ਪੰਜਾਬ ਖੇਤੀਬਾੜੀ ਯਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਡਾ. ਬਲਦੇਵ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਿਆ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵਜੋਂ ਡਾ. ਬਲਦੇਵ ਸਿੰਘ ਢਿੱਲੋਂ ਅਹੁਦਾ ਸੰਭਾਲਦੇ ਹੋਏ।

ਲੁਧਿਆਣਾ -:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਵਜੋਂ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।  ਡਾ. ਢਿੱਲੋਂ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜ ਕੁਮਾਰ ਮਹੇ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਸਮੂਹ ਉੱਚ ਅਧਿਕਾਰੀਆਂ, ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਜੀ ਆਇਆਂ ਨੂੰ ਕਿਹਾ।  ਡਾ. ਢਿੱਲੋਂ ਨੇ ਅਹੁਦਾ ਸੰਭਾਲਣ ਉਪਰੰਤ ਉਚ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਦੀ ਅਨਾਜ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਵਿਚ ਪਾਏਦਾਰ ਖੇਤੀ ਲਈ ਯੋਗ ਮਹੌਲ ਅਤੇ ਢੰਗ ਤਰੀਕਾ ਵਿਕਸਤ ਕਰਨਾ ਸਾਡੀ ਸਾਂਝੀ ਪਹਿਲ ਹੋਣੀ ਚਾਹੀਦੀ ਹੈ।  ਡਾ. ਢਿੱਲੋਂ ਨੇ ਆਖਿਆ ਕਿ ਇਸ ਵੇਲੇ ਖੇਤੀ ਆਰਥਿਕਤਾ, ਵਾਤਾਵਰਣ ਅਤੇ ਪੰਜਾਬੀ ਸਮਾਜ ਕਈ ਤਰਾਂ ਦੀਆਂ ਦੁਸ਼ਵਾਰੀਆਂ ਵਿਚੋਂ ਲੰਘ ਰਿਹਾ ਹੈ।  ਇਸ ਦਾ ਟਾਕਰਾ ਕਰਨ ਲਈ ਸਾਨੂੰ ਖੇਤੀਬਾੜੀ ਖੋਜ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਪਸਾਰ ਢਾਂਚੇ ਵਿਚ ਵੀ ਕੁਝ ਨਵੇਂ ਤ¤ਤ ਜੋੜਨੇ ਪੈਣਗੇ ਜਿਸ ਨਾਲ ਪੰਜਾਬੀ ਸਮਾਜ ਸਿਹਤਮੰਦ ਰਹਿ ਸਕੇ।  ਉਹਨਾਂ ਨਸ਼ਾਖੋਰੀ, ਭਰੂਣ ਹੱਤਿਆ ਅਤੇ ਵਾਤਾਵਰਣ ਚੇਤਨਾ ਦੇ ਹਵਾਲੇ ਨਾਲ ਆਖਿਆ ਕਿ ਇਸ ਕੰਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੋਹਰੀ ਰੋਲ ਅਦਾ ਕਰੇਗੀ।

ਡਾ. ਢਿੱਲੋਂ ਨੇ ਆਖਿਆ ਕਿ ਪ੍ਰਾਈਵੇਟ ਸੈਕਟਰ ਦੇ ਮੁਕਾਬਲੇ ਪਬਲਿਕ ਸੈਕਟਰ ਕੋਲ ਭਾਂਵੇ ਆਰਥਿਕ ਸੋਮਿਆਂ ਦੀ ਕਮੀਂ ਹੈ ਪਰ ਚੰਗੇ ਵਿਗਿਆਨੀਆਂ ਨਾਲ ਅਸੀਂ ਇਸ ਆਰਥਿਕ ਥੁੜ ਨੂੰ ਵੀ ਪਾਰ ਕਰ ਸਕਦੇ ਹਾਂ ਪਰ ਇਸ ਕੰਮ ਲਈ ਨੀਅਤ ਅਤੇ ਨੀਤੀ ਨੂੰ ਸਪਸ਼ਟ ਕਰਕੇ ਖੁਦ ਨੂੰ ਵਿਕਾਸ ਲਈ ਮੁੜ ਸਮਰਪਤ ਕਰਨਾ ਪਵੇਗਾ।  ਉਹਨਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੋਲ ਵਿਸ਼ਵ ਪੱਧਰੀ ਵਿਗਿਆਨ ਵਰਤਣ ਵਾਲੇ ਵਿਗਿਆਨੀ ਹਨ ਅਤੇ ਇਹਨਾਂ ਵਿਗਿਆਨੀਆਂ ਨੁੰ ਅੰਤਰਰਾਸ਼ਟਰੀ ਅਦਾਰਿਆਂ ਨਾਲ ਸੰਪਰਕ ਕਰਕੇ ਹੋਰ ਯੋਗ ਬਣਾਇਆ ਜਾਵੇਗਾ।  ਖੇਤੀ ਆਧਾਰਤ ਉਦਯੋਗ ਨਾਲ ਰਿਸ਼ਤੇ ਮਜਬੂਤ ਕੀਤੇ ਜਾਣਗੇ ਜਿਸ ਨਾਲ ਪੰਜਾਬ  ਦਾ ਖੇਤੀ ਅਰਥਚਾਰਾ ਵੱਧ ਕਮਾਈ ਦੇ ਸਕੇ।  ਉਹਨਾਂ ਆਖਿਆ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੂੰ ਵੀ ਇਸ ਰਾਹ ਤੋਰਿਆ ਜਾਵੇਗਾ ਕਿ ਉਹ ਪੰਜਾਬ ਨੂੰ ਬਾਕੀ ਸੂਬਿਆਂ ਨਾਲੋਂ ਵੱਧ ਖੋਜ ਸਹਾਇਤਾ ਦੇਣ।  ਡਾ. ਢਿੱਲੋਂ ਨੇ ਆਖਿਆ ਕਿ ਪੰਜਾਬ ਨੂੰ ਆਮ ਸੂਬਾ ਸਮਝਣ ਦੀ ਥਾਂ ਦੇਸ਼ ਦੇ ਖੇਤੀ ਵਿਕਾਸ ਲਈ ਪ੍ਰਯੋਗਸ਼ਾਲਾ ਵਜੋਂ ਆਰਥਕ ਸਰਪਰਸਤੀ ਦੀ ਲੋੜ ਹੈ ਕਿਉਂਕਿ ਬਾਕੀ ਸੂਬੇ ਪੰਜਾਬ ਮਾਡਲ ਨੂੰ ਹੀ ਅਪਣਾ ਕੇ ਵਿਕਾਸ ਦੇ ਰਾਹ ਤੁਰੇ ਹਨ।

ਡਾ. ਢਿੱਲੋਂ ਨੇ ਆਖਿਆ ਕਿ ਦੇਸ਼ ਦਾ ਅਨਾਜ ਭੰਡਾਰ ਭਰਨ ਵਿਚ ਪੰਜਾਬ ਨੇ ਹਮੇਸ਼ਾਂ ਵੱਡਾ ਹਿੱਸਾ ਪਾਇਆ ਹੈ ਅਤੇ ਭਵਿੱਖ ਵਿਚ ਵੀ ਪੰਜਾਬ ਮੋਹਰੀ ਸੂਬਾ ਬਣਿਆ ਰਹੇਗਾ।  ਡਾ. ਢਿੱਲੋਂ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਸਰਪਰਸਤੀ ਨਾਲ ਹੋਰ ਵਿਕਾਸ ਅਦਾਰਿਆਂ ਤੋਂ ਵੀ ਖੇਤੀਬਾੜੀ ਖੋਜ ਪ੍ਰੋਜੈਕਟ ਹਾਸਲ ਕੀਤੇ ਜਾਣਗੇ।  ਉਹਨਾਂ ਆਖਿਆ ਕਿ ਸਾਨੂੰ ਨਿਸ਼ਚਤ ਲਸ਼ਮਣ ਰੇਖਾ ਤੋੜਨੀ ਪਵੇਗੀ ਅਤੇ ਸਖਤ ਮਿਹਨਤ ਨਾਲ ਨਵੀਆਂ ਚੁਨੌਤੀਆਂ ਨਾਲ ਟਾਕਰਾ ਕਰਨਾ ਪਵੇਗਾ।  ਉਹਨਾਂ ਆਖਿਆ ਕਿ ਟੀਮ ਭਾਵਨਾ ਨਾਲ ਹੀ ਚੰਗੇ ਨਤੀਜੇ ਮਿਲਦੇ ਹਨ ਅਤੇ ਇਸ ਸੰਬੰਧ ਵਿਚ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਨਾਲ ਵੀ ਸੰਪਰਕ ਕਰਕੇ ਸਾਝੀ ਕਾਰਜਨੀਤੀ ਤਹਿ ਕੀਤੀ ਜਾਵੇਗੀ।  ਉਹਨਾਂ ਆਖਿਆ ਕਿ ਪੰਜਾਬ ਦਾ ਸਰਵਪੱਖੀ ਵਿਕਾਸ ਮੇਰਾ ਮੁੱਖ ਏਜੰਡਾ ਹੈ ਅਤੇ ਇਸ ਲਈ ਮੈਨੂੰ ਜਿਸ ਅਦਾਰੇ ਤੋਂ ਵੀ ਗਿਆਨ ਜਾਂ ਆਰਥਕ ਸਹਾਇਤਾ ਦੀ ਲੋੜ ਪਈ ਉਸਨੂੰ ਹਾਸਲ ਕਰਨ ਤੋਂ ਮੈਂ ਕਦੇ ਨਹੀਂ ਝਿਜਕਾਂਗਾ।

ਡਾ. ਢਿੱਲੋਂ ਨੇ ਆਖਿਆ ਕਿ ਖੇਤੀਬਾੜੀ ਖੋਜ ਪ੍ਰਕਾਸ਼ਨਾਵਾਂ ਅਤੇ ਮਾਸਕ ਪੱਤਰਾਂ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਨੂਂੰ ਆਨ ਲਾਈਨ ਕੀਤਾ ਜਾਵੇਗਾ ਤਾਂ ਜੋ ਇਹ ਗਿਆਨ ਵੱਧ ਲੋਕਾਂ ਤੀਕ ਨਾਲੋ ਨਾਲ ਪਹੁੰਚੇ।  ਡਾ. ਬਲਦੇਵ ਸਿੰਘ ਢਿੱਲੋਂ ਦਾ ਸਵਾਗਤ ਕਰਨ ਲਈ ਅੱਜ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਜਸਪਿੰਦਰ ਸਿੰਘ ਕੋਲਾਰ, ਡਾ. ਬਲਦੇਵ ਸਿੰਘ ਬੋਪਾਰਾਏ, ਸਰਦਾਰਨੀ ਉਰਵਿੰਦਰ ਕੌਰ ਗਰੇਵਾਲ ਅਤੇ ਪੀ.ਏ.ਯੂ. ਟੀਚਰਜ਼ ਅਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਅਤੇ ਸਾਥੀ, ਪੀ.ਏ.ਯੂ. ਇਮਪਲਾਈਜ਼ ਯੂਨੀਅਨ ਦੇ ਪ੍ਰਧਾਨ ਸ. ਹਰਬੰਸ ਸਿੰਘ ਮੂੰਡੀ ਅਤੇ ਸਾਥੀਆਂ ਤੋਂ ਇਲਾਵਾ ਸਾਬਕਾ ਨਿਰਦੇਸ਼ਕ ਪਸਾਰ ਸਿਖਿਆ ਡਾ. ਨਛੱਤਰ ਸਿੰਘ ਮੱਲੀ, ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਕਮਲਜੀਤ ਸਿੰਘ ਸਿੱਧੂ, ਬਾਬਾ ਬੰਦਾ ਸਿੰਘ ਬਹਾਦੁਰ ਟਰਸਟ ਦੇ ਸਕੱਤਰ ਜਨਰਲ ਸ. ਹਰਦਿਆਲ ਸਿੰਘ ਅਮਨ, ਰਤਨ ਟਾਟਾ ਟਰੱਸਟ ਦੇ ਡਾਇਰੈਕਟਰ ਡਾ. ਗੁਲਜ਼ਾਰ ਸਿੰਘ ਚਾਹਲ, ਸਾਬਕਾ ਡੀਨ ਪੋਸਟਗਰੈਜੂਏਟ ਸਟ¤ਡੀਜ਼ ਡਾ. ਤੇਜਿੰਦਰ ਹਰਪਾਲ ਸਿੰਘ, ਪੀ.ਏ.ਯੂ. ਟੀਚਰਜ਼ ਅਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਗੁਰਦੇਵ ਸਿੰਘ ਸੰਧੂ, ਸੇਵਾ ਮੁਕਤ ਕਣਕ ਵਿਗਿਆਨੀ ਡਾ. ਹਰਜਿੰਦਰ ਸਿੰਘ, ਡਾ. ਬਰਾੜ, ਡਾ. ਗੁਰਦੇਵ ਸਿੰਘ ਹੀਰਾ ਤੋਂ ਇਲਾਵਾ ਸੰਚਾਰ ਕੇਂਦਰ ਦੇ ਸਾਬਕਾ ਅਪਰ ਨਿਰਦੇਸ਼ਕ ਡਾ. ਰਣਜੀਤ ਸਿੰਘ ਵੀ ਪੁੱਜੇ।  ਡਾ. ਢਿੱਲੋਂ  ਨੂੰ ਅੱਜ ਟੈਲੀਫੂਨ ਤੇ ਮੁਬਾਰਕ ਦੇਣ ਵਾਲੇ ਪ੍ਰਮੁੱਖ ਵਿਅਕਤੀਆਂ ਵਿਚ ਪੰਜਾਬ ਦੇ ਕੈਬਿਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਖੋਜ ਡਾ. ਮਹਿੰਦਰ ਸਿੰਘ ਬਾਜਵਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ ਤੋਂ ਇਲਾਵਾ ਪੀ.ਏ.ਯੂ. ਟੀਚਰਜ਼ ਅਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਅਮਰਜੀਤ ਸਿੰਘ ਜੋਸ਼ੀ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>