਂ ਮੁਕਤੀ ਲਈ ਮਨੁੱਖ ਨੂੰ ਸੂਫੀ ਮਾਰਗ ਤੇ ਤੁਰਨ ਦਾ ਰਾਹ ਦਸਦਿਆਂ ਸਾਨੂੰ ਸਭ ਨੂੰ ਵਿਰਸੇ ਤੋਂ ਵਰਤਮਾਨ ਵੱਲ ਤੁਰਨ ਦਾ ਸਲੀਕਾ ਸਿਖਾਇਆ। ਉਨ੍ਹਾਂ ਆਖਿਆ ਕਿ ਧਰਮ, ਜਾਤ, ਗੋਤ, ਭਾਸ਼ਾ, ਇਲਾਕਾ ਅਤੇ ਹੋਰ ਵੰਡੀਆਂ ਵਖਰੇਵੇਂ ਮਨੁੱਖੀ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣਦੇ ਹਨ ਅਤੇ ਇਨ੍ਹਾਂ ਅੜਿੱਕਿਆਂ ਤੋਂ ਪਾਰ ਜਾਣ ਲਈ ਬਾਬਾ ਬੁੱਲ੍ਹੇਸ਼ਾਹ ਦੀ ਸ਼ਾਇਰੀ ਸਾਡੇ  ਲਈ ਮਾਰਗ ਦਰਸ਼ਕ ਬਣਦੀ ਹੈ। ਉਨ੍ਹਾਂ ਆਖਿਆ ਕਿ ਡਾ: ਐਸ ਪੀ ਸਿੰਘ ਵਰਗੇ ਸਿਰਮੌਰ ਵਿਦਵਾਨ ਅਤੇ ਸਿੱਖਿਆ ਯੋਜਨਾਕਾਰ ਨੂੰ ਬਾਬਾ ਬੁੱਲ੍ਹੇਸ਼ਾਹ ਪੁਰਸਕਾਰ ਨਾਲ ਸਨਮਾਨਿਤ ਕਰਨਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਡਾ: ਐਸ ਪੀ ਸਿੰਘ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਦਬੀ ਵਿਰਾਸਤ ਤੋਂ ਵੀ ਜਾਣੂ ਕਰਵਾਇਆ। ਪਾਮੇਟੀ ਦੇ ਡਾਇਰੈਕਟਰ ਡਾ: ਰਜਿੰਦਰ ਸਿੰਘ ਪੰਧੇਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਗਿਆਨ ਵਿਗਿਆਨ ਦੇ ਨਾਲ ਸਾਹਿਤ ਤੇ ਸਭਿਆਚਾਰ ਦਾ ਸੁਮੇਲ ਕਰਕੇ ਹੀ ਸਰਵਪੱਖੀ ਸੰਤੁਲਿਤ ਸਖਸ਼ੀਅਤ ਦਾ ਉਸਾਰ ਸੰਭਵ ਹੈ ਅਤੇ ਇਸ ਕੰਮ ਲਈ ਪਾਮੇਟੀ ਵੱਲੋਂ ਯੂਨੀਵਰਸਿਟੀ ਦੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਨੂੰ ਪੂਰਨ ਸਹਿਯੋਗ ਭਵਿੱਖ ਵਿੱਚ ਵੀ ਦਿੱਤਾ ਜਾਵੇਗਾ।
ਏਸ਼ੀਅਨ ਰਾਈਟਰਜ ਐਸੋਸੀਏਸ਼ਨ ਦੇ ਪ੍ਰਧਾਨ ਸ: ਸਵਰਨ ਸਿੰਘ ਪਰਵਾਨਾ ਨੇ ਡਾ: ਐਸ ਪੀ ਸਿੰਘ ਦੀ ਸਾਹਿਤਕ, ਸਭਿਆਚਾਰਕ ਅਤੇ ਅੰਤਰ ਰਾਸ਼ਟਰੀ ਭਾਈਚਾਰਾ ਉਸਾਰਨ ਵਿੱਚ ਕੀਤੀ ਘਾਲਣਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਡੈਨਮਾਰਕ ਵਸਦੇ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਪੰਜਾਬੀ ਉਨ੍ਹਾਂ ਨੂੰ ਪਰਵਾਸੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਚੇਰੇ ਯੋਗਦਾਨ ਲਈ ਬਹੁਤ ਆਦਰ ਸਤਿਕਾਰ ਨਾਲ ਵੇਖਦੇ ਹਨ। ਸ: ਪਰਵਾਨਾ ਨੇ ਇਸ ਸਾਲ ਦਾ ਬਾਬਾ ਬੁੱਲ੍ਹੇਸ਼ਾਹ ਪੁਰਸਕਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੇ ਹੱਥੋਂ ਡਾ: ਐਸ ਪੀ ਸਿੰਘ ਪ੍ਰਦਾਨ ਕਰਵਾਇਆ। ਇਸ ਸਨਮਾਨ ਵਿੱਚ ਸ਼ਲਾਘਾ ਪੱਤਰ ਤੋਂ ਇਲਾਵਾ ਗਿਆਰਾਂ ਹਜ਼ਾਰ ਰੁਪਏ ਦੀ ਧਨ ਰਾਸ਼ੀ ਅਤੇ ਦੋਸ਼ਾਲਾ ਸ਼ਾਮਿਲ ਹੈ।
ਡਾ: ਐਸ ਪੀ ਸਿੰਘ ਦੀ ਸਖਸ਼ੀਅਤ ਉਨ੍ਹਾਂ ਦੇ ਯੋਗਦਾਨ ਬਾਰੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਸਾਹਿਤਕ ਯਾਤਰਾ ਦਾ ਆਰੰਭ ਬਿੰਦੂ ਹੀ ਡਾ:ਐਸ ਪੀ ਸਿੰਘ ਹਨ ਜਿਨ੍ਹਾਂ ਨੇ ਚੰਗਾ ਪੜ੍ਹਨ, ਲਿਖਣ ਅਤੇ ਬੋਲਣ ਦੀ ਪ੍ਰੇਰਨਾ ਦੇ ਕੇ ਮੇਰਾ ਹਨੇਰਾ ਰਾਹ ਰੁਸ਼ਨਾਇਆ ਹੈ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ:ਜਗਤਾਰ ਸਿੰਘ ਧੀਮਾਨ ਨੇ ਆਖਿਆ ਕਿ ਡਾ: ਐਸ ਪੀ ਸਿੰਘ ਖੁਦ ਤਾਂ ਵਿਦਵਾਨ ਹਨ ਹੀ ਆਪਣੇ ਵਿਦਿਆਰਥੀਆਂ ਨੂੰ ਵੀ ਜੀਵਨ ਵਿਹਾਰ ਦੇ ਮੁਲਾਂਕਣ ਵਾਲੀ ਅੱਖ ਪ੍ਰਦਾਨ ਕਰਨ ਵਾਲੇ ਅਧਿਆਪਕ ਹਨ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਉਨ੍ਹਾਂ ਦਾ ਰਿਸ਼ਤਾ 40 ਸਾਲ ਪੁਰਾਣਾ ਹੈ ਕਿਉਂਕਿ ਜੀ ਜੀ ਐਨ ਖਾਲਸਾ ਕਾਲਜ ਵਿੱਚ ਅਧਿਆਪਨ ਕਰਨ ਵੇਲੇ ਤੋਂ ਹੀ ਇਸ ਯੂਨੀਵਰਸਿਟੀ ਦੀਆਂ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਨਾਲ ਸਹਿ ਯਾਤਰੀ ਰਹੇ ਹਨ।  ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਬੋਲਦਿਆਂ ਆਖਿਆ ਕਿ ਵਿਦਿਆਰਥੀ ਭਵਨ ਨੂੰ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਕੀਤਾ ਜਾਣਾ ਸਦੀਆਂ ਦੇ ਵਰਕੇ ਤੇ ਲਿਖੇ ਜਾਣ ਵਰਗਾ ਫੈਸਲਾ ਕਰਕੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਨੌਜਵਾਨ ਪੀੜ੍ਹੀ ਦਾ ਮਨ ਜਿੱਤਿਆ ਹੈ। ਮੰਚ ਸੰਚਾਲਨ ਡਾ: ਨਿਰਮਲ ਜੌੜਾ ਨੇ ਕਰਦਿਆਂ ਇਸ ਯੂਨੀਵਰਸਿਟੀ ਦੀ ਸਾਹਿਤਕ ਵਿਰਾਸਤ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ।
ਇਸ ਮੌਕੇ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਭਰੂਣ ਹੱਤਿਆ ਦੇ ਖਿਲਾਫ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰੋਫੈਸਰ ਰਵਿੰਦਰ ਭੱਠਲ, ਤਰਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਉਜਾਗਰ ਸਿੰਘ ਕੰਵਲ, ਜਗਜੀਤ ਸਿੰਘ ਭੱਟੀ, ਸਵਰਨ ਸਿੰਘ ਪਰਵਾਨਾ, ਮਾਨ ਸਿੰਘ ਮਾਨ, ਵਿਦਿਆਰਥੀ ਕਵੀ ਜਸਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਤੋਂ ਇਲਾਵਾ ਉੱਘੇ ਲੋਕ ਗਾਇਕ ਮਨਜੀਤ ਰੂਪੋਵਾਲੀਆ ਅਤੇ ਚੰਨ ਚਮਕੌਰ ਨੇ ਵੀ ਆਪਣੇ ਗੀਤਾਂ ਅਤੇ ਬੁੱਲ੍ਹੇਸ਼ਾਹ ਦੀਆਂ ਕਾਫੀਆ ਨਾਲ ਮਾਹੌਲ ਨੂੰ ਸ਼ਾਇਰਾਨਾ ਅੰਦਾਜ਼ ਬਖਸ਼ਿਆ। ਇਸ ਮੌਕੇ ਉੱਘੇ ਮਹਿਮਾਨਾਂ ਵਿੱਚ ਪ੍ਰੋਫੈਸਰ ਗੁਣਵੰਤ ਸਿੰਘ ਦੂਆ, ਪ੍ਰਿੰਸੀਪਲ ਕੁਲਦੀਪ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ, ਡਾ: ਅੰਮ੍ਰਿਤ ਰਿਸ਼ਮਾ, ਪ੍ਰੋਫੈਸਰ ਸ਼ਰਨਜੀਤ ਕੌਰ, ਡਾ: ਗੁਰਪ੍ਰੀਤ ਸਿੰਘ, ਡਾ: ਸੁਸ਼ਮਿੰਦਰ ਸਿੰਘ, ਡਾ: ਦਲੀਪ ਸਿੰਘ, ਡਾ: ਮਾਨ ਸਿੰਘ ਤੂਰ, ਡਾ: ਏ ਪੀ ਸਿੰਘ, ਸ਼ੀਤਲ ਚਾਵਲਾ, ਸੁਭਾਸ਼ ਕਲਾਕਾਰ, ਡਾ; ਅਨਿਲ ਸ਼ਰਮਾ ਅਤੇ ਹੋਰ ਅਨੇਕਾਂ ਸਿਰਕੱਢ ਵਿਅਕਤੀ ਅਤੇ ਲੇਖਕ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>