ਡਰਬੀ ਦਾ ਸ਼ਹੀਦੀ ਟੂਰਨਾਮੈਂਟ ਡਰਬੀ ਨੇ ਹੀ ਜਿੱਤਿਆ

ਡਰਬੀ,( ਪਰਮਜੀਤ ਸਿੰਘ ਬਾਗੜੀਆ)- ਮਿਡਲੈਂਡ ਵਿਚ ਪੰਜਾਬੀਆਂ ਦੀ ਚੋਖੀ ਵਸੋਂ ਵਾਲੇ ਸ਼ਹਿਰ ਡਰਬੀ ਵਿਖੇ ਸਲਾਨਾ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ। ਗੁਰੂ ਅਰਜਨ ਦੇਵ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਗੁਰਦੁਆਰਾ ਖਾਲਸਾ ਕਬੱਡੀ ਕਲੱਬ ਡਰਬੀ ਵਲੋਂ ਕਰਵਾਏ ਇਸ ਕਬੱਡੀ ਟੂਰਨਾਮੈਂਟ ਵਿਚ ਡਰਬੀ ਦੇ ਦੂਸਰੇ ਗੁਰੂ ਘਰਾਂ ਰਾਮਗੜ੍ਹੀਆ ਸਭਾ ਡਰਬੀ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਦਾ ਵੀ ਪੂਰਨ ਸਹਿਯੋਗ ਰਿਹਾ। ਡਰਬੀ ਦੇ ਪ੍ਰਬੰਧਕਾਂ ਵਲੋਂ ਇਹ ਟੂਰਨਮੈਂਟ ਹਰ ਸਾਲ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਹੈ। ਟੂਰਨਾਮੈਂਟ ਦੇ ਪ੍ਰਬੰਧ ਵਿਚ ਸੁਖਦੇਵ ਸਿੰਘ ਅਟਵਾਲ ਚੇਅਰਮੈਨ ਕਬੱਡੀ ਕਲੱਬ, ਹਰਚਰਨ ਸਿੰਘ ਬੋਲਾ ਖਜ਼ਾਨਚੀ ਕਬੱਡੀ ਫੈਡਰੇਸ਼ਨ, ਨੱਛਤਰ ਸਿੰਘ ਛੋਕਰ, ਅਮਰਜੀਤ ਸਿੰਘ ਤੂਰ, ਅਜੈਬ ਸਿੰਘ, ਬਿੱਕਰ ਸਿੰਘ ਚਾਹਲ, ਹਰਜਿੰਦਰ ਸਿੰਘ ਬੋਈ, ਹਰਦਿਆਲ ਸਿੰਘ ਧਮੜੈਤ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਜੌਹਲ, ਤਾਰੀ ਵਿਧੀਪੁਰੀਆ, ਰਮਿੰਦਰ ਸਿੰਘ ਪ੍ਰਧਾਨ ਗੁਰੂ ਅਰਜਨ ਦੇਵ ਗੁਰਦੁਆਰਾ ਕਮੇਟੀ, ਪਰਮਜੀਤ ਸਿੰਘ ਰੱਤੂ, ਜਰਨੈਲ ਸਿੰਘ ਬੁੱਟਰ, ਸੋਹਨ ਸਿੰਘ ਬਾਠ, ਜਸਵੀਰ ਸਿੰਘ ਢਿੱਲੋਂ ਸਪੋਰਟਸ ਸੈਕਟਰੀ, ਜਸਬੀਰ ਸਿੰਘ ਪੁਰੇਵਾਲ, ਸਤਨਾਮ ਸਿੰਘ ਬੱਲ, ਜਸਵਿੰਦਰ ਸਿੰਘ ਰਾਏ, ਜੋਗਿੰਦਰ ਸਿੰਘ ਜੌਹਲ ਦੀ ਵਿਸ਼ੇਸ਼ ਭੂਮਿਕਾ ਹੈ। ਇਹ ਟੂਰਨਾਮੈਂਟ ਫੈਡਰੇਸ਼ਨ ਦੇ ਪ੍ਰਧਾਨ ਸ. ਹਰਭਜਨ ਸਿੰਘ ਭਜੀ, ਜਨਰਲ ਸਕੱਤਰ ਸੁਰਿੰਦਰ ਮਾਣਕ ਤੇ ਚੇਅਰਮੈਨ ਜਸਵਿੰਦਰ ਸਿੰਘ ਨਿੰਨੀ ਸਹੋਤਾ ਦੀ ਦੇਖ ਰੇਖ ਹੇਠ ਸਮੇਂ ਸਿਰ ਤੇ ਨਿਰਵਿਘਨ ਨੇਪਰੇ ਚੜ੍ਹਿਆ। ਟੂਰਨਾਮੈਂਟ ਵਿਚ ਪ੍ਰਸਿੱਧ ਅਖਬਾਰ ਪੰਜਾਬ ਟਾਈਮਜ਼ ਦੇ ਸੰਪਾਦਕ ਸ. ਰਜਿੰਦਰ ਸਿੰਘ ਪੁਰੇਵਾਲ ਵੀ ਵਿਸ਼ੇਸ਼ ਤੌਰ ਤੇ ਹਜ਼ਰ ਸਨ। ਟੀਮਾਂ ਨਾਲ ਜਾਣ-ਪਹਿਚਾਣ  ਮਿਸਜ਼ ਮਰਗ੍ਰੇਟ ਵਿਕਟ ਐਮ.ਪੀ. ਡਰਬੀ ਸ਼ਹਿਰ ਅਤੇ ਮੇਅਰ ਅਮਰਨਾਥ ਨੇ ਕੀਤੀ।  

ਟੂਰਨਾਮੈਂਟ ਦਾ ਪਹਿਲਾ ਮੁਕਾਬਲੇ ਵਿਚ ਸਿੱਖ ਟੈਂਪਲ ਵੁਲਵਰਹੈਪਟਨ ਦੀ ਟੀਮ ਨੇ ਵਾਲਸਲ ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿਚ ਮਾਤ ਦਿੱਤੀ। ਦੂਜੇ ਮੈਚ ਵਿਚ ਹੁੱਲ ਦੇ ਗੱਭਰੂਆਂ ਨੇ ਇਕ ਵਾਰ ਤਾਂ ਪਿਛਲੇ ਟੂਰਨਾਮੈਂਟ ਹੇਜ਼ ਦੀ ਜੇਤੂ ਟੀਮ ਪੰਜਾਬ ਯੁਨਾਈਟਡ ਨੂੰ ਵਖਤ ਜਿਹਾ ਪਾ ਦਿੱਤਾ ਪਰ ਅੰਤ ਪੰਜਾਬ ਯੁਨਾਈਟਡ ਨੇ ਇਹ ਮੁਕਾਬਲਾ 27 ਦੇ ਮੁਕਾਬਲੇ ਸਾਢੇ 35 ਅੰਕਾਂ ਨਾਲ ਜਿੱਤ ਲਿਆ। ਤੀਜੇ ਮੈਚ ਵਿਚ ਮੇਜ਼ਬਾਨ ਡਰਬੀ ਦੀ ਟੀਮ ਲਿਸਟਰ ਨੂੰ ਜਿੱਤ ਕੇ ਅੱਗੇ ਵਧੀ। ਚੌਥੇ ਮੈਚ ਵਿਚ ਈਰਥ ਨੇ ਬਰਮਿੰਘਮ ਨੂੰ ਸੌਖਿਆਂ ਜਿੱਤਿਆ। ਪੰਜਵੇਂ ਮੈਚ ਵਿਚ ਗ੍ਰੇਵਜੈਂਡ ਨੇ ਸਾਊਥਾਲ ਨੂੰ ਹਰਾਇਆ ਅਤੇ ਛੇਵੇਂ ਮੈਚ ਵਿਚ ਹੇਜ਼ ਨੇ ਬਾਰਕਿੰਗ ਨੂੰ ਫਿਰ ਟੈਲਫੋਰਡ ਨੇ ਸਲੋਹ ਨੂੰ 35 ਦੇ ਮੁਕਾਬਲੇ ਸਾਢੇ 35 ਅੰਕਾਂ ਨਾਲ ਹਰਾਇਆ।

ਐਤਕੀ ਕਵੈਂਟਰੀ ਨੂੰ ਵਾਈ ਮਿਲੀ ਸੀ ਇਸ ਲਈ ਅਗਲੇ ਦੌਰ ਦਾ ਪਹਿਲਾ ਮੈਚ ਹੇਜ਼ ਤੇ ਕਵੈਂਟਰੀ ਵਿਚਕਾਰ ਸੀ।ਇਸ ਵਿਚ ਹੇਜ਼ ਵਾਲੇ ਸਖਤ ਮੁਕਾਬਲੇ ਵਿਚ 29 ਦੇ ਮੁਕਾਬਲੇ ਸਾਢੇ 32 ਅੰਕਾਂ ਨਾਲ ਜਿੱਤੇ। ਸਿੱਖ ਟੈਂਪਲ ਵੁਲਵਰਹੈਪਟਨ ਦਾ ਤੇ ਟੈਲਫੋਰਡ ਦਾ ਮੈਚ ਵੀ ਪੂਰਾ ਅੜਿਆ। ਇਸ ਵਿਚ 32 ਦੇ ਮੁਕਾਬਲੇ ਸਾਢੇ 32 ਨਾਲ ਵੁਲਵਰਹੈਂਪਟਨ ਵਾਲੇ ਜਿੱਤੇ। ਡਰਬੀ ਨੇ ਗ੍ਰੇਵਜੈਂਡ ਨੂੰ 33 ਦੇ ਮੁਕਾਬਲੇ ਸਾਢੇ 43 ਅੰਕਾਂ ਨਾਲ ਹਰਾਇਆ। ਦਰਸ਼ਕ ਈਰਥ ਵਲੋਂ ਪੰਜਾਬ ਯੁਨਾਈਟਡ ਨੂੰ  ਅੱਧੋ ਅੱਧ ਨਾਲ ਹਰਾਉਣ ਤੋਂ ਹੈਰਾਨ ਹੋਏ। ਈਰਥ ਇਸ ਮੈਚ ਵਿਚ 16 ਦੇ ਮੁਕਾਬਲੇ ਸਾਢੇ 33 ਅੰਕਾਂ ਨਾਲ ਜੇਤੂ ਰਿਹਾ।

ਹੁਣ ਸੈਮੀਫਾਈਨਲ ਵਿਚ ਡਰਬੀ ਤੇ ਸਿੱਖ ਟੈਂਪਲ ਵੁਲਵਰਹੈਂਪਟਨ ਅਤੇ  ਈਰਥ ਤੇ ਕਵੈਂਟਰੀ ਦਾ ਮੁਕਾਬਲਾ ਹੋਣਾ ਸੀ। ਪਹਿਲੇ ਸੈਮੀਫਾਈਨਲ ਵਿਚ ਡਰਬੀ ਦੇ ਧਾਵੀਆਂ ਨੇ ਬੇਰੋਕ ਕਬੱਡੀਆ ਪਾਈਆਂ। ਧਾਵੀ ਸੁੱਖੀ ਲੱਖਣ ਕੇ ਪੱਡਾ ਨੇ 4, ਸੰਦੀਪ ਬਦੇਸ਼ਾ ਨੇ 10 ਸਫਲ ਕਬੱਡੀਆਂ ਪਾਈਆਂ। ਤੀਜੇ ਧਾਵੀ ਜਗਮੀਤ ਨੂੰ 10 ਕਬੱਡੀਆਂ ਵਿਚ ਇਕ ਜੱਫਾ ਵੁਲਵਰਹੈਪਟਨ ਦੇ ਜਾਫੀ ਚਮਕੌਰ ਨੇ ਲਾਇਆ। ਡਰਬੀ ਵਿਰੁੱਧ ਪੂਰੇ ਮੈਚ ਵਿਚ ਇਹ ਇਕੋ-ਇਕ ਜੱਫਾ ਸੀ ਪਰ ਦੂਜੇ ਪਾਸੇ ਸਿੱਖ ਟੈਂਪਲ ਦੇ ਧਾਵੀ ਮੱਖਣ ਸੰਧੂ ਨੂੰ 9 ਕਬੱਡੀਆਂ ਵਿਚ ਇਕ ਜੱਫਾ ਜੀਤੀ ਕੂਨਰ ਨੇ ਲਾਇਆ ਜਦਕਿ ਧਾਵੀ ਸੁਖਚੈਨ ਨਾਗਰਾ ਨੂੰ 7 ਕਬੱਡੀਆਂ ਵਿਚ ਇਕ ਜੱਫਾ ਸੰਦੀਪ ਨੰਗਲ ਅੰਬੀਆਂ ਨੇ ਲਇਆ। ਧਾਵੀ ਸ਼ੱਬਾ ਘੁਮਾਣ ਨੂੰ 7 ਕਬੱਡੀਆਂ ਵਿਚ ਇਕ-ਇਕ ਜੱਫਾ ਸੰਦੀਪ ਤੇ ਜੀਤੀ ਕੂੰਨਰ ਨੇ ਅਤੇ 2 ਜੱਫੇ ਜਾਫੀ ਗੋਰਾ ਭੜਾਣਾ ਨੇ ਲਾਏ। ਜੀਤੀ ਤੇ ਗੋਰੇ ਨੇ ਇਕ-ਇਕ ਜੱਫਾ ਸਥਾਨਕ ਧਾਵੀ ਨੂੰ ਵੀ ਲਾਇਆ। ਇਸ ਤਰ੍ਹਾਂ ਡਰਬੀ ਨੇ 18 ਦੇ ਮੁਕਾਬਲੇ ਸਾਢੇ 30 ਅੰਕਾਂ ਨਾਲ ਜਿੱਤ ਕੇ ਪਹਿਲੀ ਵਾਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਦੂਜੇ ਸੈਮੀਫਾਈਨਲ ਵਿਚ ਈਰਥ ਨੇ ਵੀ ਕਵੈਂਟਰੀ ਨੂੰ ਸੌਖਿਆਂ ਹੀ ਹਰਾ ਦਿੱਤਾ। ਈਰਥ ਵਲੋਂ ਧਾਵੀ ਕਾਲਾ ਮੀਆਂਵਿੰਡ, ਪਿੰਕੂ ਖਹਿਰਾ ਤੇ ਕੁਲਵਿੰਦਰ ਕਿੰਦੇ ਨੂੰ ਇਕ-ਇਕ ਜੱਫਾ ਹੀ ਲੱਗਾ ਜੋ   ਪ੍ਰਗਟ ਹਿੰਮਤਪੁਰ, ਟੱਕਰ ਤਲਵੰਡੀ ਚੌਧਰੀਆਂ ਤੇ ਲੱਖਾ ਚੀਮਾ ਨੇ ਲਾਇਆ ਜਦਕਿ ਧਾਵੀ ਸੋਨੂ ਜੰਪ ਨੂੰ 4 ਕਬੱਡੀਆਂ ਵਿਚ ਕੋਈ ਜੱਫਾ ਹੀਂ ਲੱਗਾ। ਦੂਜੇ ਪਾਸੇ ਕਵੈਂਟਰੀ ਦੇ ਧਾਵੀ ਮਨਿੰਦਰ ਸਰਾਂ ਨੇ ਵੀ ਬੇਰੋਕ 12 ਕਬੱਡੀਆਂ ਪਾਈਆ ਪਰ ਉਸਦੇ ਸਾਥੀ ਧਾਵੀ ਗੀਤਾ ਮੂਲੇਵਾਲ ਨੂੰ ਲਗਾਤਾਰ 3 ਜੱਫੇ ਲੱਗੇ ਜਿਨ੍ਹਾਂ ਵਿਚੋਂ ਇਕ ਜੱਫਾ ਮੁਸ਼ਰਫ ਜਾਵੇਦ ਜੰਜੂਆ ਤੇ 2 ਜੱਫੇ ਹੈਪੀ ਬਿਜਲੀ ਨੇ ਲਾਏ। ਧਾਵੀ ਗੱਲਾ ਬਹੂਆ ਨੂੰ 8 ਕਬੱਡੀਆਂ ਵਿਚ ਇਕ ਜੱਫਾ ਜੱਸੀ ਲੇਲ੍ਹਾਂ ਅਤੇ 3 ਜੱਫੇ ਬਲਕਾਰਾ ਸਿਕਾਰ ਮਾਛੀਆਂ ਨੇ ਲਾਏ। ਈਰਥ ਨੇ ਇਹ ਮੈਚ 24 ਦੇ ਮੁਕਾਬਲੇ ਸਾਢੇ 33 ਅੰਕਾਂ ਨਾਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।

ਫਾਈਨਲ ਮੈਚ ਵਿਚ ਇਸ ਸੀਜਨ ਦੀਆਂ ਦੋ ਤਕੜੀਆਂ ਟੀਮਾਂ ਡਰਬੀ ਤੇ ਈਰਥ ਆਹਮੋ-ਸਾਹਮਣੇ ਸੀ। ਈਰਥ ਵਲੋਂ ਧਾਵੀ ਪਿੰਕੂ ਖਹਿਰਾ ਨੇ ਸ਼ਾਨਦਾਰ ਕਬੱਡੀਆ ਪਾਈਆਂ। ਪਿੰਕੂ ਨੂੰ 16 ਕਬੱਡੀਆ ਵਿਚ 2 ਜੱਫੇ ਡਰਬੀ ਦੇ ਜਾਫੀ ਸੰਦੀਪ ਨੇ ਲਾਏ। ਧਾਵੀ ਸੋਨੂੰ ਜੰਪ ਨੇ ਅੱਧੇ ਸਮੇਂ ਤੱਕ 5 ਕਬੱਡੀਆ ਪਾਈਆਂ ਤੇ ਸੋਨੂੰ ਨੂੰ ਜਾਫੀ ਸੰਦੀਪ ਨੇ ਇਕ ਵਾਰ ਰੋਕ ਲਿਆ ਪਰ ਟੀਮ ਦੇ ਧਾਵੀ ਕੁਲਵਿੰਦਰ ਕਿੰਦੇ ਨੂੰ 19 ਕਬੱਡੀਆਂ ਵਿਚ 10 ਜੱਫੇ ਲੱਗੇ ਜਿਨ੍ਹਾਂ ਵਿਚੋਂ ਸੰਦੀਪ ਤੇ ਜੀਤੀ ਕੂੰਨਰ ਨੇ 5-5 ਜੱਫੇ ਲਾਏ। ਜਖਮੀ ਕਾਲਾ ਮੀਆਂਵਿੰਡ ਵਲੋਂ ਅੱਧੇ ਸਮੇਂ ਬਾਅਦ ਪਾਈਆਂ 2 ਕਬੱਡੀਆ  ਵਿਚ ਇਕ ਵਾਰ ਉਸਨੂੰ ਜੀਤੀ ਕੂੰਨਰ ਨੇ ਰੋਕਿਆ। ਦੂਜੇ ਪਾਸੇ ਭਾਵੇਂ ਈਰਥ ਦੀ ਜਾਫਲਾਈਨ ਨੇ ਵੀ ਜੱਫੇ ਬਰਾਬਰ ਕਰਨ ਲਈ ਜੱਦੋ-ਜਹਿਦ ਕੀਤੀ ਪਰ ਡਰਬੀ ਦੇ ਧਾਵੀ ਸੁੱਖੀ ਲੱਖਣ ਕੇ ਪੱਡਾ ਨੇ ਸ਼ਾਨਦਾਰ 20 ਕਬੱਡੀਆਂ ਪਾਈਆਂ ਤੇ ਸੁੱਖੀ ਨੂੰ ਹੈਪੀ ਬਿਜਲੀ ਨੇ ਇਕ ਅਤੇ ਬਲਕਾਰੇ ਨੇ 2 ਜੱਫੇ ਲਾਏ। ਧਾਵੀ ਸੰਦੀਪ ਬਦੇਸ਼ੇ ਨੂੰ ਵੀ 13 ਕਬੱਡੀਆਂ ਵਿਚ ਜਾਫੀ ਬਲਕਾਰੇ ਨੇ 2 ਜੱਫੇ ਲਾਏ ਜਦਕਿ ਇਕ ਜੱਫਾ ਦੀਪਾ ਘੁਰਲੀ ਨੇ ਵੀ ਲਾਇਆ। ਤੀਜੇ ਧਾਵੀ ਜਗਮੀਤ ਪਧਾਣਾ ਨੂੰ 10 ਕਬੱਡੀਆਂ ਵਿਚ ਇਕ ਜੱਫਾ ਦੀਪਾ ਘੁਰਲੀ ਤੇ 2 ਜੱਫੇ ਹੈਪੀ ਬਿਜਲੀ ਨੇ ਲਾਏ ਜਦਕਿ ਜਗਮੀਤ ਦਾ ਇਕ ਅੰਕ ਜਾਫੀ ਬਲਕਾਰੇ ਨਾਲ ਕਾਮਨ ਰਿਹਾ। ਖਿਤਾਬੀ ਮੁਕਾਬਲੇ ਦੇ ਅੱਧੇ ਸਮੇਂ ਤੱਕ ਈਰਥ ਦੀ ਟੀਮ 17 ਦੇ ਮੁਕਾਬਲੇ ਸਾਢੇ 23 ਅੰਕਾਂ ਨਾਲ ਅੱਗੇ ਸੀ ਪਰ ਦੂਜੇ ਅੱਧ ਵਿਚ ਡਰਬੀ ਦੇ ਜਾਫੀ ਸੰਦੀਪ ਨੰਗਲ ਅੰਬੀਆਂ ਤੇ ਜੀਤੀ ਕੂੰਨਰ ਦੀ ਜੋੜੀ ਨੇ ਜੱਫਿਆਂ ਦੀ ਝੜੀ ਜਿਹੀ ਲਾ ਦਿੱਤੀ।  37 ਦੇ ਮੁਕਾਬਲੇ ਸਾਢੇ 47 ਅੰਕਾਂ ਨਾਲ ਈਰਥ ਨੂੰ ਹਰਾ ਕੇ ਸੀਜਨ ਦਾ ਪਹਿਲਾ ਕੱਪ ਜਿੱਤਣ ਵਾਲੀ ਡਰਬੀ ਦੀ ਟੀਮ ਦਾ 20 ਕਬੱਡੀਆਂ ਪਾ ਕੇ 17 ਅੰਕ ਲੈਣ ਵਾਲਾ ਧਾਵੀ ਸੁੱਖੀ ਲੱਖਣ ਕੇ ਪੱਡਾ ਬੈਸਟ ਧਾਵੀ ਤੇ 8 ਜੱਫੇ ਲਾਉਣ ਵਾਲਾ ਸੰਦੀਪ ਨੰਗਲ ਅੰਬੀਆਂ ਬੈਸਟ ਜਾਫੀ ਰਿਹਾ। ਟੀਮ ਦੀ ਵਧੀਆ ਕਾਰਗੁਜਾਰੀ ਨੇ ਅੱਜ ਕਈ ਸਾਲਾਂ ਬਾਅਦ ਟੀਮ ਦੀ ਝੋਲੀ ਵਿਚ ਜੇਤੂ ਕੱਪ ਪਾਇਆ ਸੀ ਜਿਸ ਕਰ ਕੇ ਟੀਮ ਦੇ ਸਮਰਥਕ ਸੋਖਾ ਅਟਵਾਲ ਉਦੋਪੁਰੀਆ, ਕੁਲਵਿੰਦਰ ਸਿੰਘ ਛੋਕਰ, ਹਰਚਰਨ ਸਿੰਘ ਬੋਲਾ ਨਛੱਤਰ ਸਿੰਘ ਛੋਕਰ ਆਦਿ ਸਾਰੇ ਖੁਸ਼ ਸਨ। ਡਰਬੀ ਵਾਲਿਆਂ ਲਈ ਅੱਜ ਦੂਹਰੀ ਖੁਸ਼ੀ ਸੀ ਕਿਉਂ ਕਿ ਅੱਜ ਅੰਡਰ 21 ਵਾਲੀ ਡਰਬੀ ਦੀ ਟੀਮ ਨੇ ਬਰਮਿੰਘਮ ਦੀ ਟੀਮ ਨੂੰ ਜਿੱਤ ਲਿਆ ਸੀ। ਉਧਰ ਸੀਜ਼ਨ ਦਾ ਪਹਿਲਾ ਰਨਰ ਅਪ ਕੱਪ ਚੁੱਕਣ ਵਾਲੀ ਟੀਮ ਈਰਥ ਦੇ ਸਪਾਂਸਰ ਸੁਰਿੰਦਰ ਮਾਣਕ ਜਨਰਲ ਸਕੱਤਰ ਕਬੱਡੀ ਫੈਡਰੇਸ਼ਨ ਤੇ ਜੈਲਾ ਵੀ ਖੁਸ਼ ਸਨ। ਡਰਬੀ ਦਾ ਮੇਲਾ ਇਸ ਵਾਰ ਇਕੱਠ ਤੇ ਕਬੱਡੀ ਦੇ ਗਹਿ ਗੱਚ ਮੁਕਾਬਲੇ ਸਦਕਾ ਯਾਦਗਾਰੀ ਪੈੜਾਂ ਪਾ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>