ਡਾ: ਸੁਰਜੀਤ ਪਾਤਰ ਅਤੇ ਸੇਖਵਾਂ ਵੱਲੋਂ ‘ਸ਼ੀਸ਼ਾ ਝੂਠ ਬੋਲਦਾ ਹੈ’ ਕਾਵਿ ਸੰਗ੍ਰਿਹ ਦਾ ਪੰਜਵਾਂ ਐਡੀਸ਼ਨ ਲੋਕ ਅਰਪਣ

ਲੁਧਿਆਣਾ:- ਸਰਸਵਤੀ ਪੁਰਸਕਾਰ ਵਿਜੇਤਾ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੇ ਬੀਤੀ ਸ਼ਾਮ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਮੇਟੀ ਰੂਮ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਗੁਰਭਜਨ ਗਿੱਲ ਦੇ 1978 ਵਿੱਚ ਛਪੇ ਪਹਿਲੇ ਕਾਵਿ ਸੰਗ੍ਰਿਹ ‘ਸ਼ੀਸ਼ਾ ਝੂਠ ਬੋਲਦਾ ਹੈ’ ਦਾ ਪੰਜਵਾਂ ਐਡੀਸ਼ਨ ਲੋਕ ਅਰਪਣ ਕੀਤਾ। ਇਸ ਮੌਕੇ ਡਾ: ਪਾਤਰ ਨੇ ਆਖਿਆ ਕਿ ਉਨ੍ਹਾਂ ਨੇ 1978 ਵਿੱਚ ਹੀ ਗੁਰਭਜਨ ਗਿੱਲ ਦੀ ਕਾਵਿ ਪ੍ਰਤਿਭਾ ਨੂੰ ਪਛਾਣਦਿਆਂ ਕਿਹਾ ਸੀ ਕਿ ਇਸ ਦੀ ਕਵਿਤਾ ਕਿਸੇ ਹੋਰ ਪੂਰਬਲੇ ਕਵੀ ਦੀ ਲਕੀਰ ਤੇ ਨਹੀਂ ਤੁਰਦੀ ਸਗੋਂ ਨਿਰੋਲ ਸੱਜਰੀ ਸਿਰਜਣਾ ਹੈ। ਅੱਜ ਪੰਜਵਾਂ ਐਡੀਸ਼ਨ ਰਿਲੀਜ਼ ਕਰਦਿਆਂ ਉਨ੍ਹਾਂ ਨੂੰ ਇਹ ਵਿਸ਼ਵਾਸ ਪੱਕਾ ਹੁੰਦਾ ਦਿਸਿਆ ਹੈ। ਸਿੱਖਿਆ ਮੰਤਰੀ ਸ: ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਜੰਮੇ ਜਾਏ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਆਪਣੀ ਰਚਨਾ ਰਾਹੀਂ ਨਿਵੇਕਲੀ ਪਛਾਣ ਬਣਾਈ ਹੈ ਜਿਸ ਦੀ ਉਨ੍ਹਾਂ ਨੂੰ ਪਰਿਵਾਰਕ ਖੁਸ਼ੀ ਵੀ ਹੈ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ: ਦਲਬੀਰ ਸਿੰਘ ਢਿੱਲੋਂ, ਸੰਗਰੂਰ ਤੋਂ ਵਿਧਾਇਕ ਸ: ਸੁਰਿੰਦਰਪਾਲ ਸਿੰਘ ਸਿਬੀਆ, ਪੰਜਾਬੀ ਸਾਹਿਤ ਸਭਾ ਕਲੱਕਤਾ ਦੇ ਜਨਰਲ ਸਕੱਤਰ ਸ: ਜਗਮੋਹਨ ਸਿੰਘ ਗਿੱਲ, ਰੋਜ਼ਾਨਾ ਅੱਜ ਦੀ ਆਵਾਜ਼ ਦੇ ਪ੍ਰਬੰਧਕੀ ਸੰਪਾਦਕ ਸ: ਬਲਜੀਤ ਸਿੰਘ ਬਰਾੜ,  ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸਰਦਾਰਨੀ ਬਲਬੀਰ ਕੌਰ, ਸ: ਹਰਿੰਦਰ ਸਿੰਘ ਕਾਹਲੋਂ, ਸ: ਗੁਰਪ੍ਰੀਤ ਸਿੰਘ ਨਿਆਮੀਆ, ਲੋਕ ਸੰਪਰਕ ਅਫਸਰ ਮੋਹਾਲੀ ਸ: ਸੁਰਜੀਤ ਸਿੰਘ, ਸ: ਦਵਿੰਦਰ ਸਿੰਘ ਕੋਹਲੀ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਪ੍ਰੋਫੈਸਰ ਰਵਿੰਦਰ ਭੱਠਲ, ਪ੍ਰਾਇਮਰੀ ਸਿੱਖਿਆ ਮੈਗਜ਼ੀਨ ਦੇ ਸੰਪਾਦਕ ਸ: ਕੋਮਲ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਗੁਰਭਜਨ ਗਿੱਲ ਨੇ ਆਖਿਆ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੀ ਇਸ ਕਾਵਿ ਪੁਸਤਕ ਨੇ ਪੰਜਾਬੀ ਪਿਆਰਿਆ ਦਾ ਥਾਪੜਾ ਹਮੇਸ਼ਾ ਮੇਰੇ ਅੰਗ ਸੰਗ ਰੱਖਿਆ ਅਤੇ ਇਸ ਪੁਸਤਕ ਦੀ ਸਿਰਜਣਾ ਨੇ ਹੀ ਮੇਰੀ ਲਈ ਵਿਕਾਸ ਅਤੇ ਸਿਰਜਣਾ ਦੇ ਅਨੇਕਾਂ ਮੌਕੇ ਅੱਜ ਤੀਕ ਪ੍ਰਦਾਨ ਕੀਤੇ ਹਨ। ਉਨ੍ਹਾਂ ਮਾਨਯੋਗ ਸਿੱਖਿਆ ਮੰਤਰੀ ਅਤੇ ਡਾ: ਸੁਰਜੀਤ ਪਾਤਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਗੈਰ ਰਸਮੀ ਢੰਗ ਨਾਲ ਹੀ ਉਨ੍ਹਾਂ ਦੀ ਕਾਵਿ ਪੁਸਤਕ ਦੇ ਪੰਜਵੇਂ ਐਡੀਸ਼ਨ ਨੂੰ ਲੋਕ ਅਰਪਣ ਕੀਤਾ ਹੈ। ਉਨ੍ਹਾਂ ਸਿੱਖਿਆ ਮੰਤਰੀ ਨੂੰ ਸੁਝਾਅ ਦਿੱਤਾ ਕਿ ਬਜੁਰਗ ਪੰਜਾਬੀ ਲੇਖਕਾਂ ਦੇ ਜਨਮ ਦਿਵਸ ਮਨਾਉਣ ਦੀ ਪਿਰਤ ਭਾਸ਼ਾ ਵਿਭਾਗ ਵੱਲੋਂ ਪਾਈ ਜਾਵੇ । ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੰਜਾਬੀ ਨਾਵਲਕਾਰ ਪ੍ਰੋਫੈਸਰ ਨਰਿੰਜਨ ਤਸਨੀਮ ਦੇ 83ਵੇਂ ਜਨਮ ਦਿਵਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਮੌਕੇ ਜਦ ਉਹ ਆਪਣੇ ਸਾਥੀਆਂ ਸ: ਜਗਦੇਵ ਸਿੰਘ ਜੱਸੋਵਾਲ, ਡਾ: ਨਿਰਮਲ ਜੌੜਾ, ਮਨਜਿੰਦਰ ਧਨੋਆ, ਤਰਲੋਚਨ ਲੋਚੀ ਅਤੇ ਪ੍ਰੋਫੈਸਰ ਰਵਿੰਦਰ ਭੱਠਲ ਸਮੇਤ ਉਨ੍ਹਾਂ ਦੇ ਘਰ ਗਏ ਤਾਂ ਉਨ੍ਹਾਂ ਦੇ ਮਨ ਦੀ ਭਾਵਨਾ ਵੀ ਇਹੀ ਸੀ ਕਿ ਲੇਖਕ ਨੂੰ ਜਨਮ ਦਿਵਸ ਮੌਕੇ ਜ਼ਰੂਰ ਫੁੱਲਾਂ ਦੇ ਗੁਲਦਸਤੇ ਨਾਲ ਚੇਤੇ ਕੀਤਾ ਜਾਵੇ। ਇਸ ਨਾਲ ਭਵਿੱਖ ਪੀੜੀਆਂ ਨਾਲ ਵੀ ਸਾਂਝ ਵਧਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>