ਸੰਤ ਮਹਾਪੁਰਖ ਹੰਸਾਲੀ ਵਾਲੇ, ਮੌਜੂਦਾ ਸਮੇ ਦੇ ਬਾਦਲ ਵਰਗੇ “ਸੱਜਣ ਠੱਗਾਂ” ਨੂੰ ਸਹੀ ਰਸਤੇ ‘ਤੇ ਪਾਉਣ – ਮਾਨ

ਫਤਿਹਗੜ੍ਹ ਸਾਹਿਬ :- “ਸੰਤ ਮਹਾਂਪੁਰਖ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਨੂੰ ਪੁਰਜ਼ੋਰ ਅਪੀਲ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੋਖੇ-ਫਰੇਬ ਕਰਕੇ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਤਰੀਕੇ ਕਰੋੜਾਂ-ਅਰਬਾਂ ਰੁਪਏ ਦੇ ਧਨ-ਦੌਲਤਾਂ ਦੇ ਭੰਡਾਰ ਜਮ੍ਹਾ ਕਰਨ ਵਾਲੇ ਅਤੇ ਜ਼ਮੀਨਾਂ ਜਾਇਦਾਦਾਂ ਬਣਾਉਣ ਵਾਲੇ ਸ: ਪ੍ਰਕਾਸ਼ ਸਿੰਘ ਬਾਦਲ ਵਰਗੇ “ਸੱਜਣ ਠੱਗਾਂ” ਨੂੰ ਰਾਹੇ ਪਾਉਣ ਦਾ ਉਪਰਾਲਾ ਕਰਨ ਤਾਂ ਜੋ ਮੌਜੂਦਾ ਸਮੇ ਦੇ ਜ਼ਾਬਰ ਹੁਕਮਰਾਨ ਲੋਕਾਂ ਨਾਲ ਜਿਆਦਤੀਆਂ, ਧੋਖੇ, ਫਰੇਬ ਕਰਨ ਤੋ ਸਦਾ ਲਈ ਤੋਬਾ ਕਰ ਲੈਣ।”

ਇਹ ਅਪੀਲ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋ ਹੰਸਾਲੀ ਵਿਖੇ ਪਹੂੰਚ ਕੇ ਆਪਣੇ ਆਪ ਨੂੰ ਧਾਰਮਿਕ ਸਖਸੀਅਤ ਦਰਸਾਉਣ ਲਈ ਸਾਬਿਤ ਕਰਨ ਦੀ ਕਾਰਵਾਈ ਉੱਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕੀਤੀ। ਉਨ੍ਹਾ ਕਿਹਾ ਕਿ ਇੱਕ ਪਾਸੇ ਤਾਂ ਹਜ਼ਾਰਾਂ ਹੀ ਲੋਕ ਕੈਸਰ ਅਤੇ ਹੋਰ ਵੱਡੀਆਂ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਵਿੱਚ ਕੋਈ ਵੀ ਪ੍ਰਬੰਧ ਜਾਂ ਵੱਡਾ ਹਸਪਤਾਲ ਨਾ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਪੰਜਾਬ ਦੀ ਬਾਦਲ ਸਰਕਾਰ ਵੱਲੋ ਪੰਜਾਬੀਆਂ ਨੂੰ ਅਜਿਹੇ ਭਿਆਨਕ ਰੋਗਾਂ ਤੋ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਦੂਸਰੇ ਪਾਸੇ ਮਾਤਾ ਸੁਰਿੰਦਰ ਕੌਰ ਬਾਦਲ ਦੇ ਕੈਸਰ ਦੇ ਇਲਾਜ ਲਈ ਪੰਜਾਬ ਦੇ ਖਜ਼ਾਨੇ ਵਿੱਚੋ ਸਾਢੇ ਤਿੰਨ ਕਰੋੜ ਰੁਪਏ ਦੀ ਭਾਰੀ ਰਕਮ ਖਰਚ ਕਰਕੇ ਅਮਰੀਕਾ ਤੋ ਇਲਾਜ ਕਰਵਾਇਆ ਜਾਂਦਾ ਹੈ। ਜਦੋ ਕਿ ਇਹ ਸਾਢੇ ਤਿੰਨ ਕਰੋੜ ਰੁਪਏ ਦੀ ਰਕਮ ਨਾਲ ਗਰੀਬਾਂ ਨੂੰ ਕੈਂਸਰ ਦੇ ਇਲਾਜ ਤੋ ਡਾਈਗਨੋਜ਼ ਕਰਨ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਡਿਸਪੈਸਰੀ ਖੁੱਲ੍ਹ ਸਕਦੀ ਸੀ। ਉਨ੍ਹਾ ਕਿਹਾ ਕਿ ਬੀਬੀ ਤਾਂ ਅਮਰੀਕਾ ਤੋ ਕੈਂਸਰ ਦਾ ਇਲਾਜ ਕਰਵਾ ਆਈ ਲੇਕਿਨ ਹਜ਼ਾਰਾਂ ਹੀ ਗਰੀਬ ਪਰਿਵਾਰ ਕਿੱਥੇ ਜਾਣ?

ਸ: ਮਾਨ ਨੇ ਸਿੱਖ ਇਤਿਹਾਸ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਸਾਹਿਬ ਨਾਲ ਇੱਕ ਸੱਜਣ ਠੱਗ ਦੀ ਮੁਲਾਕਾਤ ਹੋਈ ਸੀ ਜੋ ਅਕਸਰ ਲੋਕਾਂ ਨਾਲ ਠੱਗੀਆਂ ਮਾਰਦਾ ਸੀ, ਪਰ ਗੁਰੂ ਸਾਹਿਬ ਨੇ ਪਹਿਲੀ ਮੁਲਾਕਾਤ ਵਿੱਚ ਹੀ ਉਸਨੂੰ ਬੰਦਾ ਬਣਾ ਦਿੱਤਾ ਜੋ ਸਭ ਗਲਤ ਕੰਮ ਛੱਡ ਕੇ ਗੁਰੂ ਘਰ ਦੇ ਲੜ ਲੱਗ ਗਿਆ ਸੀ। ਉਨ੍ਹਾ ਕਿਹਾ ਕਿ ਅਜੋਕੇ ਸਮੇ ਦੇ ਸ: ਬਾਦਲ ਵਰਗੇ ਸੱਜਣ ਠੱਗ ਰੋਜ਼ਾਨਾ ਹੀ ਮਹਾਂਪੁਰਖਾਂ ਦੇ ਡੇਰਿਆਂ ‘ਤੇ ਜਾਂਦੇ ਹਨ। ਪਰ ਅਫਸੋਸ ਹੈ ਇਨ੍ਹਾ ਦੇ ਮਨ ਆਤਮਾ ਵਿੱਚੋ ਠੱਗੀਆਂ ਮਾਰਨ, ਪੰਜਾਬ ਦੀ ਜਨਤਾ ਨਾਲ ਧੋਖੇ ਫਰੇਬ ਕਰਨ ਗਲਤ ਢੰਗਾਂ ਰਾਹੀਂ ਜਮੀਨਾ ਜਾਇਦਾਦਾ ਬਣਾਉਣ ਦੀ ਮੰਦਭਾਵਨਾ ਖਤਮ ਹੋਣ ਦੀ ਬਜਾਏ ਇਹ ਭੁੱਖ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਜਦੋ ਬਾਦਸ਼ਾਹ ਹਮਾਯੂੰ ਆਪਣੀ ਹਕੂਮਤ ਦਾ ਤਾਜ ਖੋ ਬੈਠਾ ਸੀ ਤਾਂ ਉਹ ਗੁਰੂ ਅਮਰਦਾਸ ਜੀ ਕੋਲ ਬਖਸਿ਼ਸਾਂ ਪ੍ਰਾਪਤ ਕਰਨ ਆਇਆ। ਜਦੋ ਹਮਾਯੂੰ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਇੰਤਜ਼ਾਰ ਕਰਨਾ ਪਿਆ ਤਾਂ ਉਸਨੇ ਗੁੱਸੇ ਵਿੱਚ ਤਲਵਾਰ ਧੂਹ ਲਈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿੱਥੇ ਤਲਵਾਰ ਕੱਢਣ ਦੀ ਲੋੜ ਸੀ, ਉੱਥੇ ਤਾਂ ਤੂੰ ਨਾ ਕੱਢੀ । ਇਹ ਸੁਣ ਕੇ ਹਮਾਯੂੰ ਬਾਦਸ਼ਾਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੈ ਗਿਆ। ਇਸ ਉਪਰੰਤ ਉਸਨੂੰ ਹਕੂਮਤ ਦੀ ਬਖਸਿਸ ਵੀ ਹੋਈ। ਇਸੇ ਤਰ੍ਹਾ ਬਾਦਸ਼ਾਹ ਅਕਬਰ ਵੀ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ। ਬਾਦਸ਼ਾਹ ਅਕਬਰ ਨੂੰ ਵੀ ਗੁਰੂ ਸਾਹਿਬ ਵੱਲੋ ਪਹਿਲੇ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਦਾ ਹੁਕਮ ਹੋਇਆ। ਉਪਰੰਤ ਉਸਨੂੰ ਗੁਰ ਮਰਿਯਾਦਾ ਦਾ ਪਾਲਣ ਕਰਨ ਦੀ ਬਦੌਲਤ ਬਖਸਿਸਾਂ ਪ੍ਰਾਪਤ ਹੋਈਆਂ। ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਮੌਜੂਦਾ ਪੰਜਾਬ ਦੀ ਹਕੂਮਤ ਉੱਤੇ ਕਾਬਿਜ਼ ਸ: ਪ੍ਰਕਾਸ਼ ਸਿੰਘ ਬਾਦਲ ਜਿਨ੍ਹਾ ਨੇ ਪੰਜਾਬ ਦੇ ਛੋਟੇ ਟ੍ਰਾਸਪੋਰਟਰਾਂ, ਢਾਬਿਆਂ, ਰੇਤਾਂ ਬਜਰੀ ਵਾਲੇ ਠੇਕੇਦਾਰਾਂ ਅਤੇ ਟੀਵੀ ਚੈਨਲਾਂ ਦੇ ਸਮੁੱਚੇ ਕਾਰੋਬਾਰ ਕਰਨ ਵਾਲਿਆ ਨੂੰ ਗੈਰ ਕਾਨੂੰਨੀ ਤਰੀਕੇ ਡਰਾ ਧਮਕਾ ਕੇ ਉਪਰੋਕਤ ਕਾਰੋਬਾਰਾਂ ਉੱਤੇ ਆਪਣੇ ਪਰਿਵਾਰ ਦੀ ਇਜਾਰੇਦਾਰੀ ਕਾਇਮ ਕਰ ਲਈ ਹੈ ਅਤੇ ਜਿਨ੍ਹਾ ਦੇ ਕਰੋੜਾਂ ਅਰਬਾਂ ਰੁਪਏ ਦਾ ਕਾਲਾ ਧਨ ਸਵਿਟਜਰਲੈਡ ਦੇ ਗੁਪਤ ਬੈਕਾਂ ਦੇ ਖਾਤਿਆਂ ਵਿੱਚ ਹਨ। ਵਿਕੀਲੀਕਸ ਸੰਸਥਾ ਦੇ ਮਾਲਿਕ ਸ਼੍ਰੀ ਜੁਲੀਅਨ ਅਸਾਂਜੇ ਵੱਲੋ ਅੱਜ ਦਾ ਤਾਜ਼ਾ ਬਿਆਨ ਕਿ ਸਵਿਸ ਬੈਕਾਂ ਦੇ ਗੁਪਤ ਖਾਤਿਆਂ ਵਿੱਚ ਸਭ ਤੋ ਜਿਆਦਾ ਗਿਣਤੀ ਭਾਰਤੀਆਂ ਦੀ ਹੈ, ਦੀ ਗੱਲ ਤੋ ਸਪੱਸ਼ਟ ਹੋ ਜਾਂਦਾ ਹੈ ਕਿ ਹਿੰਦੋਸਤਾਨ ਅਤੇ ਪੰਜਾਬ ਵਿੱਚ ਮੌਜੂਦਾ ਸੱਜਣ ਠੱਗਾਂ ਦੁਆਰਾ ਜਮ੍ਹਾ ਕੀਤੀ ਗਈ ਪੁੰਜੀ ਨੂੰ ਜਦੋ ਤੱਕ ਬਾਹਰਲੇ ਬੈਕਾਂ ਵਿੱਚੋ ਮੰਗਾ ਕੇ ਲੋਕਾਂ ਦੀ ਬਹਿਤਰੀ ਲਈ ਖਰਚ ਨਹੀਂ ਕੀਤਾ ਜਾਂਦਾ, ਉਦੋ ਤਕੱ ਅਜਿਹੇ ਸੱਜਣ ਠੱਗਾਂ ਦਾ ਧਾਰਮਿਕ ਸਖਸੀਅਤਾਂ ਜਾਂ ਗੁਰੂ ਘਰਾਂ ਜਾਂ ਮੰਦਰਾਂ ਵਿੱਚ ਜਾ ਕੇ ਧਾਰਮਿਕ ਦਿਖਾਵੇ ਕਰਨਾ ਵੀ ਇੱਥੋ ਦੇ ਨਿਵਾਸੀਆਂ ਨੂੰ ਇੱਕ ਹੋਰ ਵੱਡਾ ਧੋਖਾ ਕਰਨ ਦੇ ਤੁੱਲ ਕਾਰਵਾਈ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>