ਜੂਨ ਚੌਰਾਸੀ ਘੱਲੂਘਾਰੇ ਦੇ 27 ਸਾਲਾਂ ਬਾਅਦ ਵੀ ਸਿੱਖਾਂ ਵਿਚ ਠਾਠਾਂ ਮਾਰਦਾ ਜੋਸ਼ ਕਾਇਮ

ਲੰਡਨ – ਬੀਤੇ ਐਤਵਾਰ 5 ਜੂਨ 2011 ਨੂੰ ਪੰਜਾਹ ਹਜ਼ਾਰ ਤੋਂ ਵੱਧ ਸਿੱਖਾਂ ਨੇ ਇਕੱਠੇ ਹੋ ਕੇ ਲੰਡਨ ਦੇ ਹਾਈਡ ਪਾਰਕ ਤੋਂ ਟਰਫਾਲਗਰ ਸੁਕੇਅਰ ਤੱਕ ਰੋਹ ਮੁਜ਼ਾਹਰਾ ਕੀਤਾ । ਜੂਨ 1984 ਦੇ ਘੱਲੂਘਾਰੇ ‘ਚ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਲਈ ਐਫ਼ ਐਸ ਓ ਵੱਲੋਂ ਆਯੋਜਿਤ ਕੀਤੇ ਗਏ ਇਸ ਜ਼ਬਰਦਸਤ ਪ੍ਰਦਰਸ਼ਨ ਵਿਚ ਯੂ ਕੇ ਭਰ ਦੇ ਸ਼ਹਿਰਾਂ ਤੋਂ ਕੋਚਾਂ ਰਾਹੀਂ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਲੰਡਨ ਪਹੁੰਚੀਆਂ। 1984 ਵਿਚ ਜਦੋਂ ਇਹ ਘੱਲੂਘਾਰਾ ਵਾਪਰਿਆ ਸੀ, ਉਸ ਸਾਲ ਦੇ ਇਕੱਠ ਪਿੱਛੋਂ ਅੱਜ 27 ਸਾਲਾਂ ਬਾਅਦ ਸਿੱਖਾਂ ਵੱਲੋਂ ਇੰਨਾ ਵੱਡਾ ਇਕੱਠ ਕਰਕੇ ਭਾਰਤੀ ਸਾਮਰਾਜ ਦੁਆਰਾ ਸਿੱਖਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦਾ ਡਟ ਕੇ ਵਿਰੋਧ ਕੀਤਾ ਗਿਆ । ਸਿੱਖ ਸੰਗਤਾਂ ਵਿਚ ਅਥਾਹ ਜੋਸ਼ ਸੀ ।

ਯੂ ਕੇ ਦੇ ਵੱਖ ਵੱਖ ਸ਼ਹਿਰਾਂ ਤੋਂ 50 ਹਜ਼ਾਰ ਸਿੱਖ ਸੰਗਤਾਂ ਦਾ ਵਿਸ਼ਾਲ ਇਕੱਠ ਦਰਸਾ ਰਿਹਾ ਸੀ ਕਿ ਸਿੱਖਾਂ ਨੂੰ ਜਿੰਨਾ ਵੀ ਜ਼ੁਲਮ ਨਾਲ ਦਬਾਓਗੇ, ਉਹ ਉਤਨੇ ਹੀ ਹੋਰ ਤਕੜੇ ਹੋ ਕੇ ਉਭਰਨਗੇ । ਹਾਈਡ ਪਾਰਕ ਵਿਖੇ ਹੋਏ ਇਕੱਠ ਵਿਚ ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਬੀਬੀ ਸਿਮਰਜੀਤ ਕੌਰ, ਭਾਈ ਦੇਵਾ ਸਿੰਘ ਈਰਥ, ਭਾਈ ਰਨਬੀਰ ਸਿੰਘ ਮਾਨਚੈਸਟਰ, ਭਾਈ ਮੁਖਤਿਆਰ ਸਿੰਘ ਸਾਊਥਾਲ, ਭਾਈ ਕ੍ਰਿਪਾਲ ਸਿੰਘ ਮੱਲ੍ਹਾ ਬੇਦੀਆਂ, ਭਾਈ ਬਲਬੀਰ ਸਿੰਘ ਖੇਲਾ, ਬੀਬੀ ਬਲਦੀਸ਼ ਕੌਰ ਨਿੱਝਰ, ਭਾਈ ਸੇਵਾ ਸਿੰਘ ਲੱਲੀ (ਰਾਸ਼ਟਰਪਤੀ ਖਾਲਿਸਤਾਨ ਜਲਾਵਤਨ ਸਰਕਾਰ), ਕੌਂਸਲਰ ਸ: ਗੁਰਦਿਆਲ ਸਿੰਘ ਅਟਵਾਲ ਬ੍ਰਮਿੰਘਮ, ਭਾਈ ਬਲਜਿੰਦਰ ਸਿੰਘ ਵਿਰਦੀ, ਸ: ਮਨਮੋਹਣ ਸਿੰਘ ਖਾਲਸਾ, ਕੌਂਸਲਰ ਪਲਵਿੰਦਰ ਕੌਰ ਬਾਰਕਿੰਗ, ਭਾਈ ਵਿਜੈ ਸਿੰਘ ਸਕਾਰਬਰੋ ਸਕੌਟਲੈਂਡ, ਭਾਈ ਦਲਜੀਤ ਸਿੰਘ ਗੁਰੂ ਅਮਰਦਾਸ ਗੁਰਦੁਆਰਾ ਸਾਊਥਾਲ, ਭਾਈ ਅਮਰਜੀਤ ਸਿੰਘ ਢਿੱਲੋਂ ਸਿੰਘ ਸਭਾ ਸਾਊਥਾਲ, ਕੌਂਸਲਰ ਸ: ਨਰਿੰਦਰਜੀਤ ਸਿੰਘ ਥਾਂਦੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ, ਸ: ਅਮਰੀਕ ਸਿੰਘ ਸਹੋਤਾ ਓ ਬੀ ਈ ਗੁਰੂ ਨਾਨਕ ਗੁਰਦੁਆਰਾ ਸਮੈਦਿਕ, ਭਾਈ ਅਨਮੋਲ ਸਿੰਘ, ਭਾਈ ਸੁੱਚਾ ਸਿੰਘ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬੈਡਫੋਰਡ, ਸ: ਤਰਸੇਮ ਸਿੰਘ ਦਿਓਲ ਬ੍ਰਿਟਿਸ਼ ਸਿੱਖ ਕੌਂਸਲ, ਭਾਈ ਪਿਆਰਾ ਸਿੰਘ ਭੋਗਲ ਰਾਮਗੜ੍ਹੀਆ ਗੁਰਦੁਆਰਾ ਬ੍ਰਮਿੰਘਮ, ਭਾਈ ਪ੍ਰਮਜੀਤ ਸਿੰਘ ਗਾਜੀ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਭਾਈ ਦਵਿੰਦਰ ਸਿੰਘ ਸੋਢੀ ਸਕੱਤਰ ਜਨਰਲ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਭਾਈ ਸੁਰਿੰਦਰ ਸਿੰਘ ਮਿਲਟਨ ਕੀਨਜ਼, ਬਾਬਾ ਜ਼ੋਰਾਵਰ ਸਿੰਘ, ਭਾਈ ਟਹਿਲ ਸਿੰਘ ਅਤੇ ਹੋਰ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ । ਪਾਰਕ ਵਿਚ ਸਟੇਜ ਦੀ ਸੇਵਾ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਨੇ ਬਾਖੂਬੀ ਨਿਭਾਈ।

ਇਥੋਂ ਪੰਜ ਪਿਆਰਿਆਂ ਦੀ ਮੌਜੂਦਗੀ ਵਿਚ ਅਰਦਾਸ ਕਰਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਮਾਰਚ ਸ਼ੁਰੂ ਕੀਤਾ ਗਿਆ ।

ਰੋਹ ਵਿਖਾਵੇ ਵਿਚ ਸ਼ਾਮਿਲ ਹੋਈਆਂ ਸਿੱਖ ਸੰਗਤਾਂ ਨੇ ਨੀਲੇ ਪੀਲੇ ਬਾਣੇ ਪਾਏ ਹੋਏ ਸਨ, ਕੇਸਰੀ ਦਸਤਾਰਾਂ ਤੇ ਦੁਪੱਟਿਆਂ ਦਾ ਦਰਿਆ ਇਸ ਕਦਰ ਲੰਡਨ ਦੀਆਂ ਸੜਕਾਂ ਉਤੇ ਵਹਿ ਰਿਹਾ ਸੀ ਕਿ ਹਰ ਕੋਈ ਦੇਖ ਕੇ ਦੰਗ ਹੁੰਦਾ ਸੀ ਕਿ ਇਤਨੇ ਸਿੱਖ ਅੱਜ ਲੰਡਨ ਵਿਚ ਇਕੱਠੇ ਹੋਏ ਹਨ । ਸਿੱਖ ਸੰਗਤਾਂ ਨੇ ਹੋਰ ਕਮਿਊਨਿਟੀਆਂ ਦੇ ਲੋਕਾਂ ਦੀ ਜਾਣਕਾਰੀ ਲਈ ਭਾਰਤ ਸਰਕਾਰ ਵੱਲੋਂ ਸਿੱਖਾਂ ਉਤੇ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਪਰਚੇ (ਲੀਫਲਿਟ) ਵੀ ਵੰਡੇ, ਉਹਨਾਂ ਨੇ ਪਲੈਕਾਰਡ ਅਤੇ ਵੱਡੇ ਵੱਡੇ ਬੈਨਰ ਚੁੱਕੇ ਹੋਏ ਸਨ । ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜ਼ਿੰਦਾਬਾਦ, ਖਾਲਿਸਤਾਨ – ਜ਼ਿੰਦਾਬਾਦ, ਭਿੰਡਰਾਂਵਾਲੇ ਸੰਤ ਸਿਪਾਹੀ-ਜਿਸ ਨੇ ਸੁੱਤੀ ਕੌਮ ਜਗਾਈ, ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ-ਜ਼ਿੰਦਾਬਾਦ, ਦੇ ਇਲਾਵਾ ਸਿੱਖ ਸੰਗਤਾਂ ਅਨੇਕਾਂ ਜੋਸ਼ ਵਧਾਊ ਅਜਿਹੇ ਸਲੋਗਨ ਤੇ ਨਾਹਰੇ ਲਾ ਰਹੀਆਂ ਸਨ ।

ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੀਆਂ ਜਥੇਬੰਦੀਆਂ ਦੇ ਬੈਨਰ ਚੁੱਕੇ ਹੋਏ ਸਨ । ਸਿੱਖ ਕੌਮ ਦੀ ਅਗਲੀ ਪੀੜ੍ਹੀ ਨੌਜਵਾਨ ਵਰਗ ਤੇ ਬੱਚਿਆਂ ਦੀ ਇਸ ਰੋਹ ਵਿਖਾਵੇ ਵਿਚ ਵੱਡੀ ਗਿਣਤੀ ਅਤੇ ਅਥਾਹ ਜੋਸ਼ ਦੇਖ ਕੇ ਹਰ ਕੋਈ ਇਓਂ ਸਮਝਦਾ ਸੀ ਕਿ ਜੂਨ 1984 ਦਾ ਘੱਲੂਘਾਰਾ ਜਿਵੇਂ ਇਹਨਾਂ ਨੇ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇਗਾ, ਹਾਲਾਂ ਕਿ ਇਹ ਨੌਜਵਾਨ ਉਸ ਘੱਲੂਘਾਰੇ ਤੋਂ ਬਹੁਤ ਪਿੱਛੋਂ ਪੈਦਾ ਹੋਏ ਹੋਣਗੇ । ਦਸ ਬਾਰਾਂ ਸਾਲ ਦੇ ਬੱਚੇ ਵੀ ਭਾਰਤ ਸਰਕਾਰ ਦੇ ਜ਼ੁਲਮਾਂ ਨੂੰ ਬਿਆਨ ਕਰਦੀਆਂ ਤਸਵੀਰਾਂ ਵਾਲੇ ਬੋਰਡ ਚੁੱਕੀ, ਅਕਾਸ਼ ਗੁੰਜਾਊ ਨਾਹਰੇ ਲਗਾ ਰਹੇ ਸਨ । ਪ੍ਰਦਰਸ਼ਨ ਵਿਚ ਨੌਜਵਾਨ, ਬੱਚੇ, ਬਜ਼ੁਰਗ, ਬੀਬੀਆਂ, ਮਾਤਾਵਾਂ, ਛੋਟੀਆਂ ਬੱਚੀਆਂ, ਗੱਲ ਕੀ ਹਰ ਉਮਰ ਦੇ ਸਿੱਖ ਸ਼ਾਮਿਲ ਸਨ ।

ਕਈ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਐਫ਼ ਐਸ ਓ ਦੇ ਸੱਦੇ ‘ਤੇ ਸੰਗਤਾਂ ਵਾਸਤੇ 10-10 ਤੋਂ ਵੀ ਵੱਧ ਕੋਚਾਂ ਦਾ ਪ੍ਰਬੰਧ ਕੀਤਾ ਸੀ । ਜਿਵੇਂ ਕਿ ਲੈਸਟਰ ਦੇ ਗੁਰਦੁਆਰਾ ਸਾਹਿਬਾਨ ਤੋਂ 23 ਕੋਚਾਂ ਸਨ, ਗੁਰੂ ਨਾਨਕ ਗੁਰਦੁਆਰਾ ਸਮੈਦਿਕ ਤੋਂ 11 ਕੋਚਾਂ, ਡਰਬੀ ਤੋਂ 7 ਕੋਚਾਂ, ਗੁਰੂ ਨਾਨਕ ਗੁਰਦੁਆਰਾ ਸੈਜਲੀ ਸਟ੍ਰੀਟ ਤੋਂ 9 ਕੋਚਾਂ, ਵੈਸਟ ਬ੍ਰਾਮਵਿਚ ਦੇ ਗੁਰੂ ਘਰਾਂ ਤੋਂ 10 ਕੋਚਾਂ, ਗੁਰੂ ਨਾਨਕ ਗੁਰਦੁਆਰਾ ਸਾਊਥ ਬ੍ਰਮਿੰਘਮ ਤੋਂ ਦੋ ਕੋਚਾਂ, ਨੌਟਿੰਘਮ ਤੋਂ 2 ਕੋਚਾਂ, ਸਾਊਥੈਂਪਟਨ ਤੋਂ 4 ਕੋਚਾਂ । ਇਸੇ ਤਰ੍ਹਾਂ ਗ੍ਰੇਵਜ਼ੈਂਡ, ਈਰਥ, ਡਾਰਟਫੋਰਡ, ਬਾਰਕਿੰਗ, ਵੱਟਫੋਰਡ, ਸਾਊਥਾਲ, ਸਲੋਹ, ਬੈਡਫੋਰਡ,  ਕਵੈਂਟਰੀ,  ਸਵਿੰਡਨ, ਲਮਿੰਗਟਨ ਸਪਾ, ਗੁਰਦੁਆਰਾ ਕੈਨਕ ਰੋਡ ਵੁਲਵਰਹੈਂਪਟਨ, ਵੈਨਜ਼ਫੀਲਡ, ਵਾਲਸਾਲ, ਟੈਲਫੋਰਡ,  ਹਡਰਸਫੀਲਡ, ਬ੍ਰੈਡਫੋਰਡ, ਨਿਊਕੈਸਲ, ਐਡਨਬਰਾ ਦੇ ਇਲਾਵਾ ਹੋਰ ਵੀ ਕਈ ਸ਼ਹਿਰਾਂ ਤੋਂ ਕਾਫ਼ੀ ਗਿਣਤੀ ਵਿਚ ਕੋਚਾਂ ਰਾਹੀਂ ਸਿੱਖ ਸੰਗਤਾਂ ਲੰਡਨ ਵਿਖਾਵੇ ਵਿਚ ਪਹੁੰਚੀਆਂ । ਇਸ ਤੋਂ ਬਿਨਾ ਜਿਹੜੇ ਵੀ ਸ਼ਹਿਰਾਂ ਵਿਚ ਸਿੱਖ ਰਹਿੰਦੇ ਹਨ, ਉਹ ਆਪਣੀਆਂ ਗੱਡੀਆਂ ਕਾਰਾਂ ਰਾਹੀਂ ਵੀ ਲੰਡਨ ਆਏ । ਇਸ ਵਾਰ ਕਈ ਉਹਨਾਂ ਗੁਰਦੁਆਰਾ ਕਮੇਟੀਆਂ ਨੇ ਵੀ ਕੋਚਾਂ ਦਾ ਪ੍ਰਬੰਧ ਕੀਤਾ ਸੀ, ਜਿਥੋਂ ਪਹਿਲਾਂ ਕਦੇ ਕੋਈ ਕੋਚ ਨਹੀਂ ਸੀ ਆਉਂਦੀ । ਜਿਵੇਂ ਜਿਵੇਂ ਸਿੱਖਾਂ ਨਾਲ ਭਾਰਤ ਸਰਕਾਰ ਵੱਲੋਂ ਨਿਆਂ ਦੇਣ ਵਿਚ ਦੇਰੀ ਕੀਤੀ ਜਾ ਰਹੀ ਹੈ, ਤੇ ਜ਼ੁਲਮਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ, ਸਿੱਖਾਂ ਵਿਚ ਰੋਹ ਹੋਰ ਵੀ ਵਧਦਾ ਜਾਂਦਾ ਹੈ । ਇਕ ਕੋਚ ਦੀਆਂ ਸੰਗਤਾਂ ਨੂੰ ਪੁੱਛਿਆ ਕਿ ਹੱਥ ਖੜ੍ਹੇ ਕਰੋ ਕਿ ਜਿਹੜੇ ਇਸ ਸਾਲ ਪਹਿਲੀ ਵਾਰ ਲੰਡਨ ਜਾ ਰਹੇ ਹਨ, ਤਾਂ ਅੱਧਿਓਂ ਵੱਧ ਸੰਗਤਾਂ ਨੇ ਕਿਹਾ ਕਿ ਉਹ ਮੁਜ਼ਾਹਰੇ ਵਿਚ ਪਹਿਲੀ ਵਾਰ ਸ਼ਾਮਲ ਹੋਣ ਜਾ ਰਹੇ ਹਨ । ਇਸ ਤਰ੍ਹਾਂ ਸਿੱਖਾਂ ਵਿਚ ਆਪਣੇ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਦਿਨੋ ਦਿਨ ਜਾਗਰੂਕਤਾ ਵਧ ਰਹੀ ਹੈ, ਉਹਨਾਂ ਦਾ ਜੋਸ਼ ਮੱਠਾ ਨਹੀਂ ਪੈ ਰਿਹਾ, ਸਗੋਂ ਉਹਨਾਂ ਦੀ ਅਗਲੀ ਨੌਜਵਾਨ ਪੀੜ੍ਹੀ ਵੀ ਆਪਣੇ ਨਾਲ ਲਗਾਤਾਰ  ਹੋ ਰਹੀਆਂ ਵਧੀਕੀਆਂ ਤੋਂ ਖ਼ਬਰਦਾਰ ਹੋ ਰਹੀ ਹੈ ।

ਲੰਡਨ ਦੀਆਂ ਵੱਖ ਵੱਖ ਸੜਕਾਂ ਤੋਂ ਹੁੰਦਾ ਹੋਇਆ ਇਹ ਮਾਰਚ ਟਰਫਾਲਗਰ ਸੁਕੇਅਰ ਵਿਖੇ ਪਹੁੰਚਿਆ ਜਿੱਥੇ ਭਾਈ ਦਬਿੰਦਰਜੀਤ ਸਿੰਘ ਤੇ ਉਹਨਾਂ ਦੇ ਟੀਮ ਨੇ ਸਾਰਾ ਪ੍ਰਬੰਧ ਬਹੁਤ ਹੀ ਵਧੀਆ ਤੇ ਪ੍ਰਭਾਵਸ਼ਾਲੀ ਕੀਤਾ ਹੋਇਆ ਸੀ । ਸਟੇਜ ਤੋਂ ਸੰਗਤਾਂ ਨੂੰ ਸਿੱਖਾਂ ਨਾਲ ਵਾਪਰੇ ਹਰ ਦੁਖਾਂਤ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਹੋਰ ਅਨੇਕਾਂ ਜੇਹਲੀਂ ਬੰਦ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਗਈ । ਜਿਵੇਂ ਜਿਵੇਂ ਬੁਲਾਰੇ ਬੋਲਦੇ ਸਨ, ਨਾਲੋ ਨਾਲ ਵੱਡੀ ਸਕਰੀਨ ‘ਤੇ ਦੂਰ ਬੈਠੀਆਂ ਸੰਗਤਾਂ ਵੀ ਦੇਖ ਰਹੀਆਂ ਸਨ । ਵਿਚ ਵਿਚ ਵੀਡੀਓ ਫ਼ਿਲਮਾਂ ਰਾਹੀਂ ਬੀਤੇ ਸਾਕਿਆਂ ਦੀਆਂ ਫੁਟੇਜ ਵੀ ਦਿਖਾਈਆਂ ਜਾ ਰਹੀਆਂ ਸਨ, ਕਿ ਕਿਵੇਂ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਅਤੇ ਭਾਰਤ ਦੇ ਦੂਜੇ ਹਿੱਸਿਆਂ ਵਿਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਨਾਲ ਸਰਕਾਰੀ ਸ਼ਹਿ ‘ਤੇ ਕਤਲੇਆਮ ਕੀਤਾ ਗਿਆ ।

ਇਥੇ ਬੋਲਣ ਵਾਲੇ ਬੁਲਾਰਿਆਂ ਵਿਚ ਭਾਈ ਨਵਰੀਤ ਸਿੰਘ, ਸ: ਜਰਨੈਲ ਸਿੰਘ ਪੱਤਰਕਾਰ, ਲਿਬਰਲ ਡੈਮੋਕਰੇਟ ਪਾਰਟੀ ਦੇ ਐਮ ਪੀ ਮਿ: ਸਾਈਮਨ ਹਿਊਜਸ, ਭਾਈ ਬਲਬੀਰ ਸਿੰਘ ਬੈਂਸ, ਭਾਈ ਜਗਜੀਤ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਸੀ ਦੀ ਧੀ ਬੀਬੀ ਕਮਲਪ੍ਰੀਤ ਕੌਰ, ਅਮਰੀਕਾ ਤੋਂ ਆਏ ਸਿੱਖ ਆਗੂ ਡਾ: ਪ੍ਰਮਜੀਤ ਸਿੰਘ ਅਜਰਾਵਤ, ਬ੍ਰਿਟਿਸ਼ ਸਿੱਖ ਕੌਂਸਲ ਅਤੇ ਸ੍ਰੀ ਗੁਰੂ ਸਿੰਘ ਸਭਾ ਕਵੈਂਟਰੀ ਦੇ ਪ੍ਰਧਾਨ ਸ: ਕੁਲਵੰਤ ਸਿੰਘ ਢੇਸੀ, ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਬੁਲਾਰੇ ਭਾਈ ਪ੍ਰਮਜੀਤ ਸਿੰਘ ਗਾਜੀ ਦੇ ਇਲਾਵਾ ਹੋਰ ਵੀ ਕਈ ਆਗੂਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ । ਇਥੇ ਸਟੇਜ ਦੀ ਸੇਵਾ ਬੀਬੀ ਰਵਿੰਦਰ ਕੌਰ, ਭਾਈ ਦਬਿੰਦਰਜੀਤ ਸਿੰਘ ਅਤੇ ਭਾਈ ਜੋਗਾ ਸਿੰਘ ਨੇ ਨਿਭਾਈ ।

ਭਾਈ ਬਲਬੀਰ ਸਿੰਘ ਬੈਂਸ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਸੁਨੇਹਾ ਸੰਗਤਾਂ ਨੂੰ ਦੱਸਿਆ ਕਿ ਆਪਣੇ ਅਕਾਲ ਚਲਾਣਾ ਕਰ ਗਏ ਸ਼ਹੀਦਾਂ ਦੇ ਨਾਲ ਨਾਲ ਜਿੰਦਾ ਸ਼ਹੀਦਾਂ ਨੂੰ ਵੀ ਯਾਦ ਰੱਖੋ । ਉਹਨਾਂ ਦਾ ਇਸ਼ਾਰਾ ਸੀ ਜਿਹੜੇ ਗੁਰਸਿੱਖ ਜੇਹਲਾਂ ਵਿਚ ਲੰਮੇ ਸਮੇਂ ਤੋਂ ਬੰਦ ਹਨ, ਉਹ ਹਰ ਰੋਜ਼ ਸਰੀਰਕ ਤੇ ਮਾਨਸਿਕ ਸਰਕਾਰੀ ਜ਼ੁਲਮ ਸਹਿੰਦੇ ਹੋਏ ਸ਼ਹੀਦ ਹੁੰਦੇ ਹਨ । ਉਹਨਾਂ ਨੇ ਜੇਹਲਾਂ ਵਿਚ ਬੰਦ ਸਿੱਖਾਂ ਦੀ ਮਦਦ ਕਰਨ ਲਈ ਵੀ ਸੰਗਤਾਂ ਨੂੰ ਬੇਨਤੀ ਕੀਤੀ, ਉਹ ਇਸ ਵਾਸਤੇ ‘ਸਿੱਖ ਆਰਗੇਨਾਈਜ਼ੇਸ਼ਨ ਫਾਰ ਪ੍ਰਿਜ਼ਨਰਸ ਵੈਲਫੇਅਰ’ ਨਾਂ ਦੀ ਸੰਸਥਾ ਚਲਾ ਰਹੇ ਸਨ, ਜਿਸ ਰਾਹੀਂ ਸੰਗਤਾਂ ਜੇਹਲਾਂ ‘ਚ ਬੰਦ ਸਿੱਖਾਂ ਦੀ ਮਦਦ ਕਰ ਸਕਦੀਆਂ ਹਨ ।

ਇਸ ਮੌਕੇ ਡਾ: ਅਜਰਾਵਤ ਨੇ ਸਿੱਖਾਂ ਉਤੇ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਇਕੋ ਇਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਦੱਸਿਆ । ਉਹਨਾਂ ਕਿਹਾ ਇਹ ਸਿੱਖ ਕੌਮ ਦਾ ਪੈਦਾਇਸ਼ੀ ਹੱਕ ਹੈ । ਹਰ ਇਕ ਕੌਮ ਕੋਲ ਅਧਿਕਾਰ ਹੈ ਕਿ ਉਹ ਆਪਣਾ ਰਾਜ ਸਥਾਪਤ ਕਰ ਸਕੇ, ਪਰ ਇਸ ਲਈ ਸਾਨੂੰ ਖਾਲਸਾ ਪੰਥ ਦੇ ਸਿਧਾਂਤ ਅਪਨਾਉਣੇ ਹੋਣਗੇ । ਇਸ ਵਕਤ ਬਾਰਸ਼ ਵੀ ਕਾਫ਼ੀ ਹੋਣ ਲੱਗ ਪਈ ਸੀ ਤੇ ਸੰਗਤਾਂ ਠੰਢ ਮਹਿਸੂਸ ਕਰਨ ਲੱਗੀਆਂ ਤਦ ਸ: ਕੁਲਵੰਤ ਸਿੰਘ ਢੇਸੀ ਨੇ ਕਿਹਾ ਕਿ ਇਸ ਵੇਲੇ ਸੰਗਤ ਵਿਚ ਕੁਝ ਠੰਢ ਵਰਤ ਗਈ ਹੈ, ਹੁਣੇ ਮਤੇ ਪੇਸ਼ ਕਰਕੇ ਸੰਗਤਾਂ ਵਿਚ ਗਰਮੀ ਲਿਆਂਦੀ ਜਾਏਗੀ । ਜਿਉਂ ਹੀ ਉਹਨਾਂ ਮਤੇ ਪੜ੍ਹੇ ਤਾਂ ਸੰਗਤਾਂ ਨੇ ਪੂਰੇ ਜੋਸ਼ ਦਾ ਵਿਖਾਵਾ ਕੀਤਾ । ਮੁਜ਼ਾਹਰੇ ਮੌਕੇ ਸਾਰਾ ਸਮਾਂ ਹਾਜ਼ਰ ਰਹਿਣ ਵਾਲਿਆਂ ਵਿਚ ਸਨ, ਭਾਈ ਜੋਗਾ ਸਿੰਘ, ਜਥੇਦਾਰ ਬਲਬੀਰ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਹਰਦੀਸ਼ ਸਿੰਘ ਵੁਲਵਰਹੈਂਪਟਨ, ਭਾਈ ਜਰਨੈਲ ਸਿੰਘ ਨਿਊਕੈਸਲ, ਭਾਈ ਦਬਿੰਦਰਜੀਤ ਸਿੰਘ, ਜਥੇਦਾਰ ਅਵਤਾਰ ਸਿੰਘ ਸੰਘੇੜਾ, ਸ: ਗੁਰਮੇਜ ਸਿੰਘ ਗਿੱਲ ਜਲਾਵਤਨ ਸਰਕਾਰ, ਮਾਸਟਰ ਅਵਤਾਰ ਸਿੰਘ ਡਰਬੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ, ਭਾਈ ਸੂਬਾ ਸਿੰਘ ਬ੍ਰਮਿੰਘਮ, ਸ: ਰਾਜਿੰਦਰ ਸਿੰਘ ਪੁਰੇਵਾਲ ਜਨਰਲ ਸਕੱਤਰ ਅਖੰਡ ਕੀਰਤਨੀ ਜਥਾ ਯੂ ਕੇ, ਸ: ਰਮਿੰਦਰ ਸਿੰਘ ਪ੍ਰਧਾਨ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ, ਭਾਈ ਰਘਵੀਰ ਸਿੰਘ ਪ੍ਰਧਾਨ ਸਿੰਘ ਸਭਾ ਡਰਬੀ, ਸ: ਹਰਭਜਨ ਸਿੰਘ ਦਈਆ ਗੁਰੂ ਨਾਨਕ ਗੁਰਦੁਆਰਾ ਸਾਊਥ ਬ੍ਰਮਿੰਘਮ, ਸ: ਸੁਰਜੀਤ ਸਿੰਘ ਸਰਪੰਚ ਸਾਊਥਾਲ, ਜਥੇਦਾਰ ਰਘਵੀਰ ਸਿੰਘ ਅਖੰਡ ਕੀਰਤਨੀ ਜਥਾ ਯੂ ਕੇ ਅਤੇ ਹੋਰ ਸਿੱਖ ਆਗੂਆਂ ਦੇ ਨਾਂ ਵਰਣਨਯੋਗ ਹਨ ।

ਇਸ ਮੌਕੇ ਰੋਹ ਮੁਜ਼ਾਹਰੇ ਦੇ ਪ੍ਰਬੰਧਕਾਂ ਵੱਲੋਂ ਮੁਜ਼ਾਹਰੇ ਵਿਚ ਸ਼ਾਮਿਲ ਸਮੂਹ ਸੰਗਤਾਂ ਸਾਰੇ ਸ਼ਹਿਰਾਂ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਆਗੂਆਂ ਅਤੇ ਸੰਗਤਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਹਾਰਦਿਕ ਧੰਨਵਾਦ ਕੀਤਾ । ਭਾਈ ਜੋਗਾ ਸਿੰਘ ਨੇ ਦੱਸਿਆ ਕਿ ਰੋਹ ਮੁਜ਼ਾਹਰੇ ਵਾਸਤੇ ਸੈਜਲੀ ਸਟ੍ਰੀਟ ਗੁਰਦੁਆਰਾ ਸਾਹਿਬ ਵੱਲੋਂ 1000 ਪੌਂਡ, ਸ੍ਰੀ ਗੁਰੂ ਸਿੰਘ ਸਭਾ ਡਰਬੀ ਵੱਲੋਂ ਇਕ ਹਜ਼ਾਰ ਪੌਂਡ, ਸ੍ਰੀ ਗੁਰੂ ਸਿੰਘ ਸਭਾ ਕਵੈਂਟਰੀ ਵੱਲੋਂ ਇਕ ਹਜ਼ਾਰ ਪੌਂਡ, ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਕਵੈਂਟਰੀ ਵੱਲੋਂ ਵੀ ਇਕ ਹਜ਼ਾਰ ਪੌਂਡ, ਗੁਰੂ ਹਰਿ ਰਾਏ ਸਾਹਿਬ ਗੁਰਦੁਆਰਾ ਵੈਸਟ ਬ੍ਰਾਮਵਿਚ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੀਆਂ ਸੰਗਤਾਂ ਵੱਲੋਂ ਪੰਜ – ਪੰਜ ਸੌ ਪੌਂਡ ਅਤੇ ਨੌਟਿੰਘਮ ਦੀ ਸੰਗਤ ਵੱਲੋਂ ਸ: ਸਰਬਜੀਤ ਸਿੰਘ ਲਾਂਡਾ ਰਾਹੀਂ 5 ਸੌ ਪੌਂਡ ਨਕਦ ਦੇ ਕੇ ਸਹਾਇਤਾ ਕੀਤੀ ਗਈ । ਇਸ ਦੇ ਇਲਵਾ ਹੋਰ ਵੀ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਨੇ ਵਾਅਦਾ ਕੀਤਾ ਕਿ ਉਹ ਵੀ ਇਸ ਸੇਵਾ ਵਿਚ ਹਿੱਸਾ ਪਾਉਣਗੇ, ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਗਈ ਕਿ ਇਹ ਕਾਰਜ ਛੇਤੀ ਕਰਨ । ਇਸ ਦੇ ਇਲਾਵਾ ਮੁਜ਼ਾਹਰੇ ਦੇ ਪ੍ਰਬੰਧਕਾਂ ਵੱਲੋਂ ਹੋਰ ਵੀ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਵੀ ਅੱਗੇ ਆਉਣ ਅਤੇ ਇਸ ਕੌਮੀ ਕਾਰਜ ਵਿਚ ਮੁਜ਼ਾਹਰੇ ਦੇ ਪ੍ਰਬੰਧਕਾਂ ਦੀ ਮਦਦ ਕਰਨ, ਇਹ ਕਿਸੇ ਵੀ ਇਕ ਜਥੇਬੰਦੀ ਜਾਂ ਗਰੁੱਪ ਦਾ ਕਾਰਜ ਨਹੀਂ ਹੈ, ਇਹ ਸਮੁੱਚੀ ਕੌਮ ਦੇ ਸਮੂਹ ਸ਼ਹੀਦਾਂ ਪ੍ਰਥਾਏ ਕੀਤਾ ਗਿਆ ਪ੍ਰੋਗਰਾਮ ਹੈ ।

ਮੁਜ਼ਾਹਰੇ ਨੂੰ ਕਾਮਯਾਬ ਕਰਨ ਲਈ ਭਾਈ ਅਮਰੀਕ ਸਿੰਘ ਗਿੱਲ, ਜਥੇਦਾਰ ਬਲਬੀਰ ਸਿੰਘ ਵਾਲਸਾਲ, ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਕੌਂਸਲਰ ਗੁਰਦਿਆਲ ਸਿੰਘ ਅਟਵਾਲ, ਸ: ਕੁਲਵੰਤ ਸਿੰਘ ਢੇਸੀ, ਸ: ਹਰਦੀਸ਼ ਸਿੰਘ, ਸ: ਰਾਜਿੰਦਰ ਸਿੰਘ ਪੁਰੇਵਾਲ, ਕੌਂਸਲਰ ਨਰਿੰਦਰਜੀਤ ਸਿੰਘ ਥਾਂਦੀ ਅਤੇ ਐਫ਼ ਐਸ ਓ ਦੀ ਸਮੁੱਚੀ ਟੀਮ ਨੇ ਲਗਾਤਾਰ ਕਈ ਹਫ਼ਤੇ ਦਿਨ ਰਾਤ ਕਰਕੇ ਸਖ਼ਤ ਮਿਹਨਤ ਕੀਤੀ । ਮੀਡੀਆ ਰਾਹੀਂ ਸੰਗਤਾਂ ਨੂੰ ਪ੍ਰੇਰਿਆ, ਖੁਦ ਗੁਰਦੁਆਰਾ ਕਮੇਟੀਆਂ ਨੂੰ ਮਿਲ ਕੇ ਉਨ੍ਹਾਂ ਪਾਸੋਂ ਸਹਿਯੋਗ ਪ੍ਰਾਪਤ ਕੀਤਾ । ਇਹਨਾਂ ਆਗੂਆਂ ਵੱਲੋਂ ਮੁਜ਼ਾਹਰੇ ਵਿਚ ਸ਼ਾਮਿਲ ਸਾਰੇ ਗੁਰਦੁਆਰਾ ਸਾਹਿਬਾਨ ਦੀਆਂ ਸੇਵਾਦਾਰ ਕਮੇਟੀਆਂ, ਸਮੂਹ ਪੰਥਕ ਜਥੇਬੰਦੀਆਂ ਅਤੇ ਸਰਬੱਤ ਸਿੱਖ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ । ਉਹਨਾਂ ਨੇ ਕਿਹਾ ਕਿ ਸਾਨੂੰ ਆਪ ਜੀ ਦੇ ਹੋਰ ਵੀ ਸਹਿਯੋਗ ਦੀ ਲੋੜ ਹੈ, ਉਮੀਦ ਕਰਦੇ ਹਾਂ ਕਿ ਅੱਗੋਂ ਤੋਂ ਵੀ ਪੰਥਕ ਕਾਰਜਾਂ ਵਿਚ ਸੰਗਤਾਂ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਹਿੱਸਾ ਪਾਉਣਗੀਆਂ ।

ਆਖਰ ਵਿਚ ਕਾਨਫਰੰਸ ਦੀ ਸਮਾਪਤੀ ਪਿੱਛੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿਖੇ ਪ੍ਰਧਾਨ ਮੰਤਰੀ ਨੂੰ ਮੈਮੋਰੰਡਮ ਦਿੱਤਾ ਗਿਆ, ਇਸ ਜਥੇ ਵਿਚ ਜਥੇਦਾਰ ਬਲਬੀਰ ਸਿੰਘ, ਭਾਈ ਅਮਰੀਕ ਸਿੰਘ ਗਿੱਲ, ਭਾਈ ਸੇਵਾ ਸਿੰਘ ਲੱਲੀ, ਕੌਂਸਲਰ ਸ: ਗੁਰਦਿਆਲ ਸਿੰਘ ਅਟਵਾਲ, ਸ: ਮਨਮੋਹਣ ਸਿੰਘ ਖਾਲਸਾ ਅਤੇ ਸ: ਮੰਗਲ ਸਿੰਘ ਲੈਸਟਰ ਸ਼ਾਮਿਲ ਸਨ ।

ਜੂਨ 1984 ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਪੰਥਕ ਇਕੱਠ ‘ਚ ਲੰਡਨ ਵਿਖੇ 5 ਜੂਨ 2011 ਨੂੰ ਪਾਸ ਕੀਤੇ ਗਏ ਮਤੇ

ਮਤਾ ਨੰਬਰ 1)  ਜੂਨ 1984 ਵਿਚ ਹਿੰਦੋਸਤਾਨ ਦੀ ਜ਼ਾਲਮ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਸਾਹਿਬ ਦੀ ਹਦੂਦ ਅੰਦਰ ਗੁਰਪੁਰਬ ਮਨਾਉਂਦੀਆਂ ਅਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ ਨੂੰ ਟੈਂਕਾਂ, ਤੋਪਾਂ ਅਤੇ ਗਲੀਆਂ ਨਾਲ ਸ਼ਹੀਦ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤਬਾਹ ਕਰ ਦਿੱਤਾ ਗਿਆ ਸੀ । ਫੜ੍ਹੇ ਗਏ ਸਿੰਘਾਂ ਨੂੰ ਹੱਥ ਪਿੱਛੇ ਬੰਨ੍ਹ ਕੇ ਗੋਲੀਆਂ ਮਾਰੀਆਂ ਗਈਆਂ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਅਤੇ ਹੋਰ ਇਤਿਹਾਸਕ ਵਿਰਸਾ ਅੱਗ ਲਾ ਕੇ ਫੂਕ ਦਿੱਤਾ ਗਿਆ । ਅੱਜ ਦਾ ਇਹ ਇਕੱਠ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾਂ ਮਨ ਵਿਚ ਵਸਾਈ ਰੱਖਣ ਦਾ ਪ੍ਰਣ ਕਰਦਾ ਹੈ ਅਤੇ ਦੁਸ਼ਟ ਸਰਕਾਰ ਵੱਲੋਂ ਵਰਤਾਏ ਇਸ ਘੱਲੂਘਾਰੇ ਦੀ ਪੁਰਜ਼ੋਰ ਨਿੰਦਾ ਕਰਦਾ ਹੈ ।

ਮਤਾ ਨੰਬਰ 2) ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਜਿਸ ‘ਤੇ ਫਰਜ਼ੀ ਕੇਸ ਪਾ ਕੇ ਇਕ ਸਿੱਖ ਹੋਣ ਕਰਕੇ ਹੀ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ । ਇਹ ਉਹ ਕੇਸ ਹੈ ਜਿਸ ਵਿਚ ਇਕ ਵੀ ਸਰਕਾਰੀ ਗਵਾਹ ਨਹੀਂ ਭੁਗਤਿਆ ਅਤੇ ਪ੍ਰੋਫ਼ੈਸਰ ਭੁੱਲਰ ਪਾਸੋਂ ਪੁਲਿਸ ਹਿਰਾਸਤ ਵਿਚ ਇਕ ਬਿਆਨ ਲਿਖ ਕੇ ਧੱਕੇ ਨਾਲ ਅੰਗੂਠਾ ਲਵਾ ਲਿਆ ਗਿਆ । ਜਦ ਕਿ ਇਕ ਪੜ੍ਹੇ ਲਿਖੇ ਇਨਸਾਨ ਨੂੰ ਆਪਣੇ ਬਿਆਨ ਉਤੇ ਆਪ ਦਸਤਖਤ ਕਰਨੇ ਬਣਦੇ ਹਨ । ਦੁਨੀਆ ਦੀ ਕਿਸੇ ਵੀ ਡੈਮੋਕਰੇਸੀ ਵਿਚ ਪੁਲਿਸ ਹਿਰਾਸਤ ਵਿਚ ਤਸ਼ੱਦਦ ਕਰਕੇ ਲਏ ਬਿਆਨ ਦੇ ਆਧਾਰ ‘ਤੇ ਅਤੇ ਕਿਸੇ ਵੀ ਗਵਾਹ ਦੀ ਗਵਾਹੀ ਤੋਂ ਬਿਨਾ ਇਕ ਮਨੁੱਖ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ । ਪਰ ਪ੍ਰੋਫ਼ੈਸਰ ਦਵਿੰਦਰ ਪਾਲ; ਸਿੰਘ ਭੁੱਲਰ ਨੂੰ ਹਰ ਸਬੂਤ ਦੀ ਅਣਹੋਂਦ ਅਤੇ ਸੌ ਫੀਸਦੀ ਕੇਸ ਸ਼ੱਕੀ ਹੋਣ ‘ਤੇ ਵੀ ਕੇਵਲ ਘੱਟ ਗਿਣਤੀ ਸਿੱਖਾਂ ਨਾਲ ਸੰਬੰਧਿਤ ਹੋਣ ਕਰਕੇ ਹੀ ਇਨਸਾਫ਼ ਦਾ ਕਤਲ ਕਰਕੇ ਫਾਂਸੀ ਦਿੱਤੀ ਜਾ ਰਹੀ ਹੈ ।

ਅੱਜ ਦਾ ਇਹ ਇਕੱਠ ਹਿੰਦੋਸਤਾਨ ਦੀ ਸਰਕਾਰ ਨੂੰ ਚਿਤਾਵਨੀ ਦਿੰਦਾ ਹੈ ਕਿ ਅਗਰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਗਲਤੀ ਕੀਤੀ ਗਈ ਤਾਂ ਸਰਕਾਰ ਨੂੰ ਇਸ ਦੇ ਖ਼ਤਰਨਾਕ ਨਤੀਜੇ ਭੁੱਗਤਣੇ ਪੈਣਗੇ ਅਤੇ ਅਸੀਂ ਸਾਰੇ ਇਸ ਦਾ ਡਟ ਕੇ ਵਿਰੋਧ ਕਰਾਂਗੇ । ਇਸ ਦੇ ਨਾਲ ਹੀ ਬੀ ਜੇ ਪੀ, ਬਿੱਟਾ, ਕੇ ਪੀ ਐਸ ਗਿੱਲ ਅਤੇ ਮੀਡੀਆ ਦੇ ਉਹਨਾਂ ਲੋਕਾਂ ਨੂੰ ਜੋ ਸੱਚ ਬੋਲਣ ਦੀ ਥਾਂ ਆਪਣੀ ਨਫ਼ਰਤ ਭਰੀ ਸੋਚ ਅਧੀਨ, ਬਿਨਾ ਕਿਸੇ ਸਬੂਤ ਦੇ ਪ੍ਰੋਫ਼ੈਸਰ ਭੁੱਲਰ ਦੇ ਨਾਂ ਨਾਲ ਅੱਤਿਵਾਦੀ ਹੋਣ ਦਾ ਲੇਬਲ ਲਾ ਕੇ ਫਾਂਸੀ ਦੇਣ ਦੀ ਵਕਾਲਤ ਕਰਦੇ ਹਨ, ਦੀ ਡਟ ਕੇ ਨਿਖੇਧੀ ਕਰਦੇ ਹਾਂ ਅਤੇ ਤਾੜਨਾ ਕਰਦੇ ਹਾਂ ਕਿ ਸਿੱਖਾਂ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕਰਨ ਤੋਂ ਇਹ ਲੋਕ ਗੁਰੇਜ਼ ਕਰਨ ।

ਮਤਾ ਨੰਬਰ 3) ਸੰਨ 1984 ਤੋਂ ਲੈ ਕੇ ਅੱਜ ਤੱਕ ਵੱਖ ਵੱਖ ਝੂਠੇ ਕੇਸ ਪਾ ਕੇ ਹਜ਼ਾਰਾਂ ਨੌਜਵਾਨਾਂ ਨੂੰ ਜੇਹਲਾਂ ਵਿਚ ਰੱਖ ਕੇ ਤਸੀਹੇ ਦਿੱਤੇ ਗਏ ਹਨ । 10 ਸਾਲਾਂ ਤੋਂ  ਲੈ ਕੇ ਜਾਂ 27 ਸਾਲਾਂ ਤੋਂ ਉਹਨਾਂ ਨੂੰ ਬਿਨਾ ਕਿਸੇ ਕਸੂਰ ਦੇ ਜੇਹਲਾਂ ਵਿਚ ਨਜ਼ਰਬੰਦ ਕਰਕੇ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ । ਉਹਨਾਂ ਦੇ ਖਿਲਾਫ਼ ਕੋਈ ਗਵਾਹ ਜਾਂ ਸਬੂਤ ਨਾ ਹੋਣ ਤੇ ਵੀ ਉਹਨਾਂ ਨੂੰ ਨਰਕ ਦੀ ਜ਼ਿੰਦਗੀ ਭੋਗਣ ‘ਤੇ ਮਜ਼ਬੂਰ ਹੋਣਾ ਪੈ ਰਿਹਾ ਹੈ । ਅੱਜ ਦਾ ਇਹ ਇਕੱਠ ਪੰਜਾਬ ਅਤੇ ਹਿੰਦੋਸਤਾਨ ਦੀ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਸਾਰੇ ਸਿੱਖ ਨੌਜਵਾਨਾਂ ਦੀ ਫੌਰਨ ਰਿਹਾਈ ਕੀਤੀ ਜਾਵੇ ।

ਮਤਾ ਨੰਬਰ 4) 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਕਰਜ਼ਾ ਹਿੰਦੂ ਸਰਕਾਰ ਨੇ ਸਿੱਖਾਂ ਨੂੰ ਜੇਹਲਾਂ, ਫਾਂਸੀਆਂ ਅਤੇ ਸੀਨੇ ਗੋਲੀਆਂ ਮਾਰ ਕੇ ਜਾਂ ਜਰਾਇਮਪੇਸ਼ਾ ਕੌਮ ਦਾ ਤਗਮਾ ਪਾ ਕੇ ਦਿੱਤਾ ਹੈ । ਰੋਜ਼ਾਨਾ ਧੀਆਂ ਭੈਣਾਂ ਦੀ ਬੇਇੱਜ਼ਤੀ, ਕਾਲੀਆਂ ਸੂਚੀਆਂ ਅਤੇ ਜ਼ਲਾਲਤ ਭਰੀ ਜ਼ਿੰਦਗੀ ਜਿਊਣ ਲਈ ਹਰ ਜਮੀਰ ਵਾਲੇ ਸਿੱਖ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ । ਅੱਜ ਦਾ ਇਹ ਇਕੱਠ ਇਸ ਗੱਲ ਦਾ ਐਲਾਨ ਕਰਦਾ ਹੈ ਕਿ ਇਸ ਬੇਇੱਜ਼ਤੀ ਤੋਂ ਬਚਣ ਦਾ ਇਕੋ ਇਕ ਹੱਲ ਖਾਲਸਾ ਹਲੇਮੀ ਰਾਜ ‘ਖਾਲਿਸਤਾਨ’ ਦੀ ਸਥਾਪਤੀ ਹੀ ਹੈ ਅਤੇ ਇਸ ਦੀ ਪ੍ਰਾਪਤੀ ਲਈ ਅਸੀਂ ਹਰ ਸੰਭਵ ਅਤੇ ਯੋਗ ਉਪਰਾਲਾ ਕਰਨ ਦਾ ਪ੍ਰਣ ਕਰਦੇ ਹਾਂ।

ਮਤਾ ਨੰਬਰ 5) ਪੰਜਾਬ ਜੋ ਗੁਰੂਆਂ ਪੈਗੰਬਰਾਂ ਦੀ ਧਰਤੀ ਹੈ, ਉਤੇ ਸਰਕਾਰੀ ਸ਼ਹਿ ਪ੍ਰਾਪਤ ਕਰਕੇ ਦੰਭੀ, ਭੇਖੀ, ਕੁਕਰਮੀ ਅਤੇ ਵਿਭਚਾਰੀ ਨਕਲੀ ਸਾਧਾਂ ਨੇ ਸਤਿਗੁਰਾਂ ਦੀ ਨਿਰਮਲ ਸੋਚ ਨੂੰ ਪਾਸੇ ਰੱਖ ਕੇ ਆਪਣੇ ਸੁਆਰਥ ਲਈ ਅਤੇ ਆਪਣੇ ਨੀਚ ਪੁਣੇ ਨਾਲ, ਜੋੜਨ ਲਈ ਵੱਖ ਵੱਖ ਅਡੰਬਰ ਰਚ ਕੇ ਵੱਡੇ-ਵੱਡੇ ਡੇਰੇ ਸਥਾਪਤ ਕਰ ਲਏ ਹਨ । ਜਿੱਥੇ ਭੋਲੀ ਭਾਲੀ ਜਨਤਾ ਨੂੰ ਗੁਰਬਾਣੀ ਨਾਲੋਂ ਤੋੜ ਕੇ ਆਪਣੇ ਡੇਰਿਆਂ ਦੁਆਲੇ ਇਕੱਠੇ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ । ਅੱਜ ਦੇ ਰਾਜਨੀਤਕ ਲੋਕ ਆਪਣੀ ਕੁਰਸੀ ਅਤੇ ਵੋਟਾਂ ਖਾਤਰ ਇਹਨਾਂ ਦੀ ਸਰਪ੍ਰਸਤੀ ਕਰ ਰਹੇ ਹਨ ।

ਅੱਜ ਦਾ ਇਕੱਠ ਗੁਰਮੀਤ ਰਾਮ ਰਹੀਮ ਝੂਠੇ ਸੌਦੇ ਵਾਲਾ, ਆਸ਼ੂਤੋਸ਼, ਪਿਆਰਾ ਭਨਿਆਰਾ ਅਤੇ ਹੋਰ ਅਜਿਹੇ ਹੋਰ ਭੇਖੀ ਸਾਧਾਂ ਦੀਆਂ ਕਰਤੂਤਾਂ ਅਤੇ ਡੇਰਾਵਾਦ ਦੀ ਡਟ ਕੇ ਨਿਖੇਧੀ ਕਰਦਾ ਹੈ । ਅਸੀਂ ਤਾੜਨਾ ਕਰਦੇ ਹਾਂ ਕਿ ਇਹ ਆਪਣੇ ਕੁਕਰਮਾਂ ਤੋਂ ਬਾਜ਼ ਆ ਜਾਣ ਅਤੇ ਸਿੱਖਾਂ ਦੇ ਸਬਰ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰਨ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>