ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਵਿਖੇ ਅੰਮ੍ਰਿਤਪਾਨ ਕਰਵਾਇਆ

ਫ਼ਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਪਾ ਚੁੱਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ  ਐਤਵਾਰ ਪਟਿਆਲਾ ਜੇਲ੍ਹ ਵਿਖੇ ਅੰਮ੍ਰਿਤਪਾਨ ਕਰਵਾਉਣ ਦੀ
ਰਸਮ ਸਿੱਖ ਇਤਿਹਾਸ ਦਾ ਇੱਕ ਅਣਮੋਲ ਪੰਨਾ ਬਣ ਗਈ ਹੈ। ਭਾਈ ਰਾਜੇਆਣਾ ਨੇ ਮੀਡੀਆ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਸੀ ਕਿ ਉਹ ਗੁਰੂ ਵਾਲੇ ਬਣਕੇ ਇਸ ਸੰਸਾਰ ਤੋਂ ਅਲਵਿਦਾ ਹੋਣਾ ਚਾਹੁੰਦੇ ਹਨ, ਇਸ ਲਈ ਜਿੰਨਾ ਜਲਦੀ ਹੋ ਸਕੇ ਉਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਵੇ। ਭਾਈ ਰਾਜੇਆਣਾ ਦੀ ਇਸ ਬੇਨਤੀ ’ਤੇ ਤੁਰੰਤ ਅਮਲ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ
ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਆਦਿ ਸਿੱਖ ਨੇਤਾ ਸਮੇਂ ਸਮੇਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲ ਕੇ ਭਰੋਸਾ ਦਿੰਦੇ ਰਹੇ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਕੇ ਜੇਲ੍ਹ ਵਿੱਚ ਅੰਮ੍ਰਿਤਪਾਨ ਕਰਵਾਉਣ ਦਾ ਇੰਤਜ਼ਾਮ ਕਰਾਂਗੇ। ਆਖਿਰ ਬਾਬਾ ਹਰਨਾਮ ਸਿੰਘ ਖਾਲਸਾ ਨੇ ਪਹਿਲਕਦਮੀ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਅਜਿਹਾ ਕਰਨਾ  ਜ਼ਰੂਰੀ ਹੈ, ਕਿਉਂਕਿ ਫਾਂਸੀ ਦੀ ਸਜ਼ਾ ਪਾ ਚੁੱਕੇ ਕਿਸੇ ਵੀ ਵਿਅਕਤੀ ਨੂੰ ਆਪਣੇ ਧਰਮ ਦੀਆਂ ਰਿਵਾਇਤਾਂ ਮੁਤਾਬਿਕ ਪ੍ਰਪੱਕਤਾ ਧਾਰਨ ਕਰਨਾ ਉਸ ਦਾ ਮਾਨਵੀ ਅਤੇ ਕਾਨੂੰਨੀ ਹੱਕ ਹੈ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਇਹ ਵਿਚਾਰ ਸੁਣਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਹਿਦਾਇਤ ਕੀਤੀ ਸੀ ਕਿ ਇਸ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਮੁਤਾਬਿਕ ਪੰਜਾਬ ਦੇ ਕੈਬਨਿਟ ਅਤੇ ਜੇਲ੍ਹ ਮੰਤਰੀ ਸ੍ਰ. ਹੀਰਾ ਸਿੰਘ
ਗਾਬੜੀਆ ਨੇ ਜੇਲ੍ਹ ਪ੍ਰਸ਼ਾਸਨ ਨੂੰ ਹਿਦਾਇਤ ਦੇ ਕੇ ਭਾਈ ਬਲਵੰਤ ਸਿੰਘ ਦੀ ਧਾਰਮਿਕ ਇੱਛਾ ਪੂਰਤੀ ਲਈ ਕਦਮ ਚੁੱਕੇ ਜਾਣ ਲਈ ਕਿਹਾ। ਜੇਲ੍ਹ ਪ੍ਰਸ਼ਾਸਨ ਤੋਂ ਪ੍ਰਵਾਨਗੀ ਮਿਲਣ ਪਿੱਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦਾ ਪ੍ਰਬੰਧ ਕਰਕੇ ਭਾਈ ਰਾਜੋਆਣਾ ਨੂੰ ਅੰਮ੍ਰਿਤ ਛਕਾਉਣ ਦੀ ਤਿਆਰੀ ਕੀਤੀ ਗਈ। ਪੰਜਾਂ ਪਿਆਰਿਆਂ ਦੇ ਸਤਿਕਾਰ ਲਈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ
ਜੀ ਖਾਲਸਾ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਫੈਡਰੇਸ਼ਨ ਆਗੂ ਪਟਿਆਲਾ ਜੇਲ੍ਹ ਵਿਖੇ ਪੰਜਾਂ ਪਿਆਰਿਆਂ ਦੇ ਨਾਲ ਪਹੁੰਚੇ ਅਤੇ ਗੁਰਮਰਿਯਾਦਾ ਅਨੁਸਾਰ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਜੇਲ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਨਿਭਾਈ ਗਈ। ਪੰਜ ਪਿਆਰਿਆਂ ਨੇ ਤਿਆਰ-ਬਰ-ਤਿਆਰ ਹੋ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ 10 ਹੋਰ ਸਿੰਘਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕੀਤੀ। ਪਟਿਆਲਾ ਜੇਲ੍ਹ ਵਿੱਚ ਭਾਈ ਰਾਜੋਆਣਾ ਨਾਲ ਜਿਨ੍ਹਾਂ 10 ਹੋਰ ਸਿੰਘਾਂ ਨੂੰ ਅੰਮ੍ਰਿਤਪਾਨ ਕਰਵਾਇਆ
ਗਿਆ ਉਨ੍ਹਾਂ ਵਿੱਚ ਭਾਈ ਚਰਨਜੀਤ ਸਿੰਘ ਮੋਟਾ ਮਾਜ਼ਰਾ, ਭਾਈ ਅਵਤਾਰ ਸਿੰਘ ਬਾਗੜੀਆਂ ਭਾਈਕਾ,
ਭਾਈ ਸਾਹਿਬ ਸਿੰਘ ਅਮਲੋਹ, ਭਾਈ ਬੂਟਾ ਸਿੰਘ ਬਨੋਈ, ਭਾਈ ਗੁਰਬਾਜ਼ ਸਿੰਘ ਪਿਲਕਨੀ, ਭਾਈ
ਮੱਖਣ ਸਿੰਘ ਸਮਾਓ, ਭਾਈ ਅਮਲੋਕ ਸਿੰਘ ਪਿਲਕਨੀ, ਭਾਈ ਅਵਤਾਰ ਸਿੰਘ ਭਾਂਗਰੀਆਂ, ਗੁਰਮੀਤ ਸਿੰਘ
ਪਟਿਆਲਾ ਅਤੇ ਭਾਈ ਜੋਗਾ ਸਿੰਘ ਆਦਿ ਸਿੰਘ ਸ਼ਾਮਲ ਹਨ। ਇੱਥੇ ਜ਼ਿਕਰਯੋਗ ਹੈ ਕਿ ਭਾਈ ਰਾਜੋਆਣਾ ਪਿਛਲੇ ਤਿੰਨ ਦਹਾਕਿਆਂ ਦੌਰਾਨ ਗਿਣੇ-ਚੁਣੇ ਉਨ੍ਹਾਂ ਵਿਅਕਤੀਆ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਫਾਂਸੀ ਦੀ ਸਜ਼ਾ ਵਿਰੁੱਧ ਕਾਨੂੰਨੀ ਲੜਾਈ ਲੜਨ ਨਾਲੋਂ ਪ੍ਰਮਾਤਮਾ ਉਪਰ  ਭਰੋਸਾ ਰੱਖਣ ਨੂੰ ਪਹਿਲ ਦਿੱਤੀ ਹੈ। ਯਾਦ ਰਹੇ ਭਾਈ ਬਲਵੰਤ ਸਿੰਘ ਨੇ ਫਾਂਸੀ
ਦੀ ਸਜ਼ਾ ਮਿਲਣ ਤੋਂ ਬਾਅਦ ਕਿਸੇ ਵੀ ਉਚ ਅਤੇ ਸਰਵਉਚ ਅਦਾਲਤ ਵਿੱਚ ਫਰਿਆਦ ਨਹੀਂ ਕੀਤੀ ਅਤੇ ਨਾ ਹੀ ਸਜ਼ਾ ਮੁਆਫ਼ੀ ਲਈ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਆਦਿ ਨੂੰ ਰਹਿਮ ਦੀ ਅਪੀਲ ਪਾਈ ਅਤੇ ਨਾ ਹੀ ਆਪਣੇ ਵਕੀਲ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਅਜਿਹਾ ਕਰਨ ਦਿੱਤਾ ਬਲਕਿ ਖਿੜੇ ਮੱਥੇ ਅਜਿਹੀ ਸਜ਼ਾ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ ਹੈ ਅਤੇ ਉਹ ਬੇਸਬਰੀ ਨਾਲ ਸ਼ਹਾਦਤ ਸਮੇਂ ਦੀ ਉਡੀਕ ਕਰ ਰਹੇ ਹਨ। ਅੰਮ੍ਰਿਤਪਾਨ ਕਰਨ ਤੋਂ ਬਾਅਦ ਸੰਖੇਪ ਗੱਲਬਾਤ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਅੱਜ ਗੁਰੂ ਵਾਲਾ ਬਣਨ ਉਪਰੰਤ ਮੈਂ ਆਤਮਿਕ ਤੌਰ ’ਤੇ ਬਹੁਤ ਅਨੰਦਿਤ ਹਾਂ ਅਤੇ ਮੈਂ ਫਖ਼ਰ ਮਹਿਸੂਸ ਕਰਦਾ ਹਾਂ ਕਿ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਕੋਈ ਵੀ ਵੱਡੀ ਤੋਂ ਵੱਡੀ ਸਜ਼ਾ ਭੁਗਤਣ ਲਈ ਤਿਆਰ ਹਾਂ। ਉਨ੍ਹਾਂ ਹੋਰ ਕਿਹਾ ਕਿ ਮੈਂ ਜਨਮ ਤੋਂ ਅਕਾਲੀ ਹਾਂ ਅਤੇ ਮੇਰੀ ਇੱਛਾ ਹੈ ਕਿ ਅਕਾਲੀ ਰਹਿੰਦਿਆਂ ਹੀ ਮੈਂ ਇਸ ਸੰਸਾਰ ਤੋਂ ਜਾਵਾਂ। ਉਨ੍ਹਾਂ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਗੰਭੀਰ ਰੂਪ ਵਿੱਚ ਅਪੀਲ ਕੀਤੀ ਕਿ ਸਾਰੇ ਸਿੱਖ ਲੀਡਰਾਂ ਨੂੰ ਦੂਰ ਦ੍ਰਿਸ਼ਟੀ ਦੇ ਫੈਸਲੇ ਲੈਣੇ ਚਾਹੀਦੇ ਹਨ। ਇਹ ਕਦੇ ਵੀ ਨਹੀਂ ਭੁਲਣਾ ਚਾਹੀਦਾ ਕਿ ਸਾਡੇ ਨਾਲ ਜੂਨ 1984 ਦੌਰਾਨ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਵਰਗੇ ਦੁਖਾਂਤ ਵਾਪਰੇ ਹਨ ਅਤੇ ਨਵੰਬਰ 1984 ਵਿੱਚ ਦਿੱਲੀ ਵਿਖੇ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਸਰਕਾਰੀ ਸ਼ਹਿ ’ਤੇ ਬੁਰਛਾਗਰਦੀ ਕਰਦਿਆਂ ਸ਼ਰੇਆਮ ਨਸਲਘਾਤ ਕੀਤਾ ਗਿਆ। ਇਸ ਲਈ ਸਿੱਖ ਲੀਡਰਸ਼ਿਪ ਇਸ ਗੱਲ ਨੂੰ ਮਨੋਂ ਨਾ ਵਿਸਾਰੇ ਕਿ ਕਿਹੜੀਆਂ ਸਰਕਾਰਾਂ ਨੇ ਸਾਡੇ ਉਪਰ ਅਜਿਹੇ ਜ਼ੁਲਮ ਢਾਹੇ। ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ  ਅੱਜ ਬਹੁਤ ਛੋਟੇ ਦਾਇਰੇ ਦੀ ਸੋਚ ਰੱਖਣ ਵਾਲੀ ਲੀਡਰਸ਼ਿਪ ਉਸੇ ਕਾਂਗਰਸ ਸਰਕਾਰ ਦੇ ਆਗੂਆਂ ਨਾਲ
ਤਰ੍ਹਾਂ ਤਰ੍ਹਾਂ ਦੀਆਂ ਸਿਆਸੀ ਸਾਂਝ ਭਿਆਲੀਆਂ ਪਾਉਣ ਲਈ ਗਲਤ ਰਾਹ ’ਤੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ‘ਮੇਰੀ ਹਾਰਦਿਕ ਬੇਨਤੀ ਹੈ ਕਿ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਸਾਂਝੇ ਰਾਇ ਬਣਾ ਕੇ ਪੰਜਾਬ ਅਤੇ ਸਿੱਖੀ ਦੇ ਭਵਿੱਖ ਲਈ ਗੰਭੀਰ ਹੋਣ’।

ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਜੋ ਤੁਹਾਨੂੰ ਫਾਂਸੀ ਦੀ ਸਜ਼ਾ ਮਿਲੀ ਹੈ ਕੀ ਤੁਸੀਂ ਇਸ ਸਬੰਧੀ ਕਾਨੂੰਨੀ ਚਾਰਾਜੋਈ ਨੂੰ ਸਿੱਖ ਰਿਵਾਇਤਾਂ ਦੇ ਉਲਟ ਮੰਨਦੇ ਹੋ ਤਾਂ ਉਨ੍ਹਾਂ ਬੜੇ ਸਹਿਜ ਲਹਿਜੇ ਵਿੱਚ ਕਿਹਾ ਕਿ ਨਹੀਂ ਅਜਿਹੀ ਕੋਈ ਗੱਲ ਨਹੀਂ ਬਲਕਿ ਮੈਂ ਤਾਂ ਇਹ ਸਾਬਿਤ ਕਰਨਾ ਚਾਹੁੰਦਾ ਹਾਂ ਕਿ ਜਦੋਂ ਸਾਡੇ ਲਈ ਕਾਨੂੰਨੀ ਚਾਰਾਜ਼ੋਈ ਦੇ ਰਸਤੇ ਬੰਦ ਹਨ ਤਾਂ ਅਜਿਹੇ ਕਾਨੂੰਨ
ਅੱਗੇ ਗਿੜ-ਗੜਾਉਣ ਦੀ ਥਾਂ ’ਤੇ ਗੁਰੂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਖਿੜੇ ਮੱਥੇ ਸ਼ਹਾਦਤ ਦਾ ਰਸਤਾ ਅਪਣਾਉਣ ਨੂੰ ਪਹਿਲ ਦਿੱਤੀ ਜਾਵੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਡੀ ਰੋਜ਼ਾਨਾ ਦੀ ਰੁਟੀਨ ਕੀ ਹੈ ਤਾਂ ਉਨ੍ਹਾਂ ਕਿਹਾ ਆਮ ਗੁਰਸਿੱਖਾਂ ਵਾਂਗ ਗੁਰਬਾਣੀ ਪੜਨੀ, ਨਿਤ ਨੇਮ ਕਰਨਾ ਅਤੇ ਸ਼ਹਾਦਤ ਦੇ ਸਮੇਂ ਦੀ ਪਲ ਪਲ ਇੰਤਜ਼ਾਰ ਕਰਨਾ ਮੇਰੀ ਰੁਟੀਨ ਹੈ। ਆਖਿਰ ਵਿੱਚ ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਾਲ ਆਈਆਂ ਸਿੱਖ ਸਖ਼ਸ਼ੀਅਤਾਂ ਅਤੇ ਪੰਜ ਪਿਆਰਿਆਂ ਦਾ ਉਚੇਚੇ
ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਇੱਕ ਨਿਮਾਣੇ ਸਿੱਖ ਦੀ ਫਰਿਆਦ ਮੰਨ ਕੇ ਗੁਰੂ ਵਾਲੇ ਬਨਣ ਦਾ ਸਮਾਂ ਬਖਸ਼ਿਆ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>