ਉਰਦੂ ਦੀ ਜਨਮ ਭੂਮੀ ਪੰਜਾਬ ਵਿੱਚ ਉਰਦੂ ਨੂੰ ਦਮ ਨਾ ਤੋੜਨ ਦਿਓ-ਸਰਦਾਰ ਪੰਛੀ

ਲੁਧਿਆਣਾ:-ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਉਰਦੂ ਕਵੀ ਜਨਾਬ ਸਰਦਾਰ ਪੰਛੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਵਿਦਿਆਰਥੀਆਂ ਨਾਲ ਕਰਵਾਏ ਰੂ-ਬਰੂ ਪ੍ਰੋਗਰਾਮ ਮੌਕੇ ਬੋਲਦਿਆਂ ਕਿਹਾ ਹੈ ਕਿ ਉਰਦੂ ਜ਼ੁਬਾਨ ਦੀ ਜਨਮ ਭੂਮੀ ਪੰਜਾਬ ਵਿੱਚ ਅੱਜ ਉਰਦੂ ਜਾਨਣ ਵਾਲੇ ਲੋਕ ਘੱਟ ਰਹੇ ਹਨ। ਉਨ੍ਹਾਂ ਆਖਿਆ ਕਿ ਭਾਵੇਂ ਮਲੇਰਕੋਟਲਾ ਵਿੱਚ ਪੰਜਾਬ ਸਰਕਾਰ ਵੱਲੋਂ ਉਰਦੂ ਅਕਾਡਮੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਮੁਹੰਮਦ ਸ਼ੇਰ ਖਾਂ ਇੰਸਟੀਚਿਊਟ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਰਦੂ ਦੀਆਂ ਕਲਾਸਾਂ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ ਪਰ ਉਰਦੂ ਲੇਖਕਾਂ ਦੀਆਂ ਪੁਸਤਕਾਂ ਪੜ੍ਹਨ ਵਾਲੇ ਪਾਠਕਾਂ ਦੀ ਕਮੀ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਪਹਿਲਾਂ ਅਲਵਰ (ਰਾਜਸਥਾਨ) ਫਿਰ ਕਰਨਾਲ ( ਹਰਿਆਣਾ) ਫਿਰ ਰਾਏ ਬਰੇਲੀ (ਯੂ ਪੀ) ਅਤੇ ਹੁਣ ਲੁਧਿਆਣਾ ਵਿੱਚ ਰਹਿੰਦਿਆਂ ਉਹ ਇਸ ਗੱਲ ਲਈ ਪ੍ਰੇਸ਼ਾਨ ਹਨ ਕਿ ਇੰਨੀ ਖੂਬਸੂਰਤ ਜ਼ੁਬਾਨ ਪੜ੍ਹਨ ਲਿਖਣ ਵਾਲੇ ਨੌਜਵਾਨਾਂ ਦੀ ਕਮੀ ਕਿਉਂ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੋਲ ਸਭ ਭਾਸ਼ਾਵਾਂ ਦੇ ਵਿਕਾਸ ਲਈ ਇਹੋ ਜਿਹੇ ਸਮਾਗਮ ਕਰਵਾਉਣੇ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਹੀ ਲੇਖਕਾਂ ਨੂੰ ਉਤਸ਼ਾਹ ਅਤੇ ਪਾਠਕਾਂ ਨੂੰ ਆਪਣੇ ਲੇਖਕਾਂ ਨੂੰ ਮਿਲਣ ਦਾ ਸਬੱਬ ਬਣਦਾ ਹੈ। ਪੰਜਾਬ ਸਰਕਾਰ ਵੱਲੋਂ ਸ਼੍ਰ੍ਰੋਮਣੀ ਉਰਦੂ ਕਵੀ ਐਲਾਨੇ ਜਾ ਚੁੱਕੇ ਸਰਦਾਰ ਪੰਛੀ ਨੇ ਦੱਸਿਆ ਕਿ ਉਹ ਵਾਰਿਸ ਅਤੇ ਏਕ ਚਾਦਰ ਮੈਲੀ ਸੀ ਫਿਲਮਾਂ ਦੇ ਗੀਤ ਲਿਖਣ ਤੋਂ ਬਾਅਦ ਬੰਬਈ ਨੂੰ ਅਲਵਿਦਾ ਕਹਿ ਆਏ ਸਨ ਕਿਉਂਕਿ ਉਨ੍ਹਾਂ ਦੀ ਸ਼ਾਇਰੀ ਪੰਜਾਬੀਆਂ ਦੇ ਦੁਖਾਂ ਸੁਖਾਂ ਤੋਂ ਦੂਰ ਜਾਣ ਲੱਗੀ ਸੀ।
ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਅਧਿਆਪਕ ਇੰਚਾਰਜ ਗੁਰਭਜਨ ਗਿੱਲ ਅਤੇ ਸਕੱਤਰ ਡਾ: ਨਿਰਮਲ ਜੌੜਾ ਨੇ ਸਰਦਾਰ ਪੰਛੀ ਦੀ ਸ਼ਾਇਰੀ ਅਤੇ ਉਨ੍ਹਾਂ ਦੇ ਕਾਵਿ ਸਫ਼ਰ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਆਖਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਨੂੰ ਕੱਲ ਤੋਂ ਹੀ ਵਾਤਾਅਨੁਕੂਲ ਕੀਤਾ ਜਾ ਰਿਹਾ ਹੈ। ਇਸ ਭਵਨ ਦੇ ਤਿੰਨ ਅੰਗਾਂ ਦਾ ਨਾਮ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਨਾਮ ਤੇ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਦੇ ਵਿਕਾਸ ਲਈ ਯੂਨੀਵਰਸਿਟੀ ਵੱਲੋਂ ਛਪਦੇ ਸਲਾਨਾ ਮੈਗਜ਼ੀਨ ਵਿੱਚ ਰਚਨਾਵਾਂ ਲਿਖਣ ਲਈ ਵਿਸੇਸ਼ ਵਰਕਸ਼ਾਪਾਂ ਅਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਰਦੂ ਕਵੀ ਅਤੇ ਪੀ ਏ ਯੂ ਦੇ ਬਿਜਨੈਸ ਮੈਨੇਜਰ ਵਿਸ਼ਾਲ ਖੁੱਲਰ ਦੇ ਆਪਣੀ ਉਰਦੂ ਗਜ਼ਲ ਨਾਲ ਸਰੋਤਿਆਂ ਨੂੰ ਪੁਰਨੂਰ ਕੀਤਾ। ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਵੀ ਯੰਗ ਰਾਈਟਰਜ਼ ਐਸੋਸੀਏਸ਼ਨਾਂ ਦੀਆਂ ਮੀਟਿੰਗਾਂ ਤੋਂ ਪ੍ਰੇਰਨਾ ਲੈ ਕੇ ਹੀ ਸਿਰਜਣਾ ਦੇ ਰਾਹ ਤੁਰੇ ਹਨ ਅਤੇ ਇਸ ਵੇਲੇ ‘ਧੁੰਦ ਮੇਂ ਅਮਾਂ’ ਨਾਮ ਹੇਠ ਉਰਦੂ ਗਜ਼ਲਾਂ ਦੀ ਕਿਤਾਬ ਲਿਖ ਚੁੱਕੇ ਹਨ। ਉੱਘੇ ਪੰਜਾਬੀ ਕਵੀ ਤਰਲੋਚਨ ਲੋਚੀ, ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਕਨਵੀਨਰ ਜਸਪ੍ਰੀਤ ਸਿੰਘ ਅਤੇ ਇਕ ਵਿਦਿਆਰਥਣ ਸ਼ਰਨਦੀਪ ਕੌਰ ਢਿੱਲੋਂ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ  ਧੀਮਾਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਭਾਵੇਂ ਵਿਗਿਆਨ ਦੀ ਯੂਨੀਵਰਸਿਟੀ ਹੈ ਪਰ ਕੋਮਲ ਕਲਾਵਾਂ ਦੇ ਵਿਕਾਸ ਲਈ ਇਥੇ ਸਭ ਤੋਂ ਵੱਧ ਮੌਕੇ ਹਨ। ਇਸੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਮੋਹਨ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ, ਸੁਰਜੀਤ ਪਾਤਰ, ਡਾ: ਸਾਧੂ ਸਿੰਘ, ਡਾ: ਸ ਸ  ਦੁਸਾਂਝ, ਡਾ: ਸ ਨ ਸੇਵਕ ਵਰਗੇ ਲੇਖਕ ਸੇਵਾ ਨਿਭਾਉਂਦੇ ਰਹੇ ਹਨ। ਹੁਣ ਵੀ ਅਨੇਕਾਂ ਸਿਰਜਕ ਇਸ ਯੂਨੀਵਰਸਿਟੀ ਦੀ ਸੇਵਾ ਵਿੱਚ ਹਨ। ਕੈਨੇਡਾ ਦੀ ਓਨਟਾਰੀਓ ਸਟੇਟ ਯੂਨੀਵਰਸਿਟੀ ਪ੍ਰਿੰਸ ਜਾਰਜ ਵਿੱਚ ਇਕ ਸਾਲ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾ ਨਿਭਾ ਕੇ ਪਰਤੇ ਅਰਥ ਸਾਸ਼ਤਰੀ ਡਾ: ਅਮਰਜੀਤ ਸਿੰਘ ਭੁੱਲਰ ਨੇ ਸਮਾਗਮ ਵਿੱਚ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ: ਮਾਨ ਸਿੰਘ ਤੂਰ, ਡਾ: ਏ ਪੀ ਸਿੰਘ, ਡਾ: ਅਨਿਲ ਸ਼ਰਮਾ, ਉਘੇ ਪੰਜਾਬੀ ਕਵੀ ਮਨਜਿੰਦਰ ਧਨੋਆ, ਸਤਬੀਰ ਸਿੰਘ ਅਤੇ ਹੋਰ ਅਨੇਕਾਂ ਸਿਰਕੱਢ ਵਿਅਕਤੀ ਅਤੇ ਵਿਦਿਆਰਥੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>