ਪੱਛਮੀ ਬੰਗਾਲ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣਾ ਸੁਆਗਤ ਯੋਗ-ਗੁਰਭਜਨ ਗਿੱਲ

ਲੁਧਿਆਣਾ:-ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਹੇਠ ਬਣੀ ਸਰਕਾਰ ਵੱਲੋਂ ਪਹਿਲੇ ਹੀ ਹਫ਼ਤੇ ਅੰਦਰ ਕੁਝ ਹੋਰ ਖੇਤਰੀ ਭਾਸ਼ਾਵਾਂ ਦੇ ਨਾਲ ਪੰਜਾਬੀ ਭਾਸ਼ਾ ਨੂੰ ਦੂਸਰੀ ਭਾਸ਼ਾ ਦਾ ਦਰਜਾ ਦੇਣਾ ਸੁਆਗਤਯੋਗ ਕਦਮ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਖਜੀਤ, ਕਾਰਜਕਾਰਨੀ ਮੈਂਬਰਾਂ ਡਾ: ਨਿਰਮਲ ਜੌੜਾ, ਤਰਲੋਚਨ ਲੋਚੀ, ਗੁਰਚਰਨ ਕੌਰ ਕੋਚਰ ਅਤੇ ਸਾਬਕਾ ਜਨਰਲ ਪ੍ਰੋਫੈਸਰ ਰਵਿੰਦਰ ਭੱਠਲ ਨੇ ਇਸ ਫੈਸਲੇ ਦਾ ਸੁਆਗਤ ਕਰਦਿਆਂ ਪੱਛਮੀ ਬੰਗਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੇ ਨਾਲ ਪੰਜਾਬੀ ਦੀ ਪੜ੍ਹਾਈ ਲਈ ਸਮਾਂਬੱਧ ਯੋਜਨਾਕਾਰੀ ਕਰਨ। ਉਨ੍ਹਾਂ ਪੱਛਮੀ ਬੰਗਾਲ ਦੇ ਕੈਬਨਿਟ ਮੰਤਰੀ ਸ: ਰਛਪਾਲ ਸਿੰਘ ਬੇਦੀ ਅਤੇ ਹੋਰ ਹਿੰਮਤੀ ਵਿਧਾਇਕਾਂ ਦਾ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਕਲੱਕਤਾ ਵਿੱਚ ਪਿਛਲੇ 200 ਸਾਲ ਤੋਂ ਵਸਦੇ ਪੰਜਾਬੀਆਂ ਦੇ ਬੱਚਿਆਂ ਲਈ ਸੁਰੱਖਿਅਤ ਮਾਂ ਬੋਲੀ ਭਵਿੱਖ ਨੂੰ ਯਕੀਨੀ ਬਣਾਇਆ ਹੈ।

ਅਕੈਡਮੀ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਬੰਗਾਲ ਅਤੇ ਪੰਜਾਬ ਦੀ ਇਨਕਲਾਬੀ ਵਿਰਾਸਤ ਇਕ ਹੋਣ ਦੇ ਨਾਲ ਨਾਲ ਸਾਹਿਤਕ ਵਿਰਾਸਤ ਵੀ ਨਾਲ ਨਾਲ ਤੁਰਦੀ ਹੈ ਅਤੇ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਹੀ ਉਹ ਅਕੈਡਮੀ ਵੱਲੋਂ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀਆਂ 12 ਪੁਸਤਕਾਂ ਦਾ ਸੈੱਟ ਪੰਜਾਬੀ ਵਿੱਚ ਪ੍ਰਕਾਸ਼ਤ ਕਰਕੇ ਸ਼ਾਂਤੀ ਨਿਕੇਤਨ ਵਿਖੇ ਰਿਲੀਜ਼ ਕਰਕੇ ਆਏ ਹਨ। ਉਨ੍ਹਾਂ ਆਖਿਆ ਕਿ ਨੇੜ ਭਵਿੱਖ ਵਿੱਚ ਅਕੈਡਮੀ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਲਕੱਤਾ ਵਿਖੇ ਦੋ ਰੋਜ਼ਾ ਸਾਹਿਤਕ ਕਾਨਫਰੰਸ ਕਰਵਾਈ ਜਾਵੇਗੀ ਜਿਸ ਵਿੱਚ ਪੰਜਾਬ ਦੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਵੱਲੋਂ ਮਮਤਾ ਬੈਨਰਜੀ ਨੂੰ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਦੇਣ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧ ਵਿੱਚ ਕਲੱਕਤਾ ਵਸਦੇ ਪੰਜਾਬੀ ਲੇਖਕਾਂ ਸ਼੍ਰੀ ਮੋਹਨ ਕਾਹਲੋਂ, ਸ: ਹਰਦੇਵ ਸਿੰਘ ਗਰੇਵਾਲ ਅਤੇ ਸ: ਜਗਮੋਹਨ ਸਿੰਘ ਗਿੱਲ ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਸ: ਗਿੱਲ ਨੇ ਆਖਿਆ ਕਿ ਉਹ ਅਕਤੂਬਰ ਮਹੀਨੇ ਹੋਣ ਵਾਲੇ ਇਸ ਵਿਸ਼ਾਲ ਸਾਹਿਤਕ ਸਮਾਗਮ ਦੀ ਤਾਲਮੇਲ ਕਮੇਟੀ ਵਜੋਂ ਕੰਮ ਕਰਨਗੇ। ਅਕੈਡਮੀ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ  ਪ੍ਰਸਿੱਧ ਪੰਜਾਬੀ ਲੇਖਕ ਅਤੇ ਚਿਤਰਕਾਰ ਸ਼੍ਰੀ ਪ੍ਰਕਾਸ਼ ਅਤੇ ਗੀਤਕਾਰ ਨੀਲੇ ਖਾਂ ਦੇ ਦੇਹਾਂਤ ਤੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ਼੍ਰੀ ਪ੍ਰਕਾਸ਼ ਵਾਰਾਂ ਦੇ ਬਾਦਸ਼ਾਹ ਸ: ਅਵਤਾਰ ਸਿੰਘ ਅਜ਼ਾਦ ਦੇ ਸਪੁੱਤਰ ਹੋਣ ਦੇ ਨਾਲ ਨਾਲ ਮੌਲਿਕ ਚਿਤਰਕਾਰ ਅਤੇ ਵਧੀਆ ਸ਼ਾਇਰ ਸਨ ਜਦ ਕਿ ਨੀਲੇ ਖਾਂ ਨੇ ਆਪਣੇ ਗੀਤਾਂ ਰਾਹੀਂ ਸਰਵ ਸਾਂਝੀ ਵਿਰਾਸਤ ਵਾਲੇ ਗੀਤ ਰਚ ਕੇ ਸਾਨੂੰ ਅਜੇ ਮੂੰਹ ਵਿਖਾਲੀ ਹੀ ਦਿੱਤੀ ਸੀ । ਨੀਲੇ ਖਾਂ ਦੇ ਗੀਤ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਦੇ ਹਵਾਲੇ ਨਾਲ ਉਨ੍ਹਾਂ ਆਖਿਆ ਕਿ ਇਹ ਗੀਤ ਜਦੋਂ ਤੋਂ ਸੁਰਜੀਤ ਭੁੱਲਰ ਨੇ ਗਾਇਆ ਹੈ ਉਦੋਂ ਤੋਂ ਹੀ ਪਾਕਿਸਤਾਨ ਵਿੱਚ ਵੀ ਇਧਰਲੇ ਪੰਜਾਬ ਜਿੰਨਾਂ ਹੀ ਹਰਮਨ ਪਿਆਰਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਸਾਰੇ ਰੇਡੀਓ ਸਟੇਸ਼ਨ ਇਸ ਦਾ ਪ੍ਰਸਾਰਣ ਕਰਦੇ ਮੈਂ ਆਪ ਸੁਣਿਆ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>