ਲਿਸਟਰ ਦਾ ਮੇਲਾ ਸਲੋਹ ਨੇ ਜਿੱਤਿਆ

ਲੈਸਟਰ ਕਬੱਡੀ ਕਲੱਬ ਅਤੇ ਸ਼ਹਿਰ ਦੇ ਸਮੂਹ ਗੂਰਘਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿਚ ਦਿਲਚਸਪ ਮੁਕਾਬਲੇ ਹੋਏ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਚੇਅਰਮੈਨ ਪਿਆਰਾ ਸਿੰਘ ਰੰਧਾਵਾ, ਸੈਕਟਰੀ ਮਨਜੀਤ ਸਿੰਘ ਮੌਂਟੀ, ਰਜਿੰਦਰ ਸਿੰਘ ਰਾਣਾ, ਨਿਰਮਲ ਸਿੰਘ ਲੱਡੂ, ਬਲਦੇਵ ਸਿੰਘ ਜੰਬੋ ਤੇ ਗੁਰਦਿਆਲ ਸਿੰਘ ਭਲਵਾਨ ਵਲੋਂ ਅੱਗੇ ਹੋ ਕੇ ਕਰਵਾਏ ਇਸ ਟੂਰਨਾਮੈਂਟ ਵਿਚ ਬੀਤੇ ਸਮੇਂ ਦੇ ਕਬੱਡੀ ਸਟਾਰ ਬਲਵਿੰਦਰ ਸਿੰਘ ਫਿੱਡਾ ਦਾ ਵਿਸੇ਼ਸ਼ ਸਨਮਾਨ ਕੀਤਾ ਗਿਆ।

ਇੰਗਲੈਂਡ ਕਬੱਡੀ ਫੈਡਰੇਸ਼ਨ ਵਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟਾਂ ਵਿਚੋਂ ਲਿਸਟਰ ਦਾ ਕਬੱਡੀ ਕੱਪ ਕਈ ਉਲਟਫੇਰਾਂ ਵਿਚੋਂ ਲੰਘਿਆ। ਪਹਿਲੇ ਦੌਰ ਵਿਚ ਸਲੋਹ ਭਾਵੇਂ ਹੁੱਲ ਤੋਂ ਜੇਤੂ ਰਹੀ ਪਰ ਲਿਸਟਰ ਨੇ ਸਾਊਥਾਲ ਨੂੰ, ਕਵੈਂਟਰੀ ਨੇ ਪੰਜਾਬ ਯੂਨਾਈਟਡ ਨੂੰ ਅਤੇ ਗ੍ਰੇਵਜੈਂਡ ਨੇ ਡਰਬੀ ਨੂੰ ਹਰਾ ਕੇ ਦਰਸ਼ਕਾਂ ਦੀ ਹੈਰਾਨੀ ਵਧਾਈ। ਦੂਜੇ ਦੌਰ ਵਿਚ ਸਲੋਹ ਨੇ ਈਰਥ ਨੂੰ ਲਿਸਟਰ ਨੇ ਵੁਲਵਰਹੈਪਟਨ ਨੂੰ, ਕਵੈਂਟਰੀ ਨੇ ਟੈਲਫੋਰਡ ਅਤੇ ਵਾਲਸਲ ਨੇ ਗ੍ਰੇਵਜੈਂਡ ਨੂੰ ਹਰਾ ਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਨਹਾਂ ਵਿਚੋਂ ਵਾਲਸਲ ਤੇ ਲਿਸਟਰ ਦੇ ਪ੍ਰਮੋਰਟਰ ਟੀਮਾਂ ਦੇ ਪਹਿਲੀ ਵਾਰ ਸੈਮੀਫਾੲਨਿਲ ਵਿਚ ਪੁੱਜਣ ਕਰਕੇ ਜੋਸ਼ ਵਿਚ ਸਨ।

ਸੈਮੀਫਾਈਨਲ ਦਾ ਪਹਿਲਾ ਮੁਕਾਬਲਾ ਸਲੋਹ ਤੇ ਕਵੈਂਟਰੀ ਵਿਚਕਾਰ ਹੋਇਆ। ਸਲੋਹ ਦੀ ਟੀਮ ਵਿਚ ਜਾਫੀ ਕਿੰਦੇ ਕਕਰਾਲੇ ਤੋਂ ਬਾਅਦ ਹੁਣ ਧਾਵੀ ਲਾਡੀ ਉਟਾਲਾਂ ਵੀ ਆ ਚੁੱਕਾ ਸੀ ਜਿਸ ਕਰਕੇ ਟੀਮ ਵਾਧੂ ਹੌਸਲੇ ਵਿਚ ਸੀ ਪਰ ਸਲੋਹ ਨੇ ਆਪਣੇ ਪਾਕਿਸਤਾਨੀ ਧਾਵੀਆਂ ਅਬੈਦ ਅਬਦੁੱਲਾ ਉਰਫ ਲਾਲਾ ਅਤੇ ਬਾਬਰ ਗੁੱਜਰ ਤੋਂ ਲਗਾਤਾਰ ਕਬੱਡੀਆਂ ਪਾਈਆਂ। ਭਾਵੇਂ ਲਾਲੇ ਨੂੰ ਪਹਿਲੇ ਅੱਧ ਤੱਕ ਹੀ 4 ਜੱਫੇ ਪਏ ਪਰ ਦੂਜੇ ਅੱਧ ਵਿਚ ਲਾਲਾ ਕਿਸੇ ਜਾਫੀ ਤੋਂ ਨਾ ਡੱਕਿਆ ਗਿਆ ਲਾਲੇ ਨੂੰ ਪਏ 4 ਜੱਫਿਆਂ ਵਿਚੋਂ ਇਕ-ਇਕ ਜੱਫਾ ਕਵੈਂਟਰੀ ਦੇ ਜਾਫੀ ਲੱਖਾ ਚੀਮਾ ਤੇ ਗੋਲੂ ਗੱਜਣ ਨੇ ਅਤੇ 2 ਜੱਫੇ ਪ੍ਰਗਟ ਹਿੰਮਤਪੁਰ ਨੇ ਲਾਏ। ਲਾਲੇ ਨੇ 23 ਵਿਚੋਂ 19 ਸਫਲ ਕਬੱਡੀਆਂ ਪਾਈਆਂ। ਓਧਰ ਲਾਲੇ ਦਾ ਹਮਵਤਨੀ ਧਾਵੀ ਬਾਬਰ ਗੁੱਜਰ 19 ਬੇਜੱਫਾ ਕਬੱਡੀਆਂ ਪਾ ਗਿਆ ਇਨ੍ਹਾਂ 19 ਕਬੱਡੀਆਂ ਵਿਚੋਂ ਉਸਦਾ ਸਿਰਫ ਇਕ ਅੰਕ ਜਾਫੀ ਗੋਲੂ ਗੱਜਣ ਨਾਲ ਸਾਂਝਾ ਰਿਹਾ। ਦੂਜੇ ਪਾਸੇ ਕਵੈਂਟਰੀ ਦੇ ਧਾਵੀਆਂ ਮਨਿੰਦਰ ਸਰਾਂ, ਗੀਤਾ ਮੂਲੇਵਾਲ ਅਤੇ ਗੱਲਾ ਬਹੂਆ ਵਲੋਂ ਪਾਈਆਂ ਲਗਭਗ ਬਰਾਬਰ ਦੀਆਂ ਕਬੱਡੀਆਂ ਵਿਚ ਮਨਿੰਦਰ ਨੂੰ 5, ਗੀਤੇ ਨੂੰ 2 ਅਤੇ ਗੱਲੇ ਨੂੰ 4 ਜੱਫੇ ਲੱਬੇ ਇਸ ਮੈਚ ਵਿਚ ਅਰਸ਼ਦ ਅਤੇ ਕਿੰਦਾ ਕਕਰਾਲਾ ਨੇ 5-5 ਜੱਫੇ ਲਾਏ। ਇਸ ਤਰ੍ਹਾਂ ਸਲੋਹ ਨੇ ਸਾਢੇ 41 ਦੇ ਮੁਕਾਬਲੇ 52 ਅੰਕਾਂ ਨਾਲ ਜਿੱਤ ਕੇ ਲਗਾਤਾਰ ਤੀਜੇ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਦੂਜਾ ਮੈਚ ਪਹਿਲੀ ਵਾਰ ਸੈਮੀਫਾਈਨਲ ਵਿਚ ਪੁੱਜੀਆਂ ਟੀਮਾਂ ਵਾਲਸਲ ਤੇ ਲਿਸਟਰ ਵਿਚਕਾਰ ਸੀ ਅੱਜ ਲਿਸਟਰ ਦੇ ਪ੍ਰਮੋਰਟਰ ਪਿਆਰਾ ਸਿੰਘ ਰੰਧਾਵਾ ਚੇਅਰਮੈਨ ਤੇ ਕੁਲਵੰਤ ਸਿੰਘ ਸੰਘਾ ਪ੍ਰਧਾਨ ਪੂਰੇ ਖੁਸ਼ ਸਨ। ਓਧਰ ਵਾਲਸਲ ਟੀਮ ਦੇ ਪ੍ਰਮੋਰਟਰ ਜੋਹਲ ਵੀ ਟੀਮ ਨੂੰ ਤਕੜੇ ਹੋ ਕੇ ਖੇਡਣ ਲਈ ਪ੍ਰੇਰ ਰਹੇ ਸੀ ਨਾਲ ਹੀ ਦਲਜਿੰਦਰ ਸਮਰਾ ਤੇ ਕਾਕਾ ਚੀਮਾਂ ਹੋਰਾਂ ਨੇ ਵੀ ਫੋਨ ਖੜਕਾ ਦਿੱਤੇ ਸਨ ਕਿ ਅੱਜ ਕੱਪ ਨੂੰ ਹੱਥ ਪਾਉਣਾ ਹੈ। ਵਾਲਸਲ ਵਲੋਂ ਜੱਗੀ ਗੋਰਸੀਆਂ ਨੇ ਵਧੀਆ ਕਬੱਡੀਆਂ ਪਾਈਆਂ। ਜੱਗੀ ਨੂੰ 20 ਕਬੱਡੀਆਂ ਵਿਚ ਸਿਰਫ ਇਕ ਜੱਫਾ ਲਿਸਟਰ ਦੇ ਜਾਫੀ ਮਨੀ ਰੱਬੋਂ ਨੇ ਲਾਇਆ। ਦੂਜੇ ਧਾਵੀ ਚੀਨਾ ਠੀਕਰੀਵਾਲ ਨੂੰ ਵੀ 11 ਕਬੱਡੀਆਂ ਵਿਚ ਜਾਫੀ ਗੁਰਜੀਤ ਨੇ  ਪੁੱਠੀ ਪਾ ਕੇ ਰੋਕਿਆ। ਤੀਜੇ ਧਾਵੀ ਮਨੀ ਭਲਵਾਨ ਨੂੰ ਵੀ 11 ਕਬੱਡੀਆਂ ਵਿਚ ਗੁਰਜੀਤ ਤੇ ਅਮਨ ਕੁੱਬੇ ਨੇ ਇਕ-ਇਕ ਜੱਫਾ ਲਾਇਆ। ਪਰ ਚੌਥਾ ਧਾਵੀ ਹੈਪੀ ਕਾਂਝਲਾ 7 ਸਫਲ ਕਬੱਡੀਆਂ ਜਰੂਰ ਪਾ ਗਿਆ। ਦੂਜੇ ਪਾਸੇ ਲਿਸਟਰ ਵਲੋਂ ਅੱਜ ਅਮਰਜੀਤ ਮਾਣੂਕੇ ਨੇ 17 ਬੇਜੱਫਾ ਕਬੱਡੀਆਂ ਪਾ ਕੇ ਲਿਸਟਰ ਵਾਲੇ ਖੁਸ਼ ਕੀਤੇ । ਧਾਵੀ ਮਹੀਪਾਲ ਮੁਲਾਂਪੁਰ ਨੇ 22 ਕਬੱਡੀਆਂ ਪਾਈਆਂ ਮਹੀਪਾਲ ਨੂੰ ਗੋਰਾ ਠੀਕਰੀਵਾਲ ਅਤੇ ਬਿੱਲਾ ਘਲੋਟੀ ਨੇ 3 ਜੱਫੇ ਲਾਏ ਪਰ ਧਾਵੀ ਨੇਕੀ ਲਿੱਤਰਾਂ ਨੂੰ 10 ਕਬੱਡੀਆਂ ਵਿਚ ਗੋਰਾ ਠੀਕਰੀਵਾਲ ਅਤੇ ਰਾਜਾ ਭਾਦਸੋਂ ਵਲੋਂ ਲੱਗੇ 2-2 ਜੱਫੇ ਟੀਮ ਲਈ ਮਹਿੰਗੇ ਸਾਬਤ ਹੋਏ। ਵਾਲਸਲ ਵਾਲੇ ਲਿਸਟਰ ਨੂੰ 45 ਦੇ ਮੁਕਾਬਲੇ ਸਾਢੇ 52 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਗਏ। ਮੇਲੇ ਵਿਚ ਅੰਤਰਰਾਸ਼ਟਰੀ ਕੁਮੈਂਟੇਟਰ ਸ. ਅਰਵਿੰਦਰਜੀਤ ਸਿੰਘ ਕੋਛੜ ਦੇ ਨਾਲ ਭਿੰਦਾ ਮੁਠੱਡਾ, ਤੇ ਸੋਖਾ ਢੇਸੀ ਨੇ ਪੂਰਾ ਰੰਗ ਬੰਨ੍ਹਿਆ।

ਫਾਈਨਲ ਮੈਚ ਸਲੋਹ ਤੇ ਵਾਲਸਲ ਦੀਆਂ ਟੀਮਾਂ ਵਿਚਕਾਰ ਸੀ। ਸਿਰਫ 15-15 ਕਬੱਡੀਆਂ ਵਿਚ ਵਾਲਸਲ ਦੇ ਧਾਵੀਆਂ ਜੱਗੀ ਗੋਰਸੀਆਂ ਨੂੰ ਇਕ ਅਤੇ ਹੈਪੀ ਕਾਂਝਲਾ ਤੇ ਚੀਨਾ ਠੀਕਰੀਵਾਲ ਨੂੰ 2-2 ਜੱਫੇ ਲੱਗੇ ਪਰ ਦੂਜੇ ਪਾਸੇ ਸਲੋਹ ਵਲੋਂ ਲਾਲਾ ਤੇ ਬਾਬਰ ਗੁੱਜਰ ਨੇ ਬੇਰੋਕ ਕਬੱਡੀਆਂ ਪਾਲੇ ਮੈਚ ਇਕਪਾਸੜ ਕਰ ਦਿੱਤਾ।ਸਲੋਹ ਨੇ ਸਾਢੇ11 ਦੇ ਮੁਕਾਬਲੇ 21 ਅੰਕਾਂ ਨਾਲ ਜਿੱਤ ਕੇ ਸੀਜਨ ਦਾ ਦੂਜਾ ਕੱਪ ਜਿੱਤ ਲਿਆ ਉਥੇ ਵਾਲਸਲ ਨੇ ਵੀ ਪਹਿਲੀ ਵਾਰ ਰਨਰ ਅਪ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸ ਮੈਚ ਵਿਚ ਅਬੈਦ ਉੱਲਾ ਲਾਲਾ 8 ਕਬੱਡੀਆਂ ਪਾ ਕੇ ਅਤੇ ਜਾਫੀ ਕਿੰਦਾ ਕਕਰਾਲਾ 3 ਜੱਫੇ ਲਾ ਕੇ ਬੈਸਟ ਬਣੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>