ਸਰਨਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਵੱਡਾ ਭਰਾ ਕਹਿਣਾ ਸ਼ੁਭ ਸ਼ਗਨ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਬਣਨ ਵਾਲੀਆਂ ਵੋਟਾਂ ਲਈ ਵਰਤੇ ਵੋਟਰ ਫਾਰਮ ਸਬੰਧੀ ਸ. ਮਨਜੀਤ ਸਿੰਘ ਕਲਕੱਤਾ ਦੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ 1960 ਤੋਂ ਲੈ ਕੇ 2004 ਤੀਕ ਦੀਆਂ ਚੋਣਾਂ ਤੱਕ ਵੋਟਾਂ ਬਨਾਉਣ ਲਈ ਵੀ ਇਹੋ ਫਾਰਮ ਵਰਤੇ ਗਏ ਸਨ, ਉਦੋਂ ਤਾਂ ਕਦੇ ਸ. ਕਲਕੱਤਾ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਬਲਕਿ ਇਸ ਦੌਰਾਨ ਸਕੱਤਰ ਦੇ ਅਹੁਦੇ ਦਾ ਆਨੰਦ ਮਾਣਿਆ ਅਤੇ ਹੁਣ ਮੈਂਬਰੀ ਦਾ ਅਨੰਦ ਵੀ ਮਾਣ ਰਹੇ ਹਨ ਪਰ ਮੌਕਾ ਮਿਲਣ ’ਤੇ ਇਸ ਨੂੰ ਕੋਸਣ ਤੋਂ ਵੀ ਗੁਰੇਜ਼ ਨਹੀਂ ਕਰਦੇ।

ਉਨ੍ਹਾਂ ਕਿਹਾ ਕਿ ਅਸਲ ਵਿਚ ਸ. ਕਲਕੱਤਾ ਨੂੰ ਉਹੀ ਮਰਯਾਦਾ ਗੁਰਮਤਿ ਅਨੁਸਾਰੀ ਲੱਗਦੀ ਹੈ ਜਿਹੜੀ ਉਨ੍ਹਾਂ ਨੂੰ ਫਿੱਟ ਬੈਠਦੀ ਹੋਵੇ। ਉਨ੍ਹਾਂ ਕਿਹਾ ਕਿ ਸ. ਕਲਕੱਤਾ ਨੂੰ ਦੋਗਲੇ ਤੇ ਮੌਕਾ ਪ੍ਰਸਤ ਕਲਚਰ ਤੋਂ ਉਪਰ ਉਠ ਕੇ ਪੰਥਕ ਹਿੱਤਾਂ ਲਈ ਉਸਾਰੂ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਸ. ਕਲਕੱਤਾ ਨੂੰ ਕਿਹਾ ਕਿ ਉਹ ਕਿਸੇ ਵੀ ਚੋਣ ਹਲਕੇ ’ਚ ਆਪਣੀ ਮਰਜੀ ਦੀਆਂ ਵੋਟਾਂ ਬਣਾ ਕੇ ਚੋਣ ਲੜਕੇ ਵੀ ਵੇਖ ਲੈਣ ਉਸ ਦੇ ਮੁਕਾਬਲੇ ਇਕ ਗੁਰਸਿਖ ਉਮੀਦਵਾਰ ਹੀ ਉਸ ਦੀ ਜਮਾਨਤ ਜਬਤ ਕਰਵਾ ਕੇ ਉਸ ਦੀ ਵਿਦਵਤਾ ਦਾ ਭਰਮ ਤੋੜ ਦੇਵੇਗਾ।

ਉਨ੍ਹਾਂ ਕਿਹਾ ਕਿ ਸ. ਕਲਕੱਤਾ ਨੂੰ ਵਿਦਵਾਨ ਹੋਣ ਦੇ ਫੋਬੀਏ ਕਾਰਨ ਮੇਰਾ (ਅਵਤਾਰ ਸਿੰਘ) ਦਾ ਵਿਜ਼ਨ ਵੀ ਛੋਟਾ ਨਜ਼ਰ ਆਉਂਦਾ ਸੀ ਜਿਸ ਤੋਂ ਸ਼ਾਇਦ ਸ. ਕਲਕੱਤਾ ਨੂੰ ਇਹ ਭਰਮ ਸੀ ਕਿ ਉਸ ਤੋਂ ਬਗੈਰ ਸ਼੍ਰੋਮਣੀ ਕਮੇਟੀ ਚੱਲ ਹੀ ਨਹੀਂ ਸਕੇਗੀ। ਜਦਕਿ ਮੇਰੇ ਪ੍ਰਧਾਨਗੀ ਕਾਲ ਦੌਰਾਨ ਗੁਰਦੁਆਰਾ ਪ੍ਰਬੰਧ ਨੂੰ ਹੋਰ ਸੁਚਾਰੂ ਬਨਾਉਣ ਦੇ ਨਾਲ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਵੱਡੇ ਉਪਰਾਲੇ, ਵਿਦਿਆ ਦੇ ਖੇਤਰ ’ਚ ਵੱਡੀ ਗਿਣਤੀ ’ਚ ਨਵੇਂ ਸਕੂਲ, ਕਾਲਜ ਤੇ ਯੂਨੀਵਰਸਿਟੀ ਸਥਾਪਤ ਕੀਤੀ ਹੈ। ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ ਵਿਦਿਆ ਦੇ ਅਦਾਨ ਪ੍ਰਦਾਨ ਲਈ ਵੱਡੇ ਸਮਝੌਤੇ ਕੀਤੇ ਗਏ ਹਨ, ਵੱਡੇ ਪੱਧਰ ’ਤੇ ਸ਼ਤਾਬਦੀਆਂ ਮਨਾਉਣ ਅਤੇ ਜਥੇ. ਟੌਹੜਾ ਦੇ ਨਾਮਪੁਰ ‘ਅਡਵਾਂਸ ਸਟੱਡੀਜ਼ ਇੰਨ ਸਿੱਖਇਜ਼ਮ’ ਵਰਗੇ ਅਦਾਰੇ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇ ਸ. ਕਲਕੱਤਾ ਨਿਗੂਣੀ ਧੜੇਬਾਜ਼ੀ ਤੋਂ ਉਪਰ ਉਠ ਕੇ ਉਨ੍ਹਾਂ ਵਲੋਂ ਕੀਤੇ ਕਾਰਜਾਂ ਦੀ ਪ੍ਰਸ਼ੰਸਾ ਦੇ ਦੋ ਸ਼ਬਦ ਕਹਿ ਕੇ ਸੰਸਥਾ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ। ਉਨ੍ਹਾਂ ਸ. ਕਲਕੱਤਾ ਨੂੰ ਕਿਹਾ ਕਿ ਜੇਕਰ ਉਹ ਆਪਣਾ ਈਰਖਾਲੂ ਸੁਭਾਅ ਬਦਲ ਕੇ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਕੋਈ ਸਕਾਰਾਤਮਕ ਸੋਚ ਅਪਨਾਉਣ ਤਾਂ ਇਹ ਚੰਗੀ ਸ਼ੁਰੂਆਤ ਹੋਵੇਗੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪ੍ਰਮਜੀਤ ਸਿੰਘ ਸਰਨਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਹੋਂਦ ਵਿਚ ਆਉਣ ’ਤੇ ਵੱਡੇ ਭਰਾ ਵਜੋਂ ਤਸੱਵਰ ਕੀਤੇ ਜਾਣ ਨੂੰ ਇਕ ਸ਼ੁਭ-ਸ਼ਗਨ ਦਸਦਿਆਂ ਕਿਹਾ ਕਿ ਸ. ਸਰਨਾਂ ਨੂੰ ਕਲਕੱਤਾ ਵਰਗੇ ਮੌਕਾ ਪ੍ਰਸਤਾਂ ਤੋਂ ਕਿਨਾਰਾ-ਕਸ਼ੀ ਕਰਨੀ ਚਾਹੀਦੀ ਹੈ। ਸ. ਸਰਨਾਂ ਵਲੋਂ ਸਿੱਖ ਮਸਲਿਆਂ ’ਤੇ ਵਿਚਾਰ ਕਰਨ ਲਈ ਦਿੱਤੇ ਸੱਦੇ ਸਬੰਧੀ ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਇਸ ਬਾਰੇ ਵੀ ਸੋਚਿਆ ਜਾ ਸਕਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>