“ਬਣਵਾਸ ਬਾਕੀ ਹੈ” ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ

ਜਦ ਜੀਵਨ ਦੀ ਗਾਲ੍ਹੜ ਜ਼ਮੀਰ ਨਾਲ਼ ‘ਘੋਲ਼’ ਕਰਦੀ ਹੈ ਤਾਂ ਮਨ ਵਿਚੋਂ ਜਵਾਰਭਾਟਾ ਉਠਦਾ ਹੈ! ।।।ਤੇ ਜੇ ਇਹ ਜਵਾਰਭਾਟਾ ਸ਼ਬਦਾਂ ਦਾ ਰੂਪ ਧਾਰ ਵਰਕਿਆਂ ‘ਤੇ ਉੱਤਰ ਆਵੇ ਤਾਂ ਇਕ ਇਤਿਹਾਸ ਬਣ ਜਾਂਦਾ ਹੈ। ਮਾਨੁੱਖ ਨੂੰ ਅਕਾਲ ਪੁਰਖ਼ ਨੇ ਹਰ ਪੱਖੋਂ ਸਵੈ-ਰੱਖਿਆ ਕਰਨ ਦੀ ਸੋਝੀ ਬਖ਼ਸ਼ੀ ਹੈ। ਪਰ ਕਈ ਵਾਰ ਜ਼ਿੰਦਗੀ ਦੇ ਹਾਲਾਤ ਹੀ ਐਸੇ ‘ਘਾਤਿਕ’ ਜਾਂ ‘ਤਰਸਯੋਗ’ ਬਣ ਜਾਂਦੇ ਹਨ ਕਿ ਬੰਦਾ ਹੱਥ ਵਿਚ ਫ਼ੜਿਆ ਹਥਿਆਰ ਵੀ ਨਹੀਂ ਚਲਾ ਸਕਦਾ। ।।।ਤੇ ਜਿੱਥੇ ਹਥਿਆਰ ਨਾ ਚੱਲੇ, ਉਥੇ ਕਲਮ ਆਪਣਾ ਜਾਦੂ ਦਿਖਾਉਂਦੀ ਹੈ! ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਦਾ ਆਪਣਾ ‘ਮੁੱਲ’ ਹੈ। ਪਰ ਮੈਂ ਸੋਚਦਾ ਹਾਂ ਕਿ ‘ਹਰ’ ਮਾਨੁੱਖ ‘ਵਿਕਾਊ’ ਵੀ ਨਹੀਂ ਹੁੰਦਾ! ਅਜਿਹਾ ਹੀ ਇੱਕ ਨਾਮ ਹੈ, ਭਿੰਦਰ ਜਲਾਲਾਬਾਦੀ!! ਜੋ ਲਿਖਦੀ-ਲਿਖਦੀ, ਮੋਮਬੱਤੀ ਵਾਂਗ ਪਿਘਲਦੀ ਹੋਈ ਵੀ ਆਪਣੀ ਮਾਨਸਿਕਤਾ ਸਥਿਰ ਰੱਖਦੀ ਹੈ। ਸੋਚ ਦੀ ਫ਼ਿਰਕੀ ਵਿਚ ‘ਫ਼ਰੜ’ ਨਹੀਂ ਪੈਣ ਦਿੰਦੀ!
ਸੱਚ ਲਿਖਣਾ ਕੋਈ ਸੌਖਾ ਕੰਮ ਨਹੀਂ! ਬੇਬਾਕ ਸੱਚ ਲਿਖਣਾ ਸ਼ੇਰ ਦੀ ਸਵਾਰੀ ਕਰਨ ਵਾਲ਼ਾ ਕਾਰਜ ਹੁੰਦਾ ਹੈ! ਟੁੱਟੇ ਹੋਏ ਤਾਰੇ ਦੀ ਗਾਥਾ ਬਿਆਨ ਕਰਨਾ ਵੀ ਕਿਸੇ ਆਮ ਆਦਮੀ ਦਾ ਕੰਮ ਨਹੀਂ, ਕੋਈ ਯੋਗ ਅਤੇ ਸਮਰੱਥਾਵਾਨ ਹੀ ਕਰ ਸਕਦਾ ਹੈ। ਇਕ ਗੱਲ ਇਹ ਵੀ ਪਰਪੱਕ ਹੈ ਕਿ ਸੱਚ ਚਿਤਰਨ ਦਾ ਕਾਰਜ ਕੋਈ ‘ਸ਼ੇਖ਼-ਚਿਲੀ’ ਵੀ ਨਹੀਂ ਕਰ ਸਕਦਾ। ਅਸਮਾਨੀਂ ਪਈ ਸਤਰੰਗੀ ਪੀਂਘ ਨੂੰ ਬੁੱਕਲ਼ ਵਿਚ ਲੈ, ਲੋਰੀਆਂ ‘ਭਿੰਦਰ’ ਹੀ ਦੇ ਸਕਦੀ ਹੈ! ਜਦ ਉਹ ਪਾਤਰ ਦੀ ਮਾਨਸਿਕਤਾ ਚਿਤਰਨ ‘ਤੇ ਆਉਂਦੀ ਹੈ ਤਾਂ ਸੁੱਤੇ ਨਾਗ ਵਾਂਗ ਅੱਖਾਂ ਖੁੱਲ੍ਹੀਆਂ ਹੀ ਰੱਖਦੀ ਹੈ ਅਤੇ ਹਰ ਬਾਰੀਕੀ ਪ੍ਰਤੀ ਸੁਚੇਤ ਰਹਿੰਦੀ ਹੈ! ਧਾਰਮਿਕ ਅਤੇ ਸਿਆਸੀ ‘ਭੰਡਾਂ’ ਤੋਂ ਉਸ ਨੂੰ ਬੁਰੀ ਤਰ੍ਹਾਂ ਚਿੜ ਹੈ, ਜੋ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਝੋਕ ਕੇ ਉਹਨਾਂ ਦੀ ਕੁੱਛੜ ਬੈਠ ਕੇ ਦਾਹੜੀ ਮੁੰਨਦੇ ਹਨ। ਲਿਖਣ ਮੌਕੇ ਮੈਨੂੰ ਉਸ ਦੇ ਮੱਥੇ ‘ਤੇ ਤਿਊੜੀਆਂ ਜਾਂ ਅੱਖਾਂ ‘ਚੋਂ ਨਿਰਾਸ਼ਾ ਭਰੀ ‘ਹਾਰ’ ਝਲਕਦੀ ਨਹੀਂ ਦਿਸੀ, ਕਿਸੇ ਮਸੀਹੇ ਦੀ ਉਪਰ ਉਠੀ ਬਾਂਹ ਵਰਗੀ ‘ਵੰਗਾਰ’ ਹੀ ਨਜ਼ਰੀਂ ਪਈ। ਮੈਂ ਉਸ ਦੀ ਕਿਸੇ ਵੀ ਲਲਕਾਰ ਨੂੰ ਨਿਘੋਚੀ ਵਾਂਗ ਰੱਦ ਨਹੀਂ ਕਰਦਾ, ਸਗੋਂ ਹਮਾਇਤ ਕਰਦਾ ਹਾਂ! ਜਿਵੇਂ ਕਿਸੇ ਨੇ ਕਿਹਾ ਹੈ, ਉਹਨਾਂ ਤੋਂ ਬਿਨਾਂ ਕਿਸੇ ਨੇ ਵੀ ਕਦੇ ਕੋਈ ਸ਼ਾਨਦਾਰ ਸਫ਼ਲਤਾ ਹਾਸਲ ਨਹੀਂ ਕੀਤੀ, ਜਿਹਨਾਂ ਨੇ ਇਹ ਯਕੀਨ ਕਰਨ ਦਾ ਸਾਹਸ ਕੀਤਾ ਕਿ ਉਹਨਾਂ ਅੰਦਰ ਹਾਲਾਤਾਂ ਨਾਲੋਂ ਕੋਈ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਮੌਜੂਦ ਹੈ!

ਇੱਕ ਵਿਅਕਤੀ ਦੇ ਦੋਸ਼, ਉਸ ਦੇ ਸਮੇਂ ਦੇ ਦੋਸ਼ ਹੁੰਦੇ ਹਨ, ਤੇ ਉਸ ਦੇ ਗੁਣ, ਉਸ ਦੇ ‘ਆਪਣੇ’ ਹੁੰਦੇ ਹਨ! ਭਿੰਦਰ ਲੂੰਬੜ-ਚਾਲ, ਖ਼ੁਦਗਰਜ਼, ਬਣਾਉਟੀ ਮੁਸਕਾਨਾਂ ਦੇਣ ਵਾਲ਼ਿਆਂ, ਚੋਲ਼ਾਧਾਰੀਆਂ ਅਤੇ ਅਖੌਤੀ ਜਾਦੂਈ ਜਗਤ ਦੀ ਕੱਟੜ ਆਲੋਚਕ ਹੈ, ਜਿਸ ਦਾ ਜ਼ਿਕਰ ਉਸ ਨੇ ਆਪਣੀ ਕਹਾਣੀ “ਪੱਥਰਾਂ ਵਿਚ ਵਸਦੇ ਲੋਕ” ਵਿਚ ਬੜੀ ਸ਼ਿੱਦਤ ਨਾਲ਼ ਕੀਤਾ ਹੈ ਕਿ ਕਿਵੇਂ ਅੱਤ ਦੇ ਕਮੀਨੇ ਲੋਕ ਪ੍ਰੇਮ ਦੀ ਸੁਆਰਥੀ ‘ਆੜ’ ਵਿਚ ਪੈਸੇ ਦੀ ਖ਼ਾਤਿਰ ਆਪਣਾ ਇਮਾਨ ਅਤੇ ਜ਼ਮੀਰ ਤੱਕ ਵੇਚ ਦਿੰਦੇ ਹਨ ਅਤੇ ਕਿਵੇਂ ਉਹ ਆਪਣੇ ਘਿਨਾਉਣੇ ਚਿਹਰਿਆਂ ‘ਤੇ ਅਖੌਤੀ ਮੋਹ-ਮੁਹੱਬਤ ਦਾ ਮੁਖੌਟਾ ਪਾ ਕੇ ਆਪਣੇ ਪ੍ਰੇਮੀ ਨੂੰ ਨਾਟਕੀ ਢੰਗ ਨਾਲ਼ ਲੁੱਟਦੇ ਅਤੇ ਉਸ ਦੀ ਮਾਨਸਿਕਤਾ ਨਾਲ਼ ਖਿਲਵਾੜ ਕਰਦੇ ਹਨ! ਇਹਨਾਂ ‘ਹੀਜੜਾ’ ਟਾਈਪ ਲੋਕਾਂ ਦੀ ਭਿੰਦਰ ‘ਵੈਰੀ’ ਹੈ! ਜੋ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਨਾਲ਼ ਸਿਰਫ਼ ਮਤਲਬ-ਪ੍ਰਸਤੀ ਤੱਕ ਹੀ ਸੀਮਤ ਰਹਿੰਦੇ ਹਨ ਅਤੇ ਇਸ ਸਮਾਜ ਵਿਚ ਉਹ ਦੁਰਗੰਧ ਭਰੇ, ਗਲ਼ੇ-ਸੜੇ ਨੀਚ ਅਤੇ ਦੂਸ਼ਤ ਲੋਕ ਹਨ, ਜੋ ਸਾਡੇ ਸਮਾਜ ਵਿਚ ਆਪਣੀ ਖ਼ੁਦਗਰਜ਼ੀ ਦੀ ਮਲੀਨਤਾ ਅਤੇ ਸੜੇਹਾਂਦ ਫ਼ੈਲਾ ਰਹੇ ਹਨ ਅਤੇ ਸੱਚੇ-ਸੁੱਚੇ ਪ੍ਰੇਮ ਨੂੰ ਬਦਨਾਮ ਕਰ ਰਹੇ ਹਨ! ਇਹਨਾਂ ਕਰੂਪ ਹਿਰਦੇ ਵਾਲ਼ੇ ਢੌਂਗੀਆਂ ਨੂੰ ਪ੍ਰਲੋਕ ਵਿਚ ਢੋਈ ਤਾਂ ਕੀ ਮਿਲਣੀ ਸੀ, ਉਹ ਲੋਕਾਂ ਵਿਚ ਵੀ ਨਫ਼ਰਤ ਅਤੇ ਬਦ-ਦੁਆਵਾਂ ਦੇ ਭਾਗੀ ਬਣਦੇ ਹਨ!

“ਬਣਵਾਸ ਬਾਕੀ ਹੈ” ਕਹਾਣੀ ‘ਤੇ ਉਸ ਨੇ ਆਪਣੀ ਕਿਤਾਬ ਦਾ ਨਾਮਕਰਣ ਕੀਤਾ ਹੈ। ਇਸ ਵਿਚ ਭਿੰਦਰ ਨੇ ਬਾਲ-ਮਜਦੂਰੀ ਦਾ ਬੜੇ ਵਿਅੰਗਮਈ ਅਤੇ ਲਲਕਾਰ ਭਰੇ ਲਹਿਜੇ ਨਾਲ਼ ਵਿਰੋਧ ਕੀਤਾ ਹੈ ਅਤੇ ਸਾਡੀ ਸਿਆਸੀ-ਪ੍ਰਣਾਲ਼ੀ ਨੂੰ ਇਸ ਤੋਂ ਕੁਝ ਸਿੱਖਿਆ ਲੈਣ ਦੀ ਜ਼ਰੂਰਤ ਹੈ। ਉਸ ਕੋਲ਼ ਸ਼ਬਦਾਂ ਦਾ ਮਹਾਂਸਾਗਰ ਹੈ। ਜਿਵੇਂ ਕਹਿੰਦੇ ਨੇ ਕਿ ਜੇ ਖ਼ਤ ਵਿਚ ਮਾੜੀ ਖ਼ਬਰ ਹੋਵੇ, ਤਾਂ ਡਾਕੀਏ ਦਾ ਦੋਸ਼ ਨਹੀਂ ਹੁੰਦਾ। ਉਹੀ ਗੱਲ ਹੈ ਕਿ ਜੇ ਸਾਡਾ ਵਿਭਾਗੀ-ਢਾਂਚਾ ਵਿਗੜਿਆ ਪਿਆ ਹੈ, ਤਾਂ ਭਿੰਦਰ ਵਰਗੀ ਨਿਰਪੱਖ ਲੇਖਿਕਾ ਨੇ ਵਿਦਰੋਹੀ ਉਂਗਲ਼ ਤਾਂ ਉਠਾਉਣੀ ਹੀ ਹੋਈ। ਇੱਕ ਸੁਚੱਜੀ ਔਰਤ ਗੁਆਂਢੀ ਦੇ ਘਰੋਂ ਆ ਰਹੀ ਮਹਿਕ ਤੋਂ ਹੀ ਅਗਲੇ ਘਰ ਪੱਕਣ ਵਾਲ਼ੇ ਪਕਵਾਨ ਦਾ ਅੰਦਾਜ਼ਾ ਲਾ ਲੈਂਦੀ ਹੈ! ਇਵੇਂ ਹੀ ਉਹ ਸਮਾਜ ਦੀ ਧੜਕਣ ਸੁਣਦੀ ਅਤੇ ਖ਼ੂਬ ਪਹਿਚਾਣਦੀ ਵੀ ਹੈ। ਲਿਖਣ ਮੌਕੇ ਉਹ ਕਿਸੇ ਨਾਲ਼ ਲਿਹਾਜ਼ ਨਹੀਂ ਕਰਦੀ ਅਤੇ ਇੱਕ ਪਾਸੜ ਵੀ ਨਹੀਂ ਹੁੰਦੀ। ਉਹ ਬੇਲਿਹਾਜ਼, ਬੇਮੁਹਤਾਜ਼ ਅਤੇ ਹੱਕ-ਸੱਚ ਦੀ ਸ਼ਮਸ਼ੀਰ ਹੱਥ ਵਿਚ ਲੈ ਕੇ ਲਿਖਣ ਵਾਲ਼ੀ ਤੇਜ਼ੱਸਵੀ ਲੇਖਿਕਾ ਹੈ! ਭਿੰਦਰ ਸਿਰਫ਼ ਘਟਨਾਵਾਂ ਪਿੱਛੇ ਹੀ ਨਹੀਂ ਪੈਂਦੀ, ਪਾਤਰ ਦੇ ਚਰਿੱਤਰ ਦੀ ਮਹਿਕ ਜਾਂ ਦੁਰਗੰਧ ਪਰਖ਼ਣ ਦੀ ਸ਼ਕਤੀ ਵੀ ਰੱਖਦੀ ਹੈ! ਕਹਾਣੀ ‘ਝੱਖੜ ਝੰਬੇ ਰੁੱਖ’ ਵਿਚ ਸੂਬੇਦਾਰਨੀ ਦੀ ਮਾਨਸਿਕਤਾ ਨੂੰ ਬਿਆਨ ਕਰ ਕੇ ਉਹ ਸਫ਼ਲ ਕਾਹਣੀਕਾਰਾ ਹੋਣ ਦਾ ਪ੍ਰਤੱਖ ਸਬੂਤ ਦਿੰਦੀ ਹੈ! ਕੁਕਰਮ ਤਾਂ ਅਪਰਾਧੀ ਬਿਰਤੀ ਅਤੇ ਅਮੀਰ ਲੋਕਾਂ ਲਈ ਸੰਜੀਵਨੀ-ਬੂਟੀ ਅਤੇ ਸ਼ਾਨ ਹੈ ਅਤੇ ਉਹ ਇਹਨਾਂ ‘ਸੰਸਕਾਰਾਂ’ ਦਾ ‘ਸ਼ੋਸ਼ਣ’ ਹੁੰਦਾ ਦੇਖ ਨਹੀਂ ਸਕਦੀ। ਕਿਸੇ ਵੀ ਰਚਨਾਂ ਨੂੰ ਸਿਰਜਣ ਸਮੇਂ ਉਸ ਨੇ ਪਾਤਰਾਂ ਨੂੰ ਕਿਸੇ ਸੀਮਾਂ ਤੋਂ ‘ਪਾਰ’ ਨਹੀਂ ਜਾਣ ਦਿੱਤਾ, ਸਿਰਜਣਾਂ ਮੌਕੇ ਉਹ ਆਪਣੀ ਮਨੋਬਿਰਤੀ ਵੀ ਸ਼ਕਤੀਸ਼ਾਲੀ ਬਣਾਈ ਰੱਖਦੀ ਹੈ ਅਤੇ ਡਿੱਗਦੀ-ਡੋਲਦੀ ਵੀ ਨਹੀਂ! ਇਕਾਗਰ ਮਨ ਹੋ ਕੇ ਉਹ ਹਰ ਆਡੰਬਰ ਦਾ ਮੁਲਾਂਕਣ ਵੀ ਬੜੇ ਸੁਚੱਜੇ ਢੰਗ ਨਾਲ਼ ਕਰਦੀ ਹੈ ਅਤੇ ‘ਲਛਮਣ-ਰੇਖਾ’ ਦਾ ਸਤਿਕਾਰ ਵੀ ਬਣਾਈ ਰੱਖਦੀ ਹੈ। ਇਸ ਵਿਚੋਂ ਉਸ ਦੇ ਪਵਿੱਤਰ ਅਤੇ ਸ਼ੁੱਧ ਹਿਰਦੇ ਦੀ ਝਲਕਾਰ ਪੈਂਦੀ ਹੈ।

ਧਰਮ ਦੇ ਅਖੌਤੀ ਠੇਕੇਦਾਰ ਉਸ ਨੂੰ ਫ਼ੁੱਟ੍ਹੀ ਅੱਖ ਨਾਲ਼ ਵੀ ਨਹੀਂ ਭਾਉਂਦੇ, ਜਿਹੜੇ ਆਪਣੇ ਇਸ਼ਟ ਦੀ ਪੂਜਾ ਆਪਣੇ ਮਤਲਬ ਲਈ ਆਪਣੇ ਅਨੁਸਾਰ ਹੀ ਕਰਨ ਨੂੰ ਤਰਜ਼ੀਹ ਦਿੰਦੇ ਹਨ। ਜਿਸ ਦਾ ਸਬੂਤ ਉਸ ਦੀ ਕਹਾਣੀ “ਕੱਫ਼ਣ ਦੀ ਉਡੀਕ ਵਿਚ” ਹੈ! ਭਿੰਦਰ ਦੀ ਸੂਝ, ਸਾਹਿਤ ਬੁਣਤਰ ਅਤੇ ਗਿਆਨ ਮੈਨੂੰ ਧੁਰ ਹਿਰਦੇ ਤੱਕ ਕਾਇਲ ਕਰਦੇ ਨੇ! ਸਿਆਸਤ ਸਾਡੇ ਹਿੰਦੋਸਤਾਨ ਵਿਚ ਸਿਆਪੇ ਦੀ ‘ਨਾਇਣ’ ਹੈ! ਗੰਧਲ਼ਾ, ਸਾਜ਼ਿਸ਼ੀ ਅਤੇ ਭ੍ਰਿਸ਼ਟਾਚਾਰੀ ਮਾਹੌਲ ਇਸ ਦੀ ਹੀ ਉਪਜ ਹੈ। ਹਰ ਸੱਚਾ ਅਤੇ ਸੁੱਚਾ ਇਨਸਾਨ ਉਹਨਾਂ ਸਿਆਸਤੀ ਮਛੇਰਿਆਂ ਲਈ ‘ਅਛੂਤ’ ਬਣਿਆਂ ਹੋਇਆ ਹੈ। ਕਈ ਵਾਰ ਉਸ ਨੂੰ ਸਿਆਸੀ ਅਸਥਿਰਤਾ ਦੇ ਨਰਕ-ਕੁੰਡ, ਭ੍ਰਿਸ਼ਟਾਚਾਰ ਦੀ ਬਦਬੂ, ਨਸਲੀ ਬੇਚੈਨੀ ਅਤੇ ਵਿਤਕਰਿਆਂ ਵਿਚੋਂ ਦੀ ਲੰਘਣਾਂ ਪੈਂਦਾ ਹੈ। ਇਸ ਦੇ ਸਿੱਟੇ ਵੀ ਬੜੇ ਤਲਖ਼ੀ ਭਰੇ ਨਿਕਲ਼ਦੇ ਹਨ, ਜਿਸ ਦਾ ਜ਼ਿਕਰ ਉਹ “ਦਿਲ ਵਿਚ ਬਲ਼ਦੇ ਸਿਵੇ ਦਾ ਸੱਚ” ਕਹਾਣੀ ਵਿਚ ਬਾਖ਼ੂਬੀ ਕਰਦੀ ਹੈ। ਉਹ ਤੁਗਲਕਸ਼ਾਹੀ ਪ੍ਰਣਾਲ਼ੀ ਨੂੰ ਡੰਡਾ ਲੈ ਕੇ ਪੈਂਦੀ ਹੈ, ਜੋ ਬੇਦੋਸ਼ਿਆਂ ਦੇ ਖ਼ੂਨ ਵਿਚ ਹੱਥ ਰੰਗਣੇ ਆਪਣੀ ‘ਜਿੱਤ’ ਮੰਨਦੇ ਹਨ। ਉਸ ਵੱਲੋਂ ਕਈ ਥਾਂ ਸਿਰਜ਼ੇ ਲਫ਼ਜ਼ ਅਸਮਾਨੀ ਬਿਜਲੀ ਵਾਂਗ ਡਿੱਗਦੇ ਹਨ, ਜੋ ਰੂਹ ਨੂੰ ਤਾਂ ਝੰਬ ਹੀ ਜਾਂਦੇ ਨੇ, ਵਾਤਾਵਰਣ ਵੀ ਉਦਾਸ ਕਰ ਜਾਂਦੇ ਨੇ। ਉਸ ਦੀ ਕਹਾਣੀ “ਬੁੱਤ ਬੋਲ ਪਿਆ” ਵਿਚ ਇਸ ਦਾ ਇੱਕ ਪਾਤਰ ਆਪਣੇ ਪੁੱਤਰ ਨੂੰ ਮੱਤ ਦਿੰਦਾ ਆਖਦਾ ਹੈ, “ਕੋਈ ਗੱਲ ਹੋਵੇ, ਬੰਦਾ ਮਾਪਿਆਂ ਨਾਲ ਸਿੱਧੀ ਕਰਦੈ, ਤੂੰ ਤਾਂ ਹੋਰ ਈ ਰਸਤਾ ਅਪਣਾ ਤੁਰਿਆ? ਇਹ ਸ਼ਰਾਬ ਜ਼ਿੰਦਗੀ ਦੇ ਪੈਂਡੇ ਦਾ ਹੱਲ ਨਹੀਂ ਹੁੰਦੀ ਪੁੱਤਰਾ! ਤੂੰ ਚਿੜੀਆਂ ਦਾ ਦੁੱਧ ਮੰਗ, ਜੇ ਨਾ ਹਾਜ਼ਰ ਕਰਾਂ, ਆਪਣਾ ਬਾਪ ਨਾ ਮੰਨੀਂ! ਤੂੰ ਮੂੰਹੋਂ ਬੋਲ ਤਾਂ ਕੱਢ ਕੇ ਦੇਖ! ਜੇ ਨਾ ਪੂਰੇ ਹੋਣ, ਫ਼ੇਰ ਦੋਸ਼ ਦੇਈਂ! ਤੇ ਨਹੀਂ ਐਵੇਂ ਨਹੀਂ ਮਾਂ-ਪਿਉ ਨੂੰ ਤੰਗ ਕਰੀਦਾ ਹੁੰਦਾ! ਨਾਲੇ ਸਾਨੂੰ ਦੁਖੀ ਕਰਦੈਂ, ਤੇ ਨਾਲੇ ਸਰੀਰ ਗਾਲਦੈਂ?”

ਕਿਸੇ ਬੁੱਧੀਜੀਵੀ ਨੇ ਕਿਹਾ ਹੈ ਕਿ ਅਮਨ, ਪਿੱਠ ਪਿੱਛੋਂ ਗੋਲ਼ੀ ਮਾਰਨ ਨਾਲ਼ੋਂ ਵਧੇਰੇ ਪੇਚੀਦੀ ਪ੍ਰਕਿਰਿਆ ਹੈ! ਕਈ ਵਾਰ ਅਮਨ ਲਈ ਜੰਗ ਨਾਲ਼ੋਂ ਵੀ ਵੱਧ ਖ਼ੂਨ ਡੋਲ੍ਹਣਾਂ ਪੈਂਦਾ ਹੈ। ਪਰ ਇਤਿਹਾਸ ਦੇ ਸ਼ਾਨਦਾਰ ਵਸਤਰ ਸ਼ਾਂਤੀ ਨਾਲ਼ ਹੀ ਬੁਣੇ ਜਾਂਦੇ ਨੇ! ਦੁਸ਼ਮਣ ਨਾਲ਼ ਜੰਗ ਲੜੀ ਜਾ ਸਕਦੀ ਹੈ, ਪਰ ‘ਆਪਣਿਆਂ’ ਨਾਲ਼ ਜੰਗ ਕਰ ਕੇ ਜਿੱਤੀ ਨਹੀਂ ਜਾ ਸਕਦੀ! ਹਰ ਜਾਦੂਗਰ ਨੂੰ ਅੱਗ ਨਾਲ਼ ਖੇਡਣਾ ਨਹੀਂ ਆਉਂਦਾ, ਇਸ ਲਈ ਕੁਝ ਸੜ ਵੀ ਜਾਂਦੇ ਨੇ, ਇਸ ਦਾ ਪ੍ਰਮਾਣ ਉਸ ਦੀ ਕਹਾਣੀ “ਆਖਰੀ ਦਾਅ” ਦਾ ਰਣਬੀਰ ਹੈ! ਉਹ ਲਿਖਣ ਵੇਲ਼ੇ ਕਿਸੇ ਧਿਰ ਦੀ ‘ਦਿਵਾਲ਼ੀਆ’ ਨਹੀਂ ਹੁੰਦੀ, ਸਗੋਂ ਸਥਿਰ ਅਤੇ ਅਡੋਲ ਰਹਿੰਦੀ ਹੈ। ਨਾ ਤਾਂ ਉਹ ਧੁੱਸ ਦੇ ਕੇ ਪਾਤਰਾਂ ਦੀ ਭੀੜ ‘ਚ ਵੜਦੀ ਹੈ ਅਤੇ ਨਾ ਹੀ ਉਹਨਾਂ ਨੂੰ ਰੋਂਦਿਆਂ-ਕੁਰਲਾਉਂਦਿਆਂ ਉਹਨਾਂ ਦੀ ਉਂਗਲ਼ੀ ਛੱਡਦੀ ਹੈ! ਭਾਵ ਉਹ ਹਰ ਪਾਤਰ ਨਾਲ਼ ਨਿਆਂ ਕਰਦੀ, ਰਚਨਾ ਸਮੇਟਦੀ ਹੈ! ‘ਆਪਣਿਆਂ’ ਦਾ ਮਾਰਿਆ ‘ਫ਼ੁੱਲ’ ਵੀ ਗ਼ੈਰਾਂ ਦੇ ਪੱਥਰਾਂ ਨਾਲ਼ੋਂ ਵੱਧ ਪੀੜ ਕਰਦਾ ਹੈ, ਕਹਾਣੀ “ਤੂੰ ਨਹੀਂ ਸਮਝ ਸਕਦੀ” ਦਾ ਪਾਤਰ ਬਲਕਾਰ ਇਸੇ ਦੀ ਪੀੜ ਹੀ ਹੰਢਾਉਂਦਾ, ਇਸ ਫ਼ਾਨੀ ਜੱਗ ਤੋਂ ਕੂਚ ਕਰ ਜਾਂਦਾ ਹੈ।

ਭਿੰਦਰ ਸ਼ਬਦਾਂ ਦੀ ‘ਮਾਂਦਰੀ’ ਹੈ! ਵਿਸ਼ੇ ਨੂੰ ਕੀਲ ਕੇ ਪਟਾਰੀ ਵਿਚ ਸੁੱਟਣਾਂ ਅਤੇ ਫਿਰ ਸ਼ਬਦੀ ਤਕਨੀਕ ਦੀ ਬੀਨ ਵਜਾ ਕੇ ਉਸ ਦੇ ‘ਫ਼ਣ’ ਦੇ ਦਰਸ਼ਣ ਕਰਵਾਉਣੇ ਉਸ ਦੀ ਪ੍ਰਾਪਤੀ ਹੈ! ਆਪਣੇ ਹਿਰਦੇ ਦੀ ਗੱਲ ਕਲਮ ਰਾਹੀਂ ਕਹਿਣ ਦਾ ਉਸ ਕੋਲ਼ ਅਨੋਖਾ ਵੱਲ ਹੈ। ਉਸਾਰੂ ਅਤੇ ਅਨੋਖੇ ਵਿਸ਼ੇ ਹਨ। ਸੰਕੇਤਕ ਤਰਕ ਹੈ। ਪ੍ਰਭਾਵਸ਼ਾਲੀ ਸ਼ਬਦਾਵਲੀ ਹੈ! ਕਹਾਣੀ ਸਿਰਜਣ ਦਾ ਗੁਣ ਹਾਸਲ ਹੈ। ਮਨ ਦੀ ਅਵਸਥਾ ਦਾ ਵਰਨਣ ਕਰਨ ਲਈ ਨਿਵੇਕਲਾ ਅਤੇ ਦਿਲ ਟੁੰਬਵਾਂ ਅੰਦਾਜ਼ ਹੈ। ਉਸ ਨੂੰ ਏਕ ਤੋਂ ਅਨੇਕ ਅਤੇ ਅਨੇਕ ਤੋਂ ਏਕ ਕਰਨ ਦੀ ਮੁਹਾਰਤ ਹਾਸਲ ਹੈ। ਉਸ ਦੀ ਕਲਮ ਵਿਚ ਬਲ ਅਤੇ ਬਰਕਤ ਹੈ। ਕਵਿਤਾ, ਗੀਤ, ਕਹਾਣੀ ਲਿਖਣ ਵਾਲ਼ੀ ਭਿੰਦਰ ਸਾਧਨਾ ਦੀ ਇਕ ਮੂਰਤ ਹੈ! ਉਸ ਨੂੰ ਪਾਤਰਾਂ ਦੀ ਮਾਨਸਿਕ ਦਸ਼ਾ ਬਾਖ਼ੂਬੀ ਘੜ੍ਹਨੀ ਅਤੇ ਤਰਾਸ਼ਣੀ ਆਉਂਦੀ ਹੈ। ਜਿਸ ਨਿੱਡਰਤਾ ਅਤੇ ਨਿਰਸੰਕੋਚਤਾ ਨਾਲ਼ ਭਿੰਦਰ ਲਿਖਦੀ ਹੈ, ਮੇਰਾ ਉਸ ਦੀ ਅਦਬੀ ਕਲਮ ਅੱਗੇ ਸਿਰ ਝੁਕਦਾ ਹੈ ਅਤੇ ਮੈਂ ਉਸ ਦੀ ਲੇਖਣੀ ਤੋਂ ਬੇਹੱਦ ਪ੍ਰਭਾਵਿਤ ਹਾਂ। ਮੈਂ ਭਿੰਦਰ ਨੂੰ ਪ੍ਰਣਾਮ ਅਤੇ ਉਸ ਦੀਆਂ ਕਿਰਤਾਂ ਨੂੰ ਸਿਜਦਾ ਕਰਦਾ ਹਾਂ! ਹੱਥਲੀ ਕਿਤਾਬ ਦੇ ਮੁੱਢਲੇ ਸ਼ਬਦ ਪੰਜਾਬੀ ਟ੍ਰਿਬਿਊਨ ਵਾਲ਼ੇ ਬਾਈ ਗੁਰਬਚਨ ਸਿੰਘ ਭੁੱਲਰ, ਡਾਕਟਰ ਨਿਰਮਲ ਜੌੜਾ ਅਤੇ ਗੀਤਕਾਰੀ ਦੇ ਬਾਬਾ ਬੋਹੜ, ਬਾਈ ਦੇਵ ਥਰੀਕੇ ਨੇ ਲਿਖ ਕੇ ਉਸ ਨੂੰ ਥਾਪੜਾ ਦਿੱਤਾ ਹੈ।
ਸੱਚ ਬੋਲਣਾ ਬੜਾ ਔਖਾ ਹੈ, ਸੱਚ ਸੁਣਨਾ ਓਸ ਤੋਂ ਵੀ ਔਖਾ, ਪਰ ਸੱਚ ‘ਤੇ ਚੱਲਣਾਂ ਤਾਂ ‘ਖੰਡੇ ਦੀ ਧਾਰ ‘ਤੇ’ ਚੱਲਣ ਵਾਲ਼ੀ ਖ਼ਤਰਨਾਕ ਖੇਡ ਹੈ। ਭਿੰਦਰ ਵਿਚ ਸੱਚ ਕਹਿਣ ਅਤੇ ਸੱਚ ਲਿਖਣ ਦਾ ਬੁਲੰਦ ਸਾਹਸ ਅਤੇ ਫ਼ੌਲਾਦੀ ਹੌਸਲਾ ਹੈ। ਉਹ ਦਲੇਰੀ ਨਾਲ਼ ਲਿਖਣ ਵਾਲ਼ੀ ਨਿਰਲੇਪ, ਨਿਪੁੰਨ ਅਤੇ ਉਦਮੀ ਲੇਖਿਕਾ ਹੈ। ਪੰਜਾਬੀ ਮੁਹਾਵਰੇ ਉਸ ਦੀ ਰਚਨਾ ਨੂੰ ਹੋਰ ਵੀ ਰੌਚਕ ਬਣਾਉਂਦੇ ਨੇ! ਭਾਸ਼ਾ ਉਸ ‘ਤੇ ਬੇਹੱਦ ਮਿਹਰਵਾਨ ਅਤੇ ਸ਼ੈਲੀ ਪੱਖੋਂ ਉਹ ਰੱਜੀ-ਪੁੱਜੀ ਅਤੇ ਧਨਾਢ ਹੈ! ਅੱਜ-ਕੱਲ੍ਹ ਉਹ ਇੱਕ ਨਾਵਲ ‘ਤੇ ਕੰਮ ਕਰ ਰਹੀ ਹੈ। ਇਸ ਫ਼ਕੀਰ ਦੀ ਅਕਾਲ ਪੁਰਖ਼ ਅੱਗੇ ਇਹੀ ਦੁਆ ਹੈ ਕਿ ਭਿੰਦਰ ਦੀ ਇਸ ਨਿਰਭਉ, ਨਿਰਵੈਰ ਅਤੇ ਅੱਖੋਂ ਸੁਜਾਖੀ ਕਲਮ ਨੂੰ ਹੋਰ ਸਮਰੱਥਾ ਬਖ਼ਸ਼ੇ। ਉਸ ਦਾ 23 ਕਹਾਣੀਆਂ ਦਾ ਇਹ ਸੰਗ੍ਰਹਿ ‘ਸੰਗਮ ਪਬਲੀਕੇਸ਼ਨਜ਼ ਸਮਾਣਾ’ ਨੇ ਛਾਪਿਆ ਹੈ। ਪਾਠਕਾਂ ਨੂੰ ਉਸ ਦੀ ਇਹ ਕਿਤਾਬ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹੋਇਆ, ਉਸ ਦੇ ਕਹਾਣੀ-ਸੰਗ੍ਰਹਿ “ਬਣਵਾਸ ਬਾਕੀ ਹੈ” ਨੂੰ ‘ਜੀ ਆਇਆਂ’ ਆਖਦਾ ਸ਼ੁਭ ਆਸੀਸ ਦਿੰਦਾ ਹਾਂ। ਕਿਤਾਬ ਮੰਗਵਾਉਣ ਲਈ ਪੰਜਾਬ ਦੇ ਨੰਬਰ 98 152 43917 ‘ਤੇ ਸੰਪਰਕ ਕੀਤਾ ਜਾ ਸਕਦਾ ਹੈ!

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>