ਸੁੱਚੇ ਸੁਥਰੇ ਪੰਜਾਬੀ ਸਭਿਆਚਾਰ ਨਾਲ ਛੇੜਛਾੜ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ-ਜਥੇਦਾਰ ਗਾਬੜੀਆ

ਲੁਧਿਆਣਾ:-ਪੰਜਾਬ ਦੇ ਸਭਿਆਚਾਰ, ਸੈਰ ਸਪਾਟਾ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿਖੇ ਨੌਜਵਾਨ  ਲੇਖਕਾਂ ਪ੍ਰਮਿੰਦਰ ਸਿੰਘ ਗਰੋਵਰ ਅਤੇ ਦੇਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਪੰਜਾਬ ਦੇ ਸੈਰ ਸਪਾਟਾ ਵਿਕਾਸ ਲਈ ਲਿਖੀ ਪੁਸਤਕ ‘‘ਡਿਸਕਵਰ ਪੰਜਾਬ’’ ਨੂੰ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਸੱਚੇ ਸੁੱਚੇ ਸਭਿਆਚਾਰ ਉੱਪਰ ਅੱਜ ਜਿਹੜੇ ਹਮਲੇ ਹੋ ਰਹੇ ਹਨ ਉਨ੍ਹਾਂ ਬਾਰੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਚੇਤ ਹੈ। ਅਸ਼ਲੀਲ ਦੋ ਅਰਥੇ ਡਾਇਲਾਗ, ਮਨੁੱਖੀ ਰਿਸ਼ਤਿਆਂ ਨੂੰ ਪਲੀਤ ਕਰਨ ਵਾਲੇ ਸਸਤੀ ਗਾਇਕੀ ਵਾਲੇ ਵਪਾਰਕ ਗੀਤ, ਨੰਗੇਜ਼ ਵਾਲੀਆਂ ਵੀਡੀਓ ਫਿਲਮਾਂ ਅਤੇ ਗੀਤਾਂ ਦਾ ਬੇਹੂਦਾ ਫਿਲਮਾਂਕਣ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਹੋ ਜਿਹੇ ਕਲਾਕਾਰਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਆਪਣੀਆਂ ਇਹ ਹਰਕਤਾਂ ਬੰਦ ਕਰਨ ਤਾਂ ਜੋ ਪੰਜਾਬ ਦਾ ਸਮਾਜਿਕ ਤਾਣਾ ਬਾਣਾ ਨਾ ਵਿਗੜੇ। ਪ੍ਰੇਰਨਾ ਤੋਂ ਬਾਅਦ ਕਾਨੂੰਨ ਹਰਕਤ ਵਿੱਚ ਆਵੇਗਾ ਅਤੇ ਇਹੋ ਜਿਹੇ ਵਪਾਰਕ ਬਿਰਤੀ ਵਾਲੇ ਕਲਾਕਾਰਾਂ, ਗੀਤ ਲੇਖਕਾਂ, ਕੈਸਿਟ ਕੰਪਨੀਆਂ ਅਤੇ ਚੈਨਲਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਇਥੋਂ ਤੀਕ ਨੌਬਤ ਨਹੀਂ ਸੀ ਆਉਂਣੀ ਚਾਹੀਦੀ ਕਿਉਂਕਿ ਪੰਜਾਬ ਦਾ ਸਭਿਆਚਾਰ ਪੂਰੇ ਵਿਸ਼ਵ ਵਿੱਚ ਅੱਜ ਵੀ ਸਤਿਕਾਰਯੋਗ ਥਾਂ ਰੱਖਦਾ ਹੈ। ਇਸ ਨਾਲ ਬੇਹੁਰਮਤੀ ਨਾ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਪੰਜਾਬ ਆਰਟਸ ਕੌਂਸਲ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਸਭਿਆਚਾਰ ਨਾਲ ਸਬੰਧਿਤ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ ਦੀ ਸਭਿਆਚਾਰਕ ਨੀਤੀ ਦਾ ਖਰੜਾ ਤਿਆਰ ਕੀਤਾ ਜਾਵੇਗਾ ਤਾਂ ਜੋ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਆਖਿਆ ਕਿ  ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਸੈਰ ਸਪਾਟਾ ਸੰਬੰਧੀ ਇਕ ਸੂਚਨਾ ਕੇਂਦਰ ਖੋਲਿਆ ਜਾ ਰਿਹਾ ਹੈ ਜਿਥੇ ਅੰਮ੍ਰਿਤਸਰ ਵਿੱਚ ਵੇਖਣਯੋਗ ਥਾਵਾਂ ਸੰਬੰਧੀ ਫਿਲਮਾਂ ਲਗਾਤਾਰ ਵਿਖਾਈਆਂ ਜਾਣਗੀਆਂ। ਵਾਘਾ ਬਾਰਡਰ ਤੋਂ ਲੈ ਕੇ ਪੰਜਾਬ ਦੀ ਹੱਦ ਤੀਕ ਚਲਦੀਆਂ ਬੱਸਾਂ ਵਿੱਚ ਵੀ ਪੰਜਾਬ ਦੇ ਅਮੀਰ ਵਿਰਸੇ, ਯਾਦਗਾਰੀ ਭਵਨਾਂ ਅਤੇ ਇਤਿਹਾਸਕ ਥਾਵਾਂ ਸੰਬੰਧੀ ਫਿਲਮਾਂ ਵਿਖਾਈਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਵੱਲੋਂ ਰਾਏਕੋਟ ਵਿਖੇ ਮਹਾਰਾਜਾ ਦਲੀਪ ਸਿੰਘ ਜੀ ਦੀ ਯਾਦਗਾਰ, ਇਕ ਇੰਜੀਨੀਅਰਿੰਗ ਸੰਸਥਾ ਅਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਵਿਸਵਾਸ਼ ਪਾਤਰ ਰਾਏ ਕੱਲ੍ਹਾ ਜੀ ਦੀ ਯਾਦ ਵਿੱਚ ਮਿਉਂਸਪਲ ਲਾਇਬ੍ਰੇਰੀ ਦੀ ਉਸਾਰੀ ਸਿਰਫ ਲੁਧਿਆਣਾ ਵਾਸੀਆਂ ਲਈ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਲਈ ਮਾਣਯੋਗ ਕਦਮ ਹੈ। ਉਨ੍ਹਾਂ ਇਸ ਕਾਰਜ ਦੀ ਆਰੰਭਤਾ ਲਈ ਗੁਰਭਜਨ ਸਿੰਘ ਗਿੱਲ, ਡਾ: ਨਿਰਮਲ ਜੌੜਾ ਅਤੇ ਡਾ: ਅਨਿਲ ਸ਼ਰਮਾ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।

ਡਿਸਕਵਰ ਪੰਜਾਬ ਪੁਸਤਕ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਅਤੇ ਹਿੰਦੀ ਵਿੱਚ ਵੀ ਪ੍ਰਕਾਸ਼ਤ ਕਰਨ ਦੀ ਜਿੰਮੇਂਵਾਰੀ ਪੰਜਾਬ ਲਲਿਤ ਕਲਾ ਅਕੈਡਮੀ ਨੂੰ ਸੌਂਪੀ ਜਾਵੇਗੀ। ਉਨ੍ਹਾਂ ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਸ: ਰਣਜੋਧ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਯਾਦਗਾਰੀ ਪ੍ਰਕਾਸ਼ਨਾ ਦੇ ਰੂਪ ਵਿੱਚ ਪੇਸ਼ ਕਰਨ ਤਾਂ ਜੋ ਪੰਜਾਬ ਵਿੱਚ ਬਾਹਰੋਂ ਆਉਣ ਵਾਲੇ ਸੈਲਾਨੀ ਇਸ ਪੁਸਤਕ ਰਾਹੀਂ ਪੰਜਾਬ ਦੀ ਸਭਿਆਚਾਰ ਅਮੀਰੀ ਨੂੰ ਜਾਣ ਸਕਣ। ਉਨ੍ਹਾਂ ਆਖਿਆ ਕਿ ਇਹ ਦੋਵੇਂ ਨੌਜਵਾਨ ਲੇਖਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਸੈਰ ਸਪਾਟਾ ਸੰਬੰਧੀ ਪੜ੍ਹਾਈ ਕਰਨ ਉਪਰੰਤ ਪੰਜਾਬ ਦੀਆਂ ਲੋੜਾਂ ਮੁਤਾਬਕ ਇਹ ਪੁਸਤਕ ਤਿਆਰ ਕੀਤੀ ਹੈ। ਇਸ ਪੁਸਤਕ ਦੇ ਲੇਖਕ ਪ੍ਰਮਿੰਦਰ ਸਿੰਘ ਗਰੋਵਰ ਅਤੇ ਦੇਵਿੰਦਰਜੀਤ ਸਿੰਘ ਗਰੇਵਾਲ ਬਾਰੇ ਸ: ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਪੰਜਾਬ ਟੈਕਨੀਕਲ ਕਾਲਜ ਬੱਦੋਵਾਲ (ਲੁਧਿਆਣਾ)  ਸੈਰ ਸਪਾਟੇ ਸੰਬੰਧੀ ਗਰੈਜੂਏਸ਼ਨ ਕਰ ਚੁੱਕੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਮਾਨਯੋਗ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਦਾ ਸੁਆਗਤ ਕਰਦਿਆਂ ਆਖਿਆ ਕਿ ਇਹ ਯੂਨੀਵਰਸਿਟੀ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੀਕ ਕਲਾਕਾਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਪੰਜਾਬ ਲਈ ਫਿਕਰਮੰਦ ਧਿਰਾਂ ਦਾ ਮੱਕਾ ਹੈ। ਇਹ ਦੋਵੇਂ ਨੌਜਵਾਨ ਲੇਖਕ ਅੱਜ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਸੈਰ ਸਪਾਟਾ ਮੰਤਰੀ ਸ: ਹੀਰਾ ਸਿੰਘ ਗਾਬੜੀਆ ਨੇ ਅਸ਼ੀਰਵਾਦ ਦੇ ਕੇ ਨਿਵਾਜ਼ਿਆ ਹੈ। ਸੰਚਾਰ ਕੇਂਦਰ ਦੇ ਅਧਿਆਪਕ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਜਿਥੇ ਮੰਤਰੀ ਜੀ ਦਾ ਸੰਚਾਰ ਕੇਂਦਰ ਫੇਰੀ ਲਈ ਧੰਨਵਾਦ ਕੀਤਾ ਉਥੇ ਅਪੀਲ ਕੀਤੀ ਕਿ ਸਭਿਆਚਾਰਕ ਨੀਤੀ ਦਾ ਡਰਾਫਟ ਤੁਰੰਤ ਪਾਸ ਕਰਵਾਇਆ ਜਾਵੇ ਤਾਂ ਜੋ ਪੰਜਾਬ ਵਿੱਚ ਸਭਿਆਚਾਰਕ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉੱਘੇ ਵਾਤਾਵਰਨ ਪ੍ਰੇਮੀ ਅਤੇ ਬਾਲ ਸਾਹਿਤ ਲੇਖਕ ਕਰਮਜੀਤ ਸਿੰਘ ਗਰੇਵਾਲ ਅਤੇ ਅਕਾਲੀ ਆਗੂ ਇੰਦਰ ਮੋਹਨ ਸਿੰਘ ਕਾਕਾ ਵੀ ਹਾਜ਼ਰ ਸਨ। ਉਨ੍ਹਾਂ ਨੇ ਵਾਤਾਵਰਨ ਸੰਬੰਧੀ ਆਪਣੀ ਇਕ ਪੁਸਤਕ ਵੀ ਮੰਤਰੀ ਜੀ ਨੂੰ ਭੇਂਟ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਾਣੀ ਬਚਾਓ ਮੁਹਿੰਮ ਦੇ ਹਿੱਸੇ ਅਧੀਨ ਪ੍ਰਕਾਸ਼ਤ ਪੋਸਟਰ ਵੀ ਮਾਨਯੋਗ ਮੰਤਰੀ ਜੀ ਨੂੰ ਡਾ: ਜਗਤਾਰ ਸਿੰਘ ਧੀਮਾਨ ਅਤੇ ਡਾ: ਅਨਿਲ ਸ਼ਰਮਾ ਨੇ ਭੇਂਟ ਕੀਤਾ। ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਦੇ ਗੀਤ ਪਾਣੀ ਜੇ ਬਚਾਓਗੇ ਪੰਜਾਬ ਬਚ ਜਾਏਗਾ ਨੂੰ ਸੁਚਿੱਤਰ ਰੂਪ ਵਿੱਚ ਸ਼ਿੰਗਾਰ ਕੇ ਇਸ ਪੋਸਟਰ ਰਾਹੀਂ ਇਹ ਸੁਨੇਹਾ ਲੋਕਾਂ ਤੀਕ ਪਹੁੰਚਾਇਆ ਗਿਆ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>