(ਸਮੇਂ ਦੀ ਅੱਖ ) ਭਾਰਤੀ ਸਿਆਸਤ ਦੇ ਨਾਂ

-ਹਰਦਮ ਸਿੰਘ ਮਾਨ

ਨਿਗਲ ਲਏ ਚੋਟੀ ਦੇ ਕਿਰਦਾਰ ਸਿਆਸਤ ਨੇ।

ਕੀਤੇ ਲੋਕ ਨਕਾਰਾ, ਲਾਚਾਰ ਸਿਆਸਤ ਨੇ।

ਲਿਖ’ਤੀ ਭੁੱਖ, ਗਰੀਬੀ ਹਰ ਘਰ ਦੇ ਮੱਥੇ ‘ਤੇ

ਖ਼ੁਦ ਲਈ ਲਾਏ ਧਨ ਦੇ ਅੰਬਾਰ ਸਿਆਸਤ ਨੇ।

ਬੇਈਮਾਨੀ, ਧੋਖਾ, ਠੱਗੀ, ਚੋਰੀ, ਨਫਰਤ

ਲੋਕ-ਲਹੂ ਵਿਚ ਕੀਤੇ ਸੰਚਾਰ ਸਿਆਸਤ ਨੇ।

ਲਹੂ-ਲੁਹਾਨ ਨੇ ਹੋਏ ਵਿਸ਼ਵਾਸ, ਵਫ਼ਾ, ਈਮਾਨ

ਸ਼ਰਮ, ਹਯਾ ਦੇ ਲਾਹ’ਤੇ ਲੰਗਾਰ ਸਿਆਸਤ ਨੇ।

ਝੂਠ, ਫਰੇਬ ਦੇ ਸਿਰ ‘ਤੇ ਸਿਹਰੇ, ਮੁਕਟ ਸਜੇ ਹਨ

ਰੋਲੀ ਹਰ ਥਾਂ ਸੱਚ ਦੀ ਦਸਤਾਰ ਸਿਆਸਤ ਨੇ।

ਮਾਂ-ਪਿਓ, ਭੈਣ-ਭਰਾ ਨੇ ਅੱਜ ਕੱਲ੍ਹ ਵੋਟਰ ਪਰਚੀ

ਰਿਸ਼ਤਿਆਂ ਦੇ ਇਉਂ ਛਾਂਗੇ ਆਕਾਰ ਸਿਆਸਤ ਨੇ।

ਫਿਰਕੂ ਰੰਗ ਚੜ੍ਹਾ ਕੇ, ਜਜ਼ਬੇ ਸਾਨ ‘ਤੇ ਲਾ ਕੇ,

ਧਰਮ ਦਾ ਚਿਹਰਾ ਕੀਤਾ ਖੂੰਖਾਰ ਸਿਆਸਤ ਨੇ।

ਇਸ ਦੀ ਕੈਰੀ ਅੱਖ ਤੋਂ ਕੋਈ ਬਚ ਨਾ ਸਕਿਆ

ਪਲ ਵਿਚ ਕਰੇ ਨਿਹੱਕੇ, ਹੱਕਦਾਰ ਸਿਆਸਤ ਨੇ।

ਜੇ ਨਾ ਲੋਕ-ਮਨਾਂ ਵਿਚ ਚਾਨਣ ਦੀ ਪਹੁ ਫੁੱਟੀ

ਲੁੱਟਣੈਂ ਇਸੇ ਤਰਾਂ ਹੀ ਹਰ ਵਾਰ ਸਿਆਸਤ ਨੇ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>