ਖ਼ਾਲਸਾ ਕਾਲਜ – ਕੱਲ੍ਹ ਤੇ ਅੱਜ

ਖ਼ਾਲਸਾ ਕਾਲਜ ਅੰਮ੍ਰਿਤਸਰ ਪੰਜ ਮਾਰਚ 2011 ਨੂੰ ਆਪਣੀ ਸਥਾਪਨਾ ਦੇ 119 ਸਾਲ ਪੂਰੇ ਕਰ ਚੁੱਕਿਆ ਹੈ। ਕਿਸੇ ਵੀ ਵਿੱਦਿਅਕ ਅਦਾਰੇ ਦੇ ਇਤਿਹਾਸ ਵਿੱਚ ਇੱਕ ਸ਼ਤਾਬਦੀ ਤੋਂ ਵੀ  ਵੱਧ ਸਮਾਂ ਵਿੱਦਿਆ ਦਾ ਚਾਨਣ ਵੰਡਣਾ ਆਪਣੇ-ਆਪ ਵਿੱਚ ਮਿਸਾਲ ਹੈ। ਖ਼ਾਲਸਾ ਕਾਲਜ ਦੀ ਸਥਾਪਨਾ ਉਸ ਵੇਲੇ ਦੇ ਪੰਜਾਬੀ ਸਿੱਖਾਂ ਦੀ ਪੁਨਰ ਜਾਗ੍ਰਿਤੀ ਦਾ ਪ੍ਰਤੀਕ ਹੈ। ਸਿੱਖ ਜਗਤ ਦੇ ਆਪਣੇ ਵਿਰਸੇ ਨਾਲ ਮੋਹ ਵਿੱਚੋਂ ਸਾਕਾਰ ਹੋਇਆ, ਇਹ ਕੌਮੀ ਨਿਸ਼ਾਨ ਹੈ। ਇਹ ਸਮੇਂ ਦੇ ਸਿੱਖ ਸੰਸਾਰ ਦੀ ਵਿੱਦਿਅਕ, ਧਾਰਮਿਕ, ਇਤਿਹਾਸਕ ਤੇ ਸਿੱਖੀ ਜੀਵਨ ਦੀਆਂ ਕਦਰਾਂ-ਕੀਮਤਾਂ ਪ੍ਰਤੀ ਚੇਤਨਤਾ ਦਾ ਬੇਮਿਸਾਲ ਅਜੂਬਾ ਹੈ।
ਸੰਨ1939 ਦਾ ਵਾਕਿਆ ਹੈ। ਮੇਰੇ ਬੀਜੀ ਸੁਣਾਇਆ ਕਰਦੇ ਸਨ ਕਿ ‘ਗਰਮੀਆਂ ਦੀਆਂ ਛੁੱਟੀਆਂ ਮੈਂ ਪੇਕੇ ਕੱਟ ਕੇ ਜਦੋਂ ਅੰਮ੍ਰਿਤਸਰ ਤੋਂ ਵਾਪਸ ਕੋਇਟੇ ਜਾ ਰਹੀ ਸਾਂ ਤਾਂ ਤੂੰ ਤਿੰਨ ਕੁ ਸਾਲ ਦਾ ਮੇਰੀ ਗੋਦ ਵਿੱਚ ਸੈਂ। ਸਟੇਸ਼ਨ ਤੋਂ ਗੱਡੀ ਨਿਕਲਦਿਆਂ ਇੱਕ-ਦੋ ਮਿੰਟਾਂ ਵਿੱਚ ਹੀ ਖ਼ਾਲਸਾ ਕਾਲਜ ਦੇ ਸਾਹਮਣੇ ਪਹੁੰਚੀ ਤਾਂ ਦੂਰੋਂ ਖ਼ਾਲਸਾ ਕਾਲਜ ਨੂੰ ਵੇਖ ਕੇ ਮੇਰੇ ਅੰਦਰੋਂ ਇੱਕ ਵੱਖਰੀ ਜਿਹੀ ਹੂਕ ਉਠੀ ਕਿ ‘ਰੱਬਾ, ਵੱਡਾ ਹੋ ਕੇ ਮੇਰਾ ਬੱਚਾ ਇਸ ਕਾਲਜ ਵਿੱਚ ਵਿੱਦਿਆ ਹਾਸਲ ਕਰੇ’। ਉਸ ਸਮੇਂ ਇਹ ਇੱਕ ਮਾਂ ਦਾ ਵਿਸ਼ਵਾਸ ਸੀ, ਜੋ ਹਕੀਕਤ ਵਿੱਚ ਹਰ ਮਾਂ ਦੀ ਲੋਚਾ ਸੀ, ਕਿਉˆ ਜੋ ਸਮੁੱਚੇ ਭਾਰਤ ਵਿੱਚ ਇਹ ਇੱਕੋ-ਇੱਕ ਖ਼ਾਲਸਾ ਕੌਮ ਦਾ ਕਾਲਜ ਸੀ। ਇਹ ਬੀਜੀ ਦੀ ਦਿਲੀ ਅਰਦਾਸ ਸੀ ਕਿ ਮੈਂ ਇਸ ਮਹਾਨ ਸੰਸਥਾ ਦਾ ਵਿਦਿਆਰਥੀ ਬਣਿਆ। ਅੱਜ ਵੀ ਹਰ ਮਾਂ ਦੀ ਖ਼ਾਹਿਸ਼ ਹੈ ਕਿ ਉਸ ਦੇ ਬੱਚੇ ਖ਼ਾਲਸਾ ਕਾਲਜ ਵਿੱਚ ਪੜ੍ਹਨ।

ਲੋਕ ਵਿਸ਼ਵਾਸ ਦਾ ਇਹ ਅਲੌਕਿਕ ਕੇਂਦਰ ਹੈ। ਇਸ ਦੀ ਇੱਕ-ਇੱਕ ਇੱਟ ਸ਼ਰਧਾ ਭਾਵ ਨਾਲ ਬਣਾਈ ਤੇ ਟਿਕਾਈ ਗਈ। ਇਨ੍ਹਾਂ ਇੱਟਾਂ ਨੂੰ ਬਣਾਉਣ ਤੇ ਪਕਾਉਣ ਵਾਸਤੇ ਇਥੇ ਆਪਣੇ ਭੱਠੇ ਲਾਏ ਗਏ। ਇੱਟਾਂ ਕਾਰ ਸੇਵਾ ਰਾਹੀਂ ਤਿਆਰ ਹੁੰਦੀਆਂ ਰਹੀਆਂ। ਪਿੰਡ ਵਿੱਚੋਂ ਲੋਕ ਵਾਰੀਆਂ ਬੰਨ੍ਹ ਕੇ ਸੇਵਾ ਕਰਨ ਆਉਂਦੇ ਰਹੇ। ਇਸ ਤਰ੍ਹਾਂ ਸਮੇਂ-ਸਮੇਂ ਸਿੱਖ ਸੰਗਤਾਂ ਦੇ ਪ੍ਰੇਮ ਤੇ ਵਿਸ਼ਵਾਸ ਦਾ ਰੰਗ ਇਸ ਭਵਨ ‘ਤੇ ਚੜ੍ਹਦਾ ਗਿਆ ਅਤੇ ਇਸ ਨੂੰ ਪੂਜਨੀਕ ਬਣਾਉਂਦਾ ਗਿਆ। ਸੰਨ1997-98 ਵਿੱਚ ਜਦੋਂ ਕੁਝ ਕਮਰਿਆਂ ਦੀਆਂ ਛੱਤਾਂ ਨੂੰ ਬਦਲਣ ਅਤੇ ਸਾਰੀ ਬਿਲਡਿੰਗ ਨੂੰ ਟੀਪ ਕਰਵਾ ਕੇ ਸੁੰਦਰ ਬਣਾਉਣ ਤੇ ਸੁਰੱਖਿਅਤ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਪ੍ਰਿੰਸੀਪਲ ਡਾ. ਮਹਿੰਦਰ ਸਿੰਘ ਢਿੱਲੋਂ ਦੇ ਸਮੇਂ ਸੰਤ ਬਾਬਾ ਲਾਭ ਸਿੰਘ ਨੇ, ਬਾਬਾ ਸੇਵਾ ਸਿੰਘ ਤੇ ਹੋਰ ਸੇਵਕਾਂ ਪਾਸੋਂ ਇਹ ਕਾਰਸੇਵਾ ਰਾਹੀਂ ਕਰਵਾ ਕੇ ਇਸ ਦੀ ਪ੍ਰਭੁਤਾ ਨੂੰ ਹੋਰ ਨਿਖਾਰਿਆ।

ਖ਼ਾਲਸਾ ਕਾਲਜ ਦੀ ਸਥਾਪਨਾ ਦਾ ਸਿਹਰਾ ਪ੍ਰਮੁੱਖ ਰੂਪ ਵਿੱਚ ਪ੍ਰੋ. ਗੁਰਮੁਖ ਸਿੰਘ ਓਰੀਐਂਟਲ ਕਾਲਜ ਲਾਹੌਰ ਦੇ ਅਧਿਆਪਕ ਤੇ ਭਾ. ਜਵਾਹਰ ਸਿੰਘ, ਜੋ ਨਾਰਥ ਵੈਸਟਰਨ ਰੇਲਵੇ ˆਦੇ ਦਫ਼ਤਰ ਵਿੱਚ ਕਲਰਕ ਸਨ, ਦੇ ਉੱਦਮ ਤੇ ਸੋਚ ਦੀ ਦੇਣ ਹੈ। ਇਨ੍ਹਾਂ ਦੇ ਯਤਨਾਂ ਸਦਕਾ ਹੀ 1882 ਵਿੱਚ ਇੱਕ ਕਮੇਟੀ ਸਥਾਪਤ ਹੋਈ, ਜਿਸ ਵਿੱਚ ਸਿੱਖ  ਕਾਲਜ ਬਣਾਉਣ ਦੀ ਯੋਜਨਾ ਪ੍ਰੋ. ਗੁਰਮੁਖ ਸਿੰਘ ਨੇ 1883 ਵਿੱਚ ਖ਼ਾਲਸਾ ਦੀਵਾਨ ਲਾਹੌਰ ਵਿੱਚ ਰੱਖੀ। ਭਾਈ ਸਾਹਿਬ ਅਤੇ ਕੁਝ ਸਰਕਾਰੀ ਅਫ਼ਸਰਾਂ ਦੀ ਸਹਾਇਤਾ ਨਾਲ  ’ਖ਼ਾਲਸਾ ਕਾਲਜ ਐਸਟੈਬਲਿਸ਼ਮੈਂਟ’ ਕਮੇਟੀ ਦਾ ਗਠਨ ਹੋਇਆ, ਜਿਸ ਦੇ ਪ੍ਰਧਾਨ ਕਰਨਲ ਹੋਲਰੋਇਡ ਡੀ.ਪੀ. ਪੰਜਾਬ ਅਤੇ ਗਵਰਨਮੈਂਟ ਕਾਲਜ ਲਾਹੌਰ ਦੇ ਵਿਲੀਅਮ ਬੈਲ ਸਕੱਤਰ ਬਣੇ। ਨਤੀਜੇ ਵਜੋਂ ਪੰਜ ਮਾਰਚ 1892 ਨੂੰ ਪੰਜਾਬ ਦੇ ਗਵਰਨਰ ਸਰ ਜੇਮਜ਼ ਲਾਇਲ ਨੇ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ।

ਇਸ ਜਗ੍ਹਾ ਦੀ ਚੋਣ ਲਈ ਉਸ ਸਮੇਂ ਮਿਉਂਸਪਲ ਕਮੇਟੀ ਦੇ ਸਕੱਤਰ ਮਿਸਟਰ ਨਿੱਕਲ ਨੇ ਪਿੰਡ ਕਾਲੇ ਤੇ ਕੋਟ ਮਹਿਮੂਦ ਦੇ ਕਿਸਾਨਾਂ ਨੂੰ ਮਨਾ ਲਿਆ ਕਿ ਉਹ ਆਪਣੀ 100 ਏਕੜ ਦੇ ਲਗਪਗ ਜ਼ਮੀਨ,10 ਹਜ਼ਾਰ ਵਿੱਚ ਦੇ ਦੇਣ । ਇਸ ਦੇ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਫ਼ੀਸਾਂ ‘ਚ ਛੋਟ ਦੇਣ ਦਾ ਵਾਅਦਾ  ਕੀਤਾ  ਗਿਆ। ਉਸ ਸਮੇਂ ਕੁਝ ਅਮੀਰ ਕਿਸਾਨਾਂ ਨੇ ਦਾਨ ਦੇ ਰੂਪ ਵਿੱਚ ਵੀ ਜ਼ਮੀਨ ਦਿੱਤੀ ਹੋਵੇਗੀ।

ਸੰਨ1907 ਵਿੱਚ ਇਸ ਕਮੇਟੀ ਦੀ ਰੂਪ ਰੇਖਾ ਬਦਲ ਦਿੱਤੀ ਗਈ, ਜਿਸ ਮੁਤਾਬਕ ਇਸ ਕਾਲਜ ਦਾ ਪ੍ਰਧਾਨ ਕਮਿਸ਼ਨਰ, ਮੀਤ ਪ੍ਰਧਾਨ ਡਿਪਟੀ ਕਮਿਸ਼ਨਰ ਤੇ ਸਕੱਤਰ ਦੀ ਨਾਮਜ਼ਦਗੀ ਸਰਕਾਰ ਦੇ ਹੱਥਾਂ ਵਿੱਚ ਰੱਖ ਦਿੱਤੀ ਗਈ। ਇਸ ਕਾਰਨ ਪੰਜ ਅੰਗਰੇਜ਼ ਸਮੇਂ-ਸਮੇਂ ਪ੍ਰਿੰਸੀਪਲ ਬਣੇ ਅਤੇ ਪ੍ਰਿੰ. ਵਾਦਨ ਪਿੱਛੋਂ ਖ਼ਾਲਸਾ ਕਾਲਜ ਦੀ ਸੰਸਥਾ ਦਾ ਕੰਟਰੋਲ ਸਿੱਖਾਂ ਦੇ ਹੱਥ ਵਿੱਚ ਆ ਗਿਆ।
ਖ਼ਾਲਸਾ ਕਾਲਜ ਦਾ ਨਿਸ਼ਾਨਾ ਪ੍ਰਿੰ. ਵਾਦਨ ਦੀ ਹਮਾਇਤ ਨਾਲ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਂਗ ਸਿੱਖ ਯੂਨੀਵਰਸਿਟੀ ਦਾ ਸੀ, ਪਰ 1921 ਵਿੱਚ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਪ੍ਰਿੰਸ ਆਫ ਵੇਲਜ਼ ਨੂੰ ਜੀ ਆਇਆਂ ਕਹਿਣ ਦੀ ਥਾਂ ਉਸ ਦਾ ਵਿਰੋਧ ਕਰਕੇ ਅਜਿਹੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਭਾਰਤ ਦੀ ਆਜ਼ਾਦੀ ਲਈ ਕੌਮੀ ਲਹਿਰਾਂ ਦਾ ਸਾਥ ਦੇ ਕੇ ਕਾਲਜ ਨੇ ਹਮੇਸ਼ਾਂ ਹੀ ਅਗਾਂਹਵਧੂ ਦ੍ਰਿਸ਼ਟੀਕੋਣ ਨੂੰ ਅਪਣਾਇਆ ਹੈ। ਭਾਰਤ ਦੀ ਸੁੰਦਰਤਾ  ਵਿੱਚ ਖ਼ਾਲਸਾ ਕਾਲਜ ਦੀ ਵਿਸ਼ੇਸ਼ ਦੇਣ ਹੈ। ਅੰਗਰੇਜ਼ੀ ਹਕੂਮਤ ਵਿਰੁੱਧ ਮਹਾਤਮਾ ਗਾਂਧੀ ਵਲੋਂ ਚਲਾਈ ਗਈ ‘ਨਾ ਮਿਲਵਰਤਣ’ ਲਹਿਰ ਨੂੰ ਇਸ ਕਾਲਜ ਵਲੋਂ ਭਰਵਾਂ ਹੁੰਗਾਰਾ ਮਿਲਿਆ। ‘ਅਕਾਲੀ ਲਹਿਰ’ ਅਤੇ ‘ਗੁਰਦੁਆਰਾ ਸੁਧਾਰ ਲਹਿਰ’ ਵੀ ਮੂਲ ਰੂਪ ਵਿੱਚ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਸਨ। ਖ਼ਾਲਸਾ ਕਾਲਜ ਦੇ ਉਸ ਸਮੇਂ ਦੇ ਵਿਦਿਆਰਥੀ ਮਾਸਟਰ ਤਾਰਾ ਸਿੰਘ, ਪ੍ਰਤਾਪ ਸਿੰਘ ਕੈਰੋਂ, ਮੋਹਨ ਸਿੰਘ ਦੋਸ਼, ਤੇਜਾ ਸਿੰਘ ਸੁਤੰਤਰ, ਗਿਆਨੀ ਸ਼ੰਕਰ ਸਿੰਘ ਅਤੇ ਅੱਛਰ ਸਿੰਘ ਛੀਨਾ ਆਦਿ ਅਜਿਹੇ ਨਾਮ ਹਨ, ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਲੜਾਈ ਲੜ ਕੇ ਆਜ਼ਾਦੀ ਪ੍ਰਾਪਤ ਕਰਨ ਪਿੱਛੋਂ ਦੇਸ਼ ਦੀ ਰਾਜਨੀਤੀ ਵਿੱਚ ਅਹਿਮ ਰੋਲ ਅਦਾ ਕੀਤਾ।

ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਬਾਰੇ ਠੀਕ ਲੀਹਾਂ ‘ਤੇ ਸਿੱਖਿਆ ਦੇਣ ਲਈ 1905 ਵਿੱਚ ‘ਚੇਅਰ ਆਫ਼ ਡਵਿਨਟੀ’ ਸਥਾਪਤ ਕੀਤੀ ਗਈ। ਭਾਈ ਜੋਧ ਸਿੰਘ ਇਸ ਚੇਅਰ ਦੇ ਪਹਿਲੇ ਪ੍ਰੋਫ਼ੈਸਰ ਬਣੇ। ਉਨ੍ਹਾਂ ਤੋਂ ਬਾਅਦ ਪ੍ਰੋ. ਸਾਹਿਬ ਸਿੰਘ, ਡਾ. ਤਾਰਨ ਸਿੰਘ ਤੇ ਡਾ. ਧਰਮਾਨੰਤ ਸਿੰਘ ਨੇ ਇਸ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾਇਆ। ਕੈਂਪਸ ਵਿੱਚ ਵਿਸ਼ਾਲ ਹਾਲ ਵਾਲਾ ਸੁੰਦਰ ਗੁਰਦੁਆਰਾ ਵੀ ਸਥਿਤ ਹੈ, ਜਿਥੇ ਰੋਜ਼ਾਨਾ ਨਿਤਨੇਮ ਤੋਂ ਛੁਟ ਧਾਰਮਿਕ ਸਮਾਗਮ ਵੀ ਆਯੋਜਿਤ ਕੀਤੇ ਜਾਂਦੇ ਹਨ।
ਸੰਨ 1931 ਵਿੱਚ ਇੱਥੇ ਸਿੱਖ ਇਤਿਹਾਸ ਖੋਜ ਵਿਭਾਗ ਖੋਲ੍ਹਿਆ ਗਿਆ। ਡਾ. ਗੰਡਾ ਸਿੰਘ ਨੇ ਇਸ ਵਿਭਾਗ ਨੂੰ ਸਿੱਖ ਧਰਮ, ਇਤਿਹਾਸ, ਫਿਲਾਸਫ਼ੀ, ਸੱਭਿਆਚਾਰ, ਰਾਜਨੀਤੀ ਅਤੇ ਪੰਜਾਬ ਦੇ ਇਤਿਹਾਸ ਦਾ ਮੁੱਖ ਕੇਂਦਰ ਸਥਾਪਤ ਕਰਨ ਲਈ ਸੈਂਕੜੇ ਹੱਥ ਲਿਖ਼ਤ ਖਰੜਿਆਂ, ਦੁਰਲਭ ਪੁਸਤਕਾਂ, ਚਿੱਤਰਾਂ ਅਤੇ ਤਸਵੀਰਾਂ ‘ਤੇ ਆਧਾਰਿਤ ਰੈਫਰੈਂਸ ਲਾਇਬਰੇਰੀ ਅਤੇ ਗੈਲਰੀ ਸਥਾਪਤ ਕੀਤੀ। ਇਤਿਹਾਸ ਦੀ ਖੋਜ ਦੇ ਖੇਤਰ ਵਿੱਚ ਡਾ. ਗੰਡਾ ਸਿੰਘ ਤੇ ਡਾ. ਕਿਰਪਾਲ ਸਿੰਘ ਦੀਆਂ ਪ੍ਰਾਪਤੀਆਂ ਵਰਣਨਯੋਗ ਹਨ।

ਪੰਜਾਬ ਵਿੱਚ ਹਰੀ ਕਰਾਂਤੀ ਲਿਆਉਣ ਵਿੱਚ ਖ਼ਾਲਸਾ ਕਾਲਜ ਦਾ ਅਹਿਮ ਰੋਲ ਹੈ। ਵੰਡ ਤੋਂ ਪਹਿਲਾਂ ਖੇਤੀਬਾੜੀ ਕਾਲਜ, ਲਾਇਲਪੁਰ ਤੋਂ ਛੁਟ ਸਾਰੇ ਪੰਜਾਬ ਵਿੱਚ ਬੀ.ਐਸਸੀ. ਖੇਤੀਬਾੜੀ ਦੀਆਂ ਕਲਾਸਾਂ ਕੇਵਲ ਖ਼ਾਲਸਾ ਕਾਲਜ ਵਿੱਚ ਹੀ ਲੱਗਦੀਆਂ ਸਨ। ਖੇਤੀਬਾੜੀ ਵਿਸ਼ੇ ਦੇ ਹਜ਼ਾਰਾਂ ਗਰੈਜੂਏਟ ਤੇ ਸੈਂਕੜੇ ਪੋਸਟ ਗਰੈਜੂਏਟ ਇਸ ਵਿਭਾਗ ਦੀ ਦੇਣ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ ਅਤੇ ਆਈ.ਸੀ.ਏ.ਆਰ. ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਭਾਰਤ ਸਰਕਾਰ ਦੇ ਸਕੱਤਰ ਡਾ. ਐਨ.ਐਸ. ਰੰਧਾਵਾ ਤੋਂ ਛੁਟ ਬਹੁਤ ਸਾਰੇ ਮੁੱਖ ਖੇਤੀਬਾੜੀ ਅਫ਼ਸਰ, ਬਲਾਕ ਵਿਕਾਸ ਅਫ਼ਸਰ, ਯੂਨੀਵਰਸਿਟੀ ਪੱਧਰ ਦੇ ਅਧਿਆਪਕ ਤੇ ਖੇਤੀਬਾੜੀ ਇੰਸਪੈਕਟਰ ਖ਼ਾਲਸਾ ਕਾਲਜ ਦੀ ਦੇਣ ਹਨ।

ਅਕਾਦਮਿਕ ਖੇਤਰ ਵਿੱਚ ਖ਼ਾਲਸਾ ਕਾਲਜ ਦੀਆਂ ਪ੍ਰਾਪਤੀਆਂ ਦੀ ਸੂਚੀ  ਬਹੁਤ ਲੰਮੀ ਹੈ। ਇਸ ਵੇਲੇ ਇਸ ਕੈਂਪਸ ਵਿੱਚ ਖ਼ਾਲਸਾ ਕਾਲਜ ਤੋਂ ਇਲਾਵਾ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਖ਼ਾਲਸਾ ਕਾਲਜ ਫਾਰ ਵੂਮੈਨ, ਲੜਕੇ ਅਤੇ ਲੜਕੀਆਂ  ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਪਬਲਿਕ ਸਕੂਲ ਸਥਿਤ ਹਨ। ਇਸ ਸਮੇਂ ਸਾਇੰਸ, ਆਰਟਸ, ਖੇਤੀਬਾੜੀ, ਕੰਪਿਊਟਰ ਅਤੇ ਕਾਮਰਸ ਦੇ ਵੱਖ-ਵੱਖ ਵਿਸ਼ਿਆਂ ਵਿੱਚ ਪੋਸਟ ਗਰੈਜੂਏਟ ਦੇ ਕੋਰਸ ਪੜ੍ਹਾਏ ਜਾਂਦੇ ਹਨ। ਬਹੁਤ ਸਾਰੇ ਕਿੱਤਾਮੁਖੀ ਕੋਰਸ ਵੀ ਚਾਲੂ ਕੀਤੇ ਗਏ ਹਨ। ਸੰਨ 1997-98 ਵਿੱਚ ਫਿਜ਼ਿਓਥੈਰੇਪੀ ਵਿਭਾਗ ਬਣਨ ਨਾਲ ਕਾਲਜ ਦਾ ਅਕਾਦਮਿਕ ਕੱਦ ਹੋਰ ਉੱਚਾ ਹੋਇਆ। ਇਥੋਂ ਦੇ ਕਈ ਵਿਦਿਆਰਥੀ ਵੱਖ ਵੱਖ ਵਿਸ਼ਵਵਿਦਿਆਲਿਆਂ ਦੇ  ਕੁਲਪਤੀ ਬਣੇ, ਜਿਨ੍ਹਾਂ ਵਿੱਚ ਭਾਈ ਜੋਧ ਸਿੰਘ, ਡਾ. ਖੇਮ ਸਿੰਘ, ਨੇਗੀ, ਡਾ. ਆਈ. ਸੀ. ਪਾਠਕ, ਡਾ. ਕਿਰਪਾਲ ਸਿੰਘ ਔਲਖ ਵਰਗੇ ਬਹੁਤ ਪ੍ਰਸਿੱਧ ਹੋਏ।

ਸੁਤੰਤਰਤਾ ਤੋਂ ਪਿੱਛੋˆ ਖ਼ਾਲਸਾ ਕਾਲਜ ਦੇ ਪੁਰਾਣੇ, ਇੱਕ ਦਰਜਨ ਤੋਂ ਉਪਰ ਵਿਦਿਆਰਥੀ, ਅਧਿਆਪਕ ਜਾਂ ਪ੍ਰਿੰਸੀਪਲ ਦੇਸ਼ ਦੀਆ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ। ਖ਼ਾਲਸਾ ਕਾਲਜ ਨੂੰ ਇੱਕ ਅਜਿਹੀ ਨਰਸਰੀ ਕਿਹਾ ਜਾਂਦਾ ਹੈ, ਜਿੱਥੇ ਵਿਦਿਆਰਥੀਆਂ ਦੀਆਂ ਵੱਖ-ਵੱਖ ਯੋਗਤਾਵਾਂ ਨੂੰ ਨਿਖਾਰਿਆ ਜਾਂਦਾ ਹੈ। ਸਿੱਟੇ ਵਜੋਂ ਇਥੋਂ ਦੇ ਵਿਦਿਆਰਥੀ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪਹੁੰਚ ਕੇ ਉੱਚਕੋਟੀ ਦੀਆਂ ਪਦਵੀਆਂ ‘ਤੇ ਸਨਮਾਨ ਹਾਸਲ ਕਰਦੇ ਹਨ। ਸ੍ਰੀ ਸਦਾ ਨੰਦ, ਸਵਰਨ ਸਿੰਘ ਬੋਪਾਰਾਏ, ਅਜੀਤ ਸਿੰਘ ਚੱਠਾ, ਪਦਮਸ੍ਰੀ ਸਰਬਜੀਤ ਸਿੰਘ ਜਿਹੇ ਅਨੇਕਾਂ ਆਈ.ਏ.ਐਸ. ਅਫ਼ਸਰ, ਡਾ. ਮੁਲਖ ਰਾਜ ਆਨੰਦ ਵਰਗੇ ਸੰਸਾਰ ਪ੍ਰਸਿੱਧ ਅੰਗਰੇਜ਼ੀ ਅਫ਼ਸਰ ਅਤੇ ਚੋਟੀ ਦੇ ਮਾਹਰ ਡਾਕਟਰ ਡਾ. ਪਾਠਕ, ਡਾ. ਦਿਲਜੀਤ ਸਿੰਘ, ਡਾ. ਕੇ.ਐਸ. ਚੁੱਘ, ਡਾ. ਪੀ.ਐਸ. ਗਿੱਲ ਖ਼ਾਲਸਾ ਕਾਲਜ ਦੀ ਦੇਣ ਹਨ।

ਦੇਸ਼ ਦੀ ਰਖਵਾਲੀ ਲਈ ਹਜ਼ਾਰਾਂ ਫ਼ੌਜੀ ਅਫ਼ਸਰ, ਕਪਤਾਨ, ਮੇਜਰ ਜਨਰਲ, ਰਾਜਿੰਦਰ ਸਿੰਘ ਸਪੈਰੋ, ਜਨਰਲ ਮੁਹਿੰਦਰ ਸਿੰਘ ਸੰਧੂ, ਜਨਰਲ ਮੁਹਿੰਦਰ ਸਿੰਘ ਬੱਲ, ਜਨਰਲ ਪ੍ਰੇਮ ਸਿੰਘ ਗਿਆਨੀ, ਜਨਰਲ ਸਤਿਨਾਮ ਸਿੰਘ, ਜਨਰਲ ਮੁਹਿੰਦਰ ਸਿੰਘ ਚੋਪੜਾ ਅਤੇ ਬ੍ਰਿਗੇਡੀਅਰ ਐਨ.ਐਸ. ਸੰਧੂ ਜਿਹੇ ਬਹਾਦਰਾਂ ‘ਤੇ ਖ਼ਾਲਸਾ ਕਾਲਜ ਨੂੰ ਮਾਣ ਹੈ। ਬ੍ਰਿਟਿਸ਼ ਫੋਰਸਜ਼ ਦਾ ‘ਵਿਕਟੋਰੀਆ ਕਰਾਸ’ ਦਾ ਐਵਾਰਡ ਬਹੁਤ ਥੋੜ੍ਹੇ ਭਾਰਤੀਆˆ ਨੂੰ ਮਿਲਿਆ ਹੈ, ਜਿਨ੍ਹਾਂ ਵਿੱਚੋਂ  ਕਈ ਖ਼ਾਲਸਾ ਕਾਲਜ ਦੇ ਵਿਦਿਆਰਥੀ ਹਨ। ਖੇਡਾਂ ਦੇ ਖੇਤਰ ਵਿੱਚ ਵੀ ਕਾਲਜ ਨੇ ਯੂਨੀਵਰਸਿਟੀ ਅਤੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਤੋਂ ਛੁਟ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖ਼ੂਬ ਨਾਮਣਾ ਖੱਟਿਆ।

ਬਿਨਾਂ ਸ਼ੱਕ ਖ਼ਾਲਸਾ ਕਾਲਜ, ਅੰਮ੍ਰਿਤਸਰ ਅਜਿਹੀ ਜਗਤ ਪ੍ਰਸਿੱਧ ਕੌਮੀ ਸਿੱਖ ਸੰਸਥਾ ਹੈ, ਜਿਸ ਨਾਲ ਕੌਮ ਦਾ ਵਿਸ਼ਵਾਸ ਬੱਝਿਆ ਹੋਇਆ ਹੈ, ਭਾਵਨਾਵਾਂ ਜੁੜੀਆਂ ਹੋਈਆਂ ਹਨ, ਜੋ ਆਪਣੀਆਂ ਪ੍ਰਾਪਤੀਆਂ ਅਤੇ ਅਨਮੋਲ ਦੇਣ ਕਾਰਨ ਮਹੱਤਵਪੂਰਨ ਅਕਾਦਮਿਕ ਸੰਸਥਾ ਹੈ।

ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਦਾ ਸੁਪਨਾ ਪ੍ਰਿੰਸੀਪਲ ਵਾਦਨ ਦੇ ਸਮੇਂ ਦਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਖ਼ਾਲਸਾ ਇੰਜੀਨੀਅਰਿੰਗ ਕਾਲਜ, ਖ਼ਾਲਸਾ ਫਾਰਮੇਸੀ ਕਾਲਜ, ਖ਼ਾਲਸਾ ਨਰਸਿੰਗ ਕਾਲਜ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਤੇ ਖ਼ਾਲਸਾ ਕਾਲਜ ਵੈਟਰਨਰੀ ਸਾਇੰਸਿਜ਼ ਤੋਂ ਇਲਾਵਾ ਖ਼ਾਲਸਾ ਕਾਲਜ ਆਫ਼ ਮੈਨੇਜਮੈˆਟ ਇਨਫ਼ਰਮੇਸ਼ਨ ਟੈਕਨਾਲੋਜੀ (ਮੁਹਾਲੀ) ਦੀ ਸਥਾਪਨਾ ਕੀਤੀ ਹੈ।  ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਸੰਸਥਾਵਾਂ ਸਥਾਪਤ ਕਰਨ ਦੀ ਸਮਰੱਥੀ ਦੀਆਂ ਇਹ ਸੂਚਕ ਹਨ।

ਇਹ ਸਮਝਣਾ ਜ਼ਰੂਰੀ ਹੈ ਕਿ ਪ੍ਰਾਈਵੇਟ ਯੂਨੀਵਰਸਿਟੀ ਦਾ ਕਾਰਜ ਖੇਤਰ ਕੇਵਲ ਕੈਂਪਸ ਤੱਕ ਹੀ ਸੀਮਤ ਹੁੰਦਾ ਹੈ, ਇਨ੍ਹਾਂ ਕੋਲ ਕਾਲਜਾਂ ਨੂੰ ਮਾਨਤਾ ਦੇਣ ਦਾ ਕੋਈ ਅਧਿਕਾਰ ਨਹੀਂ  ਹੁੰਦਾ। ਵੱਖ-ਵੱਖ ਕਾਲਜਾਂ ਨੂੰ ਮਾਨਤਾ ਦੇਣ ਦਾ ਅਧਿਕਾਰ ਕੇਵਲ ਪ੍ਰਾਂਤਕ ਵਿਧਾਨ ਸਭਾਵਾਂ ਨੂੰ ਹੁੰਦਾ ਹੈ, ਜੋ ਅੱਜ ਤੱਕ ਵੱਖ-ਵੱਖ ਪ੍ਰਾਂਤਕ ਸਰਕਾਰਾਂ ਵਰਤਦੀਆਂ ਆ ਰਹੀਆਂ ਹਨ। ਪੰਜਾਬ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਮਾਨਤਾ ਦੇਣ ਦੇ ਵੱਖ-ਵੱਖ ਖੇਤਰ ਮਿਲੇ ਹੋਏ ਹਨ। ਇਥੇ ਇਹ ਲਿਖਣਾ ਉਚਿਤ ਹੋਵੇਗਾ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸ਼ਹਿਰਾਂ ਦੇ ਕਾਲਜ ਇਨ੍ਹਾਂ ਨਾਲ ਐਫੀਲੀਏਟਿਡ ਨਹੀਂ ਹਨ। ਦੋਵੇਂ ਯੂਨੀਵਰਸਿਟੀਆਂ ਕੇਵਲ ਤੇ ਕੇਵਲ ਕੈਂਪਸ ਯੂਨੀਵਰਸਿਟੀਆਂ ਹਨ। ਇਸ ਲਈ ਇਹ ਸੋਚਣਾ ਸਰਾਸਰ ਗ਼ਲਤ ਹੈ ਕਿ ਖ਼ਾਲਸਾ ਯੂਨੀਵਰਸਿਟੀ ਨਾਲ ਖ਼ਾਲਸਾ ਕਾਲਜ ਅੰਮ੍ਰਿਤਸਰ ਇੱਕ ਐਫੀਲੀਏਟਡ ਯੂਨਿਟ ਹੋਵੇਗਾ। ਖ਼ਾਲਸਾ ਕਾਲਜ ਇੱਕ ਵਿਭਾਗ ਤਾਂ ਬਣ ਸਕੇਗਾ, ਪਰ ਇਸ ਦੀ ਆਪਣੀ ਸੁਤੰਤਰ ਹੋਂਦ ਨਹੀਂ ਹੋਵੇਗੀ, ਸਗੋਂ ਇਹ ਅਦਾਰਾ ਖ਼ਾਲਸਾ ਯੂਨੀਵਰਸਿਟੀ ਦੇ ਦੂਜੇ ਵਿਭਾਗਾਂ ਮੁਤਾਬਕ ਇਸ ਵਿਸ਼ਵ ਵਿਦਿਆਲੇ ਦੇ ਅਧੀਨ ਹੋਵੇਗਾ।

ਇਹ ਬੜੇ ਮਾਣ ਵਾਲੀ ਗੱਲ ਹੈ ਕਿ ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਦਰਜਾ ਮਿਲਿਆ ਹੋਇਆ ਹੈ ਭਾਵ ਕਿ ਇਸ ਵਿੱਚ ਉਹ ਛੁਪੀਆਂ ਸੰਭਾਵਨਾਵਾਂ ਹਨ, ਜਿਨ੍ਹਾਂ ਰਾਹੀਂ ਇਸ ਦਾ ਵਿਕਾਸ ਤੇਜ਼ੀ ਨਾਲ ਹੋ ਸਕਦਾ ਹੈ। ਲੋੜ ਹੈ ਕਿ ਪ੍ਰਬੰਧਕੀ ਕਮੇਟੀ ਯੂ.ਜੀ.ਸੀ. ਵਲੋਂ ਮਿਲੀ ਸਹਾਇਤਾ ਤੇ ਆਪਣੇ ਵੱਲੋਂ ਹਿੱਸਾ ਪਾ ਕੇ ਇਸ ਦੇ ਵਿਕਾਸ ਵੱਲ ਨੂੰ ਤੁਰੇ। ਪ੍ਰਬੰਧਕੀ ਕਮੇਟੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਾਈਵੇਟ ਖ਼ਾਲਸਾ ਯੂਨੀਵਰਸਿਟੀ ਬਣਨ ਦੀ ਸੂਰਤ ਵਿੱਚ ਨਾ ਕੇਵਲ ਪਿਛਲੀ ਮਿਲੀ ਗਰਾਂਟ ਵਾਪਸ ਕਰਨੀ ਹੋਵੇਗੀ ਸਗੋਂ ਆਉਣ ਵਾਲੇ ਸਮੇਂ ਵਿੱਚ ਵੀ ਵਿੱਤੀ ਸਹਾਇਤਾ ਨਹੀਂ ਮਿਲੇਗੀ।

ਖ਼ਾਲਸਾ ਕਾਲਜ, ਅੰਮ੍ਰਿਤਸਰ ਅੱਜ ਯੂ.ਜੀ.ਸੀ. ਦੀ ਧਾਰਾ 2-ਬੀ ਹੇਠ ਮਨਜ਼ੂਰੀ ਰੱਖਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਦਾ ਗਰਾਂਟਾਂ ਦਾ ਹੱਕਦਾਰ ਰਹੇਗਾ। ਭਾਵੇਂ ਉਹ ਗਰਾਂਟਾਂ ਇਮਾਰਤਾਂ ਨਾਲ, ਖੇਡਾਂ ਨਾਲ ਤੇ ਲੈਬਾਰਟਰੀਆਂ ਆਦਿ ਨਾਲ ਸਬੰਧਤ ਹੋਣ। ਜਦੋਂ ਵੀ ਅਧਿਆਪਕਾਂ ਦੇ ਵਧੇ ਗਰੇਡ ਲਾਗੂ ਹੁੰਦੇ ਹਨ ਤਾਂ ਯੂ.ਜੀ.ਸੀ. ਪੰਜ ਸਾਲ ਵਾਸਤੇ 80 ਫ਼ੀਸਦੀ ਵਧੀਆਂ ਤਨਖ਼ਾਹਾਂ ਦਾ ਬੋਝ ਵਿੱਤੀ ਸਹਾਇਤਾ ਦੇ ਰੂਪ ਵਿੱਚ ਦਿੰਦੀ ਹੈ।

ਸਾਰੀਆਂ ਵਿੱਦਿਅਕ ਸੰਸਥਾਵਾਂ ਜਿਹੜੀਆਂ ਅੱਜ ਪ੍ਰਾਈਵੇਟ ਯੂਨੀਵਰਸਿਟੀਆਂ ਬਣਨ ਜਾ ਰਹੀਆਂ ਹਨ, ਉਨ੍ਹਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ  ਉਹ ਕੇਂਦਰੀ ਸਰਕਾਰ,  ਸੂਬਾ ਸਰਕਾਰ ਤੇ ਭਾਰਤ ਦੀਆਂ ਵੱਖ-ਵੱਖ ਏਜੰਸੀਆਂ ਤੋਂ ਵੱਖ-ਵੱਖ ਖੇਤਰਾਂ, ਵਿਸ਼ਿਆਂ ਤੇ ਲੋੜਾਂ ਵਿੱਚ ਗਰਾਂਟਾ ਨਹੀਂ ਲੈ ਸਕਦੀਆਂ ਹਨ, ਜਿਸ ਦਾ ਨਤੀਜਾ ਸਪਸ਼ਟ ਹੈ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਦਾ ਕੇਵਲ ਆਪਣੇ ਫੰਡਾਂ ‘ਤੇ ਗੁਜ਼ਾਰਾ ਨਹੀਂ ਹੁੰਦਾ। ਉਹ ਢੇਰ ਸਾਰੀ ਕਮਾਈ ਕਰਕੇ ਲਾਭ ਕਮਾਉਂਦੇ ਹਨ ਜਿਵੇਂ ਅੱਜ-ਕੱਲ੍ਹ ਬੀ.ਐਡ. ਕਾਲਜ, ਤਕਨੀਕੀ ਕਾਲਜ, ਡੈਂਟਲ ਕਾਲਜ ਜਾਂ ਨਰਸਿੰਗ ਕਾਲਜ ਖੋਲ੍ਹ ਕੇ ਮਾਇਆ ਇਕੱਠੀ ਕਰਨ ਦਾ ਇੱਕ ਸਾਧਨ ਬਣਾਇਆ ਹੋਇਆ ਹੈ। ਫ਼ੀਸਾਂ ਦਾ ਬੋਝ ਮਾਪਿਆਂ ਦਾ ਲੱਕ ਤੋੜ ਰਹੇ ਹਨ ਤੇ ਬੱਚਿਆਂ ਨੂੰ ਮਹਿੰਗੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਵੀ ਰੁਜ਼ਗਾਰ   ਦਰਕਾਰ ਨਹੀਂ ਹੁੰਦਾ।

ਬਹੁਤ ਘੱਟ ਚੋਣਵੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਹਨ, ਜਿਨ੍ਹਾਂ ਦਾ ਮਾਰਕੀਟ ਵਿੱਚ ਕੋਈ ਮਿਆਰ ਹੈ, ਵਿਸ਼ਵੀਕਰਨ ਦੇ ਯੁੱਗ ਵਿੱਚ ਚੰਗੇਰੀ ਵਿੱਦਿਆ ਸਸਤੇ ਭਾਅ ਦੇਣ ਵਾਲੇ ਵਿਸ਼ਵ ਵਿਦਿਆਲੇ ਹੀ ਕਾਮਯਾਬ ਹੋ ਸਕਣਗੇ।

ਖ਼ਾਲਸਾ ਕਾਲਜ ਪ੍ਰਬੰਧਕੀ ਕਮੇਟੀ ਨੂੰ ਖ਼ਾਲਸਾ ਯੂਨੀਵਰਸਿਟੀ ਬਣਾਉਣ ਲਈ ਇੱਕ ਵੱਡਾ ਕਾਰਪਸ ਬਣਾਉਣ ਦੀ ਜ਼ਰੂਰਤ ਹੋਵੇਗੀ, ਜਿਸ ਨਾਲ ਉਹ ਗੁਣਾਤਮਕ ਵਿੱਦਿਆ ਸਾਧਾਰਨ ਪਰਿਵਾਰਾਂ ਦੇ ਬੱਚਿਆਂ ਨੂੰ ਮੁਹੱਈਆ ਕਰਵਾ ਸਕੇ। ਕਿੰਨੇ ਕੁ ਬੱਚਿਆਂ ਨੂੰ ਅੱਜ ਤੱਕ ਤਕਨੀਕੀ ਸਿੱਖਿਆ, ਬੀ.ਐਡ. ਦੀ ਡਿਗਰੀ ਅਤੇ ਨਰਸਿੰਗ ਦੀ ਸਿਖਲਾਈ ਸਸਤੇ ਭਾਅ ‘ਤੇ ਮਿਲ ਰਹੀ ਹੈ ਜਾਂ ਦਿੱਤੀ ਗਈ ਹੈ, ਇਹ ਪ੍ਰਬੰਧਕੀ ਕਮੇਟੀ ਨੂੰ ਸੋਚਣ ਦੀ ਲੋੜ ਹੈ। ਖ਼ਾਲਸਾ ਕਾਲਜ ਦੇ ਮੋਢੀਆਂ ਨੇ ਬੜੀ ਮਿਹਨਤ ਨਾਲ  ਕੌਮ ਤੋਂ ਪੈਸੇ ਮੰਗ ਕੇ ਬਹੁਤ ਹੀ ਆਲੀਸ਼ਾਨ ਬਿਲਡਿੰਗ ਤੇ ਕੈਂਪਸ ਬਣਵਾਇਆ। ਉਨ੍ਹਾਂ ਦੀ ਕਦਾਚਿਤ ਵੀ ਇਹ ਭਾਵਨਾ ਨਹੀਂ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਿਰਫ਼ ਅਮੀਰ ਸਿੱਖ ਬੱਚਿਆਂ ਨੂੰ ਹੀ ਇਹ ਵਿੱਦਿਆ ਦੇ ਮੰਦਰ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ। ਖ਼ਾਲਸਾ ਕਾਲਜ  ਦੀ ਸਮੁੱਚੀ ਜ਼ਮੀਨ ਕਿਸਾਨਾਂ ਦੀ ਹੈ। ਇਸ ਵਾਸਤੇ ਕਿਸਾਨਾਂ ਨੇ ਟਕਾ ਟੈਕਸ ਵੀ ਦਿੱਤਾ ਸੀ। ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਇਨ੍ਹਾਂ ਕਿਸਾਨਾਂ ਦੇ ਬੱਚਿਆਂ ਨੂੰ ਵਿੱਦਿਆ ਦੇਣਾ ਕਿਵੇਂ ਯਕੀਨੀ ਕਰੇਗੀ।

ਇਸ ਯੂਨੀਵਰਸਿਟੀ ਦਾ 2013 ਉਪਰੰਤ ਪੰਜਾਬ ਸਰਕਾਰ, ਕੇਂਦਰੀ ਸਰਕਾਰ ਤੇ ਯੂ.ਜੀ.ਸੀ. ਦੀਆਂ ਗਰਾਂਟਾਂ ਨਾਲ ਸਬੰਧ ਸਦਾ ਲਈ ਟੁੱਟ ਜਾਵੇਗਾ। ਅਗਾਊਂ ਇਹ ਸੋਚ ਲੈਣਾ ਕਿ ਕੁਝ ਖੇਤਰਾਂ ਵਿੱਚ ਪੈਸੇ ਵੱਧ ਆਉਣਗੇ ਤੇ ਕੁਝ ਵਿੱਚ ਘੱਟ ਅਤੇ ਗੁਜ਼ਾਰਾ ਚੱਲੇਗਾ, ਵਪਾਰਕ ਸੋਚ ਹੈ, ਵਿੱਦਿਅਕ ਸੋਚ ਨਹੀਂ। ਸੰਨ 2013 ਤੋˆ ਬਾਅਦ ਕੀ ਖ਼ਾਲਸਾ ਯੂਨੀਵਰਸਿਟੀ ਕਦੇ ਇਹ ਮਾਣ ਲੈ ਸਕੇਗੀ ਕਿ ਉਸ ਵਿੱਚੋਂ ਸ੍ਰੀ ਮੁਲਖ ਰਾਜ ਅਨੰਦ, ਡਾ. ਪਾਠਕ, ਮਾਸਟਰ ਤਾਰਾ ਸਿੰਘ, ਪ੍ਰਤਾਪ ਸਿੰਘ ਕੈਰੋਂ ਤੇ ਭਾਈ ਜੋਧ ਸਿੰਘ ਆਦਿ ਵਰਗੇ ਕੱਦਾਵਰ ਹਸਤੀਆਂ ਪੈਦਾ ਹੋਈਆਂ ਸਨ? ਕੀ ਅਸੀਂ ਅਜਿਹੀਆਂ ਸ਼ਖ਼ਸੀਅਤਾਂ ਦਾ ਇਤਿਹਾਸ ਅਤੇ ਕੌਮ ਨੂੰ ਦੇਣ ਖ਼ਾਲਸਾ ਯੂਨੀਵਰਸਿਟੀ ਨਾਲ ਆਚਰਣਕ ਤੌਰ ‘ਤੇ ਜੋੜ ਸਕਾਂਗੇ?

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇੱਕ ਕੌਮਾਂਤਰੀ ਪ੍ਰਸਿੱਧੀ ਦੇ ਵਿਸ਼ਵ ਵਿਦਿਆਲੇ ਦੀ ਅੰਮ੍ਰਿਤਸਰ ਵਿੱਚ ਸਥਾਪਨਾ ਲਈ ਅਮਲੀ ਰੂਪ ਵਿੱਚ ਘੋਸ਼ਣਾ ਕੀਤੀ ਹੈ। ਸਾਡੇ ਥੋੜ੍ਹੇ  ਜਿਹੇ ਕਹਿਣ ‘ਤੇ ਹੀ ਕੇਂਦਰੀ ਸਰਕਾਰ ਵਿਸ਼ਵ ਵਿਦਿਆਲੇ ਦਾ ਨਾਂ ਗੁਰੂ ਰਾਮਦਾਸ ਅੰਤਰਰਾਸ਼ਟਰੀ ਵਿਸ਼ਵ ਵਿਦਿਆਲਾ ਸਥਾਪਿਤ ਹੋ ਸਕਦਾ ਹੈ, ਜਿਸ ਦੀ ਫੰਡਿਗ 100 ਫ਼ੀਸਦੀ ਭਾਰਤ ਸਰਕਾਰ ਵੱਲੋਂ ਹੋਣੀ ਹੈ ਤੇ ਜਿਸ ਦਾ ਪਹਿਲੇ ਪੰਜ ਸਾਲ ਦਾ ਬਜਟ ਹੀ ਕਈ ਅਰਬ ਪਾਰ ਕਰ ਜਾਵੇਗਾ। ਇਸ ਦਾ ਕੱਦ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਤੋਂ ਕਿਤੇ ਵੱਡਾ ਹੋਵੇਗਾ। ਕੀ ਇਹ ਕੌਮ ਦੀ ਸੇਵਾ ਨਹੀਂ ਹੋਵੇਗੀ? ਕੀ ਸਾਡੀ ਖ਼ਾਲਸਾ ਯੂਨੀਵਰਸਿਟੀ ਦਾ ਕੱਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਕੌਮਾਂਤਰੀ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਵੱਡਾ ਹੋ ਸਕੇਗਾ? ਮੇਰਾ ਇਹ ਕਦਾਚਿਤ ਭਾਵ ਨਹੀਂ ਕਿ ਖ਼ਾਲਸਾ ਵਿਸ਼ਵ ਵਿਦਿਆਲੇ ਦੀ ਸਥਾਪਨਾ ਨਹੀਂ ਹੋਣੀ ਚਾਹੀਦੀ। ਆਓ, ਇੱਕ ਕਾਬਲ ਤੇ ਡੂੰਘੀ ਸੋਚ ਵਾਲੇ ਵਿੱਦਿਅਕ ਸ਼ਾਸ਼ਤਰੀ ਨੂੰ ਕੁਲਪਤੀ ਦੇ ਪਦ ‘ਤੇ ਸੁਸ਼ੋਭਿਤ ਕਰੀਏ। ਉਸ ਕੋਲ ਪੂਰੀ ਆਜ਼ਾਦੀ ਹੋਵੇ ਕਿ ਉਹ ਇਸ ਯੂਨੀਵਰਸਿਟੀ ਨੂੰ ਨਵੀਆਂ ਦਿਸ਼ਾਵਾਂ ਦੇ ਕੇ ਕੌਮੀ ਪੱਧਰ ‘ਤੇ ਸਥਾਪਤ ਕਰ ਸਕੇ ਨਾ ਕਿ ਖ਼ਾਲਸਾ ਕਾਲਜ ਪ੍ਰਬੰਧਕੀ ਕਮੇਟੀ ਦੀਆਂ ਸਾਰੀਆਂ ਸੰਸਥਾਵਾਂ ਨੂੰ ਇੱਕ ਛੱਤਰੀ ਹੇਠ ਇਕੱਠੇ ਕਰਕੇ ਇਸ ਦਾ ਮਿਲਗੋਭਾ ਬਣ ਜਾਵੇ । ਖ਼ਾਲਸਾ ਕਾਲਜ ਦੀ ਸੁਤੰਤਰ ਹੋਂਦ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਉਮੀਦਾਂ ਨਾਲ ਜੁੜੀ ਹੋਈ ਹੈ। ਆਉ ਇਸ ਨੂੰ ਕਾਇਮ ਰੱਖੀਏ ਤਾਂ ਕਿ ਇਸ ਦਾ ਅਕਾਦਮਿਕ ਕੱਦ ਹੋਰ ਉੱਚਾ ਹੋ ਸਕੇ। ਯੂ.ਜੀ.ਸੀ. ਦੇ ਨਿਯਮਾਂ ਤਹਿਤ ਇਸ ਕਾਲਜ ਨੂੰ ਆਸਾਨੀ ਨਾਲ ਖ਼ੁਦਮੁਖ਼ਤਿਆਰ ਕਾਲਜ ਬਣਾਇਆ ਜਾ ਸਕਦਾ ਹੈ। ਇਸ ਨਾਲ ਨਾ ਕੇਵਲ ਕਾਲਜ ਦਾ ਰੁਤਬਾ ਵਧੇਗਾ ਸਗੋਂ ਉਹ ਆਪਣੇ ਆਪ ਹੀ ਆਪਣੇ ਕੋਰਸ ਬਣਾ ਸਕਣਗੇ। ਆਪੇ ਹੀ ਇਮਤਿਹਾਨ ਲੈ ਸਕਣਗੇ ਅਤੇ ਖ਼ਾਲਸਾ ਕਾਲਜ ਦੇ ਬ੍ਰੈਂਡ ਨੂੰ ਕੌਮੀ ਪੱਧਰ ‘ਤੇ ਆਪਣਾ ਨਾਂ ਪੈਦਾ ਕਰਨ ਦੇ ਸਮਰੱਥ ਹੋ ਸਕਣਗੇ।

ਸਾਬਕਾ ਉਪ ਕੁਲਪਤੀ

ਗੁਰੂ ਨਾਨਕ ਦੇਵ ਯੂਨੀਵਰਿਸਟੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>