ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਵਿਚ ਵਿਚਾਰਾਂ ਦੀ ਏਕਤਾ ਸੀ

ਪ੍ਰਿੰਸੀਪਲ ਸਾਵਨ ਸਿੰਘ ਕੈਲੀਫੋਰਨੀਆਂ

ਬੇਸ਼ਕ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿਚ ਲਗਭਗ ਦੋ ਸੌ ਸਾਲ ਦਾ ਅੰਤਰ ਸੀ ਅਤੇ ਹਾਲਾਤ ਵੀ ਵਖ ਵਖ ਸਨ, ਪਰ ਉਨ੍ਹਾਂ ਦੋਹਾਂ ਵਿਚ ਵਿਚਾਰਾਂ ਦੀ ਏਕਤਾ ਤੇ ਸਮਾਨਤਾ ਸੀ।ਦੋਹਾਂ ਨੇ ਲੋਕ ਭਲਾਈ ਦੇ ਕੰਮ ਕੀਤੇ, ਮਨੁੱਖੀ ਅਧਿਕਾਰਾਂ ਲਈ ਅਵਾਜ਼ ਉਠਾਈ , ਲੋਕਾਂ ਵਿਚ ਇਕਸੁਰਤਾ ਤੇ ਉਨ੍ਹਾਂ ਦੇ ਸਨਮਾਨਤ ਜੀਵਨ ਲਈ  ਕੋਸ਼ਿਸ ਕੀਤੀ। ਕਈ ਲੋਕ ਸੋਚਦੇ ਹਨ ਕਿ ਗੁਰੂ ਗੋਬਿੰਦ ਸਿੰਘ  ਖਾਲਸੇ ਲਈ ਪੰਜ ਕਕਾਰਾਂ ਦੇ ਚਿੰਨ੍ਹਾਂ ਦੀ ਪਾਬੰਦੀ ਲਾ ਕੇ ਤੇ  ਲੜਾਈਆਂ ਲੜ ਕੇ ਗੁਰੂ ਨਾਨਕ ਦੀ ਸਿੱਖਿਆ ਦੇ ਵਿਰੁਧ ਚਲੇ ਕਿਉਂਕਿ ਗੁਰੂ ਨਾਨਕ ਤਾਂ ਲੜਾਈਆਂ ਤੇ ਚਿਨ੍ਹਾਂ ਦੇ ਵਿਰੁਧ ਸਨ।ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਗੁਰੂ ਨਾਨਕ ਤਾਂ ਸੰਤ-ਸੁਭਾਉ ਸਨ ,ਪੰ੍ਰਤੂ ਗੁਰੂ ਗੋਬਿੰਦ ਸਿੰਘ ਨੇ ਸਿੱਖ ਧਰਮ ਨੂੰ ਜੰਗੀ ਸਿਪਾਹੀਆਂ  ਵਿਚ ਬਦਲ ਦਿੱਤਾ। ਕਈ ਕੁਰਾਹੇ ਪਏ ਸਿੱਖ ਗਭਰੂ ਆਖਦੇ ਹਨ ਕਿ ਉਹ ਗੁਰੂ ਨਾਨਕ ਦੇ ਸਿੱਖ ਹਨ ਨਾ ਕਿ ਗੁਰੂ ਗੋਬਿੰਦ ਸਿੰਘ ਦੇ।

ਇਹ ਦੋਵੇਂ ਗੱਲਾਂ ਪਰਸਪਰ ਵਿਰੋਧੀ ਜਾਪਦੀਆਂ ਹਨ, ਪਰ ਅਸਲ ਵਿਚ ਇਸ ਤਰ੍ਹਾਂ  ਨਹੀਂ ਹੈ ਅਤੇ ਅਸਲੀਅਤ ਨੂੰ ਮ੍ਰੋੜ-ਤ੍ਰੋੜ ਕੇ ਦੱਸਿਆ ਗਿਆ ਹੈ।ਸਿੱਖ  ਧਰਮ ਦੀ ਉਤਪਤੀ ਨੂੰ ਗ਼ਲਤ ਢੰਗ ਨਾਲ ਬਿਆਨ ਕੀਤਾ ਗਿਆ ਹੈ।ਜਿਹੜੇ ਲੋਕ ਇਸ ਵਿਰੋਧਤਾ ਦਾ ਜ਼ਿਕਰ ਕਰਦੇ ਹਨ ਉਨ੍ਹਾਂ ਨੇ ਜਾਂ ਤਾਂ ਗੁਰੂ ਨਾਨਕ ਜੀ ਦੇ ਸੰਦੇਸ਼ ਨੂੰ ਗ਼ਲਤ ਸਮਝਿਆ ਹੈ ਜਾਂ ਉਸ ਨੂੰ ਧਿਆਨ ਨਾਲ ਪੜ੍ਹਿਆ ਹੀ ਨਹੀਂ।ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੇ ਰੂਹਾਨੀ ਸੰਦੇਸ਼ ਦੀ ਵਿਰੋਧਤਾ ਨਹੀਂ ਕੀਤੀ ,ਸਗੋਂ ਗੁਰੂ ਨਾਨਕ ਦੀ ਜੋਤ ਹੀ ਗੁਰੂ ਗੋਬਿੰਦ ਸਿੰਘ ਵਿਚ ਪ੍ਰਵੇਸ਼ ਕਰ ਰਹੀ ਸੀ।

ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੋਵੇਂ ਇਹ ਸੋਚਦੇ ਸਨ ਕਿ ਇਹ ਧਰਤੀ ਇੱਕ ਧਰਮਸਾਲ ਹੈ ਜਿਥੇ ਕੇਵਲ ਨੇਕ ਤੇ ਚੰਗੇ ਕੰਮ ਹੀ ਕਰਨੇ ਚਾਹੀਦੇ ਹਨ। ਗੁਰੂ ਨਾਨਕ ਜੀ ਨੇ ਲਿਖਿਆ ਹੈ:

ਰਾਤੀ ਰੁਤੀ ਥਿਤੀ ਵਾਰ ॥ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥( ਪੰਨਾ7)

ਭਾਵ:- ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ- ਇਨ੍ਹਾਂ  ਸਾਰਿਆਂ ਦੇ ਇਕੱਠ ਵਿਚ ਵਾਹਿਗੁਰੂ ਨੇ ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿੱਕਾ ਦਿੱਤਾ ਹੈ।

ਗੁਰੂ ਗੋਬਿੰਦ ਸਿੰਘ ਨੇ ਵੀ ਬਚਿਤਰ ਨਾਟਕ ਦੇ ਵਿਚ ਲਿਖਿਆ ਹੈ:

ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵ ਪਠਾਏ ॥

ਭਾਵ:- ਮੈਨੂੰ ਵਾਹਿਗੁਰੂ ਨੇ ਸੰਸਾਰ ਵਿਚ ਧਰਮ ਦੇ ਪਰਚਾਰ ਲਈ ਹੀ ਭੇਜਿਆ ਹੈ।

ਗੁਰੂ ਨਾਨ ਕ ਤੇ ਗੁਰੂ ਗੋਬਿੰਦ ਸਿੰਘ ਦੋਵੇਂ ਗ੍ਰਿਸਤੀ ਸਨ ਤੇ ਸੰਨਿਆਸ ਦੇ ਵਿਰੋਧੀ ਸਨ। ਗੁਰੂ ਨਾਨਕ ਨੈ ਲਿਖਿਆ ਹੈ ਕਿ ਅਸਾਨੂੰ ਰੱਬ ਦੀ ਭਾਲ ਵਿਚ  ਦਰਿਆਵਾਂ ਦੇ  ਕਂੰਢਿਆਂ ਤੇ ਤੀਰਥਾਂ ਤੇ ਨਹੀਂ ਜਾਣਾ ਚਾਹੀਦਾ:

ਜੈ ਕਾਰਣਿ ਤਟਿ ਤੀਰਥ ਜਾਹੀ ॥ ਰਤਨ ਪਦਾਰਥ ਘਟ ਹੀ ਮਾਹੀ ॥ ਪੰਨਾ 152

ਭਾਵ:-ਹੇ ਮਨੁੱਖ!ਜਿਸ ਹੀਰੇ (ਰੱਬ )ਦੀ ਤਲਾਸ਼ ਵਿਚ ਤੂੰ ਦਰਿਆਵਾਂ ਦੇ ਕੰਢਿਆਂ ਤੇ ਤੀਰਥਾਂ ਤੇ ਜਾਂਦਾ ਹੈ ਉਹ ਤਾਂ ਤੇਰੇ ਅੰਦਰ ਵਸਦਾ ਹੈ।

ਗੁਰੂ ਗੋਬਿੰਦ ਸਿੰਘ ਨੇ ਵੀ ਸੰਨਿਆਸ ਨਾਲੋਂ ਗ੍ਰਿਸਤ ਨੂੰ ਚੰਗਾ ਸਮਝਿਆ ਤੇ ਲਿਖਦੇ ਹਨ:
ਰੇ ਮਨ ਐਸੋ ਕਰਿ ਸੰਨਿਆਸਾ ॥ਬਨ ਸੇ ਸਦਨ ਸਭੈ ਕਰਿ ਸਮਝਹੁ ਮਨ ਹੀ ਮਾਹਿ ਉਦਾਸਾ ॥ ਪੰਨਾ 1539

ਭਾਵ:- ਹੇ ਮਨ! ਇਹੋ ਜਿਹਾ ਸੰਨਿਆਸੀ ਬਣ ਕਿ ਹਰ ਘਰ ਨੂੰ ਜੰਗਲ ਸਮਝ ਤੇ ਨਿਰਲੇਪ ਹੋ ਕੇ ਜੀਵਨ ਬਿਤੀਤ ਕਰ।
ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੋਹਾਂ ਨੇ ਰੀਤਾਂ ਤੇ ਵਹਿਮਾਂ,  ਨਾ ਕਿ ਚਿੰਨ੍ਹਾਂ  ਦੇ ਵਿਰੁਧ ਆਵਾਜ਼ ਉਠਾਈ ਸੀ।ਚਿੰਨ੍ਹਾਂ ਤੇ ਰੀਤਾਂ ਵਿਚ ਬਹੁਤ ਫਰਕ ਹੈ  । ਇਹ ਕਹਿਣਾ ਗ਼ਲਤ ਹੈ ਕਿ ਗੁਰੂ ਨਾਨਕ ਜਨੇਊ ਵਰਗੇ ਚਿੰਨ੍ਹਾਂ ਦੇ ਵਿਰੁਧ ਸਨ। ਅਸਲ ਵਿਚ ਗੁਰੂ ਜੀ ਉੱਚੇ ਤੇ ਸੁੱਚੇ ਚਾਲਚਲਨ ਤੋਂ ਬਿਨਾਂ ਵਿਖਾਵੇ ਦੇ ਵਿਰਧ ਸਨ। ਉਹ ਚਾਹੁੰਦੇ ਸਨ ਕਿ ਜਨੇਊ ਪਹਿਨਣ ਵਾਲਾ ਪੁਰਸ਼ ਦਇਆ, ਸੰਤੋਖ ਤੇ ਜਤ ਸਤ ਵਰਗੇ ਗੁਣਾਂ ਦਾ ਧਾਰਨੀ ਵੀ ਹੋਵੇ।ਆਪ ਲਿਖਦੇ ਹਨ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ਪੰਨਾ 471

ਭਾਵ:- ਹੇ ਪੰਡਤ! ਜੇ ਤੇਰੇ ਕੋਲ ਇਹੋ ਜਿਹਾ ਜਨੇਊ ਹੈ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀ ਗੰਢਾਂ ਜਤ ਹੋਣ , ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ ਤਾਂ ਮੇਰੇ ਗਲੇ ਵਿਚ ਪਾ ਦੇ।

ਗੁਰੂ ਨਾਨਕ ਉਨ੍ਹਾਂ ਬ੍ਰਾਹਮਣਾਂ ਦੇ ਵਿਰੁਧ ਸਨ ਜੋ ਸਾਰੇ ਸਮਾਜਕ ਸੁਖ ਮਾਣਦੇ ਅਤੇ ਆਪਣੇ ਅਨੁਆਈਆਂ ਤੇ ਪਛੜੀ ਸ਼੍ਰੈਣੀਆਂ ਦਾ ਸ਼ੋਸ਼ਣ ਕਰ ਰਹੇ ਸਨ।ਇਹ ਬ੍ਰਾਹਮਣ ਫਜ਼ੂਲ ਤੇ ਮਹਿੰਗੀਆਂ ਰੀਤਾਂ ਨੂੰ ਆਪਣੇ ਲਾਭ ਲਈ ਜ਼ੋਰੀ

ਲਾਗੂ ਕਰਦੇ ਸਨ।ਹੇਠ ਲਿਖੀ ਤੁਕ ਵਿਚ ਗੁਰੂ ਗੋਬਿੰਦ ਸਿੰਘ ਨੇ ਵੀ ਖਾਲਸੇ ਨੂੰ ਬ੍ਰਾਹਮਣਾਂ ਵਲੋਂ ਲਾਗੂ ਕੀਤੀਆਂ ਇਹੋ ਜਿਹੀ ਫਜ਼ੂਲ ਰੀਤਾਂ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਹੈ:

ਜਬ ਇਹ ਗਹੈ ਬਿਪਰਨ ਕੀ ਰੀਤ।। ਮੈਂ ਨ ਕਰੋਂ ਇਨ ਕੀ ਪਰਤੀਤ।। (ਸਰਬ ਲੋਹ ਗ੍ਰੰਥ ਵਿਚੋਂ )

ਭਾਵ;- ਜਦੋਂ ਖਾਲਸਾ ਪੰਡਤਾਂ ਵਲੋਂ ਚਲਾਈਆਂ ਰੀਤਾਂ ਦਾ ਪਾਲਨ ਕਰੇ ਗਾ ਤਾਂ ਮੈਂ ਉਸ ਦੀ ਸਹਾਇਤਾ ਨਹੀਂ ਕਰਾਂ ਗਾ।
ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੋਹਾਂ ਦਾ ਇਹ ਵਿਸ਼ਵਾਸ਼ ਸੀ ਕਿ ਵਖ ਵਖ ਸਮਾਗਮਾਂ ਤੇ ਕੀਤੀਆਂ ਰੀਤਾਂ ਦੀ ਕੋਈ ਮਹਤੱਤਾ ਨਹੀਂ ਹੈ ਅਤੇ ਧਾਰਮਕ ਸਮਾਗਮਾਂ ਤੇ ਵਾਰ ਵਾਰ ਕੀਤੀ ਜਾਣ ਵਾਲੀਆਂ ਇਹ ਰੀਤਾਂ ਫਜ਼ੂਲ ਹਨ। ਉਨ੍ਹਾਂ ਦਾ ਇਹ ਯਕੀਨ ਸੀ ਕਿ ਚਿੰਨ੍ਹ ਕਿਸੇ ਧਾਰਮਕ ਮਤ ਦੀ ਵਿਸ਼ੇਸ਼ ਨਿਸ਼ਾਨੀ ਹਨ।

ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੋਹਾਂ ਨੇ ਉਨ੍ਹਾਂ ਲੋਕਾਂ ਨੂੰ ਫਿਟਕਾਰ ਪਾਈ ਹੈ ਜੋ ਗੁਣਾਂ ਤੋਂ ਬਿਨਾਂ ਚਿੰਨ੍ਹਾਂ
ਦੀ ਵਰਤੋਂ ਕਰਦੇ ਹਨ। ਆਪ ਨੇ ਪਖੰਡ ਦੀ ਵੀ ਨਿਖੇਧੀ ਕੀਤੀ ਹੈ।ਗੁਰੂ ਨਾਨਕ ਜੀ ਲਿਖਦੇ ਹਨ:

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥(ਪੰਨਾ 662)

ਭਾਵ:- ਕਾਜ਼ੀ  (ਰਿਸ਼ਵਤ ਦੀ ਖਾਤਰ) ਝੂਠ ਬੋਲ ਕੇ ਹਰਾਮ ਦਾ ਮਾਲ ( ਰਿਸ਼ਵਤ) ਖਾਂਦਾ ਹੈ , ਬ੍ਰਾਹਮਣ ਸ਼ੂਦਰਾਂ ਨੂੰ ਦੁਖੀ ਕਰ ਕੇ ਤੀਰਥ ਇਸ਼ਨਾਨ ਵੀ ਕਰਦਾ ਹੈ।

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥  (ਪੰਨਾ 751)

ਭਾਵ:-ਜਿਨ੍ਹਾਂ ( ਸੰਤਾਂ) ਦੇ ਕੱਪੜੇ ਤਾਂ ਚਿੱਟੇ ਹਨ, ਪਰ ਮਨ ਮੈਲੇ ਤੇ ਨਿਰਦਈ ਹਨ ਉਨ੍ਹਾਂ ਦੇ ਮੂਹੋਂ ਪ੍ਰਭੂ ਦਾ ਨਾਮ ਪਰਗਟ ਨਹੀਂ ਹੁੰਦਾ। ਉਹ ਅਸਲ ਵਿਚ ਚੋਰ ਹਨ ਤੇ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ।

ਗੁਰੂ ਗੋਬਿੰਦ ਸਿੰਘ ਨੇ ਵੀ ਵਿਖਾਵੇ ਤੇ ਪਖੰਡ ਨੂੰ ਨਿੰਦਿਆ ਹੈ। ਇੱਕ ਵੇਰ ਉਨ੍ਹਾਂ ਨੇ ਇੱਕ ਖੋਤੇ ਨੂੰ ਸ਼ੇਰ ਦੀ ਖੱਲ ਪਵਾ ਕੇ ਤੋਰ ਦਿੱਤਾ। ਲੋਕ ਉਸ ਨੂੰ ਵੇਖ ਕੇ ਡਰ ਗਏ , ਪਰ ਜਦੋਂ ਉਸ ਨੇ ਹੀਂਗਣਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਉਸ ਦੀ ਖੂਬ ਮੁਰੰਮਤ ਕੀਤੀ।

ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੋਵੇਂ ਮੂਰਤੀ ਪੂਜਾ  ਦੇ ਵਿਰੁਧ ਸਨ ਅਤੇ ਉਨ੍ਹਾਂ ਨੇ ਕੇਵਲ ਇੱਕ ਸਰਬ-ਸ਼ਕਤੀਮਾਨ ਵਾਹਿਗ੍ਰੁਰੂ ਦੇ ਨਾਮ ਜਪਣ ਦਾ ਪਰਚਾਰ ਕੀਤਾ। ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ:

ਪਾਥਰੁ ਲੇ ਪੂਜਹਿ ਮੁਗਧ ਗਵਾਰ ॥ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥ (ਪੰਨਾ 556)

ਭਾਵ:- ਬੇਸਮਝ ਤੇ ਮੂਰਖ ਲੋਕ ਪਥੱਰਾਂ ਦੀ ਪੂਜਾ ਕਰਦੇ ਹਨ, ਪਰ ਪਥੱਰ ਆਪ ਡੁੱਬ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਕਿਵੇਂ ( ਸੰਸਾਰ ਸਮੁੰਦਰ ਤੋਂ) ਪਾਰ ਲੰਘਾਣ ਗੇ।

ਗੁਰੂ ਗੋਬਿੰਦ ਸਿੰਘ ਵੀ ਮੂਰਤੀ ਪੂਜਾ ਦੇ ਸਖਤ ਵਿਰੋਧੀ ਸਨ। ਆਪ ਨੇ ਔਰੰਗਜ਼ੇਬ ਨੂੰ ਫਾਰਸੀ ਬੋਲੀ ਵਿਚ ਲਿਖੇ ਪੱਤਰ (ਜ਼ਫਰਨਾਮਾ) ਵਿਚ ਲਿਖਿਆ ਹੈ ਕਿ ਪਹਾੜੀ ਰਾਜੇ ਬੁੱਤ ਪ੍ਰਸਤ( ਬੁੱਤਾਂ ਦੀ ਪੂਜਾ ਕਰਨ ਵਾਲੇ) ਹਨ ਤੇ ਮੈਂ ਬੁੱਤਸ਼ਿਕਨ ( ਬੁੱਤਾਂ ਨੂੰ ਤੋੜਨ ਵਾਲਾ) ਹਾਂ।

ਦੋਹਾਂ ਗੁਰੂ ਸਾਹਿਬਾਨ ਦੇ ਵਾਹਿਗੁਰੂ ਸੰਬੰਧੀ ਵਿਚਾਰਾਂ ਵਿਚ ਵੀ ਪੂਰੀ ਏਕਤਾ ਹੈ। ਗੁਰੂ ਨਾਨਕ ਜੀ ਨੇ ਵਾਹਿਗੁਰੂ  ਦੇ ਜੋ ਗੁਣ ਮੂਲ ਮੰਤ੍ਰ ਵਿਚ ਦੱਸੇ ਹਨ ਉਹੀ ਗੁਣ ਗੁਰੂ ਗੋਬਿੰਦ ਸ਼ਿੰਘ ਜੀ ਨੇ ਜਾਪ ਸਾਹਿਬ ਵਿਚ ਬਿਆਨ ਕੀਤੇ ਹਨ:

ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ ॥ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ॥(ਜਾਪ ਸਾਹਿਬ 199)

ਭਾਵ:- ਹੇ ਪ੍ਰਭੂ! ਤੂੰ ਚਹੁੰ ਕੂਟਾਂ ਵਿਚ ( ਸਾਰੇ ਜਗਤ ਵਿਚ) ਮੌਜੂਦ ਹੈਂ, ਹਰ ਪਾਸੇ ਤੇਰਾ ਹੀ ਹੁਕਮ ਚੱਲ ਰਿਹਾ ਹੈ
।ਤੂੰ ਆਪਣੇ ਆਪ ਤੋਂ ਪਰਗਟ ਹੋਇਆ ਹੈਂ, ਸੋਹਣਾ ਹੈਂ ਅਤੇ ਹਰ ਵੇਲੇ ਸਭ ਜੀਵਾਂ ਨਾਲ ਮਿਲਿਆ ਹੋਇਆ ਹੈਂ।

ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੋਵੇਂ ਮਨੁੱਖ ਜਾਤੀ ਦੀ ਸਮਾਨਤਾ ਦੇ ਹਾਮੀ ਸਨ ਅਤੇ ਦੋਹਾਂ ਨੇ ਪਛੜੇ ਤੇ ਦਲਿਤ ਵਰਗ ਦੇ ਲੋਕਾਂ ਨੂੰ ਉੱਚਾ ਚੁਕਣ ਲਈ ਯਤਨ ਕੀਤੇ। ਦੋਹਾਂ ਵਿਚੋਂ ਕਿਸੇ ਦਾ  ਵੀ ਜਾਤਪਾਤ ਵਿਚ ਵਿਸ਼ਵਾਸ ਨਹੀਂ ਸੀ। ਗੁਰੂ ਨਾਨਕ ਜੀ ਨੇ ਇੱਕ ਜ਼ਿਮੀਦਾਰ, ਮਲਕ ਭਾਗੋ,ਦਾ ਨਿਮੰਤ੍ਰਨ ਪੱਤਰ ਠੁਕਰਾ ਕੇ ਭਾਈ ਲਾਲੋ ( ਤਰਖਾਣ) ਦੀ ਰੁੱਖੀ ਰੋਟੀ ਸਵੀਕਾਰ ਕੀਤੀ ਸੀ।ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਉਨ੍ਹਾਂ ਵਿਚ ਪਛੜੀਆਂ ਸ਼੍ਰੈਣੀਆਂ ਤੇ ਦਲਿਤ ਵਰਗ ਦੇ ਮਨੁੱਖ ਵੀ ਸ਼ਾਮਿਲ ਸਨ। ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਗੁਰੂ ਗੋਬਿੰਦ ਸਿੰਘ ਮੁਸਲਮਾਨਾਂ ਦੇ ਵਿਰੁਧ ਸਨ। ਬਹੁਤ ਸਾਰੇ ਮੁਸਲਮਾਨ ਉਨ੍ਹਾਂ ਦੀ ਫੌਜ ਵਿਚ ਸਿਪਾਹੀ ਸਨ ਅਤੇ ਪੀਰ ਬੁੱਧੂ ਸ਼ਾਹ ਵਰਗੇ ਲੋਕ ਉਨ੍ਹਾਂ ਦੇ ਮੁਰੀਦ ਸਨ। ਆਪ ਕੇਵਲ ਜ਼ਾਲਮ ਮੁਸਲਮਾਨ ਰਾਜਿਆਂ ਦੇ ਵਿਰੁਧ ਹੀ ਨਹੀਂ ਲੜੇ ਸਗੋਂ ਆਪ ਨੇ ਹਿੰਦੂ ਪਹਾੜੀ ਰਾਜਿਆਂ ਦੀ ਬੇਇਨਸਾਫੀ ਵਿਰੁਧ ਵੀ ਲੜਾਈਆਂ ਕੀਤੀਆਂ ਸਨ। ਗੁਰੂ ਨਾਨਕ ਲਿਖਦੇ ਹਨ:

ਫਕੜ ਜਾਤੀ ਫਕੜੁ ਨਾਉ ॥ਸਭਨਾ ਜੀਆ ਇਕਾ ਛਾਉ ॥ (ਪੰਨਾ83)

ਭਾਵ:- ਉੱਚੀ ਜਾਤ ਤੇ ਨਾਮ (ਵਡੱਪਣ) ਦਾ ਹੰਕਾਰ ਵਿਅਰਥ ਹੈ। ਕੇਵਲ ਇੱਕ ਵਾਹਿਗੁਰੂ ਹੀ ਸਾਰਿਆਂ ਨੂੰ ਸਹਾਰਾ ਦਿੰਦਾ ਹੈ।
ਗੁਰੂ ਗੋਬਿੰਦ ਸਿੰਘ ਨੇ ਵੀ ਮਨੁੱਖਤਾ ਦੀ ਬਰਾਬਰੀ ਤੇ ਜ਼ੋਰ ਦਿੰਦੇ ਸਨ। ਆਪ ਨੇ ਅਕਾਲ ਉਸਤਤ ਵਿਚ ਲਿਖਿਆ ਹੈ:
ਹਿੰਦੂ ਤੁਰਕਿ ਕੋਊ ਰਾਫਸੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।

ਭਾਵ:- ਕਈ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ ਤੇ ਕਈ ਮੁਸਲਮਾਨ ਕਹਿਲਾਉਂਦੇ ਹਨ। ਕਈ ਸੁੱਨੀ ਹਨ ਤੇ ਕਈ ਸ਼ੀਆ ਹਨ, ਪਰ ਹਰ ਮਨੁੱਖ ਨੂੰ ਬਰਾਬਰ ਸਮਝੋ।

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭਰਮਾਉ ਹੈ ॥

ਭਾਵ:- ਮੰਦਰ ਤੇ ਮਸੀਤ ਸਮਾਨ ਹਨ: ਉਨ੍ਹਾਂ ਵਿਚ ਕੋਈ ਫਰਕ ਨਹੀਂ ਹੈ। ਪੂਜਾ ਤੇ ਨਿਮਾਜ਼ ਵਿਚ ਵੀ ਕੋਈ ਫਰਕ ਨਹੀਂ ਹੈ।
ਸਾਰੀ ਮਨੁੱਖਤਾ ਇੱਕ ਸਮਾਨ ਹੈ, ਪਰ ਭੁਲੇਖੇ ਕਾਰਣ ਵਖ ਵਖ ਨਜ਼ਰ ਆਂਦੇ ਹਨ।

ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੋਵੇਂ ਜ਼ਾਲਮ ਰਾਜਿਆਂ ਤੇ ਨਾਇਨਸਾਫੀ ਦੇ ਸਖਤ ਵਿਰੁਧ ਸਨ।

ਗੁਰੂ ਨਾਨਕ ਨੇ ਪਠਾਨ ਤੇ ਮੁਗ਼ਲ ਰਾਜਿਆ ਦੇ ਵਿਰੁਧ ਕਈ ਵੇਰ ਰੋਸ ਪਰਗਟ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ (ਪੰਨਾ 145

ਭਾਵ:- ਇਹ ਕਲ-ਜੁਗੀ ਸੁਭਾਉ ਮਾਨੋ ਛੁਰੀ ਹੈ ਜਿਸ ਦੇ ਕਾਰਨ ਰਾਜੇ ਕਸਾਈਆਂ ਵਾਂਗ ਜ਼ੁਲਮ ਕਰ ਰਹੇ ਹਨ ਅਤੇ ਧਰਮ ਪੰਖ ਲਾ ਕੇ ਉੱਡ ਗਿਆ ਹੈ।

ਰਾਜਾ ਨਿਆਉ ਕਰੇ ਹਥਿ ਹੋਇ ॥ ਕਹੈ ਖੁਦਾਇ ਨ ਮਾਨੈ ਕੋਇ ॥ (ਪੰਨਾ 350)

ਭਾਵ:- ਰਾਜੇ ਤਾਂ ਹੀ ਇਨਸਾਫ ਕਰਦੇ ਹਨ ਜੇ ਉਸ ਨੂੰ  ਰਿਸ਼ਵਤ ਦੇਣ ਲਈ ਸੁਆਲੀ ਦੇ ਹੱਥ ਪੱਲੇ ਮਾਇਆ ਹੋਵੇ।
ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ।

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ (ਪੰਨਾ 722)

ਭਾਵ:-ਬਾਬਰ ਕਾਬਲ ਤੋਂ ਫੌਜ ਜੋ ਮਾਨੋ ਪਾਪ ਦੀ ਜੰਞ  ਹੈ ਇਕੱਠੀ ਕਰ ਕੇ ਆ ਚੜ੍ਹਿਆ ਹੈ ਤੇ ਜ਼ੋਰੀ ਹਿੰਦ ਦੀ  ਹਕੂਮਤ ਰੂਪ ਕੰਨਿਆ- ਦਾਨ ਮੰਗ ਰਿਹਾ ਹੈ।

ਰਾਜੇ ਸੀਹ ਮੁਕਦਮ ਕੁਤੇ ॥ਜਾਇ ਜਗਾਇਨ੍‍ ਬੈਠੇ ਸੁਤੇ ॥   (ਪੰਨਾ 1288)

ਭਾਵ:- ਰਾਜੇ ( ਮਾਨੋ) ਸ਼ੇਰ ਹਨ ਤੇ ਉਨ੍ਹਾਂ ਦੇ ਵਜ਼ੀਰ (ਮਾਨੋ) ਕੁੱਤੇ ਹਨ ਜੋ ਬੈਠੇ- ਸੁਤਿਆਂ ( ਵੇਲੇ ਕੁਵੇਲੇ ) ਬੰਦਿਆਂ ਨੂੰ  ਤੰਗ ਕਰਦੇ ਹਨ।

ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥ਪੰਨਾ 1191

ਭਾਵ:- ਹੁਣ ਇਹ ਰਿਵਾਜ ਚਲ ਪਿਆ ਹੈ ਕਿ ਮੰਦਰਾਂ ਤੇ ਦੇਵਤਿਆਂ ਤੇ ਵੀ ਟੈਕਸ ਲਾਇਆ ਜਾ ਰਿਹਾ ਹੈ।

ਜਦੋਂ ਹੋਰ  ਕੋਈ ਚਾਰਾ ਨਾ ਰਿਹਾ ਤਾਂ ਗੁਰੂ ਗੋਬਿੰਦ ਸਿੰਘ ਨੇ ਵੀ ਜ਼ੁਲਮ ਦੇ ਵਿਰੁਧ ਕਿਰਪਾਨ ਉਠਾਈ। ਮੁਤਅੱਸਬ ਰਾਜਾ ਔਰੰਗਜ਼ੇਬ ਭਾਰਤ ਦੇ ਸਾਰੇ ਗ਼ੇਰ -ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਭਾਰਤੀ ਕਮਜ਼ੋਰ ਤੇ ਨਿਤਾਣੇ ਹੋ ਗਏ ਸਨ। ਭਾਰਤ ਵਾਸੀਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਤੇ ਔਰੰਗਜ਼ੇਬ ਦੇ ਟਾਕਰੇ ਲਈ ਗੁਰੂ ਗੋਬਿੰਦ ਸਿੰਘ ਨੇ ਸੰਤ -ਸਿਪਾਹੀਆਂ ਦੀ ਖਾਲਸਾ ਫੋਜ ਤਿਆਰ ਕੀਤੀ ਜੋ ਧਰਮ ਤੇ ਇਨਸਾਫ ਦੀ ਖਾਤਰ ਮਰਨ ਲਈ ਹਮੇਸ਼ਾ ਤਿਆਰ ਸੀ।ਗੁਰੂ ਜੀ ਨੇ ਇਨ੍ਹਾਂ ਸੰਤ -ਸਿਪਾਹੀਆਂ ਲਈ ਪੰਜ ਕਕਾਰਾਂ ਵਾਲੀ ਵਰਦੀ ਵੀ ਨੀਯਤ ਕੀਤੀ। ਆਪ ਨੇ ਔਰੰਗਜ਼ੇਬ ਨੂੰ ਫਾਰਸੀ ਬੋਲੀ ਵਿਚ ਲਿਖੇ ਇੱਕ ਪੱਤਰ ਵਿਚ ਵੀ ਲਿਖਿਆ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥ 22

ਭਾਵ:- ਜਦੋਂ ਹੋਰ ਕੋਈ ਤਰੀਕਾ ਕੰਮ ਨਾ ਕਰੇ ਤਾਂ ਹਥਿਆਰ ਚੁਕਣਾ ਜਾਇਜ਼ ਹੈ।
ਇਸ ਵਿਚ ਕੋਈ ਸੰਦੇਹ ਨਹੀਂ ਕਿ ਇਸ ਮੰਤਵ ਲਈ ਗੁਰੂ ਜੀ ਨੇ ਆਪਣੇ  ਆਪ, ਆਪਣੇ ਚਾਰੇ ਸਾਹਿਬਜ਼ਾਦਿਆਂ  ਅਤੇ ਆਪਣੇ ਹਜ਼ਾਰਾਂ ਸਿੱਖਾਂ  ਨੂੰ ਕੁਰਬਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਕੇਵਲ ਮਜ਼ਲੂਮਾਂ ਦੀ ਰਖਿਆ ਤੇ ਜ਼ੁਲਮ ਦੇ ਟਾਕਰੇ ਲਈ ਹੀ ਹਥਿਅਰਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਕਿਸੇ ਰਾਜ ਦੀ ਸਥਾਪਨਾ ਲਈ ਕੋਈ ਲੜਾਈ ਨਹੀਂ ਲੜੀ। ਆਪ ਦੀ ਕਿਰਪਾਨ ਮਜ਼ਲੂਮਾਂ ਦੇ ਬਚਾਉ ਲਈ ਸੀ ਨਾ ਕਿ ਹਮਲਾ ਕਰਨ ਲਈ। ਕਈ ਇਤਿਹਾਸਕਾਰਾਂ ਨੇ ਜੋ ਸਿੱਖ ਫਲਸਫਾ ਤੋਂ ਅਣਜਾਣ ਹਨ ਗੁਰੂ ਜੀ ਵਲੋਂ ਕੀਤੀ ਤਲਵਾਰ ਦੀ ਵਰਤੋਂ  ਨੂੰ ਗ਼ਲਤ ਸਮਝਿਆ ਹੈ ਜਦੋਂ ਕਿ ਗੁਰੂ   ਜੀ ਦਾ ਕੋਈ ਰਾਜਸੀ ਮੰਤਵ ਨਹੀ ਸੀ।

ਗੁਰੂ ਨਾਨਕ ਜੀ ਨੇ ਵੀ   ਕੁਰਬਾਨੀ ਦੇਣ ਦੀ ਪ੍ਰੇਰਨਾ ਕੀਤੀ ਹੈ:

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਪੰਨਾ 1412

ਭਾਵ:-ਹੇ ਭਾਈ! ਝੇ ਤੈਨੂੰ ਪ੍ਰੇਮ ਦੀ ਖੇਡ ਖੇਲਣ ਦਾ ਸ਼ੌਕ ਹੈ ਤਾਂ ਅਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ ਜਾ।ਇਸ ਰਸਤੇ ਤੇ ਤਦੋਂ ਹੀ ਪੈਰ ਧਰਿਆ ਜਾ ਸਕਦਾ ਹੈ ਜੇ ਬਿਨਾਂ ਝਿਝਕ ਦੇ ਸਿਰ ਭੇਟ  ਕੀਤਾ ਜਾ ਸਕੇ।

ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ਪੰਨਾ 360

ਭਾਵ:- ਜੇ ਕੋਈ ਜ਼ੋਰਾਵਰ ਕਿਸੇ ਜ਼ੋਰਾਵਰ ਨੂੰ ਮਾਰੇ ਤਾਂ ਵੇਖਣ ਵਾਲੇ ਦੇ ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ, ਪਰ ਜੇ ਕੋਈ ਸ਼ੇਰ ਵਰਗਾ ਜ਼ੋਰਾਵਰ ਗਾਈਆਂ ਦੇ ਵੱਗ ਵਰਗੇ( ਕਮਜ਼ੋਰ ਨਿਹੱਥਿਆਂ) ਉੱਤੇ ਹਮਲਾ ਕਰੇ ਤਾਂ ਇਸ ਦੀ ਪੁੱਛ ਵੱਗ ਦੇ ਮਾਲਕ ਨੂੰ ਹੁੰਦੀ ਹੈ।

ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਜ਼ੁਲਮ ਦੇ ਟਾਕਰੇ ਲਈ ਅਹਿੰਸਾ ਦੀ ਵਰਤੋਂ ਕਰਨ ਲਈ ਨਹੀਂ ਲਿਖਿਆ।
ਗੁਰੂ ਜੀ ਨੇ ਤਾਂ ਲਿਖਿਆ ਹੈ ਕਿ ਕੇਵਲ ਜਾਦੂ ਟੂਣਿਆਂ  ਤੇ ਅਰਦਾਸ ਤੇ ਭਰੋਸਾ ਨਹੀਂ ਕਰਨਾ ਚਾਹੀਦਾ:

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ (ਪੰਨਾ418)
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥

ਭਾਵ:-ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਬਾਬਰ ਹਮਲਾ ਕਰ ਰਿਹਾ ਹੈ ਤਾਂ ੳਨ੍ਹਾਂ ਅਨੇਕ ਪੀਰਾਂ ਨੂੰ ( ਜਾਦੂ ਟੂਣੇ ਤੇ ਅਰਦਾਸ ਕਰਨ ਲਈ) ਰੋਕ ਰਖਿਆ, ਪਰ ਫਿਰ ਵੀ ਪੱਕੈ ਥਾਂ ਸੜ ਕੇ ਸੁਆਹ ਹੋ ਗਏ ਅਤੇ ਮੁਗ਼ਲਾਂ ਨੇ ਪਠਾਣ ਸ਼ਾਹਿਜ਼ਾਦਿਆਂ ਨੂੰ ਟੋਟੇ ਟੋਟੇ ਕਰ ਕੇ ਮਿੱਟੀ ਵਿਚ ਰੋਲ ਦਿੱਤਾ। ਕੋਈ ਇੱਕ ਮੁਗ਼ਲ ਵੀ ਅਨ੍ਹਾ ਨਾ ਹੋਇਆ।

ਗੁਰੂ ਨਾਨਕ ਦੀ ਸਿੱਖਿਆ ਅਨੁਸਾਰ ਹੀ ਗੁਰੂ ਗੋਬਿੰਦ ਸਿੰਘ ਨੇ ਕੇਵਲ ਜ਼ੁਲਮ ਦੇ ਟਾਕਰੇ ਲਈ ਹੀ ਤਾਕਤ ਦੀ ਵਰਤੋਂ ਕੀਤੀ।ਆਪ ਨੇ ਗੁਰੂ ਨਾਨਕ ਦੇ ਪਾਏ ਪੂਰਨਿਆਂ ਤੇ ਹੀ ਅਮਲ ਕੀਤਾ। ਇਸ ਵਿਚ ਕੋਈ ਸੰਦੇਹ ਨਹੀਂ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੋਵੇਂ ਧਾਰਮਕ ਆਗੂ ਸਨ ਤੇ ਉਨ੍ਹਾਂ ਦੀ ਸਿੱਖਿਆ ਦੀ ਬੁਨਿਆਦ ਵੀ ਧਰਮ ਹੀ ਸੀ।

ਉਹ ਲੋਕਾਂ ਦੀ ਆਤਮਕ ਉਨਤੀ ਚਾਹੁੰਦੇ ਸਨ ਅਤੇ ਇਸ ਦੇ ਰਾਹ ਵਿਚ ਆਣ ਵਾਲੀ ਕਿਸੇ ਰੋਕ ਨੂੰ ਪਸੰਦ ਨਹੀਂ ਸਨ ਕਰਦੇ। ਜ਼ਾਲਮ ਰਾਜੇ ਜੋ ਬੇਗੁਨਾਹ ਤੇ ਨਿਹੱਥੇ ਲੋਕਾਂ ਤੇ ਜ਼ੁਲਮ ਕਰ ਰਹੇ ਸਨ ਤਲਵਾਰ ਦੀ  ਤਾਕਤ ਨਾਲ ਹੀ ਸਿੱਧੇ ਰਾਹ ਲਿਆਏ ਜਾ ਸਕਦੇ ਸਨ।ਗੁਰੂ ਨਾਨਕ  ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆਵਾਂ ਵਿਚ ਏਕਤਾ ਹੈ।ਦਸਵੇਂ ਗੁਰੂ ਜੀ ਨੇ ਸੰਤ- ਸਿਪਾਹੀਆਂ ਦੀ ਸਾਜਨਾ ਤਾਂ ਜ਼ੁਲਮ ਦੇ ਟਾਕਰੇ ਤੇ ਮਜ਼ਲੂਮ ਦੀ ਰਖਿਆ ਲਈ ਹੀ ਕੀਤੀ ਸੀ।ਪ੍ਰਤਿਕੂਲ ਸਮੇਂ ਵਿਚ ਜੀਉਣ ਲਈ ਇਸ ਦੀ ਲੋੜ ਸੀ।

ਡਾ. ਗੋਕਲ ਚੰਦ ਨਾਰੰਗ ਨੇ ਆਪਣੀ ਪੁਸਤਕ  ਸਿੱਖ ਮਤ ਦਾ ਪਰਿਵਰਤਨ (1990) ਵਿਚ ਲਿਖਿਆ ਹੈ:
“ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ ਵਿਗਸਣ ਵਾਲਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ ਅਤੇ ਉਨ੍ਹਾਂ  ਦੇ ਉੱਤਰਾਧਿਕਾਰੀਆਂ ਨੇ ਸਿੰਜਿਆ ਸੀ। ਉਹ ਤੇਗ ਜਿਸ ਨੇ ਖਾਲਸੇ ਦੀ ਪ੍ਰਤਿਸ਼ਠਾ ਦਾ ਮਾਰਗ ਬਣਾਇਆ ਨਿਰਸੰਦੇਹ ਗੁਰੂ ਗੋਬਿੰਦ ਸਿੰਘ ਨੇ ਢਾਲੀ ਸੀ ਪਰੰਤੂ ਉਸ ਦਾ ਫੌਲਾਦ ਗੁਰੂ ਨਾਨਕ ਨੇ ਪ੍ਰਦਾਨ ਕੀਤਾ ਸੀ—” (ਪੰਨਾ 1)

ਮਸ਼ਹੂਰ ਇਤਿਹਾਸਕਾਰ, ਜੇ ਡੀ ਕਨਿੰਘਮ, ਆਪਣੀ ਪੁਸਤਕ, ਹਿਸਟਰੀ ਆਫ ਦੀ ਸਿੱਖਸ,ਵਿਚ ਲਿਖਦਾ ਹੈ:
“ ਬੇਸ਼ੱਕ ਸਿੱਖਾਂ ਦੇ ਆਖਰੀ ਗੁਰੂ ਆਪਣੀ ਪ੍ਰਾਪਤੀਆਂ ਨੂੰ ਆਪਣੀ ਅਖੀਂ  ਵੇਖ ਨਹੀਂ ਸਕੇ ,ਪ੍ਰੰਤੂ ਉਨ੍ਹਾਂ ਆਪਣੇ ਕਾਰਨਾਮਿਆਂ ਰਾਹੀਂ ਹਾਰੇ ਹੋਏ ਲੋਕਾਂ ਦੀਆਂ ਸੁਤੀਆਂ ਸ਼ਕਤੀਆਂ ਨੂੰ ਜਗਾ ਦਿੱਤਾ।ਉਨ੍ਹਾਂ ਲਈ ਸਮਾਜਕ ਆਜ਼ਾਦੀ ਦੇ ਉੱਚੇ ਤੇ ਲਾਭਦਾਇਕ ਆਸ਼ੇ  ਅਤੇ ਕੌਮੀ ਜਿੱਤ ਦੀ ਪ੍ਰਾਪਤੀ ਵਾਸਤੇ ਰਾਹ ਪਧਰਾ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਵੀ ਇਹੋ ਰਾਹ ਦਿਖਾਇਆ ਸੀ”।     (ਪੰਨਾ75)

ਨਿਰਸੰਦੇਹ ਇਹ ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੀ ਸਿੱਖਿਆ – ਕਿਰਤ ਕਰੋ, ਵੰਡ ਛਕੋ- ਦੀ ਉਲੰਘਣਾ ਬਿਲਕੁਲ ਨਹੀਂ ਕੀਤੀ।ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਲਈ ਪੰਜ ਕਕਾਰਾਂ ਦੀ ਵਰਤੋਂ ਲਾਜ਼ਮੀ ਕੀਤੀ ਤਾਂ ਨਾਲ ਹੀ ਇਹ ਵੀ ਆਦੇਸ਼ ਦਿੱਤਾ ਕਿ ਖਾਲਸਾ ਰਹਿਤ ਮਰਯਾਦਾ ਦੇ ਵਿਰੁਧ ਕੋਈ ਕੰਮ ਨਾ ਕਰੇ।ਜੋ ਸਮਝਦੇ ਹਨ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਵਿਚਾਰਾਂ ਵਿਚ ਏਕਤਾ ਨਹੀਂ ਹੈ ਉਹ ਇਹ ਨਹੀਂ ਸਮਝਦੇ ਕਿ ਦੋਹਾਂ ਦੇ ਵਿਚਾਰ ਤਾਂ ਇਕੋ ਹਨ, ਪਰ ਰਾਜਸੀ ਤੇ ਸਮਾਜਕ ਹਾਲਾਤ ਬਦਲ ਚੁਕੇ ਸਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>