ਅੰਮ੍ਰਿਤਸਰ:- ਸਿੱਖ ਜਗਤ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ’ਚ ਸਮੇਂ ਦੇ ਹਾਕਮਾਂ ਵਲੋਂ ਕੀਤੇ ਫੌਜੀ ਹਮਲੇ ਦੌਰਾਨ ਗੁਰਧਾਮਾਂ ਦੀ ਅਜ਼ਮਤ ਤੇ ਸਿੱਖ ਧਰਮ ਦੀ ਖਾਤਰ ਜੂਝਦਿਆਂ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਤ ਸਿੱਖ ਜਗਤ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੌਮ ਦੇ ਨਾਮ ਸੰਦੇਸ਼ ’ਚ ਕਿਹਾ ਕਿ ਸਿੱਖ ਕੌਮ ਨੇ ਇਸ ਧਰਤੀ ਤੇ ਵੱਸਦੇ ਮਜ਼ਲੂਮ ਲੋਕਾਂ ਦੇ ਹੱਕ ਵਿੱਚ ਵੱਡੇ-ਵੱਡੇ ਸੰਘਰਸ਼ ਕਰਕੇ ਮਹਾਨ ਕੁਰਬਾਨੀਆਂ ਦਿੱਤੀਆਂ, ਘਾਲਣਾ ਘਾਲੀਆਂ ਅਤੇ ਸਦੀਆਂ ਤੋਂ ਗੁਲਾਮ ਲੋਕਾਂ ਨੂੰ ਮੁਗਲਾਂ ਅਤੇ ਅੰਗਰੇਜ਼ਾਂ ਦੇ ਜ਼ੁਲਮੀ ਰਾਜ ਤੋਂ ਨਿਜਾਤ ਦਿਵਾਈ। ਦੇਸ਼ ਦੇ ਅਜਾਦ ਹੋਣ ਤੋਂ ਬਾਅਦ ਵੀ ਸਿੱਖ ਨੋਜਵਾਨਾਂ ਨੇ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਅਥਾਹ ਕੁਰਬਾਨੀਆਂ ਕੀਤੀਆਂ ਪਰ ਕਾਂਗਰਸ ਹਕੂਮਤ ਨੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਂ ਕੀ ਪਾਉਣਾ ਸੀ ਬਲਕਿ ਸਮੁੱਚੀ ਮਨੁੱਖਤਾ ਨੂੰ ਰੂਹਾਨੀਅਤ ਅਤੇ ਹੱਕ ਸੱਚ ਦਾ ਸੰਦੇਸ਼ ਦੇਣ ਵਾਲੇ ਸਾਡੇ ਪਵਿੱਤਰ ਧਾਰਮਿਕ ਅਸਥਾਨਾਂ ਨੂੰ ਵੀ ਆਪਣੀ ਫਿਰਕੂ ਅਤੇ ਜ਼ਾਬਰ ਨੀਤੀਆਂ ਦਾ ਨਿਸ਼ਾਨਾ ਬਣਾਇਆ। ਸਿੱਖ ਕੌਮ ਨੂੰ ਗੁਲਾਮੀਅਤ ਦਾ ਡੂੰਘਾ ਅਹਿਸਾਸ ਕਰਵਾਇਆ। ਜ਼ਬਰ ਅਤੇ ਜ਼ੁਲਮ ਦੀ ਇੰਤਹਾ ਹੋ ਗਈ ਜਦ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰ ਅਤੇ ਧਰਮ ਨਿਰਪੱਖ ਅਖਵਾਉਣ ਵਾਲੀ ਭਾਰਤੀ ਹਕੂਮਤ ਨੇ ਸਿੱਖਾਂ ਦੀ ਅਵਾਜ ਨੂੰ ਦਬਾਉਣ ਲਈ ਪ੍ਰੈਸ ਦੀ ਅਜਾਦੀ ਵੀ ਖੋਹ ਲਈ। ਉਨ੍ਹਾਂ ਕਿਹਾ ਕਿ ਇਹ ਕਲੰਕ ਕਾਂਗਰਸ ਹਕੂਮਤ ਦੇ ਮੱਥੇ ‘ਤੇ ਸਦਾ ਲਈ ਲੱਗਾ ਰਹੇਗਾ ਅਤੇ ਸਿੱਖ ਕੌਮ ਇਸ ਦਰਦ ਨੂੰ ਸਦੀਆਂ ਲੰਘਣ ਤੋਂ ਪਿਛੋਂ ਵੀ ਭੁੱਲਾ ਨਹੀਂ ਸਕੇਗੀ।
ਉਨ੍ਹਾਂ ਕਿਹਾ ਕਿ ਅੱਜ ਵੀ ਇਸ ਦੇਸ਼ ਦੇ ਕਾਲੇ ਕਾਨੂੰਨ ਸਿੱਖਾਂ ਲਈ ਹੋਰ ਅਤੇ ਬਾਕੀ ਭਾਰਤੀਆਂ ਲਈ ਹੋਰ ਅਰਥ ਰੱਖਦੇ ਹਨ। ਸਿੱਖ ਕੌਮ ਦੇ ਨੌਜਵਾਨਾਂ ਨੂੰ ਬਿਨਾਂ ਗਵਾਹੀਆਂ ਤੋਂ ਵੀ ਫਾਂਸੀਆਂ ਦੀਆਂ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ ਜਦ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਅੱਜ ਵੀ ਹਜਾਰਾਂ ਨਿਰਦੋਸ਼ ਨੌਜਵਾਨ ਝੂਠੇ ਕੇਸਾਂ ਵਿੱਚ ਜ਼ੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਨਿੱਜੀ ਹਿੱਤਾ ਲਈ ਨਹੀਂ ਬਲਕਿ ਆਪਣੀ ਕੌਮ ਦੇ ਸਵੈਮਾਨ, ਹੱਕਾਂ ਅਤੇ ਅਧਿਕਾਰਾਂ ਲਈ ਅਤੇ ਭਾਰਤੀ ਹਕੂਮਤ ਦੀਆਂ ਬਦਨੀਤੀਆਂ ਦਾ ਵਿਰੋਧ ਕਰਨ ਕਾਰਨ ਹੀ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਹਨ। ਉਨ੍ਹਾਂ ਇੰਨ੍ਹਾਂ ਕੌਮੀ ਪ੍ਰਵਾਨਿਆਂ ਦੀ ਚੜ੍ਹਦੀ ਕਲਾ, ਰਿਹਾਈ ਅਤੇ ਕੌਮ ਦੇ ਉਜਲ ਭਵਿੱਖ ਲਈ ਉਨ੍ਹਾਂ ਖਾਲਸਾ ਪੰਥ ਨੂੰ ਆਦੇਸ਼ ਕੀਤਾ ਕਿ ਉਹ ਨਿੱਤ ਸਤਿਗੁਰਾਂ ਦੇ ਦਰ ’ਤੇ ਅਰਦਾਸ ਕਰਨ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਹਕੂਮਤੀ ਜਬਰ ਤੋਂ ਇਲਾਵਾ ਅੱਜ ਪਾਖੰਡੀ ਅਤੇ ਗੁਰੂ-ਡੰਮ ਸਿੱਖ ਕੌਮ ਲਈ ਵੱਡਾ ਖਤਰਾ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ਸਿੱਖੀ ਭੇਸ ਵਿੱਚ ਪ੍ਰਚਾਰਕ ਦਾ ਬੁਰਕਾ ਪਾ ਕੇ ਅੱਜ ਕੁਝ ਲੋਕ ਸਾਡੇ ਸਿਧਾਂਤ, ਇਤਿਹਾਸ, ਪਰੰਪਰਾਵਾਂ ਅਤੇ ਰਵਾਇਤਾਂ ਦੇ ਨਾਲ ਨਾਲ ਸਾਡੀਆਂ ਮਹਾਨ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਛੁਟਿਆਉਣ ਦੇ ਯਤਨਾਂ ਵਿੱਚ ਹਨ। ਅਜਿਹੇ ਅਨਸਰਾਂ ਦੀ ਤਰੁੰਤ ਨਿਸ਼ਾਨਦੇਹੀ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਅਜਿਹੇ ਲੋਕਾਂ ਨੂੰ ਖ਼ਬਰਦਾਰ ਵੀ ਕੀਤਾ ਜੋ ਕੌਮ ਅੰਦਰ ਅਜਿਹੀਆਂ ਦੁਬਿਧਾਵਾਂ ਪਾ ਕੇ ਕੌਮ ਦੀ ਸ਼ਕਤੀ ਨੂੰ ਕਮਜੋਰ ਕਰਨ ਦੇ ਯਤਨਾਂ ਵਿੱਚ ਹਨ। ਨੌਜਵਾਨ ਪੀੜੀ ਪਤਿਤਪੁਣੇ ਅਤੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ, ਜਿਸ ਨੂੰ ਸੰਭਾਲਣਾ ਸਾਡੀਆਂ ਪ੍ਰਮੁਖ ਸੰਸਥਾਵਾਂ ਦੀ ਮੁਖ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਹਮੇਸ਼ਾਂ ਵਿਸ਼ਾਲ ਪੰਥਕ ਏਕਤਾ ਅਤੇ ਇਕਸੁਰਤਾ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ ਅਤੇ ਉਨ੍ਹਾਂ ਦੇ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ।
ਇਸ ਤੋਂ ਪਹਿਲਾਂ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਕਿ 1984 ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀਆਂ ਯਾਦਗਾਰਾਂ ਸਥਾਪਤ ਕੀਤੇ ਜਾਣ ਲਈ ਜਲਦ ਹੀ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਾਵੇਗਾ ਜੋ ਯਾਦਗਾਰਾਂ ਦੀ ਰੂਪ ਰੇਖਾ ਤਿਆਰ ਕਰਕੇ 2 ਮਹੀਨੇ ਦੇ ਵਿਚ ਵਿਚ ਆਪਣੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੇਗੀ ਉਪਰੰਤ ਸ਼੍ਰੋਮਣੀ ਕਮੇਟੀ ਪੰਥਕ ਜਥੇਬੰਦੀਆ ਦੇ ਸਹਿਯੋਗ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਨੀਯਤ ਸਮੇਂ ਵਿਚ ਮੁਕੰਮਲ ਕਰਵਾਏਗੀ। ਜਥੇ. ਅਵਤਾਰ ਸਿੰਘ ਦੇ ਇਸ ਐਲਾਨ ਨਾਲ ਸਮੁੱਚਾ ਮਾਹੌਲ ਜੈਕਾਰਿਆਂ ਦੇ ਨਾਲ ਗੂੰਜ ਉਠਇਆ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼ਹੀਦ ਭਾਈ ਅਮਰੀਕ ਸਿੰਘ ਦੀ ਧਰਮ ਪਤਨੀ ਬੀਬੀ ਹਰਮੀਤ ਕੌਰ, ਸੰਤ ਜਰਨੈਲ਼ ਸਿੰਘ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ. ਅਮਰੀਕ ਸਿੰਘ ਦੇ ਬੇਟੇ ਸ. ਤਰਲੋਚਨ ਸਿੰਘ ਤੋਂ ਇਲਾਵਾ ਸ਼ਹੀਦ ਪ੍ਰੀਵਾਰਾਂ ਦੇ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ, ਅਰਦਾਸ ਭਾਈ ਧਰਮ ਸਿੰਘ ਨੇ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਗਿਆਨੀ ਜਗਤਾਰ ਸਿੰਘ, ਗਿਆਨੀ ਸੁਖਜਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ, ਸਾਬਕਾ ਮੁੱਖ ਗ੍ਰੰਥੀ ਗਿਆਨੀ ਮੋਹਨ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ: ਦਲਮੇਘ ਸਿੰਘ ਖੱਟੜਾ, ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਖਾਲਸਾ, ਦਮਦਮੀ ਟਕਸਾਲ (ਸੰਗਰਾਵਾਂ) ਦੇ ਮੁਖੀ ਬਾਬਾ ਰਾਮ ਸਿੰਘ, ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਲਦੇਵ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ੍ਰ: ਰਜਿੰਦਰ ਸਿੰਘ ਮਹਿਤਾ, ਮੈਂਬਰਾਨ ਸ਼੍ਰੋਮਣੀ ਕਮੇਟੀ ਸ੍ਰ: ਭੁਪਿੰਦਰ ਸਿੰਘ ਭਲਵਾਨ, ਸ੍ਰ: ਨਿਰਮਲ ਸਿੰਘ ਘਰਾਚੋਂ, ਸ੍ਰ: ਜਸਵਿੰਦਰ ਸਿੰਘ ਐਡਵੋਕੇਟ, ਸ੍ਰ: ਸੁਖਵਿੰਦਰ ਸਿੰਘ (ਸਿੱਧੂ), ਸ੍ਰ: ਅਮਰਜੀਤ ਸਿੰਘ ਭਲਾਈਪੁਰ, ਸ੍ਰ: ਸਵਿੰਦਰ ਸਿੰਘ ਦੋਬਲੀਆ, ਸ੍ਰ: ਗੁਰਿੰਦਰਪਾਲ ਸਿੰਘ ਗੋਰਾ, ਸ੍ਰ: ਅਮਰੀਕ ਸਿੰਘ ਸ਼ਾਹਪੁਰ ਗੁਰਾਇਆਂ, ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ, ਸਾਬਕਾ ਵਿਧਾਇਕ ਸ੍ਰ: ਵੀਰ ਸਿੰਘ ਲੋਪੋਕੇ, ਬਾਬਾ ਹਰੀਦੇਵ ਸਿੰਘ, ਸ੍ਰ: ਅਮਰਜੀਤ ਸਿੰਘ ਚਾਵਲਾ, ਦਲ ਖਾਲਸਾ ਦੇ ਮੁਖੀ ਸ੍ਰ: ਸਤਨਾਮ ਸਿੰਘ ਪਾਉਂਟਾ ਸਾਹਿਬ ਤੇ ਸ੍ਰ: ਕੰਵਰਪਾਲ ਸਿੰਘ ਬਿੱਟੂ, ਨਿਹੰਗ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਿਧੀਚੰਦ ਸੰਪਰਦਾ ਵੱਲੋਂ ਬਾਬਾ ਅਵਤਾਰ ਸਿੰਘ, ਸ੍ਰ: ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਸ. ਮਨਜੀਤ ਸਿੰਘ ਭੋਮਾ ਫੈਡਰੇਸ਼ਨ ਪ੍ਰਧਾਨ, ਸ੍ਰ: ਹਰਪਾਲ ਸਿੰਘ ਚੀਮਾਂ, ਸਾਬਕਾ ਐਮ.ਪੀ. ਸ੍ਰ: ਧਿਆਨ ਸਿੰਘ ਮੰਡ, ਸ੍ਰ: ਕੁਲਵਿੰਦਰ ਸਿੰਘ ਬੜਾ ਪਿੰਡ, ਸ੍ਰ: ਪਰਮਜੀਤ ਸਿੰਘ ਖਾਲਸਾ, ਫ਼ੈਡਰੇਸ਼ਨ ਆਗੂ ਸ੍ਰ: ਗੁਰਚਰਨ ਸਿੰਘ ਗਰੇਵਾਲ, ਸ੍ਰ: ਅਮਰਬੀਰ ਸਿੰਘ ਢੋਟ, ਭਾਈ ਰਾਮ ਸਿੰਘ, ਭਾਈ ਸਰਬਜੀਤ ਸਿੰਘ ਘੁੰਮਣ, ਸ੍ਰ: ਸਰਬਜੀਤ ਸਿੰਘ ਸੋਹਲ, ਸ੍ਰ: ਸਰਬਜੀਤ ਸਿੰਘ ਘੁਮਾਣ, ਭਾਈ ਬਲਦੇਵ ਸਿੰਘ ਸਰਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀ: ਸਕੱਤਰ ਸ੍ਰ: ਮਨਜੀਤ ਸਿੰਘ, ਸ੍ਰ: ਹਰਭਜਨ ਸਿੰਘ, ਸ੍ਰ: ਹਰਜੀਤ ਸਿੰਘ, ਮੀਤ ਸਕੱਤਰ ਸ੍ਰ: ਰਾਮ ਸਿੰਘ, ਸ੍ਰ: ਹਰਭਜਨ ਸਿੰਘ, ਸ੍ਰ: ਪਰਮਜੀਤ ਸਿੰਘ, ਸ੍ਰ: ਬਿਜੇ ਸਿੰਘ, ਸ੍ਰ: ਸੁਖਦੇਵ ਸਿੰਘ, ਸ੍ਰ: ਮਹਿੰਦਰ ਸਿੰਘ, ਸ੍ਰ: ਗੁਰਚਰਨ ਸਿੰਘ, ਸ੍ਰ: ਬਲਵੀਰ ਸਿੰਘ, ਸ੍ਰ: ਜਸਪਾਲ ਸਿੰਘ, ਸ੍ਰ: ਕੁਲਦੀਪ ਸਿੰਘ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਸੁਪ੍ਰਿੰਟੈਂਡੈਂਟ ਸ੍ਰ: ਹਰਮਿੰਦਰ ਸਿੰਘ ਮੂਧਲ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ੍ਰ: ਕੁਲਵਿੰਦਰ ਸਿੰਘ ਰਮਦਾਸ, ਸੂਚਨਾ ਅਧਿਕਾਰੀ ਸ੍ਰ: ਦਲਬੀਰ ਸਿੰਘ, ਡਾ. ਜਸਬੀਰ ਸਿੰਘ ਸਾਬਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ: ਹਰਬੰਸ ਸਿੰਘ ਤੇ ਸ੍ਰ: ਪ੍ਰਤਾਪ ਸਿੰਘ, ਐਡੀ: ਮੈਨੇਜਰ ਸ੍ਰ: ਬਲਦੇਵ ਸਿੰਘ, ਸ੍ਰ: ਬਿਅੰਤ ਸਿੰਘ, ਸ੍ਰ: ਰਘਬੀਰ ਸਿੰਘ, ਸ੍ਰ: ਮੁਖਤਾਰ ਸਿੰਘ, ਸ੍ਰ: ਸਕੱਤਰ ਸਿੰਘ, ਸ੍ਰ: ਮਹਿੰਦਰ ਸਿੰਘ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।