ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਆਕ ਅਧਾਰਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲਣਗੇ ਵਿਸ਼ਵ ਪੱਧਰੀ ਵਿਦਿਆ ਪ੍ਰਾਪਤੀ ਦੇ ਮੌਕੇ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ/ਹੈਮਿਲਟਨ (ਨਿਊਜੀਲੈਂਡ):- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਅੱਜ ਨਿਊਜੀਲੈਂਡ ਦੇ ਹੈਮਿਲਟਨ ਸ਼ਹਿਰ ਵਿਚ ਸਥਿਤ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਇਕਾਟੋ ਇੰਸਟੀਚਿਊਟ ਆਫ ਟੈਕਨਾਲੋਜੀ (ਵਿਨਟਕ) ਨਾਲ ਸਿੱਖਿਆ ਸਮਝੌਤੇ ਤਹਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਅਤੇ ਵਿਨਟਕ ਦੇ ਸੀ.ਈ.ਓ. ਮਿਸ. ਮਾਰਕ ਫਲਾਅਰ ਨੇ ਮੈਮੋਰੰਡਮ ਆਫ ਅੰਡਰਸਟੈਂਡਿੰਗ ਉੱਪਰ ਹਸਤਾਖਰ ਕੀਤੇ।

ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅੱਜ ਇਹ ਇਤਿਹਾਸਕ ਦਿਹਾੜਾ ਹੈ ਜਦ ਸ਼੍ਰੋਮਣੀ ਗੁਰਦਾਵਾਰਾ ਪ੍ਰਬੰਧਕ ਕਮੇਟੀ ਅਤੇ ਵਿਨਟਕ ਦੁਆਰਾ ਵਿਦਿਆ ਦੇ ਖੇਤਰ ਵਿਚ ਇਕ ਅਹਿਮ ਸਮਝੌਤਾ ਕੀਤਾ ਗਿਆ ਹੈ ਤਾਂ ਜੋ ਸਾਡੇ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਿਸ਼ਵੀ-ਪੱਧਰ ਦੇ ਸਿੱਖਿਆ ਮੌਕੇ ਉਪਲਬਧ ਕਰਵਾਏ ਜਾ ਸਕਣ। ਉਹਨਾਂ ਦੱਸਿਆ ਕਿ ਇਸ ਨਾਲ ਜਿੱਥੇ ਸਾਡੇ ਵਿਦਿਆਰਥੀਆਂ ਨੂੰ ਵਧੇਰੇ ਰੁਜ਼ਗਾਰ ਦੇ ਅਵਸਰ ਪੈਦਾ ਹੋਣਗੇ ਉੱਥੇ ਭਾਰਤ ਅਤੇ ਨਿਊਜੀਲੈਂਡ ਦੀ ਸੱਭਿਆਚਾਰਕ ਅਤੇ ਸਮਾਜਕ ਸਾਂਝ ਹੋਰ ਵਧੇਰੇ ਗੂੜ੍ਹੀ ਹੋਵੇਗੀ। ਉਹਨਾਂ ਕਿਹਾ ਸਿੱਖ ਧਰਮ ਦਾ ਬੁਨਿਆਦੀ ਸਿਧਾਂਤ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਜਥੇ. ਅਵਤਾਰ ਸਿੰਘ ਤੋਂ ਇਲਾਵਾ ਇਸ ਡੈਲੀਗੇਸ਼ਨ ਵਿੱਚ ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਡਾ. ਗੁਰਮੋਹਨ ਸਿੰਘ ਵਾਲੀਆ, ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ, ਖਾਲਸਾ ਕਾਲਜ, ਪਟਿਆਲਾ ਅਤੇ ਡਾ. ਮਨੋਹਰ ਸਿੰਘ ਸੈਣੀ, ਡਾਇਰੈਕਟਰ, ਗੁਰੂ ਨਾਨਕ ਇੰਜਨੀਅਰਿੰਗ ਕਾਲਜ, ਲੁਧਿਆਣਾ ਵੀ ਸ਼ਾਮਲ ਸਨ।

ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਡਾ. ਗੁਰਮੋਹਨ ਸਿੰਘ ਵਾਲੀਆ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਨਿਊਜੀਲੈਂਡ ਵਿੱਚ ਹੋਏ ਇਸ ਸਮਝੌਤੇ ਨਾਲ ਵਿਦਿਆਰਥੀਆਂ ਨੂੰ ਮੈਨੇਜਮੈਂਟ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਦੁਨੀਆ ਦੇ ਇਸ ਬਿਤਹਰ ਅਦਾਰੇ ਵਿੱਚ ਪੜ੍ਹਾਈ ਕਰਨ ਦੇ ਮੌਕੇ ਪ੍ਰਾਪਤ ਹੋਣਗੇ ਅਤੇ ਉਹਨਾਂ ਨੂੰ ਨਿਊਜੀਲੈਂਡ ਵਿੱਚ ਪੜ੍ਹਣ ਲਈ ਕਿਸੇ ਏਜੰਟ ਦੀ ਲੋੜ ਨਹੀਂ ਪਵੇਗੀ। ਉਹਨਾਂ ਦੱਸਿਆ ਕਿ ਇਸ ਸਮਝੌਤੇ ਤਹਿਤ ਵਿਦਿਆਰਥੀ ਦੋ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਵਿੱਚ ਪੜ੍ਹਾਈ ਕਰਨਗੇ ਅਤੇ ਦੋ ਸਾਲ ਵਿਨਟਕ ਵਿੱਚ ਪੜ੍ਹਾਈ ਕਰਨਗੇ ਅਤੇ ਉਹਨਾਂ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਨਿਊਜੀਲੈਂਡ ਦੀ ਡਿਗਰੀ ਦਿੱਤੀ ਜਾਵੇਗੀ। ਉਹਨਾਂ ਹੋਰ ਦੱਸਿਆ ਕਿ ਨਿਊਜੀਲੈਂਡ ਦੇ ਅਧਿਆਪਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਕੁਝ ਸਮਾਂ ਆ ਕੇ ਸਿੱਖਿਆ ਦੇਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜਾਂ ਦੇ ਅਧਿਆਪਕ ਨਿਊਜੀਲੈਂਡ ਵਿੱਚ ਐਕਸਚੇਂਜ ਪ੍ਰੌਗਰਾਮ ਤਹਿਤ ਜਾ ਸਕਣਗੇ।
ਨਿਊਜੀਲੈਂਡ ਪਹੁੰਚੇ ਡੈਲੀਗੇਸ਼ਨ ਦੇ ਮੈਂਬਰ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਇਸ ਸਮਝੌਤੇ ਅਧੀਨ ਚਾਰ ਕੋਰਸਾਂ ਵਿੱਚ ਦਾਖਲਾ ਲਿਆ ਜਾ ਸਕੇਗਾ ਜਿਨ੍ਹਾਂ ਵਿੱਚ ਬੈਚਲਰ ਆਫ ਬਿਜਨਸ ਸਟਡੀਜ਼, ਬੈਚਲਰ ਆਫ ਟੈਕਨਾਲੋਜੀ, ਗਰੈਜੂਏਟ ਡਿਪਲੋਮਾ ਇਨ ਬਿਜਨੈਸ ਅਤੇ ਗਰੈਜੂਏਟ ਡਿਪਲੋਮਾਂ ਇਨ ਇਨਫਰਮੇਸ਼ਨ ਟੈਕਨਾਲੋਜੀ ਸ਼ਾਮਲ ਹਨ। ਇਸ ਮੌਕੇ ਵਿਨਟੈਕ ਦੇ ਸੀ.ਈ.ਓ. ਮਾਰਕ ਫਲਾਅਰਜ਼ ਨੇ ਇਸ ਸਮਝੌਤੇ ਨੂੰ ਦੋਨਾਂ ਦੇਸ਼ਾਂ ਦਰਮਿਆਨ ਵਿਦਿਅਕ, ਆਰਥਕ ਅਤੇ ਸਮਾਜਕ ਵਰਦਾਨ ਦਸਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਜ਼ਬੂਤੀ ਪ੍ਰਦਾਨ ਹੋਵੇਗੀ। ਵਿਨਟਕ ਦੇ ਡਾ. ਸਟੂਅਰਟ ਡਾਇਰੈਕਟਰ ਇੰਟਰਨੈਸ਼ਨਲ, ਡਾ. ਸੂਰੀਆ ਪਾਂਡੇ, ਡਾਇਰੈਕਟਰ ਇੰਟਰਨੈਸ਼ਨਲ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਮੈਮੋਰਮੰਡਮ ਤੇ ਦਸਤਖਤ ਕਰਨ ਸਮੇਂ ਹੋਏ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਅਵਤਾਰ ਸਿੰਘ, ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ, ਸ. ਤੇਜਬੀਰ ਸਿੰਘ, ਆਸਟ੍ਰੇਲੀਆ, ਨਿਊਜੀਲੈਂਡ ਵਿੱਚੋਂ ਵਿਨਟਕ, ਪ੍ਰੋ. ਰੁਲੀਆ ਸਿੰਘ, ਸ੍ਰ. ਲਖਮਿੰਦਰ ਸਿੰਘ ਉੱਭਾ, ਚਾਰਟਰਡ ਅਕਾਂਊਟੈਂਟ, ਸ੍ਰ. ਨਵਜੋਤ ਸਿੰਘ, ਸ੍ਰ. ਮੋਹਨ ਸਿੰਘ, ਸ੍ਰ. ਪਰਮਿੰਦਰ ਸਿੰਘ, ਆਦਿ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਜਥੇ. ਅਵਤਾਰ ਸਿੰਘ ਦੇ ਨਾਲ ਸਮੁਚੇ ਡੈਲੀਗੇਸ਼ਨ ਨੇ ਸਾਰੇ ਇੰਸਟੀਚਿਊਟ ਦਾ ਦੌਰਾ ਕੀਤਾ ਅਤੇ ਵਿਨਟਕ ਵੱਲੋਂ ਸਮੁਚੇ ਡੈਲੀਗੇਸ਼ਨ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>