ਪੰਜਾਬ ਵਿਚ ਨਸ਼ਿਆਂ ਦੇ ਵਪਾਰੀਆਂ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਮਿਲੀ ਭੁਗਤ

ਪੰਜਾਬ ਵਿਚ ਨਸ਼ਿਆਂ ਦੇ ਵਪਾਰੀਆਂ, ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਪੰਜਾਬ ਜਿਸ ਨੂੰ ਦੇਸ਼ ਖੜਗਭੁਜਾ ਕਿਹਾ ਜਾਂਦਾ ਹੈ, ਇਸ ਦੇ ਵਾਸੀਆਂ ਨੇ ਸਭ ਤੋਂ ਵੱਧ ਯੋਗਦਾਨ ਦੇਸ਼ ਦੀ ਅਜਾਦੀ ਦੀ ਜੱਦੋਜਾਹਦ ਵਿਚ ਪਾਇਆ ਹੈ। ਜਦੋਂ ਵੀ ਦੇਸ਼ ਤੇ ਕੋਈ ਵੀ ਭੀੜ ਪਈ ਹੈ ਭਾਂਵੇ ਕਿ ਸਰਹਦ ਤੇ ਲੜਾਈ ਦਾ ਮੈਦਾਨ ਹੋਵੇ, ਦੇਸ਼ ਦੀ ਅੰਦਰੂਨੀ ਸਮਸਿਆ ਹੋਵੇ ਜਾਂ ਦੇਸ਼ ਦੀ ਅਨਾਜ ਪੈਦਾ ਕਰਨ ਦੀ ਲੋੜ ਹੋਵੇ ਹਰ ਖੇਤਰ ਵਿਚ ਪੰਜਾਬੀਆਂ ਨੇ ਮੋਹਰੀ ਰੋਲ ਅਦਾ ਕੀਤਾ ਹੈ। ਦੇਸ਼ ਦੀ ਖੜਗਭੁਜਾ ਹੋਣ ਕਰਕੇ ਜਿਥੇ ਪੰਜਾਬ ਲੜਾਈ ਦੇ ਮੈਦਾਨ ਵਿਚ ਜਾਂ ਲੜਾਈ ਸਮੇਂ ਸਰਹੱਦ ਨਾਲ ਲੱਗਦੇ ਇਲਾਕੇ ਵਿਚ ਕਿਸਾਨਾ ਦੀ ਫਸਲ ਤਬਾਹ ਹੋਣ ਦਾ ਸਬੰਧ ਹੋਵੇ ਤਾਂ ਪੰਜਾਬ ਨੇ ਹੀ ਦੁੱਖ ਭੋਗਿਆ ਹੈ। ਇਥੇ ਇਹ ਹੁਣ ਇਕ ਹੋਰ ਗੰਭੀਰ ਸਮਸਿਆ ਪੈਦਾ ਹੋ ਗਈ ਹੈ। ਜਿਸ ਨੇ ਪੰਜਾਬੀਆਂ ਦਾ ਭਵਿਖ ਤਬਾਹ ਕਰ ਦਿਤਾ ਹੈ, ਉਹ ਹੈ ਸਰਹੱਦ ਪਾਰੋ ਪੰਜਾਬ ਦੇ ਰਸਤੇ ਨਸ਼ਿਆਂ ਦੀ ਤਸਕਰੀ। ਇਹ ਤਸਕਰੀ ਕਿਵੇ ਹੁੰਦੀ ਹੈ, ਇਸ ਬਾਰੇ ਸਾਨੂੰ ਸਭ ਨੂੰ ਪਤਾ ਹੈ। ਜੇਕਰ ਸਾਡੀ ਸਰਹੱਦ ਤੇ ਚੌਕਸੀ ਪੂਰੀ ਹੋਵੇ ਤਾਂ ਇਹ ਨਸ਼ੇ ਪੰਜਾਬ ਵਿਚ ਆ ਹੀ ਨਹੀ ਸਕਦੇ। ਨਸ਼ਿਆਂ ਦੇ ਵਪਾਰੀ, ਅਫਸਰਸ਼ਾਹੀ, ਸਕਿਉਰਟੀਫੋਰਸਿਜ ਅਤੇ ਸਿਆਸਤਦਾਨਾ ਦੀ ਮਿਲੀ ਭੁਗਤ ਨਾਲ ਇਹ ਸਾਰਾ ਕਾਰੋਬਾਰ ਹੋ ਰਿਹਾ ਹੈ। ਸ਼ੁਰੂ ਸ਼ੁਰੂ ਵਿਚ ਤਾਂ ਸ਼ਰਾਬ ਨੂੰ ਹੀ ਨਸ਼ਾ ਗਿਣਿਆ ਜਾਂਦਾ ਸੀ। ਉਦੋ ਵੀ ਪੰਜਾਬ ਦੇ ਪਿੰਡਾਂ ਦੇ ਲੋਕ ਆਪ ਆਪਣੇ ਘਰਾਂ ਜਾਂ ਖੇਤਾਂ ਵਿਚ ਸ਼ਰਾਬ ਕਢ ਕੇ ਪੀਦੇ ਤੇ ਵੇਚਦੇ ਸਨ। ਇਸ ਕਿੱਤੇ ਤੇ ਥੋੜਾ ਬਹੁਤਾ ਕੰਟਰੋਲ ਹੋਇਆ ਹੈ। ਹੁਣ ਤਾਂ ਸਰਹੱਦੋਂ ਪਾਰ ਤੋਂ ਅਨੇਕਾਂ ਕਿਸਮ ਦੇ ਨਸ਼ੇ ਪੰਜਾਬ ਵਿਚ ਜਿਵੇਂ ਕਿ ਹੀਰੋਇਨ, ਸਮੈਕ, ਸੁਲਫਾ, ਗਾਂਜਾ, ਅਫੀਮ ਤੇ ਭੁਕੀ ਆਮ ਆ ਰਹੇ ਹਨ। ਸਭ ਤੋਂ ਪਹਿਲਾਂ ਨਸ਼ਿਆਂ ਦਾ ਵਿਉਪਾਰ ਸਰਹੱਦੀ ਇਲਾਕਿਆ ਤੋਂ ਸ਼ੁਰੂ ਹੋਇਆ, ਜਿਹੜੀ ਸਰਹੱਦ ਪਾਕਿਸਤਾਨ ਦੇ ਨਾਲ ਪੰਜਾਬ ਅਤੇ ਰਾਜਸਥਾਨ ਦੀ ਲੱਗਦੀ ਹੈ ਉਸ ਰਾਂਹੀ ਇਹ ਨਸ਼ੇ ਆ ਰਹੇ ਹਨ। ਉਥੇ ਨੌਕਰੀ ਕਰ ਰਹੇ ਸਕਿਉਰਟੀ ਫੋਰਸ ਦੇ ਅਧਿਕਾਰੀਆਂ ਅਤੇ ਸਿਆਸਤਦਾਨਾ ਨਾਲ ਰਲ ਕੇ ਨਸ਼ਿਆਂ ਦੇ ਵਪਾਰੀਆਂ ਨੇ ਇਹ ਕੰਮ ਸ਼ੁਰੂ ਕੀਤਾ ਹੈ। ਸਕਿਉਰਟੀ ਫੋਰਸਿਜ ਦੇ ਅਧਿਕਾਰੀ ਤੇ ਕਰਮਚਾਰੀ ਸਰਹੱਦੀ ਜਿਲਿਆਂ ਦੀਆਂ ਪੋਸਟਿੰਗਾਂ ਲੈ ਕੇ ਮਾਲੋਮਾਲ ਹੋ ਰਹੇ ਹਨ।  ਇਥੋਂ ਤੱਕ ਕਿ ਕੁਝ ਅਧਿਕਾਰੀਆਂ ਤੇ ਛੋਟੇ ਕਰਮਚਾਰੀਆਂ ਨੇ ਨਸ਼ੇ ਵੇਚਣ ਦਾ ਕੰਮ ਆਪਣੀ ਹੱਥੀ ਲੈ ਲਿਆ। ਇਸ ਵਿਚ ਮੁਨਾਫਾ ਬਹੁਤ ਹੈ। ਛੇ ਕੁ ਮਹੀਨੇ ਪਹਿਲਾਂ ਇਕ ਆਈ.ਪੀ.ਐਸ.ਅਫਸਰ ਜਿਸ ਦੀ ਡਿਉਟੀ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਤੇ ਸੀ ਉਹ ਹੀ ਇਹ ਕੰਮ ਕਰਦਾ ਪਕੜਿਆ ਗਿਆ। ਹੌਲੀ ਹੌਲੀ ਨਸ਼ਿਆਂ ਦਾ ਵਪਾਰ ਸਾਰੇ ਪੰਜਾਬ ਵਿਚ ਪ੍ਰਫੁਲਤ ਹੋ ਗਿਆ। ਕਿਉਕਿ ਤਾਕਤ ਦੇ ਦੋਵੇ ਧੁਰੇ ਸਕਿਉਰਟੀਫੋਰਸਿਜ ਤੇ ਕੁਝ ਕੁ ਸਿਆਸੀ ਲੋਕਾਂ ਦੀ ਮਿਲੀ ਭੁਗਤ ਹੋ ਗਈ ਹੈ। ਉਹ ਇਕ ਦੂਜੇ ਦੀ ਸਪੋਰਟ ਕਰਦੇ ਹਨ, ਹੁਣ ਸਥਿਤੀ ਇਥੋਂ ਤੱਕ ਪਹੁੰਚ ਗਈ ਕਿ ਹਾਲਾਤ ਬਹੁਤ ਗੰਭੀਰ ਹੋ ਗਏ ਹਨ ਸਥਿਤੀ ਹੱਥੋਂ ਨਿਕਲ ਗਈ ਹੈ। ਬੇਰੋਜਗਾਰੀ, ਭ੍ਰਿਸ਼ਟਾਚਾਰ ਤੇ ਜਲਦੀ ਅਮੀਰ ਬਣਨ ਦੀ ਪ੍ਰਵਿਰਤੀ ਨੇ ਨੌਜਵਾਨਾ ਨੂੰ ਅਜਿਹੇ ਕੰਮ ਕਰਨ ਲਈ ਮਜਬੂਰ ਕਰ ਦਿਤਾ ਹੈ। ਸਰਕਾਰਾਂ ਵਲਂੋ ਨੌਕਰੀਆਂ ਤੇ ਪਾਬੰਦੀ ਲਗਾਉਣ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਤੁਸੀ ਹੈਰਾਨ ਹੋਵੋਗੇ ਕਿ ਨਸ਼ਿਆਂ ਵਿਚ ਲੜਕੀਆਂ ਲੜਕਿਆ ਦੇ ਬਰਾਬਰ ਪਹੁੰਚ ਗਈਆਂ ਹਨ। ਕਈ ਸਰਕਾਰੀ ਅਧਿਕਾਰੀ, ਕਰਮਚਾਰੀ, ਐਸ.ਜੀ.ਪੀ.ਸੀ ਦੇ ਮੈਂਬਰ ਅਤੇ ਹੋਰ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਵਿਅਕਤੀ ਨਸ਼ਾ ਵੇਚਦੇ ਪਕੜੇ ਗਏ ਹਨ।  ਵਪਾਰੀਆਂ, ਅਧਿਕਾਰੀਆਂ ਅਤੇ ਰਾਜਨੀਤਕ ਲੋਕਾਂ ਦੀ ਮਿਲੀਭੁਗਤ ਦੀ ਮਿਸਾਲ ਸਾਹਮਣੇ ਆਈ ਹੈ। ਇਕ ਵਿਅਕਤੀ ਜੋ ਨਸ਼ੇ ਵਾਲੀਆਂ ਦਵਾਈਆਂ ਵੈਚਣ ਦਾ ਧੰਦਾ ਕਰ ਰਿਹਾ ਸੀ ਹੁਣ ਉਸ ਦੇ ਕਹਿਣ ਅਨੁਸਾਰ ਉਹ ਹੁਣ ਇਹ ਧੰਦਾ ਛੱਡ ਬੈਠਾ ਸੀ, ਇਸ ਸਮੇਂ ਉਹ ਜੇਲ ਦੀ ਹਵਾ ਖਾ ਰਿਹਾ ਹੈ। ਉਸ ਵਿਅਕਤੀ ਦੇ ਦੱਸਣ ਅਨੁਸਾਰ ਇਕ ਵੱਡੇ ਸ਼ਹਿਰ ਵਿਚ ਅਜਿਹੇ ਦਸ ਨਸ਼ੇ ਦੇ ਵਿਉਪਾਰੀਆਂ ਨੇ ਨਸ਼ੇ ਵੇਚਣ ਦਾ ਧੰਦਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਰਵਨੀਤ ਸਿੰਘ ਬਿਟੂ ਦੀ ਨਸ਼ਿਆਂ ਵਿਰੁਧ ਮੁਹਿਮ ਤੋਂ ਪ੍ਰਭਾਵਿਤ ਹੋ ਕੇ ਬੰਦ ਕਰ ਦਿਤਾ ਸੀ, ਉਹਨਾਂ ਸਬੰਧਤ ਅਧਿਕਾਰੀਆਂ ਅਤੇ ਇਲਾਕੇ ਦੇ ਸਿਆਸੀ ਆਗੂਆਂ ਨੂੰ ਉਹਨਾਂ ਦੀ ਹਿੱਸਾ ਪੂੰਜੀ ਦੇਣੀ ਬੰਦ ਕਰ ਦਿਤੀ ਸੀ, ਇਸ ਦੇ ਸਿਟੇ ਵਜੋਂ ਉਹਨੂੰ ਜੇਲ ਡਕ ਦਿਤਾ ਗਿਆ, ਉਹਨਾ ਅਗੋ ਦਸਿਆ ਕਿ ਮੇਰੇ ਤੋਂ ਬਾਅਦ ਬਾਕੀ ਦੇ ਨਸ਼ੇ ਦੇ ਵਿਉਪਾਰੀਆਂ ਨੂੰ ਜੋ ਇਹ ਕੰਮ ਛੱਡ ਬੈਠੇ ਹਨ ਵਾਰੀ ਵਾਰੀ ਜੇਲ ਭੇਜਣ ਦੀ ਧਮਕੀ ਮਿਲ ਚੁੱਕੀ ਹੈ, ਤੁਸੀ ਅੰਦਾਜਾ ਲਗਾੳ ਪੰਜਾਬ ਵਿਚ ਨਸ਼ਿਆਂ ਦਾ ਵਿਉਪਾਰ ਕਿਵੇ ਬੰਦ ਹੋ ਸਕਦਾ ਹੈ।  ਪੰਜਾਬ ਵਿਚ ਨਸ਼ਿਆਂ ਦੇ ਵਿੳਪਾਰ ਨੂੰ ਠੱਲ ਪਾਉਣ ਲਈ ਤਾਂ ਪਹਿਲਾਂ ਹੀ ਬਹੁਤ ਸਖਤ ਕਾਨੂੰਨ ਹਨ ਪ੍ਰੰਤੂ ਇਹਨਾਂ ਨੂੰ ਲਾਗੂ ਕਰਨ ਦੀ ਜੁਅਰਤ ਦੀ ਲੌੜ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਲੌੜ ਹੈ ਕਿ ਉਹ ਆਪਣੀ ਜਿੰਮੇਵਾਰੀ ਨਿਭਾ ਰਹੀਆਂ ਹਨ ਜਾਂ ਨਹੀ। ਜੇਕਰ ਉਹਨਾਂ ਆਪਣੀ ਜਿੰਮੇਵਾਰੀ ਨਾ ਸਮਝੀ ਤਾਂ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਔਲਾਦ ਵੀ ਨਸ਼ੇ ਕਰਨ ਲੱਗ ਜਾਵੇ। ਇਕ ਕਹਾਵਤ ਹੈ ਕਿ ਅੱਗ ਜਦੋ ਆਪਣੇ ਘਰ ਲਗਦੀ ਹੈ ਉਦੋ ਉਸ ਨੂੰ ਅੱਗ ਕਿਹਾ ਜਾਂਦਾ ਹੈ, ਜਦੋ ਕਿਸੇ ਹੋਰ ਦੇ ਘਰ ਲਗਦੀ ਹੈ ਤਾਂ ਇਹ ਬਸੰਤਰ ਹੁੰਦੀ ਹੈ।  ਇਹ ਬਸੰਤਰ ਅੱਗ ਵੀ ਬਣ ਸਕਦੀ ਹੈ। ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੇ ਦੌਰਾਨ ਵੋਟਰਾਂ ਨੂੰ ਨਸ਼ੇ ਵੰਡਦੀਆਂ ਹਨ, ਲੋਕਾਂ ਨੂੰ ਇਹਨਾਂ ਪਾਰਟੀਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਮਾਨਦਾਰ, ਨਿਰਪੱਖ ਅਤੇ ਨਸ਼ਿਆਂ ਦਾ ਵਿਰੋਧ ਕਰਨ ਵਾਲੇ ਉਮੀਦਵਾਰਾ ਨੂੰ ਹੀ ਵੋਟਾਂ ਪਾਣੀਆਂ ਚਾਹੀਦੀਆਂ ਹਨ। ਲੋਕਾਂ ਕੋਲ ਅਥਾਹ ਸ਼ਕਤੀ ਹੈ, ਉਹ ਆਪਣੀ ਜਵਾਨੀ ਨੂੰ ਬਚਾਉਣ ਲਈ  ਲੋਕ ਲਹਿਰ ਪੈਦਾ ਕਰਨ ਤਾਂ ਜੋ ਨਸ਼ਿਆਂ ਤੋਂ ਨੌਜਵਾਨਾਂ ਨੂੰ ਹਟਾਇਆ ਜਾ ਸਕੇ। ਸਿਆਸੀ ਪਾਰਟੀਆਂ ਨੂੰ ਇਹ ਵੀ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਉਹ ਕਰੀਮਨਲ ਕਿਸਮ ਦੇ ਉਮੀਦਵਾਰਾ ਤੇ ਨਸ਼ੇ ਵੰਡਣ ਵਾਲਿਆਂ ਨੂੰ ਟਿਕਟਾ ਨਹੀ ਦੇਣਗੇ ਤਾਂ ਵੀ ਕੁਝ ਰਾਹਤ ਮਿਲ ਸਕਦੀ ਹੈ। ਨੌਜਵਾਨ ਭੀੜੀ ਲਈ ਰੋਜਗਾਰ ਦੇ ਮੌਕੇ ਪੈਦਾ ਕੀਤਾ ਜਾਣ ਅਤੇ ਖੇਡਾ ਲਈ ਨੌਜਵਾਨਾ ਨੂੰ ਉਤਸਾਹਿਤ ਕੀਤਾ ਜਾਵੇ। ਇਕ ਹੋਰ ਉਦਾਹਰਣ ਦੇਣੀ ਚਾਹਾਂਗੇ ਕਿ ਨਸ਼ਿਆਂ ਦੇ ਇਕ ਵਿੳਪਾਰੀ ਦੇ ਆਪਣੇ ਪਰਿਵਾਰ ਦਾ ਇਕ ਮੈਂਬਰ ਜਦੋ ਨਸ਼ੇ ਕਰਨ ਲੱਗ ਗਿਆ ਤਾਂ ਕਿਤੇ ਜਾ ਕੇ ਉਸ ਨੂੰ ਹੋਸ਼ ਆਈ। ਨਸ਼ਿਆਂ ਨੂੰ ਵੇਚਣ ਅਤੇ ਖਾਣ ਤੋਂ ਰੋਕਣ ਲਈ ਔਰਤਾਂ ਮਹੱਤਵਪੂਰਣ ਰੋਲ ਅਦਾ ਕਰ ਸਕਦੀਆਂ ਹਨ ਕਿਉਕਿ ਉਹ ਹੀ ਨਸ਼ਈ ਦੀ ਮਾਂ, ਭੈਣ, ਪੱਤਨੀ ਆਦਿ ਦੇ ਰੂਪ ਵਿਚ ਸਭ ਤੋ ਵੱਧ ਪ੍ਰਭਾਵਿਤ ਹੁੰਦੀਆਂ ਹਨ। ਨੌਜਵਾਨਾ ਨੂੰ ਆਪਣੀਆਂ  ਗਲਤ ਇਛਾਵਾਂ ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਸਮੇਂ ਤੋਂ ਪਹਿਲਾਂ ਵਧੇਰੇ ਅਤੇ ਜਲਦੀ ਅਮੀਰ ਬਣਨ ਦੀ ਪ੍ਰਵੀਰਤੀ ਤਿਆਗਣੀ ਚਾਹੀਦੀ ਹੈ। ਜੇਕਰ ਪੰਜਾਬੀ ਅਜੇ ਵੀ ਨਾ ਸਮਝੇ ਤਾਂ ਪੰਜਾਬ ਦੀ ਜਵਾਨੀ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਇਹਨਾਂ ਧੰਦਿਆਂ ਵਿਚ ਜਿਹੜੇ ਲੋਕ ਫਸੇ ਹੋਏ ਹਨ ਭਾਂਵੇ ਉਹ ਅਧਿਕਾਰੀਆਂ, ਕਰਮਚਾਰੀ, ਵਪਾਰੀ ਜਾਂ ਉਹ ਸਿਆਸਤਦਾਨ ਹੋਣ ਉਹਨਾਂ ਦਾ ਸਮਜਿਕ ਬਾਈਕਾਟ ਕੀਤੇ ਤੋਂ ਬਿਨਾਂ ਗੱਡੀ ਲੀਹ ਤੇ ਨਹੀਂ ਆਵੇਗੀ। ਨੌਜਵਾਨਾਂ ਨੂੰ ਵੀ ਆਪਣੀ ਅੰਤਹ ਕਰਨ ਦੀ ਆਵਾਜ ਸੁਣਨੀ ਚਾਹੀਦੀ ਹੈ ਤਾਂ ਹੀ ਉਹ ਸਮਾਜ ਵਿਚ ਆਪਣਾ ਉਸਾਰੂ ਰੋਲ ਅਦਾ ਕਰ ਸਕਣਗੇ ਤੇ ਨੌਜਵਾਨੀ ਦੀ ਅਸੀਮਤ ਤਾਕਤ ਦਾ ਸਤਉਪਯੋਗ ਕਰ ਸਕਣਗੇ।

ਸਾਬਕਾ ਜਿਲਾ ਲੋਕ ਸੰਪਰਕ ਅਫਸਰ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>