ਤਰਕਸ਼ੀਲ ਭੂਤਾਂ, ਪ੍ਰੇਤਾਂ ਨੂੰ ਕਿਉਂ ਨਹੀਂ ਮੰਨਦੇ

ਸੰਸਾਰ ਵਿੱਚ ਤਿੰਨ ਕਿਸਮ ਦੇ ਵਿਅਕਤੀ ਹੁੰਦੇ ਹਨ। ਇੱਕ ਵਿਅਕਤੀ ਉਹ ਹੁੰਦੇ ਹਨ ਜਿਨ੍ਹਾਂ ਦਾ ਯਕੀਨ ਪਦਾਰਥ ਵਿੱਚ ਹੁੰਦਾ ਹੈ। ਉਨ੍ਹਾਂ ਅਨੁਸਾਰ ਆਤਮਾ, ਪ੍ਰਮਾਤਮਾ, ਭੂਤ, ਸਵਰਗ-ਨਰਕ, ਪੁਨਰ ਜਨਮ ਸਭ ਦਾ ਵਜੂਦ ਪਦਾਰਥ ਵਿੱਚ ਹੀ ਹੋ ਸਕਦਾ ਹੈ। ਪਦਾਰਥ ਤੋਂ ਬਾਹਰ ਇਨ੍ਹਾਂ ਚੀਜ਼ਾਂ ਦੀ ਕਲਪਨਾ ਕਰਨਾ ਵੀ ਉਨ੍ਹਾਂ ਅਨੁਸਾਰ ਗਲਤ ਹੈ। ਅਸਲ ਵਿੱਚ ਪਦਾਰਥ ਦੇ ਕੁੱਝ ਗੁਣ ਹੁੰਦੇ ਹਨ ਜਿਵੇਂ ਪਦਾਰਥ ਥਾਂ ਘੇਰਦਾ ਹੈ, ਪਦਾਰਥ ਦਾ ਭਾਰ ਹੁੰਦਾ ਹੈ ਤੇ ਪਦਾਰਥ ਦਾ ਗਿਆਨ, ਗਿਆਨ ਇੰਦਰੀਆਂ ਰਾਹੀਂ ਹੁੰਦਾ ਹੈ। ਜਿਵੇਂ ਆਵਾਜ਼, ਹਰਕਤ ਅਤੇ ਤਾਪ ਪੈਦਾ ਕਰਨਾ ਪਦਾਰਥ ਦਾ ਗੁਣ ਹੈ। ਭਾਵੇਂ ਕਈ ਵਾਰ ਇਹ ਨਜ਼ਰ ਨਹੀਂ ਆਉਦਾ।ਉਦਾਹਰਣ ਦੇ ਤੌਰ ’ਤੇ ਘਰਾਂ ਨੂੰ ਕਲੀ ਕਰਨ ਵਾਲਾ ਚੂਨਾ ਪਹਿਲਾਂ ਤਾਂ ਠੰਡਾ ਹੁੰਦਾ ਹੈ ਪਰ ਜਦੋਂ ਇਸ ਵਿੱਚ ਪਾਣੀ ਮਿਲਾ ਦਿੱਤਾ ਜਾਂਦਾ ਹੈ ਤਾਂ ਇਸ ਵਿੱਚ ਗਰਮੀ, ਹਰਕਤ ਤੇ ਆਵਾਜ਼ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਗਰਮੀ, ਹਰਕਤ ਤੇ ਆਵਾਜ਼ ਕਿੱਥੋਂ ਆਏ? ਅਸਲ ਵਿੱਚ ਇਹ ਪਦਾਰਥ ਦਾ ਹੀ ਗੁਣ ਹੈ। ਹੁਣ ਤਾਂ ਵਿਗਿਆਨਕਾਂ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਗਰਮੀ ਤੇ ਪ੍ਰਕਾਸ਼ ਤਾਂ ਪਦਾਰਥ ਦਾ ਹੀ ਇੱਕ ਰੂਪ ਹੈ। ਸੂਰਜ ਤੋਂ ਸਾਡੇ ਪਾਸ ਜੋ ਪ੍ਰਕਾਸ਼ ਤੇ ਗਰਮੀ ਆਉਦੀ  ਉਹ ਪ੍ਰਕਾਸ਼ ਸੰਸਲੇਸ਼ਣ ਰਾਹੀਂ ਪਦਾਰਥ ਦੇ ਵਿੱਚ ਬਦਲ ਰਹੀ ਹੈ। ਪੌਦੇ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਤੇ ਪਾਣੀ ਲੈਕੇ ਸੂਰਜੀ ਰੌਸ਼ਨੀ ਦੀ ਸਹਾਇਤਾ ਨਾਲ ਖੁਰਾਕ ਤਿਆਰ ਕਰਦੇ ਹਨ। ਐਟਮ ਬੰਬ ਰਾਹੀਂ ਜਦੋਂ ਪਦਾਰਥ ਟੁੱਟਦਾ ਹੈ ਤਾਂ ਇਹ ਗਰਮੀ ਤੇ ਪ੍ਰਕਾਸ਼ ਵਿੱਚ ਤਬਦੀਲ ਹੁੰਦਾ ਹੈ।

ਇਹ ਇੱਕ ਅਟੱਲ ਸੱਚਾਈ ਹੈ ਕਿ ਕੋਈ ਵੀ ਵਿਚਾਰ, ਚੇਤਨਾ, ਖਿਆਲ ਜਾਂ ਸੁਪਨੇ ਇਨ੍ਹਾਂ ਦਾ ਵਜੂਦ ਪਦਾਰਥ ਵਿੱਚ ਹੀ ਹੈ। ਪਦਾਰਥ ਤੋਂ ਬਾਹਰ ਇਹ ਹੋ ਹੀ ਨਹੀਂ ਸਕਦੇ। ਜੋ ਵਿਅਕਤੀ ਇਸ ਅਟੱਲ ਸੱਚਾਈ ਨੂੰ ਸਵੀਕਾਰ ਕਰ ਲੈਂਦੇ ਹਨ ਉਹ ਪਦਾਰਥਵਾਦੀ ਬਣੇ ਤੋਂ ਬਗੈਰ ਰਹਿ ਹੀ ਨਹੀਂ ਸਕਦੇ।

ਜੇ ਅਸੀਂ ਭੂਤਾਂ ਪ੍ਰੇਤਾਂ ਦੀ ਗੱਲ ਵੀ ਲੈ ਲਈਏ ਤਾਂ ਤਰਕਸ਼ੀਲਾਂ ਨੇ ਪਿਛਲੇ 27 ਵਰ੍ਹਿਆਂ ਵਿੱਚ ਸਧਾਰਣ ਲੋਕਾਂ ਦੇ ਲਗਭੱਗ ਪੰਤਾਲੀ ਹਜ਼ਾਰ ਕੇਸ ਹੱਲ ਕੀਤੇ ਹਨ। ਉਨ੍ਹਾਂ ਨੂੰ ਕਿਸੇ ਇੱਕ ਵਿੱਚੋਂ ਵੀ ਕੋਈ ਭੂਤ ਪ੍ਰੇਤ ਬਾਹਰ ਨਿਕਲਦੀ ਨਜ਼ਰ ਨਹੀਂ ਆਈ। ਅਸੀਂ ਵੇਖਿਆ ਹੈ ਕਿ ਅਜਿਹੇ ਮਰੀਜ਼ ਇਹ ਕਹਿੰਦੇ ਰਹੇ ਨੇ ਸਾਡੇ ਵਿੱਚ ਸਾਡੀ ਨਾਨੀ, ਤਾਈ ਜਾਂ ਮਾਸੀ ਬੋਲਦੀ ਹੈ। ਅਸੀਂ ਉਨ੍ਹਾਂ ਦੇ ਇਸ ਝੂਠੇ ਵਿਸ਼ਵਾਸ ਨੂੰ ਆਪਣੀਆਂ ਦਲੀਲਾਂ ਰਾਹੀਂ ਖ਼ਤਮ ਕਰ ਦਿੰਦੇ ਸਾਂ। ਸਿੱਟੇ ਵਜੋਂ ਅਜਿਹੇ ਰੋਗੀ ਠੀਕ ਹੋ ਜਾਂਦੇ ਸਨ। ਮਸਲਾ ਇੱਥੇ ਵੀ ਪਹਿਲਾ ਵਾਲਾ ਹੀ ਹੈ ਕਿ ਕੋਈ ਵੀ ਵਿਚਾਰ ਜਾਂ ਖਿਆਲ ਜਾਂ ਰੂਹ ਪਦਾਰਥ ਵਿੱਚ ਹੀ ਰਹਿ ਸਕਦੀ ਹੈ ਪਦਾਰਥ ਤੋਂ ਬਾਹਰ ਨਹੀਂ। ਭੂਤਾਂ ਪ੍ਰੇਤਾਂ ਦੀ ਹੋਂਦ ਵੀ ਮਨੁੱਖਾਂ ਵਿੱਚ ਹੀ ਹੋ ਸਕਦੀ ਹੈ ਮਨੁੱਖਾਂ ਤੋਂ ਬਾਹਰ ਨਹੀਂ। ਬੋਲਣ ਲਈ ਜਾਂ ਕੋਈ ਵੀ ਹਰਕਤ ਕਰਨ ਲਈ ਊਰਜਾ ਚਾਹੀਦੀ ਹੈ। ਊਰਜਾ ਪਦਾਰਥ ਦਾ ਹੀ ਇੱਕ ਰੂਪ ਹੈ।

ਘਰਾਂ ਵਿੱਚ ਘਟਨਾਵਾਂ ਵਾਪਰਨ ਦੇ ਅਸੀਂ ਤਿੰਨ ਸੋ ਤੋਂ ਉੱਪਰ ਕੇਸ ਹੱਲ ਕੀਤੇ ਹਨ। ਅਸੀਂ ਵੇਖਿਆ ਹੈ ਕਿ ਇਨ੍ਹਾਂ ਘਰਾਂ ਵਿੱਚ 50-60 ਬੰਦੇ ਪਹਿਰੇ ’ਤੇ ਬੈਠੇ ਹੁੰਦੇ ਸਨ। ਉਹ ਘਟਨਾਵਾਂ ਕਰਨ ਵਾਲੀਆਂ ਭੂਤਾਂ-ਪ੍ਰੇਤਾਂ ਨੂੰ ਲੱਭਿਆ ਕਰਦੇ ਸਨ। ਪਰ ਭੂਤ ਪ੍ਰੇਤ ਨਹੀਂ ਹੁੰਦੇ ਇਸ ਲਈ ਉਨ੍ਹਾਂ ਨੂੰ ਕੁੱਝ ਵੀ ਨਾ ਮਿਲਦਾ। ਇਸਦੇ ਉਲਟ ਅਸੀਂ ਤਰਕਸ਼ੀਲਾਂ ਨੇ ਅਜਿਹੇ ਘਰਾਂ ਵਿੱਚੋਂ ਘਟਨਾਵਾਂ ਕਰਨ ਵਾਲੇ ਵਿਅਕਤੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਅਸੀਂ ਅਜਿਹੇ ਕੇਸਾਂ ਨੂੰ ਹੱਲ ਕਰਨ ਦੀਆਂ ਵਿਗਿਆਨਕ ਵਿਧੀਆਂ ਈਜਾਦ ਕਰ ਲਈਆਂ। ਹਰ ਘਟਨਾ ਪਿੱਛੇ ਕੰਮ ਕਰਦੇ ਵਿਅਕਤੀਆਂ ਨੂੰ ਅਸੀਂ ਲੱਭ ਲੈਂਦੇ। ਇਸ ਤਰ੍ਹਾਂ ਇੱਥੇ ਵੀ ਸਾਡੀ ਮਦਦ ਉਸ ਵਿਚਾਰ ਨੇ ਹੀ ਕੀਤੀ ਕਿ ਕੋਈ ਵੀ ਵਿਚਾਰ, ਖਿਆਲ ਜਾਂ ਸ਼ੈਅ ਪਦਾਰਥ ਵਿੱਚ ਹੀ ਰਹਿ ਸਕਦੀ ਹੈ।

ਹੁਣ ਸੁਆਲ ਪੁਨਰ ਜਨਮ ਦਾ ਆਉਦਾ । ਜੇ ਕਿਸੇ ਵਿਅਕਤੀ ਦੇ ਵਿਚਾਰਾਂ ਨੇ ਕਿਸੇ ਹੋਰ ਵਿਅਕਤੀ ਵਿੱਚ ਪ੍ਰਵੇਸ ਕਰਨਾ ਹੈ ਤਾਂ ਉਸ ਨੂੰ ਪਦਾਰਥੀ ਰੂਪ ਵਿੱਚ ਹੀ ਜਾਣਾ ਪਵੇਗਾ। ਪਰ ਅੱਜ ਤੱਕ ਸਾਡੇ ਕੋਲ ਕੋਈ ਅਜਿਹਾ ਵਿਅਕਤੀ ਨਹੀਂ ਪੁੱਜਾ ਜੋ ਇਹ ਸਿੱਧ ਕਰ ਸਕਦਾ ਹੋਵੇ ਕਿ ਫਲਾਣੇ ਵਿਅਕਤੀ ਦੀ ਰੂਹ ਦੂਸਰੇ ਵਿਅਕਤੀ ਵਿੱਚ ਕਿਸ ਪਦਾਰਥ ਦੇ ਰਾਹੀਂ ਪ੍ਰਵੇਸ ਕੀਤੀ।

ਜਦੋਂ ਕਿ ਪੁਨਰ ਜਨਮ ਵਿੱਚ ਤਾਂ ਵਿਰਾਸਤੀ ਗੁਣ ਜਾਣ ਦਾ ਵੀ ਕੋਈ ਢੰਗ ਨਹੀਂ ਹੁੰਦਾ। ਜੇ ਇਹ ਕਿਹਾ ਜਾਂਦਾ ਫਲਾਣੇ ਵਿਅਕਤੀ ਦੀ ਰੂਹ ਉਸਦੇ ਪੁੱਤਰ ਵਿੱਚ ਪ੍ਰਵੇਸ ਕਰ ਗਈ ਹੈ ਤਾਂ ਇਹ ਗੱਲ ਕੁੱਝ ਹੱਦ ਤੱਕ ਸਵੀਕਾਰ ਕੀਤੀ ਜਾ ਸਕਦੀ ਸੀ ਕਿਉਂਕਿ ਮਾਂ ਬਾਪ ਦੇ ਗੁਣ ਤਾਂ ਪੁੱਤਾਂ ਧੀਆਂ ਵਿੱਚ ਕਰੋਮੋਸੋਮਾਂ ਤੇ ਮਾਦਾ ਅੰਡਿਆਂ ਰਾਹੀਂ ਪ੍ਰਵੇਸ ਕਰ ਹੀ ਜਾਂਦੇ ਹਨ। ਪਰ ਪੁਨਰ ਜਨਮ ਦੇ ਕੇਸਾਂ ਵਿੱਚ ਮਰਨ ਵਾਲਾ ਵਿਅਕਤੀ ਕਿਸੇ ਹੋਰ ਜ਼ਿਲ੍ਹੇ ਦਾ ਹੁੰਦਾ ਹੈ ਅਤੇ ਪੁਨਰ ਜਨਮ ਦੇ ਤੌਰ ’ਤੇ ਪੈਦਾ ਹੋਣ ਵਾਲਾ ਬੱਚਾ ਕਿਸੇ ਹੋਰ ਜ਼ਿਲ੍ਹੇ ਦਾ। ਉਨ੍ਹਾਂ ਵਿੱਚ ਤਾਂ ਪਿੰਡਾਂ ਦੀ ਸਾਂਝ ਹੀ ਨਹੀਂ ਹੁੰਦੀ। ਫਿਰ ਮਰਨ ਵਾਲੇ ਵਿਅਕਤੀ ਦੀ ਯਾਦਾਸ਼ਤ ਪੁਨਰ ਜਨਮ ਵਾਲੇ ਬੱਚੇ ਵਿੱਚ ਕਿਸ ਸਾਧਨ ਰਾਹੀਂ ਪੁੱਜੀ? ਤਸੱਲੀਬਖਸ਼ ਜੁਆਬ ਕਿਸੇ ਕੋਲ ਵੀ ਨਹੀਂ ਹੁੰਦਾ।

ਦੂਸਰੀ ਕਿਸਮ ਦੇ ਲੋਕ ਉਹ ਹੁੰਦੇ ਹਨ ਜਿਹੜੇ ਆਤਮਾ, ਪ੍ਰਮਾਤਮਾ, ਵਿਚਾਰ ਅਤੇ ਸੁਪਨਿਆਂ ਦਾ ਵਜੂਦ ਪਦਾਰਥ ਤੋਂ ਬਾਹਰ ਸਮਝਦੇ ਹਨ। ਇਸ ਲਈ ਉਹ ਸਾਰੀ ਉਮਰ ਇਨ੍ਹਾਂ ਦੀ ਤਲਾਸ਼ ਵਿੱਚ ਲੰਘਾ ਦਿੰਦੇ ਹਨ ਪਰ ਉਨ੍ਹਾਂ ਨੂੰ ਮਿਲਦਾ ਕੁੱਝ ਨਹੀਂ। ਲਗਭੱਗ ਪਿਛਲੇ ਦਸ ਹਜ਼ਾਰ ਸਾਲ ਤੋਂ ਇਹ ਵਰਤਾਰਾ ਲਗਾਤਾਰ ਜਾਰੀ ਹੈ। ਧਰਤੀ ਤੇ ਕਰੋੜਾਂ ਹੀ ਸਾਧੂ, ਸੰਤ, ਭਗਤ ਅਤੇ ਪੁਜਾਰੀ ਅਜਿਹੇ ਹੋਏ ਹਨ, ਜਿਨ੍ਹਾਂ ਨੇ ਸਾਰੀ ਉਮਰ ਇਨ੍ਹਾਂ ਗੱਲਾਂ ਨੂੰ ਲੱਭਣ ਵਿੱਚ ਗੁਜਾਰੀ ਹੈ। ਉਨ੍ਹਾਂ ਧਰਤੀ ਉੱਪਰ ਗੁਫ਼ਾਵਾਂ ਵਿੱਚੋਂ, ਪਰਬਤਾਂ ਦੀਆਂ ਚੋਟੀਆਂ ਤੋਂ ਧੂਣੀਆਂ ਵਿੱਚ, ਸਰਦੀ ਦੇ ਮੌਸਮੀ ਠੰਡੇ ਪਾਣੀ ਦੇ ਘੜਿਆਂ ਨਾਲ ਨਹਾ ਕੇ ਜਾਂ ਇੱਕ ਲੱਤ ਤੇ ਖੜੋ ਕੇ ਉਸ ਨੂੰ ਲੱਭਣ ਦਾ ਯਤਨ ਕੀਤਾ ਹੈ ਪਰ ਸਫਲਤਾ ਕਿਸੇ ਇੱਕ ਦੇ ਹੱਥ ਵੀ ਨਹੀਂ ਲੱਗੀ। ਇਹ ਤੱਥ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਉਸ ਦੀ ਕੋਈ ਹੋਂਦ ਨਹੀਂ।

ਮੈਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਧਰਮਾਂ ਦੇ ਚਾਲੀ-ਚਾਲੀ ਸਾਲ ਤੋਂ ਭਗਤੀ ਕਰ ਰਹੇ ਲੋਕਾਂ ਨੂੰ ਇਹ ਸੁਆਲ ਪੁੱਛਿਆ ਹੈ ਕਿ ਕੀ ਉਨ੍ਹਾਂ ਨੂੰ ਸਰਬ ਸ਼ਕਤੀਮਾਨ ਦੇ ਦਰਸ਼ਨ ਹੋਏ ਹਨ ਤਾਂ ਸਭ ਦਾ ਜੁਆਬ ਹੁੰਦਾ ਹੈ ‘‘ਅਜੇ ਤੱਕ ਤਾਂ ਨਹੀਂ।’’
ਕਈ ਵਿਅਕਤੀ ਇਹ ਵੀ ਸੁਆਲ ਕਰ ਦਿੰਦੇ ਹਨ ਕਿ ਤੁਹਾਡੇ ਅੰਦਰ ਇਹ ਜੋ ਬੋਲਦਾ ਹੈ ਇਹ ਕੀ ਹੈ? ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਉਹ ਜੋ ਟੈਲੀਵਿਜ਼ਨ ਵਿੱਚ ਬੋਲਦਾ ਹੈ ਇਹ ਕੀ ਹੈ? ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਇਹ ਤਾਂ ਬਿਜਲੀ ਦਾ ਉਪਕਰਣ ਹੈ। ਇਸ ਵਿੱਚ ਅਜਿਹੇ ਪੁਰਜੇ ਫਿੱਟ ਕੀਤੇ ਹੁੰਦੇ ਹਨ ਜੋ ਰਿਕਾਰਡ ਕੀਤੀ ਹੋਈ ਆਵਾਜ਼ ਨੂੰ ਹੂ-ਬ-ਹੂ ਉਵੇਂ ਹੀ ਬੋਲ ਦਿੰਦੇ ਨੇ। ਹੁਣ ਜੇ ਰੇਡੀਓ ਜਾਂ ਟੈਲੀਵਿਜ਼ਨ ਖਰਾਬ ਹੋ ਜਾਵੇ ਤਾਂ ਕੀ ਉਸ ਵਿੱਚੋਂ ਆਤਮਾ ਨਿਕਲ ਜਾਂਦੀ ਹੈ। ਨਹੀਂ ਇਹ ਤਾਂ ਵੱਖ-ਵੱਖ ਪ੍ਰਣਾਲੀਆਂ ਦਾ ਤਾਲਮੇਲ ਹੈ। ਜਦੋਂ ਤੱਕ ਇਹ ਤਾਲਮੇਲ ਬਣਿਆ ਰਹਿੰਦਾ ਹੈ ਉਸ ਸਮੇਂ ਤੱਕ ਟੈਲੀਵਿਜ਼ਨ ਵੀ ਚੱਲਦਾ ਰਹਿੰਦਾ ਹੈ। ਠੀਕ ਇਸੇ ਤਰ੍ਹਾਂ ਹੀ ਮਨੁੱਖੀ ਸਰੀਰ ਵਿੱਚ ਹੁੰਦਾ ਹੈ। ਪਰ ਇਸ ਬੋਲਣ ਵਾਲੀ ਸ਼ੈਅ ਨੂੰ ਅਸੀਂ ਆਤਮਾ ਸਮਝ ਲੈਂਦੇ ਹਾਂ। ਕਹਿੰਦੇ ਨੇ ਮਰਨ ਤੋਂ ਬਾਅਦ ਇਹ ਕਿਸੇ ਹੋਰ ਰੂਹ ਵਿੱਚ ਚਲੀ ਜਾਂਦੀ ਹੈ। ਅਸਲੀਅਤ ਇਹ ਹੈ ਕਿ ਸਾਡਾ ਸਰੀਰ ਵੀ ਵੱਖ-ਵੱਖ ਅੰਗ ਪ੍ਰਣਾਲੀਆਂ ਦਾ ਸਮੂਹ ਹੈ। ਇਸ ਵਿੱਚ ਲਹੂਗੇੜ ਪ੍ਰਣਾਲੀ, ਸਾਹ ਪ੍ਰਣਾਲੀ, ਭੋਜਨ ਪ੍ਰਣਾਲੀ, ਸੋਚਣ ਪ੍ਰਣਾਲੀ ਅਤੇ ਹੋਰ ਬਹੁਤ ਸਾਰੀਆਂ ਪ੍ਰਣਾਲੀਆਂ ਹਨ। ਜਿੰਨਾ ਚਿਰ ਤਾਂ ਇਨ੍ਹਾਂ ਵਿੱਚ ਤਾਲਮੇਲ ਬਣਿਆ ਰਹਿੰਦਾ ਹੈ ਉਨ੍ਹਾਂ ਚਿਰ ਤਾਂ ਸਰੀਰ ਵਧੀਆ ਢੰਗ ਨਾਲ ਕਾਰਜ ਕਰਦਾ ਰਹਿੰਦਾ ਹੈ। ਜਦੋਂ ਵੀ ਕੋਈ ਮਹੱਤਵਪੂਰਨ ਪ੍ਰਣਾਲੀ ਜੁਆਬ ਦੇ ਜਾਂਦੀ ਹੈ ਸਾਡਾ ਸਰੀਰ ਵੀ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਹੁਣ ਕੰਪਿਊਟਰ ਨੂੰ ਹੀ ਲੈ ਲਈਏ। ਮਨੁੱਖੀ ਦਿਮਾਗ ਦੀ ਤਰ੍ਹਾਂ ਹੀ ਬਹੁਤ ਸਾਰੇ ਕੰਮ ਇਹ ਕਰ ਦਿੰਦਾ ਹੈ। ਇਸ ਵਿੱਚ ਯਾਦ ਸ਼ਕਤੀ ਵੀ ਹੁੰਦੀ ਹੈ। ਇਹ ਯਾਦ ਕਿਵੇਂ ਰੱਖਦਾ ਹੈ। ਇਹ ਮਨੁੱਖੀ ਆਵਾਜ਼ ਜਾਂ ਤਸਵੀਰ ਜਾਂ ਅੱਖਰਾਂ ਨੂੰ ਵੱਖ-ਵੱਖ ਭਾਗਾਂ ਵਿੱਚ ਤੋੜ ਲੈਂਦਾ ਹੈ। ਇਨ੍ਹਾਂ ਭਾਗਾਂ ਨੂੰ ਬਿੱਟਸ ਕਿਹਾ ਜਾਂਦਾ ਹੈ। ਇੱਕ ਸੈਕਿੰਡ ਦੀ ਯਾਦਦਾਸ਼ਤ ਨੂੰ 1024 ਬਿੱਟਸ ਵਿੱਚ ਤੋੜਕੇ 0 ਅਤੇ 01 ਦੇ ਸੰਕੇਤਾਂ ਰਾਹੀਂ ਚੁੰਬਕੀ ਪਦਾਰਥ ਤੇ ਸਟੋਰ ਕਰਦਾ ਹੈ। ਜਦੋਂ ਜ਼ਰੂਰਤ ਹੁੰਦੀ ਹੈ ਇਹ ਇਸਨੂੰ ਪੈਦਾ ਕਰ ਸਕਦਾ ਹੈ। ਮਨੁੱਖੀ ਦਿਮਾਗ ਵੀ ਇਸ ਤਰ੍ਹਾਂ ਹੀ ਬਿਜਲੀ ਸੰਕੇਤਾਂ ਰਾਹੀਂ ਤੇ ਰਸਾਇਣਕ ਕਿਰਿਆਵਾਂ ਰਾਹੀਂ ਗੱਲਾਂ ਨੂੰ ਯਾਦ ਕਰਦਾ ਹੈ ਤੇ ਯਾਦਦਾਸ਼ਤ ਕਾਇਮ ਰੱਖਦਾ ਹੈ।

ਮਨੁੱਖਾਂ ਦੀ ਇਕ ਤੀਜੀ ਕਿਸਮ ਉਨ੍ਹਾਂ ਚਲਾਕ ਲੋਕਾਂ ਦੀ ਹੈ ਜਿਨ੍ਹਾਂ ਨੇ ਦੂਜੀ ਕਿਸਮ ਦੇ ਲੋਕਾਂ ਨੂੰ ਆਤਮਾ, ਪ੍ਰਮਾਤਮਾ ਤੇ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਫਸਾਕੇ ਆਪਣੀ ਲੁੱਟ ਖਸੁੱਟ ਕਰਨ ਦਾ ਸਾਮਰਾਜ ਤਿਆਰ ਕੀਤਾ ਹੋਇਆ ਹੈ। ਇਹ ਸਮਝਦੇ ਹਨ ਕਿ ਆਤਮਾ ਪ੍ਰਮਾਤਮਾ ਦਾ ਵਿਉਪਾਰ ਨੁਕਸਾਨ ਰਹਿਤ ਅਤੇ ਟੈਕਸ ਰਹਿਤ ਵਿਉਪਾਰ ਹੈ ਜਿੰਨੀ ਕਮਾਈ ਇਸ ਵਿਉਪਾਰ ਰਾਹੀਂ ਕੀਤੀ ਜਾ ਸਕਦੀ ਹੈ ਉਨੀਂ ਕਮਾਈ ਕਿਸੇ ਵੀ ਹੋਰ ਧੰਦੇ ਵਿੱਚ ਅਸੰਭਵ ਹੈ। ਨਾਲੇ ਉਹ ਕਮਾਈ ਕਰਦੇ ਰਹਿੰਦੇ ਹਨ ਤੇ ਨਾਲ ਹੀ ਲੋਕਾਂ ਵਿੱਚ ਉਨ੍ਹਾਂ ਦੀ ਹਰਮਨ ਪਿਆਰਤਾ ਵੀ ਬਣੀ ਰਹਿੰਦੀ ਹੈ। ਲੁੱਟੀ ਜਾ ਰਹੀ ਜਨਤਾ ਹੀ ਉਨ੍ਹਾਂ ਦੀ ਪੂਜਾ ਕਰਦੀ ਰਹਿੰਦੀ ਹੈ। ਪਿਛਲੇ ਸਮਿਆਂ ਵਿੱਚ ਰਾਜਿਆਂ ਮਹਾਰਾਜਿਆਂ ਨੇ ਜਨਤਾ ਦੀ ਲੁੱਟ ਖਸੁੱਟ ਕਰਨ ਲਈ ਇਸੇ ਛਲਾਵੇ ਦੀ ਵਰਤੋਂ ਕੀਤੀ ਸੀ ਅਤੇ ਅੱਜ ਦੇ ਹਾਕਮ ਵੀ ਅਜਿਹਾ ਹੀ ਕਰ ਰਹੇ ਹਨ। ਇਸ ਲਈ ਤਾਂ ਸਾਡੀ ਸਧਾਰਣ ਜਨਤਾ ਦਿਨੋ ਦਿਨ ਗਰੀਬ ਹੋ ਰਹੀ ਹੈ।
ਇਨ੍ਹਾਂ ਚਲਾਕ ਲੋਕਾਂ ਵਿੱਚ ਅੱਜ ਦੇ ਸਿਆਸਤਦਾਨ ਵੀ ਸ਼ਾਮਿਲ ਹਨ ਜਿਹੜੇ ਡੇਰੇ, ਮੱਠਾਂ, ਸਤਸੰਗ ਘਰਾਂ ਅਤੇ ਧਾਰਮਿਕ ਸਥਾਨਾਂ ਨੂੰ ਵੋਟਾਂ ਸਮੇਂ ਆਪਣੇ ਹੱਕ ਵਿੱਚ ਭਗਤਾਉਣ ਲਈ ਆਪਣਾ ਸਾਰਾ ਤਾਨ ਲਾਉਂਦੇ ਰਹਿੰਦੇ ਹਨ ਅਤੇ ਆਪਣੀ ਸਰਕਾਰ ਦੇ ਸਤ੍ਹਾ ਤੇ ਕਾਬਜ ਹੋਣ ਤੇ ਖਜ਼ਾਨਿਆਂ ਦੇ ਮੂੰਹ ਇਨ੍ਹਾਂ ਮਠਾਂ ਲਈ ਖੋਲ ਦਿੰਦੇ ਹਨ। ਇਸ ਤਰ੍ਹਾਂ ਭਾਰਤ ਦੀ ਆਮ ਜਨਤਾ ਨਾਲ ਦਿਨ ਦਿਹਾੜੇ ਠੱਗੀ ਵੱਜਦੀ ਰਹਿੰਦੀ ਹੈ।

ਅੰਤ ਵਿੱਚ ਮੈਂ ਤਰਕਸ਼ੀਲ ਸੁਸਾਇਟੀ ਭਾਰਤ ਵਲੋਂ ਅਜਿਹੇ ਵਿਅਕਤੀ ਨੂੰ ਇੱਕ ਕਰੋੜ ਰੁਪਏ ਦੇ ਇਨਾਮ ਦੀ ਪੇਸ਼ਕਸ਼ ਦੁਹਰਾਂਉਦਾ ਜਿਹੜਾ ਇਹ ਸਿੱਧ ਕਰ ਸਕਦਾ ਹੋਵੇ ਕਿ ਭੂਤਾਂ, ਪ੍ਰੇਤਾਂ, ਆਤਮਾ ਅਤੇ ਪੁਨਰ ਜਨਮਾਂ ਦੀ ਹੋਂਦ ਪਦਾਰਥ ਤੋਂ ਬਗੈਰ ਹੋ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>