ਖੇਤੀ ਵਰਸਿਟੀ ’ਚ ਅੰਤਰ ਰਾਸ਼ਟਰੀ ਵਿਦਿਆਰਥੀ ਹੋਸਟਲ ਦਾ ਉਦਘਾਟਨ ਸ: ਲੰਗਾਹ ਨੇ ਕੀਤਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਣੇ ਅੰਤਰ ਰਾਸ਼ਟਰੀ ਵਿਦਿਆਰਥੀ ਹੋਸਟਲ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ  ਲੰਗਾਹ ਨੇ ਕਿਹਾ ਹੈ ਕਿ ਸਮੁੱਚਾ ਭਾਰਤ ਇਸ ਮਹਾਨ ਸੰਸਥਾ ਦਾ ਦੇਣਦਾਰ ਹੈ ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਖਤਰਾ ਅਨਾਜ ਸੰਕਟ ਦਾ ਸੀ ਜਿਸ ਨੂੰ ਹੱਲ ਕਰਨ ਵਿੱਚ ਇਸ ਮਹਾਨ ਸੰਸਥਾ ਨੇ ਵੱਡਾ ਯੋਗਦਾਨ ਪਾ ਕੇ ਪੰਜਾਬ ਦੀ ਇੱਜ਼ਤ ਕੌਮਾਂਤਰੀ ਪੱਧਰ ਤੇ ਵਧਾਈ। ਉਨ੍ਹਾਂ ਆਖਿਆ ਕਿ ਆਜ਼ਾਦੀ ਤੋਂ ਬਾਅਦ ਖੇਤੀ ਵਿਕਾਸ ਰਫ਼ਤਾਰ ਤੇਜ਼ ਕਰਨ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਗਵਾਈ ਕੀਤੀ ਅਤੇ ਹਰੇ ਇਨਕਲਾਬ ਦੀ ਜਨਮਦਾਤੀ ਬਣੀ। ਅੱਜ ਵੀ ਡਾ: ਮਨਜੀਤ ਸਿੰਘ ਕੰਗ ਦੀ ਅਗਵਾਈ ਹੇਠ ਇਸ ਮਹਾਨ ਸੰਸਥਾ ਦਾ ਸਤਿਕਾਰ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਜੇ ਪਹਿਲੇ ਨੰਬਰ ਤੇ ਪਹੁੰਚਾ ਹੈ ਤਾਂ ਇਹ ਵੀ ਸਾਡੇ ਸਭ ਲਈ ਵਿਸ਼ੇਸ਼ ਕਰਕੇ ਪੰਜਾਬ ਸਰਕਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਪੰਜਾਬ  ਵਿੱਚ ਹਰੇ ਇਨਕਲਾਬ ਨੂੰ ਪੱਕੇ ਪੈਰੀਂ ਕਰਨ ਵਿੱਚ ਉਦੋਂ ਦੇ ਵਿਕਾਸ ਮੰਤਰੀ ਅਤੇ ਹੁਣ ਤੀਕ ਪੰਜਾਬ ਦੇ ਚਾਰ ਵਾਰ ਮੁੱਖ ਮੰਤਰੀ ਬਣੇ ਸ: ਪਰਕਾਸ਼ ਸਿੰਘ ਬਾਦਲ ਦਾ ਸਭ ਤੋਂ ਵੱਡਾ ਹੱਥ ਹੈ ਅਤੇ ਇਸ ਮਹਾਨ ਸੰਸਥਾ ਦੀਆਂ ਪ੍ਰਾਪਤੀਆਂ ਤੋਂ ਉਹ ਭਲੀਭਾਂਤ ਜਾਣੂ ਹਨ।

ਸ: ਲੰਗਾਹ ਨੇ ਆਖਿਆ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਪੂਰਾ ਖੇਤੀਬਾੜੀ ਕਾਲਜ ਇਸ ਯੂਨੀਵਰਸਿਟੀ ਵੱਲੋਂ ਸ਼ੁਰੂ ਕਰਨਾ ਇਨਕਲਾਬੀ ਕਦਮ ਸਾਬਤ ਹੋਵੇਗਾ ਕਿਉਂਕਿ ਸਰਹੱਦੀ ਜ਼ਿਲ੍ਹੇ ਵਿੱਚ ਕਿਸਾਨ ਥੋੜ੍ਹੀਆਂ ਜ਼ਮੀਨਾਂ ਕਾਰਨ ਬਾਕੀ ਪੰਜਾਬ ਨਾਲੋਂ ਵੱਖਰੇ ਸੰਕਟ ਨਾਲ ਜੂਝ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਕਾਲਜ ਨੂੰ ਸ਼ੁਰੂ ਕਰਵਾਉਣ ਵਿੱਚ ਡਾ: ਕੰਗ ਨੇ ਜੋ ਦਿਲਚਸਪੀ ਵਿਖਾਈ ਉਹ ਸਤਿਕਾਰਯੋਗ ਹੈ। ਉਨ੍ਹਾਂ ਆਖਿਆ ਕਿ ਇਸ ਮਹਾਨ ਸੰਸਥਾ ਨੂੰ ਕਿਸੇ ਕਿਸਮ ਦੀ ਆਰਥਿਕ ਔਕੜ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਗੁਰਦਾਸਪੁਰ ਖੇਤੀ ਕਾਲਜ ਨੂੰ ਵੀ ਲੋੜੀਂਦੀ ਸਹਾਇਤਾ ਬਜਟ ਵਿੱਚ ਮਿਲੇ ਦੋ ਕਰੋੜ ਤੋਂ ਇਲਾਵਾ ਵੀ ਦੇਣ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ। ਸ: ਲੰਗਾਹ ਨੇ ਆਖਿਆ ਕਿ ਇਸ ਯੂਨੀਵਰਸਿਟੀ ਦੇ ਵਿਗਿਆਨੀ ਮੇਰੇ ਵੱਲੋਂ ਸਤਿਕਾਰ ਦੇ ਪਾਤਰ ਹਨ ਜਿਨ੍ਹਾਂ ਨੇ ਥੁੜਾਂ ਦੇ ਬਾਵਜੂਦ ਖੇਤੀ ਖੋਜ ਨੂੰ ਮੱਠਾ ਨਹੀਂ ਪੈਣ ਦਿੱਤਾ। ਸਮਾਗਮ ਉਪਰੰਤ ਗੱਲਬਾਤ ਕਰਦਿਆਂ ਸ: ਲੰਗਾਹ ਨੇ ਆਖਿਆ ਕਿ ਆਤਮਾ ਜਾਂ ਕਿਸੇ ਹੋਰ ਸਕੀਮ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਯੂਨੀਵਰਸਿਟੀ ਦਾ ਰਸਾਲਾ ‘ਚੰਗੀ ਖੇਤੀ’ ਪਹੁੰਚਾਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਕਿਉਂਕਿ ਗਿਆਨ ਬਿਨਾਂ ਹੁਣ ਗਤੀ ਨਹੀਂ ਹੋਣੀ।

ਪ੍ਰਧਾਨਗੀ ਭਾਸ਼ਣ ਦਿੰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਅੰਤਰ ਰਾਸ਼ਟਰੀ ਵਿਦਿਆਰਥੀ ਹੋਸਟਲ ਗਲੋਬਲ ਲੋੜਾਂ ਮੁਤਾਬਕ ਵਿਉਂਤਿਆ ਗਿਆ ਹੈ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿਚੋਂ ਆਉਣ ਵਾਲੇ ਵਿਦਿਆਰਥੀ ਤਾਂ ਹੀ ਇਸ ਯੂਨੀਵਰਸਿਟੀ ਦੀ ਚੋਣ ਕਰਨਗੇ ਜੇਕਰ ਇਥੇ ਮਿਲਦਾ ਗਿਆਨ ਅਤੇ ਰਹਿਣ ਸਹੂਲਤਾਂ ਕੌਮਾਂਤਰੀ ਪੱਧਰ ਦੀਆਂ ਹੋਣਗੀਆਂ। ਉਨ੍ਹਾਂ ਆਖਿਆ ਕਿ ਸੱਤ ਦੇਸ਼ਾਂ ਦੇ ਵਿਦਿਆਰਥੀ ਇਸ ਵੇਲੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਹੋਸਟਲ ਦੇ ਪਹਿਲੇ ਨਿਵਾਸੀ ਬਣਾਇਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਵੀ ਖੇਤੀਬਾੜੀ ਮੰਤਰੀ ਅਤੇ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ।

ਯੂਨੀਵਰਸਿਟੀ ਦੇ ਚੀਫ ਇੰਜੀਨੀਅਰ ਡਾ: ਜਸਪਾਲ ਸਿੰਘ ਅਤੇ ਇਸ ਹੋਸਟਲ ਦੇ ਨਿਰਮਾਣ ਦੀ ਜਿੰਮੇਂਵਾਰੀ ਨਿਭਾਉਣ ਵਾਲੇ ਇੰਜ: ਡਾ: ਸਰਬਜੀਤ ਸਿੰਘ ਸੂਚ ਨੇ ਦੱਸਿਆ ਕਿ 8 ਹਜ਼ਾਰ ਵਰਗ ਫੁੱਟ ਰਕਬੇ ਵਿੱਚ ਬਣੇ ਇਸ ਭਵਨ ਵਿੱਚ ਸਭ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸੁਆਗਤੀ ਸ਼ਬਦ ਬੋਲਦਿਆਂ ਅਸਟੇਟ ਅਫਸਰ ਡਾ: ਪਿਰਤਪਾਲ ਸਿੰਘ ਲੁਬਾਣਾ ਨੇ ਆਖਿਆ ਕਿ ਅੰਤਰ ਰਾਸ਼ਟਰੀ ਵਿਦਿਆਰਥੀ ਹੋਸਟਲ ਪਿਛਲੇ ਪੰਜ ਸਾਲਾਂ ਤੋਂ ਉਸਾਰੀ ਅਧੀਨ ਸੀ ਜਿਸ ਨੂੰ ਡਾ: ਮਨਜੀਤ ਸਿੰਘ ਕੰਗ ਦੀ ਪ੍ਰੇਰਨਾ ਨਾਲ ਨਿਸ਼ਚਤ ਸਮੇਂ ਅੰਦਰ ਰਹਿਣਯੋਗ ਬਣਾਇਆ ਗਿਆ ਹੈ। ਇਸ ਹੋਸਟਲ ਦੀਆਂ ਦੋ ਮੰਜ਼ਲਾਂ ਹਨ ਅਤੇ ਹਰ ਕਮਰੇ ਨਾਲ ਜੁੜਵਾਂ ਬਾਥਰੂਮ ਨਿੱਕੀ ਰਸੋਈ ਅਤੇ ਡਰੈਸਿੰਗ ਰੂਮ ਰੱਖੇ ਗਏ ਹਨ। ਇਸ ਹੋਸਟਲ ਵਿੱਚ ਵਿਆਹੇ ਹੋਏ ਵਿਦੇਸ਼ੀ ਵਿਦਿਆਰਥੀ ਪਰਿਵਾਰ ਸਮੇਤ ਵੀ ਰਹਿ ਸਕਣਗੇ। ਉਨ੍ਹਾਂ ਆਖਿਆ ਕਿ ਇਸ ਹੋਸਟਲ ਦੀ ਸਮੁੱਚੀ ਰੂਪ ਰੇਖਾ ਉਲੀਕਣ ਅਤੇ ਉਸਾਰੀ ਯੋਜਨਾ ਵਿੱਚ ਯੂਨੀਵਰਸਿਟੀ ਦੇ ਆਪਣੇ ਹੀ ਇੰਜੀਨੀਅਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਹੋਸਟਲ ਦੇ ਵਾਰਡਨ ਡਾ: ਰਮਨਦੀਪ ਸਿੰਘ ਜੱਸਲ ਨੇ ਧੰਨਵਾਦੀ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੀ ਇੰਜੀਨੀਅਰਿੰਗ ਸ਼ਾਖਾ, ਅਸਟੇਟ ਸੰਸਥਾਨ, ਵੱਖ ਵੱਖ ਵਿਭਾਗਾਂ ਦੇ ਮੁਖੀ, ਕੰਪਟਰੋਲਰ ਅਤੇ ਫਰਨਿਸ਼ਿੰਗ ਕਮੇਟੀ ਦੀ ਕਨਵੀਨਰ ਡਾ: ਮੁਨਿੰਦਰ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਸੀਮਾਬੱਧ ਸਮੇਂ ਅੰਦਰ ਇਸ ਕਾਰਜ ਨੂੰ ਨੇਪਰੇ ਚੜਾਇਆ। ਮੰਚ ਸੰਚਾਲਨ ਕਰਦਿਆਂ ਡਾ: ਤਜਿੰਦਰ ਸਿੰਘ ਰਿਆੜ ਨੇ ਸਮੁੱਚੇ ਵਿਦਿਆਰਥੀ ਹੋਸਟਲ ਦੀਆਂ ਵੱਖ-ਵੱਖ ਸਹੂਲਤਾਂ ਦਾ ਜ਼ਿਕਰ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਕੰਪਟਰੋਲਰ ਸ਼੍ਰੀ ਏ ਸੀ ਰਾਣਾ, ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ, ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ, ਡੀਨ ਖੇਤੀਬਾੜੀ ਕਾਲਜ ਡਾ: ਦਵਿੰਦਰ ਸਿੰਘ ਚੀਮਾ, ਡੀਨ ਹੋਮ ਸਾਇੰਸ ਕਾਲਜ ਡਾ: ਨੀਲਮ ਗਰੇਵਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪੁਸ਼ਪਿੰਦਰ ਸਿੰਘ ਔਲਖ, ਲਾਇਬ੍ਰੇਰੀਅਨ ਡਾ: ਜਸਵਿੰਦਰ ਕੌਰ ਸਾਂਘਾ, ਚੀਫ਼ ਇੰਜੀਨੀਅਰ ਡਾ:ਜਸਪਾਲ ਸਿੰਘ ਤੋਂ ਇਲਾਵਾ ਲਗਪਗ ਸਭ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>