ਕਾਨੂੰਨ ਦੀ ਕਿਤਾਬ ਵਿਚ ਸਮਾਪਤੀ ਦੀ ਮਿਤੀ ਦਰਜ਼ ਨਹੀਂ!

ਪੂਰੇ 16 ਸਾਲਾਂ ਦੀ ਲੁਕਣ-ਮੀਟੀ ਤੋਂ ਬਾਅਦ 26 ਮਈ 2011 ਨੂੰ ਘ੍ਰਿਣਾਂ ਦੀ ਮੂਰਤ, ਜਨਰਲ ਰਾਤਕੋ ਮਲਾਦਿੱਚ ਦੀ ਗ੍ਰਿਫ਼ਤਾਰੀ ਹੋਈ, ਜਿਸ ਨਾਲ਼ ਅਮਨ ਦੇ ਚਹੇਤਿਆਂ ਨੇ ਸੁਖ ਦਾ ਸਾਹ ਲਿਆ। ਬੋਸਨੀਆਂ ਵਿਚ ਉਸ ਦੀਆਂ ਮੁਸਲਮਾਨਾਂ ਖਿਲਾਫ਼ ਨਫ਼ਰਤ ਭਰੀਆਂ ਅਤੇ ਹੌਲਨਾਕ ਵਾਰਦਾਤਾਂ ਨੇ ਸੰਸਾਰ ਹਿਲਾ ਕੇ ਰੱਖ ਦਿੱਤਾ ਸੀ ਅਤੇ ਤਾਨਾਸ਼ਾਹ ਹਿਟਲਰ ਦੇ ਕਾਰਨਾਮਿਆਂ ਨੂੰ ਤਾਜ਼ਾ ਕਰਵਾਇਆ ਸੀ। ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਜੇ ਕਿਤੇ ਵੱਡੀ ਪੱਧਰ ‘ਤੇ ਤਬਾਹੀ ਮੱਚੀ ਸੀ ਤਾਂ ਉਹ ਸੀ, ਬੋਸਨੀਆਂ! ਅਪ੍ਰੈਲ 1992 ਤੋਂ ਲੈ ਕੇ ਜੁਲਾਈ 1995 ਤੱਕ ਉਥੇ ਜੋ ਤਾਂਡਵ-ਨਾਚ ਨੱਚਿਆ ਗਿਆ, ਉਹ ਕਹਿਣ ਤੋਂ ਪਰ੍ਹੇ ਸੀ। ਜੇ ਕਿਤੇ ਸੁਨਾਮੀਂ ਵਰਗੀਆਂ ਕੁਲਿਹਣੀਆਂ ਲਹਿਰਾਂ ਆ ਕੇ ਤਬਾਹੀ ਮਚਾ ਜਾਂਦੀਆਂ ਹਨ ਤਾਂ ਇਨਸਾਨ ਰੱਬ ਨੂੰ ਉਲਾਂਭਾ ਦੇ ਕੇ ‘ਸਬਰ’ ਕਰ ਲੈਂਦਾ ਹੈ! ਕਿਉਂਕਿ ਰੱਬ ਅੱਗੇ ਕਿਸੇ ਦਾ ਵੀ ਜੋਰ ਨਹੀਂ ਚੱਲਦਾ! ਪਰ ਜਦ ਸਿਰਜਣਹਾਰ ਦੇ ਸਿਰਜੇ ਇਨਸਾਨ ਹੀ ‘ਰੱਬ’ ਬਣ ਤੁਰਨ ਅਤੇ ਕਿਸੇ ਦੀ ਜਿੰਦਗੀ ਜਾਂ ਮੌਤ ਦੇ ਫ਼ੈਸਲੇ ਲੈਣ ਲੱਗ ਪੈਣ ਤਾਂ ਬੰਦਾ ਕਿਸ ਨੂੰ ਤਾਹਨਾਂ ਦੇਵੇ..? ਦੁਸ਼ਟ ਦਿਮਾਗ ਰਾਤਕੋ ਮਲਾਦਿੱਚ ਨੇ ਆਪਣੇ ਹੀ ਦੇਸ਼ ਵਾਸੀ ਮੁਸਲਮਾਨਾਂ ਦੀ ਕਿਵੇਂ ਨਸਲਕੁਸ਼ੀ ਕੀਤੀ, ਇਹ ਇਕ ਦਿਲ-ਹਿਲਾਊ ਸਾਕਾ ਅਤੇ ਘਿਨਾਉਣਾਂ ਅਪਰਾਧ ਸੀ। ਬੋਸਨੀਆਂ ਵਿਚ ਜੁਲਾਈ 1995 ਵਿਚ ਤਕਰੀਬਨ 8000 ਨਿਰਦੋਸ਼ ਮੁਸਲਮਾਨ ਮਾਰੇ ਗਏ ਅਤੇ ਇਹ ਸਾਰਾ ਕੁਛ ਨੰਗੇ-ਚਿੱਟੇ ਦਿਨ ਅਤੇ ਰਾਤਕੋ ਮਲਾਦਿੱਚ ਦੀਆਂ ਹਦਾਇਤਾਂ ‘ਤੇ ਹੋਇਆ ਦੱਸਿਆ ਜਾ ਰਿਹਾ ਹੈ! ਨਿੱਕੇ-ਨਿੱਕੇ ਬੱਚੇ ਸਾਹ-ਰਗ ਕੱਟ ਕੇ ਝਟਕਾਏ ਗਏ ਅਤੇ ਔਰਤਾਂ ਨਾਲ਼ ਬੇਰਹਿਮੀ ਨਾਲ਼ ਸਮੂਹਿਕ ਬਲਾਤਕਾਰ ਹੋਏ। ਇਹ ਕਿਸੇ ਕੌਮ ਪ੍ਰਤੀ ਘਿਰਣਾਂ ਦੀ ਸਿਖ਼ਰ ਦੀ ‘ਹੱਦ’ ਸੀ।

ਓਸ ਸਮੇਂ ਦੇ ਬੋਸਨੀਆਂ-ਸਰਬੀਆ ਦੇ ਰਾਸ਼ਟਰਪਤੀ ਰਾਦੋਵਾਨ ਕਾਰਾਚਿੱਚ ਦੇ ਥਾਪੜੇ ਨਾਲ਼ ਤਣਿਆਂ ਜਰਨੈਲ ਰਾਤਕੋ ਮਲਾਦਿੱਚ ਨੇ ‘ਜ਼ਾਤੀ ਸੋਧ’ ਦੀ ‘ਨੀਤੀ’ ਹੇਠ ਜੋ ਨਰਸੰਘਾਰ ਕੀਤਾ, ਉਸ ਨੂੰ ਬੋਸਨੀਆਂ ਵਾਸੀ ਤਾਂ ਕੀ, ਸਾਰਾ ਜੱਗ ਲੰਮਾਂ ਚਿਰ ਨਹੀਂ ਭੁੱਲ ਸਕੇਗਾ। ਉਸ ਨੇ ਆਪਣੇ ਫ਼ੌਜੀਆਂ ਨੂੰ ਖੁੱਲ੍ਹੇ ‘ਹੁਕਮ’ ਦੇ ਰੱਖੇ ਸਨ ਕਿ ਮੁਸਲਮਾਨਾਂ ਦੇ ਘਰ ਸਾੜ ਦਿਓ, ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਦੀਆਂ ਅੱਖਾਂ ਦੇ ਸਾਹਮਣੇ ਮਾਰੋ, ਮਰਦਾਂ ਨੂੰ ਜਾਨਵਰਾਂ ਵਾਂਗ ਝਟਕਾਓ, ਬਜ਼ੁਰਗ ਔਰਤ-ਮਰਦਾਂ ਨੂੰ ਖ਼ੂਹਾਂ ਵਿਚ ਸੁੱਟੋ ਅਤੇ ਔਰਤਾਂ ਨਾਲ਼ ਸਮੂਹਿਕ ਬਲਾਤਕਾਰ ਕਰੋ! ਇਹ ਸਾਰਾ ਕੁਛ ਰਾਤਕੋ ਮਲਾਦਿੱਚ ਨੇ ‘ਜ਼ਾਤੀ ਸੋਧ’ ਨੀਤੀ ਅਧੀਨ ਹੀ ਕੀਤਾ। ਉਸ ਦਾ ਇਹ ਵੀ ‘ਹੁਕਮ’ ਸੀ ਕਿ ਇੱਕ ਪਿੰਡ ਤੋਂ ਅਗਲੇ ਪਿੰਡ ਨੂੰ ਜਾਣ ਵੇਲ਼ੇ ਇਹ ਨਿਸ਼ਾ ਅਤੇ ਤਸੱਲੀ ਜ਼ਰੂਰ ਕਰਨੀ ਹੈ ਕਿ ਮੁਸਲਮਾਨਾਂ ਦਾ ਕੋਈ ਬੱਚਾ-ਬੱਚੀ ਤੱਕ ਵੀ ਜਿ਼ੰਦਾ ਨਾ ਬਚਿਆ ਹੋਵੇ! ਪਰ ਕਿਵੇਂ ਨਾ ਕਿਵੇਂ ਬਚ ਜਾਣ ਵਾਲ਼ੇ ਅੱਜ ਵੀ ਉਸ ਸਾਕੇ ਬਾਰੇ ਸੋਚ ਕੇ ਥਰ-ਥਰ ਕੰਬਣ ਲੱਗ ਜਾਂਦੇ ਹਨ। ਇੱਕ ਬਚਿਆ ਬੰਦਾ ਦੱਸਦਾ ਹੈ ਕਿ ਜਦ ਮਲਾਦਿੱਚ ਦੀਆਂ ਫ਼ੌਜਾਂ ਨੇ ਧਾਵਾ ਬੋਲਿਆ ਤਾਂ ਬੱਚੇ ਚੀਕ-ਚਿਹਾੜਾ ਪਾਉਣ ਲੱਗ ਪਏ ਅਤੇ ਇਕ ਫ਼ੌਜੀ ਨੇ ਇੱਕ ਮਾਂ ਨੂੰ ਆਪਣੇ ਬੱਚੇ ਨੂੰ ਚੁੱਪ ਕਰਵਾਉਣ ਲਈ ਕਿਹਾ। ਪਰ ਮਾਂ ਦੇ ਪੂਰਾ ਜ਼ੋਰ ਲਾਉਣ ‘ਤੇ ਵੀ ਡਰਿਆ ਬੱਚਾ ਚੁੱਪ ਨਹੀਂ ਕਰ ਰਿਹਾ ਸੀ। ਜਦ ਬੱਚਾ ਨਾ ਹੀ ਚੁੱਪ ਕੀਤਾ ਤਾਂ ਫ਼ੌਜੀ ਨੇ ਕਿਹਾ ਕਿ ਬੱਚਾ ਤੇਰੇ ਕੋਲ਼ੋਂ ਤਾਂ ਚੁੱਪ ਨਹੀਂ ਹੁੰਦਾ, ਤੈਨੂੰ ਮੈਂ ਚੁੱਪ ਕਰਵਾ ਕੇ ਦਿਖਾਉਂਦਾ ਹਾਂ ਅਤੇ ਉਸ ਨੇ ਆਰਮੀ ਵਾਲ਼ਾ ਚਾਕੂ ਕੱਢਿਆ ਅਤੇ ਮਾਂ ਦੀ ਬੁੱਕਲ਼ ਵਿਚ ਘੁੱਟੇ ਮਾਸੂਮ ਬੱਚੇ ਦੀ ਘੰਡੀ ਕੱਟ ਦਿੱਤੀ ਅਤੇ ਫਿਰ ਵਹਿਸ਼ੀਆਂ ਵਾਂਗ ਹੱਸ ਕੇ ਕਹਿਣ ਲੱਗਿਆ, “ਕਰ ਗਿਆ ਨਾ ਚੁੱਪ..?” ਇਹ ਬੇਰਹਿਮ ਕਾਰਾ ਤੱਕ ਕੇ ਮਾਂ ਬੇਹੋਸ਼ ਹੋ ਗਈ।

ਉਸ ਦੇ ਭੂਤਰੇ ਫ਼ੌਜੀਆਂ ਨੇ ਹਲ਼ਕਿਆਂ ਵਾਂਗ ਜੁਆਨ ਕੁੜੀਆਂ ਨੂੰ ਘੜ੍ਹੀਸ-ਘੜ੍ਹੀਸ ਕੇ ਸਮੂਹਿਕ ਬਲਾਤਕਾਰ ਕੀਤਾ। ਬਾਰਾਂ ਸਾਲ ਦੇ ਲੜਕਿਆਂ ਤੋਂ ਲੈ ਕੇ ਲੜਨ ਸਮਰੱਥਾ ਰੱਖਦੇ ਮਰਦਾਂ ਤੱਕ ਨੂੰ ਅੰਨ੍ਹੇਵਾਹ ਕਤਲ ਕਰ ਕੇ ਖੱਡਿਆਂ ਵਿਚ ਸੁੱਟਿਆ ਗਿਆ। ਇਕ ਮਾਂ ਆਪਣੇ ਦਸ ਸਾਲ ਦੇ ਇਕਲੌਤੇ ਪੁੱਤਰ ਨੂੰ ਆਪਣੇ ਘੱਗਰੇ ਹੇਠ ਛੁਪਾਈ ਬੈਠੀ ਸੀ। ਪਤਾ ਲੱਗਣ ‘ਤੇ ਫ਼ੌਜੀਆਂ ਨੇ ਉਸ ਲੜਕੇ ਨੂੰ ਮਾਂ ਦੀਆਂ ਅੱਖਾਂ ਸਾਹਮਣੇ ਜ਼ਾਲਮਾਨਾਂ ਅੰਦਾਜ਼ ਨਾਲ਼ ਵੱਢਿਆ-ਟੁੱਕਿਆ ਅਤੇ ਫਿਰ ਉਸ ਦਾ ਸਿਰ ਕਲਮ ਕਰ ਦਿੱਤਾ। ਕੀ ਬੀਤੀ ਹੋਵੇਗੀ ਉਸ ਮਾਂ ਦੇ ਦਿਲ ‘ਤੇ..? ਪੀੜ ਅਤੇ ਦੁੱਖ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ! ਉਥੇ ਹੀ ਇੱਕ ਨੌਂ ਸਾਲ ਦਾ ਬੱਚਾ ਇਸ ਕਰਕੇ ਝਟਕਾ ਦਿੱਤਾ ਗਿਆ, ਕਿਉਂਕਿ ਉਹ ਫ਼ੌਜੀਆਂ ਦੇ ਮਜਬੂਰ ਕਰਨ ‘ਤੇ ਆਪਣੀ ਸਕੀ ਭੈਣ ਨਾਲ਼ ਬਲਾਤਕਾਰ ਕਰਨ ਲਈ ਰਾਜ਼ੀ ਨਹੀਂ ਹੋਇਆ ਸੀ। ਇਹਨਾਂ ਵਾਰਦਾਤਾਂ ਦੇ ਬਹੁਤੇ ਚਸ਼ਮਦੀਦ ਗਵਾਹ ਖ਼ੁਦਕਸ਼ੀਆਂ ਕਰ ਚੁੱਕੇ ਹਨ ਕਿਉਂਕਿ ਉਹ ਅਜਿਹੇ ਭਿਆਨਕ ਦ੍ਰਿਸ਼ ਅੱਖੀਂ ਦੇਖ ਚੁੱਕੇ ਸਨ ਅਤੇ ਉਹਨਾਂ ਦੀ ਆਤਮਾਂ ਇਸ ਸਾਕੇ ਦਾ ਬੋਝ ਚੁੱਕਣ ਤੋਂ ਅਸਮਰੱਥ ਸੀ।

ਇੱਕ ਹੋਰ ਕਥਨ ਅਨੁਸਾਰ ਰਾਤਕੋ ਮਲਾਦਿੱਚ ਕੋਲ਼ ਇਕ ਦੁਖਿਆਰੀ ਮਾਂ ਫ਼ਰਿਆਦ ਲੈ ਕੇ ਆਈ ਕਿ ਮੇਰੇ ਪੁੱਤਰ ਦੀ ਜਾਨ ਬਖ਼ਸ਼ੀ ਕਰ ਦਿੱਤੀ ਜਾਵੇ। ਬੜੀ ਸ਼ਾਂਤ ਅਵਾਜ਼ ਨਾਲ਼ ਮਲਾਦਿੱਚ ਨੇ ਮਾਂ ਕੋਲ਼ੋਂ ਉਸ ਦੇ ਬੱਚੇ ਦਾ ਨਾਂ ਪੁੱਛਿਆ। ਮਾਂ ਦੇ ਦੱਸਣ ‘ਤੇ ਉਸ ਦੇ ਪੁੱਤਰ ਨੂੰ ਉਸ ਦੇ ਸਾਹਮਣੇ ਲਿਆ ਕੇ ਗੋਲ਼ੀ ਮਾਰ ਕੇ ਢੇਰੀ ਕਰ ਦਿੱਤਾ ਗਿਆ। ਫ਼ਰਿਆਦੀ ਦੀ ਫ਼ਰਿਆਦ ਸੁਣਨ ਵਾਲ਼ਾ ਐਹੋ ਜਿਹਾ ਜਨਰਲ ਸੀ, ਰਾਤਕੋ ਮਲਾਦਿੱਚ! ਅਣਗਿਣਤ ਲਾਸ਼ਾਂ ਬਗੈਰ ਦਫ਼ਨਾਇਆਂ ਹੀ ਖੇਤਾਂ ਵਿਚ ਗਲ਼ਦੀਆਂ ਅਤੇ ਸੜਦੀਆਂ ਰਹੀਆਂ। ਧਰਤੀ ਸਹਿਕਦੀ ਰਹੀ। ਮਾਹੌਲ ਖ਼ਾਮੋਸ਼ ਤੜਫ਼ਦਾ ਰਿਹਾ। ਅਖ਼ੀਰ 6557 ਲਾਸ਼ਾਂ ਦੀ ਡੀ.ਐੱਨ.ਏ. ਟੈਸਟ ਦੇ ਅਧਾਰ ‘ਤੇ ਸ਼ਨਾਖ਼ਤ ਹੋ ਸਕੀ। ਪਰ ਉਹਨਾਂ ਨੂੰ ਦਫ਼ਨਾਉਣ ਵਾਲ਼ਾ ਸ਼ਾਇਦ ਕੋਈ ਪਿੱਛੇ ਹੀ ਨਹੀਂ ਰਹਿ ਗਿਆ ਸੀ। ਇੱਥੇ 8000 ਬੇਦੋਸ਼ੇ ਲੋਕਾਂ ਦਾ ਮਾਰਿਆ ਜਾਣਾਂ ਦੱਸਿਆ ਜਾ ਰਿਹਾ ਹੈ। ਸਿਆਣੇ ਆਖਦੇ ਨੇ ਕਿ ਕੁੱਤੇ ਦੇ ਮੂੰਹ ਨੂੰ ਲਹੂ ਲੱਗਿਆ ਮਾੜਾ ਹੀ ਮਾੜਾ ਹੁੰਦਾ ਹੈ। ਸਰੇਬਿਨੀਸਾ ‘ਚ ਪਰਲੋਂ ਮਚਾਉਣ ਤੋਂ ਬਾਅਦ ਰਾਤਕੋ ਦੀਆਂ ਲਹੂ ਪੀਣੀਆਂ ਫ਼ੌਜਾਂ ਨੇ ਸਾਰਾਜੇਵੋ ਦੀ ਘੇਰਾਬੰਦੀ ਕਰ ਲਈ। 1992 ਅਤੇ 1996 ਦੇ ਦਰਮਿਆਨ ਇੱਥੇ 12000 ਤੋਂ ਵੀ ਵੱਧ ਲੋਕ ਮਾਰੇ ਗਏ, ਜਿੰਨ੍ਹਾਂ ਵਿਚ 1500 ਤੋਂ ਜਿਆਦਾ ਮਾਸੂਮ ਬੱਚੇ ਸਨ। ਇਸ ਤੋਂ ਇਲਾਵਾ ਜ਼ਖ਼ਮੀਆਂ ਦੀ ਗਿਣਤੀ 56000 ਤੋਂ ਵੱਧ ਦੱਸੀ ਜਾ ਰਹੀ ਹੈ ਅਤੇ ਇਸ ਵਿਚ ਵੀ 15000 ਦੇ ਕਰੀਬ ਬੱਚੇ ਸਨ। ਉਸ ਦੀ ਫ਼ੌਜ ਦੀਆਂ ਤੋਪਾਂ ਨੇ 35000 ਇਮਾਰਤਾਂ ਉਡਾ ਧਰੀਆਂ, ਜਿੰਨ੍ਹਾਂ ਵਿਚ ਹਸਪਤਾਲ਼ ਅਤੇ ਸਕੂਲ ਦੀਆਂ ਇਮਾਰਤਾਂ ਵੀ ਸ਼ਾਮਿਲ ਸਨ।

ਓਸ ਸਮੇਂ ਯੁਗੋਸਲਾਵੀਆ ਦਾ ਹਿੱਸਾ ਬੋਸਨੀਆਂ ਦੇ ਪਿੰਡ ਕਾਲੀਨੋਵਿਕ ਵਿਚ ਜਨਮੇਂ ਰਾਤਕੋ ਦਾ ਬਚਪਨ ਵੀ ਬਹੁਤਾ ਸੁਖਾਵਾਂ ਨਹੀਂ ਸੀ। ਉਸ ਦਾ ਬਾਪ ਨਾਜ਼ੀਆਂ ਖਿਲਾਫ਼ ਲੜਨ ਵਾਲ਼ਾ ਸੈਨਿਕ ਸੀ, ਜੋ ਦੂਸਰਾ ਵਿਸ਼ਵ-ਯੁੱਧ ਸਮਾਪਿਤ ਹੋਣ ਤੋਂ ਪਹਿਲਾਂ ਹੀ ਮਾਰਿਆ ਗਿਆ ਸੀ। ਉਸ ਨੇ ਜਰਮਨ ਦੇ ਕੈਦੀਆਂ ‘ਤੇ ਹੁੰਦੇ ਜ਼ੁਲਮ ਆਪਣੀ ਅੱਖੀਂ ਤੱਕੇ ਸਨ ਅਤੇ ਹੁਣ ਉਹ ਲੰਬੇ ਸਮੇਂ ਤੋਂ ਆਪਣੀ 23 ਸਾਲਾ ਧੀ ‘ਅੰਨਾਂ’ ਦੀ ਮੌਤ ਦੇ ਸਦਮੇਂ ਵਿਚ ਸੀ। ਰਾਤਕੋ ਨੇ ਆਪਣੀ ਧੀ ਨੂੰ ਇੱਕ ਰਿਵਾਲਵਰ ਤੋਹਫ਼ੇ ਵਜੋਂ ਦਿੱਤਾ ਸੀ ਕਿ ਜਦ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇ ਤਾਂ ਇਸ ਰਿਵਾਲਵਰ ਨਾਲ਼ ਖ਼ੁਸ਼ੀ ਵਿਚ ਗੋਲ਼ੀਆਂ ਚਲਾਵੇ! ਪਰ ਜਦ ਉਸ ਦੀ ਧੀ ਨੇ ਆਪਣੇ ਬਾਪ ਦੇ ਵਰਤਾਏ ਸਾਕੇ ਬਾਰੇ ਸੁਣਿਆਂ, ਦੇਖਿਆ ਅਤੇ ਪੜ੍ਹਿਆ ਤਾਂ ਉਸ ਨੇ ਉਸੇ ਰਿਵਾਲਵਰ ਨਾਲ਼ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ਤਮ ਕਰ ਲਿਆ। ਕਿਉਂਕਿ ਉਹ ਇਸ ਭੈਭੀਤ ਕਰਨ ਵਾਲ਼ੇ ਸਦਮੇਂ ਨੂੰ ਬਰਦਾਸ਼ਤ ਨਾ ਕਰ ਸਕੀ ਕਿ ਮੇਰਾ ਬਾਪ ਇਤਨਾ ਨਿਰਦਈ ਅਤੇ ਭਿਆਨਕ ਵੀ ਹੋ ਸਕਦਾ ਹੈ? ਹੁਣ 16 ਸਾਲ ਦੇ ਲੰਬੇ ਅਰਸੇ ਬਾਅਦ ਰਾਤਕੋ ਮਲਾਦਿੱਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਗਲੇ ਹਫ਼ਤੇ ਉਸ ਨੂੰ ਹੌਲੈਂਡ ਦੇ ਸ਼ਹਿਰ ‘ਹਾਊਗ’ ਵਿਖੇ “ਇੰਟਰਨੈਸ਼ਨਲ ਵਾਰ ਕਰਾਈਮ ਟ੍ਰਿਬਿਊਨਲ” ਸਾਹਮਣੇ ਪੇਸ਼ ਕੀਤਾ ਜਾਵੇਗਾ। ਉਸ ਉਪਰ 15 ਗੰਭੀਰ ਚਾਰਜ ਲਾਏ ਗਏ ਹਨ। ਜਿੰਨ੍ਹਾਂ ਕਾਰਨ ਉਸ ਨੂੰ ਆਪਣੀ ਰਹਿੰਦੀ ਜਿੰਦਗੀ ਸੀਖ਼ਾਂ ਪਿੱਛੇ ਗੁਜ਼ਾਰਨੀ ਪਵੇਗੀ।

ਦੁਨੀਆਂ ਦੇ ਵੱਖੋ-ਵੱਖ ਸਿਆਸੀ ਪੰਡਿਤਾਂ ਦਾ ਕਥਨ ਹੈ ਕਿ ਇਸ ਗ੍ਰਿਫ਼ਤਾਰੀ ਨਾਲ਼ ਹਰ ਯੁੱਧ ਅਪਰਾਧੀ ਨੂੰ ਸੰਕੇਤ ਹੋ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਅਤੇ ਅਖ਼ੀਰ ਕਾਨੂੰਨ ਦਾ ਹੱਥ ਤੁਹਾਡੀ ਘੰਡੀ ਤੱਕ ਜ਼ਰੂਰ ਪਹੁੰਚੇਗਾ। ਰਾਤਕੋ ਦੀ ਗ੍ਰਿਫ਼ਤਾਰੀ ਉਹਨਾਂ ਪ੍ਰੀਵਾਰਾਂ ਨੂੰ ਜ਼ਰੂਰ ਕੁਛ ਰਾਹਤ ਦੇਵੇਗੀ, ਜਿੰਨ੍ਹਾਂ ਦੇ ਟੱਬਰ ਹੀ ਖ਼ਤਮ ਕਰ ਦਿੱਤੇ ਗਏ ਸਨ। ਯੂ.ਐੱਨ. ਦੇ ਜਨਰਲ ਸੈਕਟਰੀ ਨੇ ਇਸ ਗ੍ਰਿਫ਼ਤਾਰੀ ਨੂੰ ਅੰਤਰਰਾਸ਼ਟਰੀ ਨਿਆਂ ਕਾਲ ਵਿਚ ਇਕ ਇਤਿਹਾਸਕ ਦਿਨ ਦੱਸਿਆ ਹੈ। ਪੀੜਤ ਲੋਕ ਹੁਣ ਕਾਨੂੰਨ ਦੇ ਫ਼ੈਸਲੇ ਦੇ ਮੂੰਹ ਵੱਲ ਤੱਕ ਰਹੇ ਹਨ। ਰਾਤਕੋ ਦੀ ਗ੍ਰਿਫ਼ਤਾਰੀ ਉਹਨਾਂ ਸ਼ਾਸ਼ਨ ਅਧਿਕਾਰੀਆਂ ਲਈ ‘ਲਾਲ ਝੰਡੀ’ ਹੈ, ਜੋ ਆਪਣੀ ਹਾਉਮੈ ਕਾਰਨ ਨਿਰਦੋਸ਼ ਮਾਨੁੱਖਤਾ ਦਾ ਘਾਣ ਕਰ ਰਹੇ ਹਨ! ਕਿਉਂਕਿ ਕਾਨੂੰਨ ਦੀ ਕਿਤਾਬ ਵਿਚ ਸਮਾਪਤੀ ਦੀ ਮਿਤੀ ਦਰਜ਼ ਨਹੀਂ ਹੈ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>