ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਭੂਮੀ ਅਤੇ ਪਾਣੀ ਦੀ ਸੰਭਾਲ ਸੰਬੰਧੀ ਸਾਲਾਨਾ ਕਾਰਜਸ਼ਾਲਾ ਮੌਕੇ ਹਾਜ਼ਰ ਖੇਤੀਬਾੜੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਪਸਾਰ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਭੂਮੀਪਾਲ ਡਾ: ਅਨਿਲ ਕੁਮਾਰ ਸੌਂਧੀ ਨੇ ਕਿਹਾ ਹੈ ਕਿ ਕੁਦਰਤੀ ਸੋਮਿਆਂ ਨੂੰ ਖੇਤੀ ਘਣਤਾ ਅਤੇ ਕੁਝ ਹੋਰ ਕਾਰਨਾਂ ਕਰਕੇ ਜਿਹੜਾ ਲਗਾਤਾਰ ਨੁਕਸਾਨ ਪਹੁੰਚ ਰਿਹਾ ਹੈ ਉਸ ਨਾਲ ਭਵਿੱਖ ਦੀ ਖੇਤੀ ਖਤਰੇ ਅਧੀਨ ਹੈ। ਉਨ੍ਹਾਂ ਆਖਿਆ ਕਿ ਜ਼ਮੀਨ ਅਤੇ ਪਾਣੀ ਦੀ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਮਿਲ ਕੇ ਭੂਮੀ ਸੁਰੱਖਿਆ ਵਿਭਾਗ ਵੱਲੋਂ ਸਾਂਝੀ ਕਾਰਜ ਯੋਜਨਾ ਉਲੀਕੀ ਜਾਵੇਗੀ ਤਾਂ ਜੋ ਨਵੀਆਂ ਚੁਣੌਤੀਆਂ ਦਾ ਨਵੇਂ ਢੰਗ ਨਾਲ ਟਾਕਰਾ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਕੰਡੀ ਖੇਤਰ ਵਿੱਚ ਭੂਮੀ ਦਾ ਖੋਰਾ, ਉਪਜਾਊ ਸ਼ਕਤੀ ਵਿੱਚ ਲਗਾਤਾਰ ਕਮੀ ਅਤੇ ਜੰਗਲਾਂ ਦਾ ਕਟਾਓ ਮੁੱਖ ਸਮੱਸਿਆ ਬਣ ਗਈ ਹੈ। ਉਨ੍ਹਾਂ ਆਖਿਆ ਕਿ ਕੇਂਦਰੀ ਪੰਜਾਬ ਦੀਆਂ ਸਮੱਸਿਆਵਾਂ ਵੀ ਗੁੰਝਲਦਾਰ ਬਣ ਰਹੀਆਂ ਹਨ ਕਿਉਂਕਿ ਪੰਜਾਬ ਦੀਆਂ 77 ਫੀ ਸਦੀ ਪਾਣੀ ਜ਼ਰੂਰਤਾਂ ਟਿਊਬਵੈੱਲ ਤੋਂ ਪੂਰੀਆਂ ਹੁੰਦੀਆਂ ਹਨ ਅਤੇ 23 ਫੀ ਸਦੀ ਰਕਬੇ ਨੂੰ ਨਹਿਰਾਂ ਸਿੰਜਦੀਆਂ ਹਨ। ਉਨ੍ਹਾਂ ਆਖਿਆ ਕਿ ਵਧਦੇ ਟਿਊਬਵੈੱਲਾਂ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਜਾਣ ਕਾਰਨ ਸੈਟਰੀਫਿਊਗਲ ਪੰਪਾਂ ਦੀ ਥਾਂ ਸਬਮਰਸੀਬਲ ਪੰਪ ਲਾਉਣੇ ਪੈ ਰਹੇ ਹਨ ਅਤੇ ਊਰਜਾ ਲੋੜਾਂ ਵਧਣ ਕਾਰਨ ਆਮਦਨ ਵੀ ਘੱਟ ਰਹੀ ਹੈ ਅਤੇ ਖਰਚੇ ਵਧ ਰਹੇ ਹਨ। ਉਨ੍ਹਾਂ ਆਖਿਆ ਕਿ ਸਰਵਪੱਖੀ ਵਾਟਰਸ਼ੱਡ ਪ੍ਰਬੰਧ ਪ੍ਰੋਗਰਾਮ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀ ਤੋਂ ਆਸ ਕੀਤੀ ਕਿ ਭੂਮੀ ਅਤੇ ਪਾਣੀ ਦੀ ਸੰਭਾਲ ਵਾਸਤੇ ਵੱਖਰੀ ਸਿਫਾਰਸ਼ ਪੁਸਤਕ ਛਾਪੀ ਜਾਵੇ ਜਿਸ ਤੋਂ ਫੀਲਡ ਸਟਾਫ ਲਾਭ ਉਠਾਵੇ। ਉਨ੍ਹਾਂ ਆਖਿਆ ਕਿ ਇੱਕ ਨਿੱਜੀ ਕੰਪਨੀ ਵੱਲੋਂ ਹੁਣ ਝੋਨੇ ਨੂੰ ਫੁਹਾਰਾ ਸਿੰਜਾਈ ਵਿਧੀ ਨਾਲ ਪਾਲਣ ਸੰਬੰਧੀ ਵੀ ਪ੍ਰਦਰਸ਼ਨੀ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਜੇਕਰ ਇਸ ਵਿੱਚ ਕਾਮਯਾਬੀ ਮਿਲਦੀ ਹੈ ਤਾਂ ਇਹ ਵੱਡੀ ਪ੍ਰਾਪਤੀ ਹੋਵੇਗੀ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੀਆਂ 60 ਫੀ ਸਦੀ ਜ਼ਮੀਨਾਂ ਵਿੱਚ ਨਾਈਟਰੋਜਨ ਦੀ ਕਮੀ ਹੈ। ਲਗਪਗ 20 ਫੀ ਸਦੀ ਜ਼ਮੀਨਾਂ ਵਿੱਚ ਫਾਸਫੋਰਸ, 10 ਫੀ ਸਦੀ ਜ਼ਮੀਨਾਂ ਵਿੱਚ ਪੋਟਾਸ਼ੀਅਮ ਅਤੇ 20 ਫੀ ਸਦੀ ਜ਼ਮੀਨਾਂ ਵਿੱਚ ਗੰਧਕ ਦੀ ਕਮੀ ਹੈ। ਉਨ੍ਹਾਂ ਆਖਿਆ ਕਿ ਲਘੂ ਤੱਤਾਂ ਵਿਚੋਂ ਜ਼ਿੰਕ ਦੀ ਕਮੀ 22 ਫੀ ਸਦੀ ਜ਼ਮੀਨਾਂ ਵਿੱਚ, 10 ਫੀ ਸਦੀ ਮੈਗਨੀਜ਼ ਅਤੇ ਲੋਹਾ ਤੱਤ ਦੀ ਕਮੀ ਹੈ ਜਦ ਕਿ ਤਾਂਬਾ ਤੱਤ ਦੀ ਕਮੀ ਵੀ 2 ਫੀ ਸਦੀ ਜ਼ਮੀਨਾਂ ਵਿੱਚ ਵੇਖੀ ਗਈ ਹੈ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਸੁਧਰੀ ਸਿੰਜਾਈ ਤਕਨੀਕ ਸੁਝਾਈ ਗਈ ਹੈ । ਝੋਨੇ ਵਾਲੀ ਪੈਲੀ ਵਿੱਚ ਟੈਂਸ਼ੀਓਮੀਟਰ ਦੀ ਵਰਤੋਂ ਨਾਲ ਜਾਣਕਾਰੀ ਹਾਸਿਲ ਕਰਕੇ ਝਾੜ ਦਾ ਬਿਨਾਂ ਨੁਕਸਾਨ ਕੀਤਿਆਂ 20 ਫੀ ਸਦੀ ਪਾਣੀ ਬਚਾਇਆ ਜਾ ਸਕਦਾ ਹੈ। ਭਾਰੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬੀਜਾਈ ਕਰਕੇ ਲੇਬਰ, ਬਿਜਲੀ ਅਤੇ ਪਾਣੀ ਦੀ ਬਚੱਤ ਕੀਤੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਕਮਾਦ ਦੀ ਕਾਸ਼ਤ ਵਿਧੀ ਲਈ ਵੀ ਖਾਈ ਢੰਗ ਸੁਝਾਇਆ ਗਿਆ ਹੈ ਜਿਸ ਨਾਲ 14 ਫੀ ਸਦੀ ਪਾਣੀ ਬਚਦਾ ਹੈ ਅਤੇ 9 ਫੀ ਸਦੀ ਵਧੇਰੇ ਝਾੜ ਮਿਲਦਾ ਹੈ। ਇਸ ਕੰਮ ਲਈ ਪੰਜਾਬ ਰਾਜ ਕਿਸਾਨ ਕਮਿਸ਼ਨ ਨੇ ਸੂਬੇ ਦੀਆਂ ਵੱਖ-ਵੱਖ ਖੰਡ ਮਿਲਾਂ ਨੂੰ 16 ਖਾਈ ਪੁੱਟਣ ਵਾਲੇ ਸੰਦ ਮੁਹੱਈਆ ਕਰਵਾਏ ਹਨ। ਉਨ੍ਹਾਂ ਆਖਿਆ ਕਿ ਹੋਰ ਵੀ ਬਹੁਤ ਸਾਰੀਆਂ ਸਿਫਾਰਸ਼ਾਂ ਜਲ ਸੋਮੇ ਬਚਾਉਣ ਲਈ ਸਹਾਈ ਹੋ ਸਕਦੀਆਂ ਹਨ। ਲੇਜ਼ਰ ਸੁਹਾਗਾ, ਕਣਕ ਦੇ ਨਾੜ ਅਤੇ ਪਰਾਲੀ ਰਾਹੀਂ ਜ਼ਮੀਨ ਦਾ ਵੱਤਰ ਸੰਭਾਲਣ ਦੀ ਵਿਧੀ ਵੀ ਕਾਰਗਰ ਸਾਬਤ ਹੋਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਵੇਂ ਜ਼ਮੀਨ ਅਤੇ ਜਲ ਸੋਮਿਆਂ ਦੇ ਸੰਬੰਧ ਵਿੱਚ ਬਹੁਤ ਵੱਡੀਆਂ ਚੁਣੌਤੀਆਂ ਸਾਡੇ ਸਨਮੁਖ ਪੇਸ਼ ਹਨ ਪਰ ਸਾਂਝੀ ਸ਼ਕਤੀ ਨਾਲ ਇਹ ਚੁਣੌਤੀਆਂ ਪ੍ਰਵਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਸੂਬੇ ਦੇ 17 ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ 12 ਫਾਰਮ ਸਲਾਹਕਾਰੀ ਸੇਵਾ ਕੇਂਦਰਾਂ ਦੀ ਮਦਦ ਨਾਲ ਆਮ ਕਿਸਾਨਾਂ ਵਿੱਚ ਜਲ ਸੋਮਿਆਂ ਦੀ ਬਚਤ ਵਾਲੀਆਂ ਤਕਨੀਕਾਂ ਦਾ ਪਸਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਭੂਮੀ ਅਤੇ ਪਾਣੀ ਸੰਬੰਧੀ ਸਰਕਾਰੀ ਸਕੀਮਾਂ ਅਤੇ ਮੁਖ ਭੂਮੀਪਾਲ ਦੇ ਸਟਾਫ ਵੱਲੋਂ ਕੀਤੇ ਪ੍ਰਾਜੈਕਟਾਂ ਦਾ ਪ੍ਰਭਾਵ ਜਾਨਣ ਲਈ ਮੁਲਾਂਕਣ ਕਰਨ ਦੀ ਲੋੜ ਹੈ ਅਤੇ ਇਸ ਕੰਮ ਲਈ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਮੁਖ ਭੂਮੀਪਾਲ ਨਾਲ ਸਹਿਯੋਗ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਸੂਬੇ ਵਿੱਚ ਵਿਕਸਤ ਖੇਤੀਬਾੜੀ ਕੇਂਦਰਾਂ ਦੀ ਨਿਸ਼ਾਨਦੇਹੀ ਕਰਕੇ ਖੇਤੀਬਾੜੀ ਸੈਰ ਸਪਾਟਾ ਪ੍ਰੋਗਰਾਮ ਅਧੀਨ ਲਿਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਯਾਤਰੀ ਪੇਂਡੂ ਮਾਹੌਲ ਵਿੱਚ ਵਿਚਰ ਕੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਮਿਲ ਸਕਣ ਅਤੇ ਇਥੋਂ ਦੀ ਆਬੋ ਹਵਾ ਦਾ ਆਨੰਦ ਮਾਣ ਸਕਣ। ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਬਾਹਰੋਂ ਆਏ ਪਸਾਰ ਮਾਹਿਰਾਂ, ਵਿਗਿਆਨੀਆਂ ਅਤੇ ਇੰਜੀਨੀਅਰਾਂ ਦਾ ਧੰਨਵਾਦ ਕੀਤਾ।