ਮਿਸੀਸਾਗਾ: – (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ 25 ਜੂਨ ਦੀ ਭਰਵੀਂ ਮੀਟਿੰਗ ਵਿੱਚ ਕਾਫ਼ਲੇ ਦੇ ਇਸ ਸਾਲ ਦੇ ਪ੍ਰੋਗਰਾਮ ਉਲੀਕੇ ਜਾਣ ਤੋਂ ਇਲਾਵਾ ਦੋ ਕਿਤਾਬਾਂ ਰਲੀਜ਼ ਕੀਤੀਆਂ ਗਈਆਂ ਅਤੇ ਮਨੁੱਖੀ ਵਿਕਾਸ ਅਤੇ ਪਰਵਾਸ ਬਾਰੇ ਇੱਕ ਗਿਆਨ-ਭਰਪੂਰ ਸਲਾਈਡ ਸ਼ੋਅ ਕੀਤਾ ਗਿਆ।
ਇੰਡੀਆ ਤੋਂ ਪੱਕੇ ਤੌਰ ‘ਤੇ ਕੈਨੇਡਾ ਆ ਗਏ ਪੰਜਾਬੀ ਗ਼ਜ਼ਲਗੋ ਮਹਿੰਦਰਦੀਪ ਗਰੇਵਾਲ਼ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਉਂਕਾਰਪ੍ਰੀਤ ਨੇ ਕਾਫ਼ਲੇ ਦੇ ਇਸ ਸਾਲ ਦੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਜਿਨ੍ਹਾਂ ਵਿੱਚ ਇੱਕ ਪਿਕਨਿਕ, ਨਾਟਕ ਦਿਵਸ (ਜਿਸ ਵਿੱਚ ਇੱਕ ਨਾਟਕ ਵੀ ਖੇਡਿਆ ਜਾਵੇਗਾ), ਵਿਦੇਸ਼ੀ ਨਾਵਲ ਬਾਰੇ ਸੈਮੀਨਾਰ, ਪ੍ਰਗਤੀਸ਼ੀਲ ਗੋਸ਼ਟੀ ਸਮਾਗਮ 2011 ਤੇ ਅਧਾਰਿਤ ਇੱਕ ਪੁਸਤਕ ਤਿਆਰ ਕਰਨਾ,ਅਤੇ ਸਾਲਾਨਾ ਸਮਾਗਮ ਸ਼ਾਮਿਲ ਸੀ। ਉਹਨਾਂ ਇਸ ਸੈਸ਼ਨ ਦੌਰਾਨ ਪੰਜਾਬੀ ਯੂਥ ਨੂੰ ਸਾਹਿਤ ਨਾਲ ਜੋੜਨ ਹਿੱਤ ਇੱਕ ਨਵੇਂ ਪ੍ਰੋਗ੍ਰਾਮ ‘ਕਰੂੰਬਲਾਂ’ ਦਾ ਐਲਾਨ ਵੀ ਕੀਤਾ, ਜਿਸ ਵਿੱਚ 18 ਸਾਲ ਦੀ ਉਮਰ ਤੱਕ ਦੇ ਕੈਨੇਡੀਅਨ ਜੰਮਪਲ ਬੱਚਿਆਂ ਦਾ ਪੰਜਾਬੀ ਵਿੱਚ ਕਵਿਤਾ,ਕਹਾਣੀ ਅਤੇ ਲੇਖ ਲਿਖਣ ਦਾ ਮੁਕਾਬਲਾ ਹੋਵੇਗਾ ਅਤੇ ਕਾਫ਼ਲੇ ਵਲੋਂ ਤਿੰਨ ਖਾਸ ਇਨਾਮ ਦਿੱਤੇ ਜਾਣਗੇ।
ਡਾ. ਜਸਵਿੰਦਰ ਸੰਧੂ ਵੱਲੋਂ ਬੜੀ ਮਿਹਨਤ ਨਾਲ਼ ਤਿਆਰ ਕੀਤੇ ਗਏ ਸਲਾਈਡ ਸ਼ੋਅ ਰਾਹੀਂ ਮਨੁੱਖ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਦੁਨੀਆਂ ਭਰ ਵਿੱਚ ਫੈਲਣ ਦੀ ਥਿਊਰੀ ਨੂੰ ਪੂਰੇ ਵਿਸਥਾਰ ਸਹਿਤ ਸਮਝਾਇਆ ਗਿਆ। ਪੂਰੀ ਗੱਲਬਾਤ ਭਾਵੇਂ ਸਾਇੰਸੀ ਥਿਊਰੀ ਦੁਆਲ਼ੇ ਹੀ ਘੁੰਮਦੀ ਰਹੀ ਪਰ ਡਾ. ਸੰਧੂ ਨੇ ਬਾਖੂਬੀ ਇਹ ਗੱਲ ਵੀ ਸਪਸ਼ਟ ਕੀਤੀ ਕਿ ਕਿਸ ਤਰ੍ਹਾਂ ਅਫਰੀਕਾ ਵਿੱਚ ਹੋਂਦ ਵਿੱਚ ਆਇਆ ਮਨੁੱਖ ਉਸ ਸਮੇਂ ਵੀ ਰੋਟੀ-ਰੋਜ਼ੀ (ਉਸ ਸਮੇਂ ਦੀ ਲੋੜ ਅਤੇ ਰਸਮ ਅਨੁਸਾਰ ਸਿ਼ਕਾਰ ਕਰਨ ਲਈ) ਪਿੱਛੇ ਦੌੜਦਾ ਹੋਇਆ ਪਰਵਾਸੀ ਬਣਦਾ ਰਿਹਾ ਹੈ ਅਤੇ ਹੌਲ਼ੀ ਹੌਲ਼ੀ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚ ਗਿਆ। ਕੁਦਰਤੀ ਵਿਕਾਸ ਦੀ ਥਿਊਰੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵੈਲੇਸ (Wallace) ਦਾ ਆਪਣਾ ਇੱਕ ਕਾਲਪਨਿਕ ਖਿਆਲ ਸੀ ਜਦਕਿ ਡਾਰਵਿਨ ਦੇ ਸਬੂਤ ਠੋਸ ਅਤੇ ਵਿਗਿਆਨਕ ਪੱਧਰ ਦੇ ਹਨ।
ਮੀਟਿੰਗ ਵਿੱਚ ਬਲਬੀਰ ਸਿਕੰਦ ਦੀ ਕਿਤਾਬ ‘ਜੰਗਾਲਿਆ ਕਿੱਲ’ ਅਤੇ ਗੁਰਦਾਸ ਮਿਨਹਾਸ ਦੀ ਕਿਤਾਬ ‘ਤੜਪਦੇ ਅਹਿਸਾਸਾਂ ਦੀ ਮਹਿਕ’ ਰਲੀਜ਼ ਕੀਤੀਆਂ ਗਈਆਂ। ਬਲਬੀਰ ਸਿਕੰਦ ਦੀ ਸਵੈ-ਜੀਵਨੀ,‘ਜੰਗਾਲਿ਼ਆ ਕਿੱਲ’, ਬਾਰੇ ਬੋਲਦਿਆਂ ਬ੍ਰਜਿੰਦਰ ਗੁਲਾਟੀ ਹੁਰਾਂ ਕਿਹਾ, “‘ਜ਼ੰਗਾਲਿਆ ਕਿੱਲ’ ਬੜੇ ਹੀ ਸੁਹਣੇ ਅੰਦਾਜ਼ ਵਿੱਚ ਲਿਖੀ ਹੋਈ ਕਿਤਾਬ ਹੈ। ਇਸ ਦਾ ਹਰ ਅਧਿਆਏ ਆਪਣੇ ਆਪ ਵਿੱਚ ਇੱਕ ਕਹਾਣੀ ਰੂਪ ਵਿੱਚ ਪੇਸ਼ ਹੋਇਆ ਹੈ। …ਸਾਰੀ ਕਿਤਾਬ ਵਿੱਚ ਜਿਵੇਂ ਡਾਇਲਾਗ ਲਿਖੇ ਗਏ ਹਨ ਜਾਂ ਨਾਟਕੀ ਮੋੜ ਦਿੱਤਾ ਗਿਆ ਹੈ, ਉਹ ਬਹੁਤ ਪ੍ਰਸੰ਼ਸਾ ਵਾਲੀ ਗੱਲ ਹੈ।” ਇਸ ਦੇ ਨਾਲ਼ ਹੀ ਬਲਬੀਰ ਸਿੰਕਦ ਬਾਰੇ ਉਨ੍ਹਾਂ ਦੱਸਿਆ ਕਿ ਬਲਬੀਰ ਸਿੰਕਦ ਹੁਰਾਂ ਬੰਬਈ ਫਿ਼ਲਮ ਇੰਡਸਟਰੀ ਵਿੱਚ ਵੀ ਬਤੌਰ ਹੀਰੋ, ਸਾਈਡ ਹੀਰੋ, ਪਟ-ਕਥਾ ਲੇਖਕ, ਸੰਵਾਦ ਲੇਖਕ, ਗੀਤਕਾਰ, ਐਡਿਟਿੰਗ ਅਤੇ ਹੋਰ ਵੀ ਕਈ ਪਾਸਿਆਂ ਤੇ ਹੱਥ ਅਜ਼ਮਾਇਆ। ਉਨ੍ਹਾਂ ਦੀ ਫਿ਼ਲਮ ਅੰਬਰੀ ਦੇ ਗੀਤ ਭਾਰਤ ਕੋਕਿਲਾ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਊਸ਼ਾ ਮੰਗੇਸ਼ਕਰ ਅਤੇ ਮੁਹੰਮਦ ਰਫ਼ੀ ਦੇ ਭਰਾ ਨੇ ਵੀ ਗਾਏ। ਫਿ਼ਲਮ ਅੰਬਰੀ ਵਿੱਚ ਬਲਬੀਰ ਜੀ ਨਾਲ ਧਰਮਿੰਦਰ ਨੇ ਵੀ ਕੰਮ ਕੀਤਾ। ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ‘ਮੇਰੇ ਗੀਤ ਕੁਸੈਲੇ ਹੋਏ’ 2008 ਵਿੱਚ ਅਤੇ ‘ਜੀਵਨ ਚੱਕਰ’ 2010 ਵਿੱਚ ਛਪੇ। ‘ਜ਼ੰਗਾਲਿਆ ਕਿੱਲ’ ਪਾਕਿਸਤਾਨ ਵਿੱਚ ਸ਼ਾਹਮੁਖੀ ਵਿੱਚ ਵੀ ਛਪ ਚੁੱਕੀ ਹੈ।
ਗੁਰਦਾਸ ਮਿਨਹਾਸ ਦੀ ਕਿਤਾਬ ਬਾਰੇ ਬੋਲਦਿਆਂ ਵਰਿਆਮ ਸੰਧੂ ਹੁਰਾਂ ਕਿਹਾ ਕਿ ਭਾਵੇਂ ਇਹ ਕਿਤਾਬ ਵਿਅੰਗਆਤਮਕ ਕਵਿਤਾ ਦੀ ਕਿਤਾਬ ਹੈ ਪਰ ਇਹ ਸਸਤਾ ਅਤੇ ਸਥਈ ਕਿਸਮ ਦਾ ਵਿਅੰਗ ਨਹੀਂ ਸਗੋਂ ਘਰ ਤੋਂ ਸੰਸਾਰ ਨੂੰ ਕਲਾਵੇ ਵਿੱਚ ਲੈਣ ਦੀ ਵਿਸ਼ੇਸ਼ਤਾ ਰੱਖਦਾ ਹੈ ਜਿਸ ਦੇ ਵਿਸ਼ੇ ਅੱਤਕਥਨੀ ਦੀ ਸ਼ੈਲੀ ਵਿੱਚ ਚਲਾਵੀਂ ਖੁਸ਼ੀ ਦੇਣ ਵਾਲ਼ੇ ਨਹੀਂ ਸਗੋਂ ਰਸਮਾਂ-ਰੀਤਾਂ ਬਾਰੇ ਵਿਅੰਗ ਹਨ। ਉਨ੍ਹਾਂ ਕਿਹਾ ਕਿ ਅਜਿਹਾ ਉਹੀ ਆਦਮੀ ਲਿਖ ਸਕਦਾ ਹੈ ਜਿਸ ਨੂੰ ਗਹਿਰੀ ਸੂਝ ਹੋਵੇ। ਉਨ੍ਹਾਂ ਕਿਹਾ ਕਿ ਭਾਵੇਂ ਕਿਤੇ ਕਿਤੇ ਕਵਿਤਾਵਾਂ ਵਿੱਚ ਸ਼ੰਦ-ਤੁਕਾਂਤ ਦੀਆਂ ਖਾਮੀਆਂ ਵਿਖਾਈ ਦਿੰਦੀਆਂ ਹਨ ਪਰ ਇਨ੍ਹਾਂ ਵਿੱਚ ਸੰਚਾਰ ਦੀ ਕੋਈ ਸਮੱਸਿਆ ਨਹੀਂ ਅਤੇ ਕਵਿਤਾਵਾਂ ਪਾਠਕ ਦੇ ਮਨ ਅੰਦਰ ਉਤਰਦੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿਚਲਾ ਨਿੱਜ ਤੋਂ ਪਾਰ ਅਤੇ ਘਰ ਤੋਂ ਸੰਸਾਰ ਤੱਕ ਦੇ ਮਸਲਿਆਂ ਦਾ ਵਿਸ਼ਾ ਹਲਕੇ ਰੰਗ ਨਾਲ਼ ਪਾਠਕ ਨੂੰ ਜੀਊਣ ਜੋਗਾ ਕਰਦਾ ਹੈ।
ਮੀਟਿੰਗ ਵਿੱਚ ਜਿੱਥੇ ਕੈਨੇਡਾ ਫੇਰੀ ‘ਤੇ ਆਏ ਕਹਾਣੀਕਾਰ ਬਾਵਾ ਸਿੰਘ ਰੰਧਾਵਾ ਨੇ ਹਾਜ਼ਰੀ ਲਵਾਈ ਓਥੇ ਗੁਰਚਰਨ ਸਿੰਘ ਬੋਪਾਰਾਏ ਨੇ ਵੀ ਆਪਣੀਆਂ ਕਵਿਤਾਵਾਂ ਅਤੇ ਵਿਚਾਰ ਸਾਂਝੇ ਕੀਤੇ। ਮਹਿੰਦਰਦੀਪ ਗਰੇਵਾਲ਼ ਹੁਰਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਕਾਫ਼ਲੇ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦਾ ਅੰਗ ਬਣ ਕੇ ਅਤੇ ਇਸ ਵਿੱਚ ਕੰਮ ਕਰਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇਗਾ। ਮੀਟਿੰਗ ਵਿੱਚ ਵਕੀਲ ਕਲੇਰ, ਗੁਰਦੇਵ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਕਿਰਪਾਲ ਸਿੰਘ ਪੰਨੂ, ਜਾਗੀਰ ਸਿੰਘ ਕਾਹਲ਼ੋਂ, ਸੁਦਾਗਰ ਬਰਾੜ ਲੰਡੇ, ਮਨਮੋਹਨ ਗੁਲਾਟੀ, ਅਮਰਜੀਤ ਕੌਰ ਮਿਨਹਾਸ, ਰਾਵੀ ਮਿਨਹਾਸ, ਐੱਚ ਛਿੱਬੜ, ਰਾਜਪਾਲ ਬੋਪਾਰਾਏ, ਹਰਦੀਪ ਸਿੰਘ, ਗੁਰਜਿੰਦਰ ਸੰਘੇੜਾ, ਇਕਬਾਲ ਸੁੰਬਲ, ਨਾਹਰ ਸਿੰਘ ਔਜਲਾ, ਅਮੀਰ ਜਾਫ਼ਰੀ, ਬਲਦੇਵ ਦੂਹੜੇ, ਪਰਮਜੀਤ ਢਿੱਲੋਂ, ਸੁਖਮਿੰਦਰ ਰਾਮਪੁਰੀ, ਆਦਿ ਹਾਜ਼ਰ ਸਨ।