ਸ਼ੋਰ ਦੇ ਮੁਕਾਬਲੇ ਲਈ ਪੰਜਾਬ ਨੂੰ ਅੱਜ ਚੰਗੇ ਸੰਗੀਤ ਦੀ ਲੋੜ ਹੈ : ਤਰਲੋਚਨ ਸਿੰਘ

ਲੁਧਿਆਣਾ  : ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਮੈਂਬਰ ਰਾਜ ਸਭਾ ਰਹੇ ਸ. ਤਰਲੋਚਨ ਸਿੰਘ ਨੇ ਪੰਜਾਬੀ ਕਵੀ ਅਤੇ ਖੂਬਸੂਰਤ ਗਾਇਕ ਤ੍ਰੈਲੋਚਨ ਲੋਚੀ ਦੀ ਆਡੀਓ ਸੀ ਡੀ ਸਰਵਰ ਨੂੰ ਜੀ ਜੀ ਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਲੋਕ ਅਰਪਣ ਕਰਦਿਆਂ ਕਿਹਾ ਹੈ ਕਿ ਫਜ਼ੂਲ ਕਿਸਮ ਦੇ ਸ਼ੋਰ ਹੇਠ ਪੰਜਾਬੀ ਸੰਗੀਤ ਦਾ ਦਮ ਟੁੱਟ ਰਿਹਾ ਹੈ, ਇਸ ਘੜੀ ਪੰਜਾਬ ਨੂੰ ਚੰਗੇ ਸੁਗਮ ਸੰਗੀਤ ਦੀ ਬੇਹੱਦ ਲੋੜ ਹੈ ਤਾਂ ਜੋ ਸਾਡੇ ਪੰਜਾਬੀ ਭੈਣ ਭਰਾ ਆਪਣੀ ਸੰਵੇਦਨਾ ਨੂੰ ਕਾਇਮ ਰੱਖ ਸਕਣ। ਸ. ਤਰਲੋਚਨ ਸਿੰਘ ਨੇ ਆਖਿਆ ਕਿ ਪੰਜਾਬ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਜਥੇਬੰਦੀਆਂ ਨੂੰ ਉਨ੍ਹਾਂ ਆਡੀਓ ਕੈਸਿਟ ਕੰਪਨੀਆਂ, ਚੈਨਲਾਂ ਅਤੇ ਗਾਇਕਾਂ ਤੋਂ ਇਲਾਵਾ ਗੀਤਕਾਰਾਂ ਦੇ ਖਿਲਾਫ ਵੀ ਮੁਹਿੰਮ ਛੇੜਣੀ ਚਾਹੀਦੀ ਹੈ, ਜੋ ਹਥਿਆਰਾਂ ਅਤੇ ਸ਼ਰਾਬ ਦੀ ਮਹਿਮਾ ਵਾਲੇ ਗੀਤਾਂ ਨਾਲ ਪੰਜਾਬ ਦਾ ਸੱਭਿਆਚਾਰਕ ਮੁਹਾਂਦਰਾ ਵਿਗਾੜ ਰਹੇ ਹਨ। ਉਨ੍ਹਾਂ ਆਖਿਆ ਕਿ ਅੱਜ ਧਰਮ ਵਾਂਗ ਹੀ ਇਸ ਧਰਤੀ ਤੇ ਸੁੱਚੇ ਸੁਥਰੇ ਸੰਗੀਤ ਨੂੰ ਬਦਰੂਹਾਂ ਤੋਂ ਬਚਾਉਣ ਲਈ ਲਾਮਬੰਦੀ ਦੀ ਲੋੜ ਹੈ। ਉਨ੍ਹਾਂ ਲੋਚੀ ਨੂੰ ਮੁਬਾਰਕ ਦਿੱਤੀ ਜਿਸ ਨੇ ਆਪਣੇ ਕਲਾਮ ਤੋਂ ਇਲਾਵਾ ਗੁਰਭਜਨ ਗਿੱਲ, ਮਨਜਿੰਦਰ ਧਨੋਆ ਅਤੇ ਸਤੀਸ਼ ਗੁਲਾਟੀ ਦੀਆਂ ਗਜ਼ਲਾਂ ਨੂੰ ਆਪਣੇ ਸੁਰਾਂ ਨਾਲ ਸ਼ਿੰਗਾਰਿਆ ਹੈ। ਉਨ੍ਹਾਂ ਆਖਿਆ ਕਿ ਇਸ ਕੈਸਿਟ ਦੇ ਸੰਗੀਤਕਾਰ ਜੋਏ ਅਤੁਲ ਵੀ ਸੰਗੀਤ ਦੇ ਗੂੜ ਗਿਆਤਾ ਲੱਗਦੇ ਹਨ ਜਿਨ੍ਹਾਂ ਨੇ ਸੁਰਾਂ ਦੀ ਯੋਗ ਵਰਤੋਂ ਕਰਦਿਆਂ ਮਿੱਠਾ ਸੰਗੀਤ ਸਿਰਜਿਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ ਪੀ ਸਿੰਘ ਨੇ ਤ੍ਰੈਲੋਚਨ ਲੋਚੀ ਨਾਲ ਪਰਿਵਾਰਕ ਸਾਂਝ ਦੇ ਹਵਾਲੇ ਨਾਲ ਆਖਿਆ ਕਿ ਉਸਨੇ ਮੁਕਤਸਰ ਤੋਂ ਲੁਧਿਆਣੇ ਆ ਕੇ ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿਚ ਆਪਣੀ ਮਿੱਠੀ ਆਵਾਜ਼ ਅਤੇ ਚੰਗੇ ਸਾਹਿਤ ਨਾਲ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ।

ਪ੍ਰੋ: ਮੋਹਨ ਸਿੰਘ ਫਾਊਡੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸ. ਜਗਦੇਵ ਸਿੰਘ ਜੱਸੋਵਾਲ ਨੇ ਆਖਿਆ ਕਿ ਪੰਜਾਬ ਦੇ ਸੁਰੀਲੇ ਸ਼ਾਇਰਾਂ ਨੂੰ ਆਪਣੇ ਕਲਾਮ ਨੂੰ ਗਾਉਣ ਤੋਂ ਇਲਾਵਾ ਪੰਜਾਬੀ ਦਾ ਚੋਣਵਾਂ ਸਾਹਿਤ ਵੀ ਆਪਣੀ ਆਵਾਜ਼ ’ਚ ਪੇਸ਼ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬੀ ਸਾਹਿਤ ਦੀ ਪੇਸ਼ਕਾਰੀ ਵਿਸ਼ਵ ਪੱਧਰ ਤੇ ਇੰਟਰਨੈਟ ਰਾਹੀਂ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਆਖਿਆ ਕਿ ਕਿਤਾਬਾਂ ਨੂੰ ਹੁਣ ਨਵੇਂ ਮਾਧਿਅਮ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਲੋਚੀ ਵਰਗੇ ਮਿਸ਼ਰੀ ਤੋਂ ਮਿੱਠੇ ਕਲਾਮ ਕਹਿਣ ਵਾਲੇ ਸ਼ਾਇਰ ਨੂੰ ਫਾਊਡੇਸ਼ਨ ਵਲੋਂ ਨੇੜ ਭਵਿੱਖ ਵਿਚ ਸਨਮਾਨਿਤ ਕੀਤਾ ਜਾਵੇਗਾ।

ਲੋਕਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਆਖਿਆ ਕਿ ਅੱਜ ਪੰਜਾਬੀ ਭਾਈਚਾਰੇ ਨੂੰ ਗੁਰਬਾਣੀ ਸੰਗੀਤ ਦੇ ਨਾਲ ਨਾਲ ਸੁਗਮ ਸੰਗੀਤ ਨਾਲ ਵੀ ਜਾਣੂ ਕਰਵਾਉਣ ਦੀ ਲੋੜ ਹੈ ਤਾਂ ਜੋ ਭਟਕਣ ਪੈਦਾ ਕਰਨ ਵਾਲੇ ਸੰਗੀਤ ਦੀ ਥਾਂ ਸਹਿਜ ਅਤੇ ਸੋਹਜ ਦਾ ਪਸਾਰਾ ਹੋਵੇ। ਮੈਂਬਰ ਪਾਰਲੀਮੈਂਟ ਸ. ਬਲਵਿੰਦਰ ਸਿੰਘ ਭੂੰਦੜ ਨੇ ਵੀ ਤ੍ਰੈਲੋਚਨ ਲੋਚੀ ਨੂੰ ਅਸ਼ੀਰਵਾਦ ਦਿੰਦਿਆਂ ਆਖਿਆ ਕਿ ਉਹ ਮਾਲਵੇ ਦੀ ਸ਼ਾਨ ਹੈ ਅਤੇ ਇਸ ਸ਼ਾਨ ਦੀ ਸਲਾਮਤੀ ਲਈ ਸਾਨੂੰ ਸਭ ਨੂੰ ਲਗਾਤਾਰ ਚੰਗਾ ਸੰਗੀਤ ਸੁਣਨ ਦੇ ਨਾਲ ਨਾਲ ਇਸ ਦੀ ਸਰਪ੍ਰਸਤੀ ਵੀ ਕਰਨੀ ਚਾਹੀਦੀ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਸ. ਅਮਰਜੀਤ ਸਿੰਘ ਚਾਵਲਾ ਨੇ ਤ੍ਰੈਲੋਚਨ ਲੋਚੀ ਦਾ ਧੰਨਵਾਦ ਕੀਤਾ ਜਿਸਨੇ ਨੌਜਵਾਨ ਪੀੜ੍ਹੀ ਨੂੰ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਦੇ ਖਿਲਾਫ ਲਾਮਬੰਦ ਕੀਤਾ ਹੈ।

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਤ੍ਰੈਲੋਚਨ ਲੋਚੀ ਨੇ ਦੋ ਸਾਲ ਪਹਿਲਾ ਆਪਣੀ ਗਜ਼ਲ ਪੁਸਤਕ ਠਦਿਲ ਦਰਵਾਜ਼ੇ ਰਾਹੀਂ ਪੰਜਾਬੀਆਂ ਦੇ ਮਨਾਂ ਤੇ ਦਸਤਕ ਦਿੱਤੀ ਸੀ ਅਤੇ ਹੁਣ ਆਪਣੇ ਸਮੇਤ ਤਿੰਨ ਹੋਰ ਸ਼ਾਇਰਾਂ ਨੂੰ ਅਵਾਜ਼ ਦੇ ਕੇ ਉਹ ਸੁਰਜੀਤ ਪਾਤਰ, ਬੂਟਾ ਸਿੰਘ ਚੌਹਾਨ ਅਤੇ ਰਾਮ ਸਿੰਘ ਦੀ ਸ੍ਰੇਣੀ ਵਿਚ ਸ਼ਾਮਲ ਹੋ ਗਿਆ ਹੈ। ਇਨ੍ਹਾਂ ਸਾਰੇ ਸ਼ਾਇਰਾਂ ਨੇ ਆਪਣੀ ਕਲਾਮ ਨੂੰ ਆਡੀਓ ਸੀ.ਡੀ ਦੇ ਰੂਪ ਵਿਚ ਵੀ ਪੇਸ਼ ਕੀਤਾ ਹੈ, ਪਰ ਲੋਚੀ ਨੇ ਸਾਡੇ ਵਰਗਿਆਂ ਨੂੰ ਵੀ ਆਪਣੇ ਅੰਗ ਸੰਗ ਰੱਖਿਆ ਹੈ। ਇਸ ਮੌਕੇ ਲੋਕਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਚਰਨਜੀਤ ਸਿੰਘ ਅਟਵਾਲ,  ਸ. ਬਲਵਿੰਦਰ ਸਿੰਘ ਭੂੰਦੜ ਮੈਂਬਰ ਪਾਰਲੀਮੈਂਟ, ਪ੍ਰਿੰਸੀਪਲ ਕੁਲਦੀਪ ਸਿੰਘ ਡਾਇਰੈਕਟਰ, ਡਾ. ਅਮਰਜੀਤ ਸਿੰਘ ਦੂਆ, ਪ੍ਰੋ: ਗੁਣਵੰਤ ਸਿੰਘ ਦੂਆ, ਸ. ਅਮਰਜੀਤ ਸਿੰਘ ਭਾਟੀਆ, ਜਥੇਦਾਰ ਕੁਲਵੰਤ ਸਿੰਘ ਦੁਖੀਆ, ਪੰਜਾਬ ਦੇ ਸੁਬਾਰਡੀਨੇਟ ਸਰਵਿਸਸ ਸਲੈਕਸ਼ਨ ਬੋਰਡ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਸੁਖਜਿੰਦਰ ਸਿੰਘ ਜੌੜਾ, ਬਾਬਾ ਜਗਰੂਪ ਸਿੰਘ, ਸ. ਕੁਲਜੀਤ ਸਿੰਘ ਸਕੱਤਰ ਕਾਲਜ ਪ੍ਰਬੰਧਕ ਕਮੇਟੀ, ਸ. ਅਜਮੇਰ ਸਿੰਘ ਭਾਗਪੁਰ, ਪ੍ਰੀਤਮ ਸਿੰਘ ਭਰੋਵਾਲ, ਸੁਖਵਿੰਦਰਪਾਲ ਸਿੰਘ ਗਰਚਾ, ਉਘੇ ਉਦਯੋਗਪਤੀ ਸ. ਆਗਿਆਪਾਲ ਸਿੰਘ, ਸਵਰਨ ਸਿੰਘ ਤਿਹਾੜਾ, ਸ. ਅਮਰੀਕ ਸਿੰਘ ਆਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ, ਅਸ਼ਵਨੀ ਚੇਟਲੇ, ਪ੍ਰੋ: ਮਨਜੀਤ ਸਿੰਘ ਛਾਬੜਾ ਮੁਖੀ ਪੰਜਾਬੀ ਵਿਭਾਗ ਵੀ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>