ਵਰਪਾਲ ਦੇ ਕੁਲਵੰਤ ਸਿੰਘ ਤੇ ਪੁਲਿਸ ਤਸ਼ਦਦ ਦੀ ਦਾਸਤਾਨ

(ਪਾਲ ਸਿੰਘ ਫਰਾਂਸ) ਕੁਲਵੰਤ ਸਿੰਘ ਪੁੱਤਰ ਸਾਹਾ ਸਿੰਘ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਸਪੈਸ਼ਲ ਸਟੇਟ ਅਪ੍ਰੇਸ਼ਨ ਸੈਲ ਅੰਮ੍ਰਿਤਸਰ ਮਾਲ ਮੰਡੀ ਦੇ ਇੰਚਾਰਜ ਹਰਵਿੰਦਰ ਪਾਲ ਸਿੰਘ ਨੇ ਮਿਤੀ 21/09/2010 ਨੂੰ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕੀਤਾ। ਜਿਸ ਨਾਲ ਉਸਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ, ਕੰਨ ਤੋ ਸੁਣਨਾ ਬੰਦ ਹੋ ਗਿਆ ਅਤੇ ਲੱਤਾਂ, ਪੈਰਾਂ ਦੀਆਂ ਹੱਡੀਆਂ ਟੁੱਟ ਗਈਆਂ। ਇਸ ਕੇਸ ਵਿਚ ਪਾਲ ਸਿੰਘ ਫਰਾਂਸ ਦੀ ਮਾਨਯੋਗ ਸੈਸ਼ਨ ਜੱਜ ਐਚ.ਐਸ. ਮਦਾਨ ਦੇ ਸਾਹਮਣੇ ਗਵਾਹੀ ਹੋਈ। ਗਵਾਹੀ ਤਾਂ ਕਾਫੀ ਲੰਬੀ ਸੀ। ਪਰ ਜੋ ਪੁਲਿਸ ਅਫਸਰ ਇੰਸਪੈਕਟਰ ਹਰਵਿੰਦਰ ਪਾਲ ਸਿੰਘ ਨਾਲ  ਜਵਾਬ ਸਵਾਲ ਹੋਏ, ਉਹ ਸੰਖੇਪ ਰੂਪ ਵਿਚ ਪੇਸ਼ ਹਨ।
ਜੱਜ ਸਾਹਿਬ ਨੇ ਇੰਸਪੈਕਟਰ ਹਰਵਿੰਦਰ ਸਿੰਘ ਵਲੋਂ ਤੇ ਡੀ.ਏ. ਸ੍ਰੀ ਰੰਧਾਵਾ ਵਲੋਂ ਸਾਂਝੇ ਤੌਰ ਤੇ ਕੀਤਾ ਸਵਾਲ ਮੈਨੂੰ ਪੁਛਿਆ ਕਿ ਤੈਨੂੰ ਪੁਲਿਸ ਵਲੋਂ ਕਦੋਂ ਅੰਮ੍ਰਿਤਸਰ ਲੈ ਕੇ ਆਏ ਤੇ ਇਥੇ ਤੂੰ ਕੁਲਵੰਤ ਸਿੰਘ ਨੂੰ ਕਦੋਂ ਮਿਲਿਆ। ਮੈਂ ਕਿਹਾ ਜੀ ਇਹ ਮੈਨੂੰ ਮਿਤੀ 22/07/2010 ਨੂੰ ਇਥੇ ਦੇ ਘਰੋਂ ਚੁੱਕ ਕੇ ਲਿਆਏ ਸਨ। ਮੈਂ ਕਿਹਾ ਜੀ ਇਹ ਅਫਸਰ ਮੈਨੂੰ ਮਿਤੀ 17/02/2010 ਨੂੰ ਮੈਨੂੰ ਛੱਡ ਦਿੱਤਾ ਸੀ। ਜੱਜ ਸਾਹਿਬ ਨੇ ਸਵਾਲ ਕੀਤਾ ਕਿ ਉਸ ਵਕਤ ਕੁਲਵੰਤ ਸਿੰਘ ਦੀ ਹਾਲਤ ਕਿਹੋ ਜਿਹੀ ਸੀ? ਮੈਂ ਕਿਹਾ ਜੀ ਬੜੀ ਮਾੜੀ ਸੀ। ਉਸ ਕੋਲੋਂ ਤੁਰ ਵੀ ਨਹੀਂ ਸੀ ਹੋ ਰਿਹਾ। ਉਸ ਦੇ ਪੈਰ ਬਹੁਤ ਸੁਜੇ ਹੋਏ ਸਨ। ਜੱਜ ਸਾਹਿਬ ਨੇ ਪੁਛਿਆ ਕਿ ਇਹਨਾਂ ਨੇ ਤੈਨੂੰ ਵੀ ਟਾਰਚਰ ਕੀਤਾ? ਮੈਂ ਕਿਹਾ ਜੀ ਇਥੇ ਮਾਲ ਮੰਡੀ ਆਉਂਦਿਆਂ ਸਾਰ ਹੀ ਇਹਨਾਂ ਨੇ ਮੈਨੂੰ ਢਾਹ ਕੇ ਕੁੱਟਿਆ, ਬਹੁਤ ਵਾਰੀ ਮੈਨੂੰ ਕਰੰਟ ਦੇ ਸ਼ਾਟ ਲਾਏ ਗਏ। ਮੇਰੇ ਕੇਸ ਦਾਹੜੀ ਪੁੱਟੀ ਗਈ। ਮੈਨੂੰ ਕਈ ਦਿਨ ਇਹਨਾਂ ਨੇ ਉਨੀਂਦਰੇ ਰੱਖਿਆ। ਸਾਰਾ ਦਿਨ ਅਫਸਰ ਪੁੱਛ ਗਿੱਛ ਕਰਦੇ ਸਨ ਤੇ ਰਾਤ ਨੂੰ ਇਕ ਦੋ ਅਫਸਰ ਮੇਰੇ ਕੋਲ ਰਹਿੰਦੇ ਸਨ, ਜੇ ਮੈਂ ਸੌਣ ਲਗਦਾ ਸੀ ਤਾਂ ਮੇਰੇ ਸਿਰ ਵਿਚ ਡੰਡਾ ਮਾਰਦੇ ਸਨ। ਮੈਂ ਕਿਹਾ ਜੀ ਮਿਤੀ 23/07/2010 ਨੂੰ ਸਵੇਰੇ 9 ਕੁ ਵਜੇ ਇਹ ਅਫਸਰ ਹਰਵਿੰਦਰ ਸਿੰਘ ਦੀ ਅਗਵਾਈ ਵਿਚ ਕੁਲਵੰਤ ਸਿੰਘ ਨੂੰ ਬਾਹਰ ਲੈ ਕੇ ਗਏ। ਸਵੇਰੇ 11 ਕੁ ਵਜੇ ਵਾਪਸ ਲਿਆਏ ਤਾਂ ਕੁਲਵੰਤ ਸਿਘ ਬੇਹੋਸ਼ੀ ਵਿਚ ਸੀ। ਇਹਨਾਂ ਦੇ ਮੁਲਾਜਮ ਉਸ ਨੂੰ ਘੜੀਸ ਕੇ ਲਿਆ ਰਹੇ ਸਨ। ਕੁਲਵੰਤ ਸਿੰਘ ਦੀ ਹਾਲਤ ਬੜੀ ਤਰਸਯੋਗ ਸੀ। ਇਹਨਾਂ ਵਲੋਂ ਕੀਤਾ ਸਵਾਲ ਜੱਜ ਸਾਹਿਬ ਨੇ ਪੁਛਿਆ ਕਿ ਐਫ.ਆਈ.ਆਰ. ਵਿਚ ਤਾਂ ਲਿਖਿਆ ਕਿ ਤੇਰੀ ਬਲੈਰੋ ਗੱਡੀ ਵਿਚ ਕੁਲਵੰਤ ਸਿੰਘ ਤੇ ਗੁਰਮੁਖ ਸਿੰਘ ਮਿਤੀ 25/07/2010 ਨੂੰ ਬਾਰਡਰ ਤੋਂ ਅਸਲਾ ਲਿਆਏ ਹਨ ਤੇ ਪੁਲਿਸ ਨੇ ਅੰਮ੍ਰਿਤਸਰ ਜਲੰਧਰ ਬਾਈਪਾਸ ਤੋਂ ਉਹਨਾਂ ਨੂੰ ਫੜਿਆ ਹੈ।
ਮੈਂ ਕਿਹਾ ਜੀ ਤੁਸੀਂ ਕਿਰਪਾ ਕਰਕੇ ਇਹ ਸਵਾਲ ਹਰਵਿੰਦਰ ਸਿੰਘ ਨੂੰ ਪੁਛੋ ਤਾਂ ਠੀਕ ਹੈ ਕਿਉਂਕਿ ਮੈਂ, ਕੁਲਵੰਤ ਸਿੰਘ ਤੇ ਗੁਰਮੁਖ ਸਿੰਘ ਤਾਂ ਇਹਨਾਂ ਪਾਸ ਮਿਤੀ 21/07/2010 ਤੋਂ ਹਾਂ। ਮੇਰੀ ਗੱਡੀ ਵੀ ਇਨ੍ਹਾਂ ਦੇ ਕੋਲ ਉਸੇ ਦਿਨ ਤੋਂ ਹੈ ਕਿਉਂਕਿ ਜਦੋਂ ਇਹ ਮੈਨੂੰ ਮੇਰੇ ਪਿੰਡ ਤੋਂ ਲਿਆਏ ਮੇਰੀ ਗੱਡੀ ਵੀ ਨਾਲ ਹੀ ਲਿਆਏ ਸਨ। ਫਿਰ ਕੁਲਵੰਤ ਸਿੰਘ ਹੋਰਾਂ ਨੂੰ ਅਸਲਾ ਲੈਣ ਵੀ ਇਹਨਾਂ ਪੰਜਾਬ ਅਫਸਰਾਂ ਨੇ ਹੀ ਭੇਜਿਆ।
ਜੱਜ ਸਾਹਿਬ ਪੁੱਛਣ ਲੱਗੇ ਤੁਹਾਡੇ ਪਾਸ ਕੀ ਸਬੂਤ ਹੈ ਕਿ ਤੁਹਾਨੂੰ ਇਹਨਾਂ ਨੇ ਮਿਤੀ 22/07/2010 ਨੂੰ ਘਰੋਂ ਫੜਿਆ। ਮੈਂ ਕਿਹਾ ਜੀ ਪਹਿਲਾਂ ਤਾਂ ਤੁਸੀਂ ਇਹਨਾਂ ਸਾਰੇ ਅਫਸਰਾਂ ਦੇ ਮੋਬਾਇਲ ਫੋਨ ਦੀ ਉਸ ਤਰੀਕ ਦੀ ਲੋਕੇਸ਼ਨ ਚੈਕ ਕਰਵਾ ਲਵੋ। ਦੂਸਰਾ ਮੇਰੀ ਕਨੇਡਾ ਰਹਿੰਦੀ ਲੜਕੀ ਨੇ ਮਿਤੀ 23/07/2010 ਨੂੰ ਆਈ ਸੀ ਜਲੰਧਰ ਨੂੰ ਤੇ ਫਰੈਂਚ ਅੰਬੈਸੀ ਦਿੱਲੀ ਨੂੰ ਈ ਮੇਲਾਂ ਕੀਤੀਆਂ ਸਨ ਕਿ ਮੈਨੂੰ ਪੁਲਿਸ ਮੇਰੇ ਘਰੋਂ ਚੁੱਕ ਕੇ ਲੈ ਗਈ ਹੈ। ਮਿਤੀ 24/07/2010 ਨੂੰ ਅਜੀਤ ਅਖਬਾਰ ਵਿਚ ਖਬਰ ਵੀ ਲੱਗੀ ਹੈ ਕਿ ਚਿੱਟੇ ਕਪੜਿਆਂ ਵਾਲੀ ਪੁਲਿਸ ਨੇ ਪਾਲ ਸਿੰਘ ਨੂੰ ਮਿਤੀ 28/07/2010 ਨੂੰ ਘਰੋਂ ਚੁੱਕ ਕੇ ਕਿਸੇ ਅਣਦੱਸੀ ਜਗ੍ਹਾ ਤੇ ਰੱਖਿਆ ਹੋਇਆ ਹੈ। ਮੈਂ ਕਿਹਾ ਕਿ ਜੱਜ ਸਾਹਿਬ ਇਹਨਾਂ ਨੇ ਮੇਰੀ ਗ੍ਰਿਫਤਾਰੀ 27/07/2010 ਨੂੰ ਜਲੰਧਰ ਬਸ ਸਟੈਂਡ ਦੇ ਨਜ਼ਦੀਕ ਦੀ ਦੱਸੀ ਹੈ। ਜੇ ਇਨ੍ਹਾਂ ਨੇ ਮੈਨੂੰ 27/07/2010 ਨੂੰ ਅਰੈਸਟ ਕੀਤਾ ਤਾਂ ਮੇਰੀ ਕਨੇਡਾ ਲੜਕੀ ਨੂੰ ਪੰਜ ਦਿਨ ਪਹਿਲਾਂ ਕਿਵੇਂ ਪਤਾ ਲੱਗ ਗਿਆ ਕਿ ਇਹਨਾਂ ਨੇ ਮੈਨੂੰ ਘਰੋਂ ਚੁੱਕ ਲੈਣਾ ਹੈ। ਮੈਂ ਕਿਹਾ ਜੱਜ ਸਾਹਿਬ ਮੇਰੇ ਪਿੰਡ ਦੇ ਜੁੰਮੇਵਾਰ ਆਦਮੀ ਮਿਤੀ 27/07/2010 ਨੂੰ ਲੱਭਦੇ ਹੋਏ ਇਥੇ ਮਾਲ ਮੰਡੀ ਸਵੇਰੇ ਆਏ ਸਨ। ਇਥੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਪਿੰਡ ਵਾਲਿਆਂ ਨੇ ਹਾਈਕੋਰਟ ਰਿਟ ਪਾ ਕੇ ਚੰਗਾ ਨਹੀਂ ਕੀਤਾ। ਕਹਿੰਦਾ ਤੁਸੀਂ ਉਹ ਰਿਟ ਵਾਪਸ ਲੈ ਲਵੋ ਅਸੀਂ ਇਸ ਉਪਰ ਕੋਈ ਕੇਸ ਨਹੀਂ ਪਾਉਣਾ। ਪਿੰਡ ਦੇ ਪੰਚ ਤੇ ਨੰਬਰਦਾਰ ਗੁਰਮੁਖ ਸਿੰਘ ਨੇ ਮਿਤੀ 26/07/2010 ਨੂੰ ਮੇਰੇ ਬਾਰੇ ਹਾਈਕੋਰਟ ਰਿਟ ਪਾਈ ਸੀ ਕਿ ਮੈਨੂੰ ਪੁਲਿਸ ਵਾਲੇ ਘਰੋਂ ਲੈ ਗਏ ਹਨ। ਜਿਸ ਦਿਨ ਸਵੇਰੇ ਮਿਤੀ 27/07/2010 ਨੂੰ ਮੈਨੂੰ ਮੇਰੇ ਪਿੰਡ ਦੇ ਮਿਲ ਕੇ ਗਏ ਉਥੇ ਦਿਨ ਸ਼ਾਮ ਦੀ ਇਹਨਾਂ ਪੁਲਿਸ ਅਫਸਰਾਂ ਨੇ ਮੇਰੀ ਸ਼ਾਮ ਦੀ ਗ੍ਰਿਫਤਾਰੀ ਪਾ ਦਿੱਤੀ।
ਇਹਨਾਂ ਵਲੋਂ ਕੀਤਾ ਸਵਾਲ ਜੱਜ ਸਾਹਿਬ ਨੇ ਪੁਛਿਆ ਕਿ ਜਦੋਂ ਤੁਹਾਨੂੰ ਜੱਜ ਦੇ ਪੇਸ਼ ਕੀਤਾ ਤੁਸੀਂ ਜੱਜ ਨੂੰ ਦੱਸਿਆ ਕਿ ਤੁਹਾਨੂੰ ਪੁਲਿਸ ਨੇ ਟਾਰਚਰ ਕੀਤਾ ?
ਮੈਂ ਕਿਹਾ ਜੀ ਇਹਨਾਂ ਨੇ ਸਾਨੂੰ ਇਤਨਾ ਡਰਾਇਆ ਸੀ ਕਿ ਜੇ ਅਸੀਂ ਮੂੰਹ ਖੋਲ੍ਹਿਆ ਤਾਂ ਭਾਵ ਕਿਸੇ ਨੂੰ ਟਾਰਚਰ ਬਾਰੇ ਦੱਸਿਆ ਤਾਂ ਇਹ ਕਹਿੰਦੇ ਅਸੀਂ ਤੁਹਾਨੂੰ ਜਾਨੋ ਮਾਰ ਦੇਣਾ ਹੈ। ਮੈਂ ਕਿਹਾ ਜੀ ਇਹ ਅਫਸਰ ਤੁਹਾਡੇ ਸਾਹਮਣੇ ਖੜ੍ਹਾ ਹੈ ਇਹਨੂੰ ਪੁਛੋ ਕਿ ਇਹਨੇ ਕਿਹਾ ਨਹੀਂ ਕਿ ਇਹ ਮੇਰੀ ਗੱਡੀ ਤਾਂ ਲਿਆਏ ਹਨ ਕਿ ਤੇਰੇ ਹੱਥ ਪੈਰ ਤੋੜ ਕੇ ਤੇਰੀ ਗੱਡੀ ਕਿਸੇ ਦਰੱਖਤ ਨਾਲ ਮਾਰ ਕੇ ਐਕਸੀਡੈਂਟ ਕਰ ਦੇਣਾ ਹੈ। ਤੇਰੀ ਉਗ-ਸੁਗ ਨਹੀਂ ਨਿਕਲਣ ਦੇਣੀ। ਕਹਿੰਦੇ ਇਹ ਫਰਾਂਸ ਨਹੀਂ ਜਿਥੇ ਅਸੀਂ ਬੰਦਾ ਖਪਤ ਕਰ ਦਈਏ ਕੋਈ ਨਹੀਂ ਸਾਨੂੰ ਪੁੱਛਣ ਵਾਲਾ। ਮੈਂ ਕਿਹਾ ਜੀ ਜਦੋਂ ਮੈਨੂੰ ਪਹਿਲੇ ਦਿਨ ਜੱਜ ਸਾਹਿਬ ਦੇ ਪੇਸ਼ ਕੀਤਾ ਤਾਂ ਇਹਨਾਂ ਨੇ ਮੇਰਾ ਰਿਮਾਂਡ ਦੋ ਦਿਨ ਦਾ ਮੰਗਿਆ, ਜੱਜ ਨੇ ਤਿੰਨ ਦਿਨ ਦਾ ਦੇ ਦਿੱਤਾ। ਮੈਨੂੰ ਹਰਵਿੰਦਰ ਸਿੰਘ ਕਹਿਣ ਲੱਗਾ, ਦੇਖਿਆ ਜੱਜ ਕੌਣ ਹੈ, ਮੈਂ ਕਿ ਉਹ ਕੋਰਟ ਵਿਚ ਬੈਠਾ ਜੱਜ। ਕਹਿੰਦਾ ਅਸੀਂ ਦੋ ਦਿਨ ਦਾ ਰਿਮਾਂਡ ਮੰਗਦੇ ਹਾਂ ਸਾਨੂੰ ਤਿੰਨ ਦਿਨ ਦਾ ਮਿਲਦਾ ਹੈ। ਕਹਿੰਦਾ ਵੈਸੇ ਜੇ ਪੁਲਿਸ ਦੋ ਦਿਨ ਦਾ ਰਿਮਾਂਡ ਮੰਗੇ ਤਾਂ ਜੱਜ ਇਕ ਦਿਨ ਦਾ ਦੇਂਦੇ ਹਨ। ਕਹਿੰਦਾ ਮੈਂ ਹੀ ਜੱਜ ਹਾਂ। ਮੈਂ ਹੀ ਤੈਨੂੰ ਛੱਡ ਸਕਦਾ ਹਾਂ ਤੇ ਮੈਂ ਹੀ ਤੈਨੂੰ ਮਾਰ ਸਕਦਾਂ। ਜੱਜ ਸਾਹਿਬ ਕਹਿਣ ਲੱਗੇ ਹੁਣ ਕੋਰਟ ਵਿਚ ਇਹਨਾਂ ਨੂੰ ਦੱਸੂੰ ਕਿ ਜੱਜ ਇਹ ਪੁਲਿਸ ਵਾਲੇ ਹਨ ਜਾਂ ਅਸੀਂ ਕੋਰਟ ਵਿਚ ਬੈਠੇ ਜੱਜ। ਫਿਰ ਇਹਨਾਂ ਵਲੋਂ ਕੀਤਾ ਸਵਾਲ ਜੱਜ ਨੇ ਕੀਤਾ ਕਿ ਜਿਸ ਦਿਨ ਤੁਹਾਨੂੰ ਇਥੇ ਪਹਿਲੇ ਦਿਨ ਕੋਰਟ ਵਿਚ ਲਿਆਏ ਕੁਲਵੰਤ ਸਿੰਘ ਆਪਣੇ ਆਪ ਤੁਰ ਕੇ ਆਇਆ ਜਾਂ ਵੀਲ੍ਹ ਚੇਆਰ ਉਪਰ ਸੀ। ਮੈਂ ਕਿਹਾ ਜੀ ਦੋ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਮੋਢਿਆਂ ਨੂੰ ਸਹਾਰਾ ਦਿੱਤਾ ਸੀ ਤੇ ਇਸੇ ਤਰ੍ਹਾਂ ਵਾਪਸ ਲੈ ਗਏ। ਜੱਜ ਸਾਹਿਬ ਕਹਿਣ ਲੱਗੇ ਤੁਹਾਨੂੰ ਡਾਕਟਰ ਪਾਸ ਵੀ ਲੈ ਕੇ ਗਏ ਸੀ? ਮੈਂ ਕਿਹਾ ਜੀ ਦੋ ਕੁ ਵਾਰ ਲੈ ਕੇ ਗਏ ਸੀ। ਇਕ ਵਾਰ ਮਾਨਾਵਾਲਾ ਵਿਖੇ ਤੇ ਇਕ ਵਾਰ ਇਥੇ ਅੰਮ੍ਰਿਤਸਰ। ਮੈਂ ਡਾਕਟਰ ਸਾਹਿਬ ਨੂੰ ਕੁਲਵੰਤ ਬਾਰੇ ਕਿਹਾ ਸੀ ਕਿ ਡਾਕਟਰ ਸਾਹਿਬ ਦੇਖੋ ਇਸ ਤੋਂ ਤੁਰ ਨਹੀਂ ਹੋ ਰਿਹਾ। ਪੁਲਿਸ ਵਾਲੇ ਖਿੱਚ ਕੇ ਲਿਜਾ ਰਹੇ ਹਨ। ਡਾਕਟਰ ਨੇ ਕਿਹਾ ਸੀ ਜੇ ਤੁਹਾਡੇ ਖੂਨ ਨਿਕਲਦਾ ਦਿਖਾਓ। ਮੈਂ ਕਿਹਾ ਜੀ ਖੂਨ ਤਾਂ ਇਹ ਨਿਕਲਣ ਨਹੀਂ ਦੇਂਦੇ। ਤੇ ਲੱਤਾਂ ਪੈਰ ਤਾਂ ਤੁਹਾਨੂੰ ਸੁਜੇ ਦਿਸਦੇ ਹੀ ਹਨ ਕਿ ਨਹੀਂ। ਨਾਲੇ ਕਰੰਟ ਸ਼ਾਟ ਨਾਲ ਖੂਨ ਸੜ ਤਾਂ ਜਾਂਦਾ ਹੈ ਨਿਕਲਣਾ ਕਿਥੋਂ ਹੈ। ਪਰ ਡਾਕਟਰ ਨੇ ਸੁਣਿਆ-ਅਣਸੁਣਿਆ ਕਰਕੇ ਸਭ ਠੀਕ ਹੈ ਲਿੱਖ ਦਿੱਤਾ।
ਜੱਜ ਸਾਹਿਬ ਕਹਿੰਦੇ ਇਹਨਾਂ ਨੇ ਲਿਖਿਆ ਕਿ 30/07/2010 ਨੂੰ ਤੈਥੋਂ ਅਸਲਾ ਬਰਾਮਦ ਹੋਇਆ? ਮੈਂ ਕਿਹਾ ਜੀ ਇਹ ਮੈਨੂੰ 30/07/2010 ਨੂੰ ਮੇਰੇ ਪਿੰਡ ਲੈ ਕੇ ਗਏ ਸਨ। ਮੇਰੇ ਪਾਸ ਇਕ ਮਾਰਵਾੜੀ ਘੋੜੀ ਹੈ, ਜਿਹੜੀ ਪੰਜਾਬ ਵਿਚੋਂ ਪਹਿਲੇ ਨੰਬਰ ਤੇ ਇੰਡੀਆ ਵਿਚ ਚੌਥੇ ਨੰਬਰ ਤੇ ਸੁੰਦਰਤਾ ਮੁਕਾਬਲੇ ਵਿਚੋਂ ਜਿੱਤੀ ਹੈ। ਹਰਵਿੰਦਰ ਸਿੰਘ ਕਹਿੰਦਾ ਸੀ ਫਿਰ ਪਤਾ ਨਹੀਂ ਕਦੋਂ ਸਮਾਂ ਲੱਗੇ, ਚੱਲ ਤੈਨੂੰ ਪਿੰਡ ਲੈ ਚੱਲੀਏ ਤੇ ਨਾਲੇ ਤੇਰੀ ਘੋੜੀ ਦੇਖ ਕੇ ਆਈਏ। ਜੱਜ ਸਾਹਿਬ ਵਿਚੇ ਟੋਕ ਕੇ, ਵਾਕਿਆ ਤੇਰੇ ਪਾਸ ਇਤਨੀ ਅੱਛੀ ਘੋੜੀ ਹੈ। ਮੈਂ ਕਿਹਾ ਜੀ ਹਾਂ। ਮੈਂ ਕਿਹਾ ਅਸੀਂ ਸ਼ਾਮ 6 ਕੁ ਵਜੇ ਪਿੰਡ ਪਹੁੰਚੇ। ਮੈਂ ਇਨ੍ਹਾਂ ਨੂੰ ਘੋੜੀ ਨਚਾ ਕੇ ਦਿਖਾਈ। ਇਤਨੇ ਚਿਰ ਨੂੰ ਸਾਡੇ  ਪਿੰਡ ਦੇ ਕਾਫੀ ਲੋਕ ਇਕਠੇ ਹੋ ਗਏ। ਸਾਡੇ ਸ਼ਹਿਰ ਸ਼ਾਹਕੋਟ ਤੋਂ ਸਾਰੇ ਪ੍ਰੈਸ ਵਾਲੇ ਵੀ ਆ ਗਏ। ਹਰਵਿੰਦਰ ਸਿੰਘ ਨੇ ਮੈਨੂੰ ਬੇਨਤੀ ਰੂਪ ਵਿਚ ਕਿਹਾ ਕਿ ਇਹਨਾਂ ਨੂੰ ਘਰੋ-ਘਰੀ ਵਾਪਸ ਭੇਜ ਦਿਓ ਅਸੀਂ ਤੈਨੂੰ ਇਕ ਦੋ ਦਿਨਾਂ ਵਿਚ ਛੱਡ ਦੇਣਾ ਹੈ। ਹਰਵਿੰਦਰ ਸਿੰਘ ਨੇ ਪਿੰਡ ਵਾਲਿਆਂ ਤੇ ਪ੍ਰੈਸ ਵਾਲਿਆਂ ਨੂੰ ਕਿਹਾ ਕਿ ਇਹ ਨਿਰਦੋਸ਼ ਹੈ, ਅਸੀਂ ਇਹਨੂੰ ਛੱਡ ਦੇਣਾ ਹੈ। ਇਹ ਤਾਂ ਮੇਰਾ ਅੰਕਲ ਹੈ, ਤੁਸੀਂ ਫਿਕਰ ਨਾ ਕਰੋ। ਇਹ ਬਹੁਤ ਅੱਛਾ ਇਨਸਾਨ ਹੈ। ਦੂਸਰੇ ਦਿਨ ਪਿੰਡ ਵਾਲਿਆਂ ਹਰਵਿੰਦਰ ਸਿੰਘ ਵਲੋਂ ਦਿੱਤਾ ਅਖਬਾਰਾਂ ਨੂੰ ਬਿਆਨ ਪੜ੍ਹਿਆ ਕਿ ਪਾਲ ਸਿੰਘ ਪਾਸੋਂ ਭਾਰੀ ਅਸਲਾ ਬਰਾਮਦ ਹੋਇਆ ਹੈ। ਪਿੰਡ ਵਾਲੇ ਬੜੇ ਹੈਰਾਨ ਪ੍ਰੇਸ਼ਾਨ ਹੋਏ। ਪ੍ਰੈਸ ਵਾਲੇ ਜੋ ਉਥੇ ਮੌਜੂਦ ਸਨ, ਉਨ੍ਹਾਂ ਨੇ ਪ੍ਰੈਸ ਵਿਚ ਲਿਖਿਆ ਕਿ ਪੁਲਿਸ ਕੋਰਾ ਝੂਠ ਬੋਲ ਰਹੀ ਹੈ, ਕਿਉਂਕਿ ਸਾਰੇ ਪਿੰਡ ਦੇ ਸਾਹਮਣੇ ਇਹ ਮੈਨੂੰ ਖਾਲੀ ਹੀ ਪਿੰਡ ਤੋਂ 22/07/2010 ਲਿਆਏ ਤੇ ਮਿਤੀ 30/07/2010 ਨੂੰ ਵੀ ਮੈਂ ਖਾਲੀ ਸੀ। ਇਹ ਉਥੇ ਮੰਨ ਕੇ ਇਹ ਇਕ ਇਨਸਾਨ ਹੈ ਨਿਰਦੋਸ਼ ਹੈ। ਫਿਰ ਇਹਨਾਂ ਦੀ ਇਹ ਮਜ਼ਬੂਰੀ ਸੀ ਇਹਨਾਂ ਨੇ ਮੇਰੇ ਤੇ ਅਸਲਾ ਪਾ ਦਿੱਤਾ।
ਜੱਜ ਸਾਹਿਬ ਨੇ ਇਹਨਾਂ ਵਲੋਂ ਕੀਤਾ ਸਵਾਲ ਕੀਤਾ ਕਿ ਤੂੰ ਫਰੈਂਚ ਸਿਟੀਜਨ ਏਂ ਫਿਰ ਕੀ ਕੋਈ ਫਰੈਂਚ ਅੰਬੈਸੀ ਵਾਲੇ ਤੇਰਾ ਹਾਲ ਚਾਲ ਪੁੱਛਣ ਲਈ ਆਏ। ਜੇ ਉਹ ਆਏ ਤਾਂ ਉਹਨਾਂ ਨੇ ਕੀ ਕਾਰਵਾਈ ਕੀਤੀ ?
ਮੈਂ ਕਿਹਾ ਜੀ ਉਹ ਹਰ ਮਹੀਨੇ ਇਕ ਵਾਰ ਆਉਂਦੇ ਹਨ। ਉਨ੍ਹਾਂ ਨੇ ਮੇਰੀ ਸਿਹਤ ਚੈਕ-ਅਪ ਕਰਾਉਣ ਲਈ ਤੇ ਮੇਰੀਆਂ ਅੱਖਾਂ ਦਾ ਅਪ੍ਰੇਸ਼ਨ ਕਰਾਉਣ ਲਈ ਕਈ ਵਾਰ ਪੁਲਿਸ ਨੂੰ ਤੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਪਰ ਅਜੇ ਤੱਕ ਕੋਈ ਅਮਲ ਨਹੀਂ ਹੋਇਆ। ਮੈਂ ਕਿਹਾ ਜੀ ਮਿਤੀ 22/07/2010 ਨੂੰ ਇਹ ਜਦੋਂ ਮੈਨੂੰ ਮੇਰੇ ਘਰੋਂ ਲੈ ਕੇ ਆਏ, ਮੇਰਾ ਲੈਪਟਾਪ, ਫੋਨ ਤੋਂ ਇਲਾਵਾ ਮੇਰਾ ਫਰੈਂਚ ਪਾਸਪੋਰਟ, ਫਰੈਂਚ ਆਈ.ਡੀ. ਡਰਾਇੰਵਿੰਗ ਲਾਇਸੰਸ, ਮੇਰੀ ਦੋਹਰੀ ਨਾਗਰਿਕਤਾ ਦਾ ਭਾਰਤੀ ਪਾਸਪੋਰਟ, ਕੁਝ ਬੈਂਕਾਂ ਦੀਆਂ ਐਫ.ਡੀਆਂ ਸਨ। ਫਰੈਂਚ ਅੰਬੈਸੀ ਦੇ ਵਾਰ ਵਾਰ ਇਹਨਾਂ ਨੂੰ ਲਿਖਣ ਦੇ ਕਿ ਮੇਰੇ ਕਾਗਜ਼ਾਤ ਕਿਥੇ ਹਨ, ਇਹਨਾਂ ਨੇ ਕਦੇ ਵੀ ਉਹਨਾਂ ਨੂੰ ਜਵਾਬ ਨਹੀਂ ਦਿੱਤਾ। ਅੰਬੈਸੀ ਵਾਲੇ ਇਥੇ ਦੀ ਪੁਲਿਸ ਤੇ ਜੇਲ੍ਹ ਦੇ ਪ੍ਰਸ਼ਾਨ ਤੋਂ ਬਹੁਤ ਪ੍ਰੇਸ਼ਾਨ ਹਨ। ਮੈਂ ਕਿਹਾ ਜੀ ਇਹ ਵਾਰ-ਵਾਰ ਇਹੀ ਪੁਛਦੇ ਰਹੇ ਕਿ ਤੁਸੀਂ ਅੰਮ੍ਰਿਤ ਕਿਥੋਂ ਛਕਿਆ, ਕਿਸ ਨੂੰ ਗੁਰੂ ਮੰਨਦੇ ਹੋ। ਇਕ ਦਿਨ ਹਰਵਿੰਦਰ ਸਿੰਘ ਨੇ ਕੁਲਵੰਤ ਸਿੰਘ ਨੂੰ ਪੁਛਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਿਸ ਨੂੰ ਮੰਨਦਾ ਹੈ। ਉਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫੋਟੋ ਸੀ। ਕੁਲਵੰਤ ਸਿੰਘ ਨੇ ਫੋਟੋ ਵੱਲ ਨੂੰ ਉਂਗਲ ਕਰ ਕੇ ਕਿਹਾ ਬਾਬਾ ਜੀ ਨੂੰ। ਹਰਵਿੰਦਰ ਸਿੰਘ ਨੇ ਕੁਲਵੰਤ ਸਿੰਘ ਦੇ ਜ਼ੋਰ ਦੀ ਡੰਡਾ ਮਾਰ ਕੇ ਕਿਹਾ ਦੱਸ ਬਾਬਾ ਦੀਪ ਸਿੰਘ ਨੇੜੇ ਕਿ ਇਹ ਮੇਰੇ ਹੱਥ ਵਿਚ ਫੜਿਆ ਡੰਡਾ। ਕੁਲਵੰਤ ਸਿੰਘ ਬਹੁਤ ਭੈਭੀਤ ਹੋ ਗਿਆ ਕਿ ਇਹ ਤਾਂ ਆਪਣੇ ਆਪ ਨੂੰ ਸ਼ਹੀਦਾਂ ਤੋਂ ਹੀ ਉਪਰ ਸਮਝਣ ਲੱਗ ਪਏ ਹਨ।
ਜੱਜ ਸਾਹਿਬ, ਮੈਂ ਦੱਸਿਆ ਕਿ ਇਹ ਮੈਨੂੰ ਮਿਤੀ 02/07/2010 ਤੇ ਮਿਤੀ 03/08/2010 ਨੂੰ ਦੋ ਵਾਰ ਚੰਡੀਗੜ੍ਹ ਦੇ ਡੀ.ਜੀ.ਪੀ. ਪਾਸ ਲੈ ਕੇ ਗਏ, ਉਹਨੇ ਮੈਨੂੰ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਵਿਦੇਸ਼ਾਂ ਵਿਚ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਬੋਲਣ ਨਹੀਂ ਦਿੰਦੇ ਕੀ ਕਾਰਨ ਹੈ? ਮੈਂ ਕਿਹਾ ਜੀ ਇਹ ਐਸ.ਜੀ.ਪੀ.ਸੀ. ਉਪਰ ਨਜਾਇਜ਼ ਕਬਜ਼ਾ ਕਰੀ ਬੈਠੇ ਹਨ। ਇਹ ਗੁਰੂ ਘਰ ਦੀ ਗੋਲਕ ਦੀ ਕੁਵਰਤੋਂ ਕਰਦੇ ਹਨ। ਇਹਨਾਂ ਨੇ ਕੁਰੱਪਟ, ਬੇਈਮਾਨੀ, ਨਸ਼ਈ ਲੋਕਾਂ ਨੂੰ ਆਪਣੇ ਸਵਾਰਥੀ ਹਿੱਤਾਂ ਖਾਤਰ ਐਸ.ਜੀ.ਪੀ.ਸੀ. ਦੇ ਮੈਂਬਰ ਬਣਾਇਆ। ਜਿਸ ਨੂੰ ਮਰਜੀ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾ ਦਿੰਦੇ ਹਨ ਤੇ ਜਦੋਂ ਮਰਜੀ ਲਾਹ ਦਿੰਦੇ ਹਨ। ਜਿਸ ਨੂੰ ਮਰਜੀ ਇਹ ਪੰਥ ਵਿਚੋਂ ਆਪਣੇ ਬਣਾਏ ਜਥੇਦਾਰਾਂ ਤੋਂ ਛੇਕ ਦਿੰਦੇ ਹਨ। ਮੈਂ ਕਿਹਾ ਜੀ ਇਹ ਪਿਓ ਪੁੱਤਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤਾਂ ਤੇ ਧਾਰਮਿਕ ਅਸਥਾਨਾਂ ਤੇ ਕੀਤੇ ਨਜਾਇਜ਼ ਕਬਜ਼ੇ ਛੱਡ ਦੇਣ। ਫਿਰ ਇਹਨਾਂ ਨੂੰ ਕੌਣ ਹੈ ਗੁਰੂ ਘਰ ਦੀਆਂ ਸਟੇਜਾਂ ਤੋਂ ਬੋਲਣ ਤੋਂ ਰੋਕਣ ਵਾਲਾ। ਮੈਂ ਕਿਹਾ ਜੀ ਮੇਰੀ ਹੀ ਨਹੀਂ ਸਮੁੱਚੇ ਨਾਨਕ ਨਾਮ ਲੇਵਾ ਪੰਥਕ ਦਰਦੀਆਂ ਦੀ ਇਹ ਖਾਹਿਸ਼ ਹੈ ਕਿ ਐਸ.ਜੀ.ਪੀ.ਸੀ. ਵਿਚ ਇਮਾਨਦਾਰ, ਪੂਰਨ ਰਹਿਤ-ਬਹਿਤ ਵਾਲੇ, ਗੰਦੀ ਰਾਜਨੀਤੀ ਤੋਂ ਨਿਰਲੇਪ ਪੂਰਨ ਗੁਰਸਿੱਖ ਮੈਂਬਰ ਆਉਣ। ਗੁਰੂ ਘਰਾਂ ਦੀ ਗੋਲਕ ਵਾਲੀ ਦਸਵੰਧ ਦੀ ਮਾਇਆ ਗੰਦੀ ਰਾਜਨੀਤੀ ਲਈ ਨਹੀਂ ਬਲਕਿ ਸਿੱਖੀ ਦੇ ਪ੍ਰਚਾਰ, ਪਸਾਰ ਤੇ ਚੰਗੇ ਸ਼ੁਭ ਸਮਾਜਿਕ ਵਿਦਿਅਕ ਅਦਾਰਿਆਂ ਆਦਿ ਲਈ ਵਰਤੀ ਜਾਵੇ। ਮੈਂ ਕਿਹਾ ਜੀ ਇਹਨਾਂ ਦੋਹਾਂ ਪਿਓ ਪੁੱਤਰਾਂ ਦੀ ਬਦੌਲਤ ਹੀ ਅੱਜ ਸਾਰੀ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗ੍ਰਸੀ ਪਈ ਹੈ। ਜੱਜ ਸਾਹਿਬ ਕਹਿੰਦੇ ਜੀ ਬੱਸ ਮੇਰੀ ਡਿਊਟੀ ਹੈ ਕਿ ਮੈਂ ਇਹ ਹਾਈਕੋਰਟ ਨੂੰ ਸਪਸ਼ਟ ਕਰਾਂ ਕਿ ਕੁਲਵੰਤ ਸਿੰਘ ਨੂੰ ਟਾਰਚਰ ਕਿਸ ਨੇ ਕੀਤਾ। ਉਹ ਮੈਂ ਹੁਣ ਰਿਪੋਰਟ ਭੇਜ ਦੇਣੀ ਹੈ। ਮਾਨਯੋਗ ਜੱਜ ਸਾਹਿਬ ਦੀ ਇਨਕੁਆਇਰੀ ਤੋਂ ਬਾਅਦ ਪਿਛਲੇ ਦਿਨੀਂ ਮਿਤੀ 09/05/2011 ਨੂੰ ਹਾਈਕੋਰਟ ਦੇ ਹਰਵਿੰਦਰ ਸਿੰਘ ਇੰਸਪੈਕਟਰ ਤੇ ਉਹਦੇ ਸਾਥੀਆਂ ਨੂੰ ਕਸੂਰਵਾਰ ਘੋਸ਼ਿਤ ਕਰ ਦਿੱਤਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>