ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਕਰਜ਼ੇ ਦੀ ਸੀਮਾ ਵਧਾਏ ਜਾਣ ਸਬੰਧੀ ਕਾਂਗਰਸ ਦੀ ਅਸਫਲਤਾ ਕਰਕੇ ਦੂਸਰੀ ਆਰਥਿਕ ਮੰਦੀ ਆ ਸਕਦੀ ਹੈ। ਸਰਕਾਰ ਮਈ ਵਿੱਚ ਹੀ ਕਰਜ਼ੇ ਦੀ ਉਪਰ ਦੀ ਸੀਮਾ 142.9 ਖਰਬ ਡਾਲਰ ਨੂੰ ਪਾਰ ਕਰ ਗਈ ਸੀ,ਪਰ ਵਿੱਤ ਵਿਭਾਗ ਨੇ ਦੋ ਅਗੱਸਤ ਤੱਕ ਮੁਦਰਾ ਕੋਸ਼ ਦਾ ਪ੍ਰਬੰਧ ਕੀਤਾ ਹੋਇਆ ਹੈ।
ਵਾਈਟ ਹਾਊਸ ਵਿੱਚ ਓਬਾਮਾ ਨੇ ਕਰਜ਼ੇ ਦੀ ਸੀਮਾ ਵਧਾਏ ਜਾਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ,” ਇਹ ਅਜਿਹਾ ਮਾਮਲਾ ਹੈ ਜਿਸ ਨਾਲ ਅਸੀਂ ਖਿਲਵਾੜ ਨਹੀਂ ਕਰ ਸਕਦੇ।” ਉਨ੍ਹਾਂ ਨੇ ਕਿਹਾ ਕਿ ਜੇ ਕਾਂਗਰਸ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਦੇਸ਼ ਦਾ ਖਜ਼ਾਨਾ ਖਾਲੀ ਹੋ ਜਾਵੇਗਾ। ਸਾਡੇ ਲਈ ਬਿਲਾਂ ਦੀ ਅਦਾਇਗੀ ਕਰਨੀ ਮੁਸ਼ਕਿਲ ਹੋ ਜਾਵੇਗੀ ਅਤੇ ਇਸ ਦਾ ਅਸਰ ਪੂਰੀ ਦੁਨੀਆਂ ਦੇ ਪੂੰਜੀ ਬਜ਼ਾਰ ਤੇ ਪਵੇਗਾ। ਇਸ ਨਾਲ ਅਮਰੀਕਾ ਦੀ ਸਾਖ ਥੱਲੇ ਡਿਗੇਗੀ ਅਤੇ ਵਿਆਜ ਦਰਾਂ ਵਿੱਚ ਅਚਾਨਕ ਉਛਾਲ ਆਉਣ ਨਾਲ ਹਾਲਾਤ ਬਹੁਤ ਖਰਾਬ ਹੋ ਜਾਣਗੇ।
ਅਮਰੀਕਾ ਦੀਆਂ ਦੋਂਵੇ ਰਾਜਨੀਤਕ ਪਾਰਟੀਆਂ ਡੈਮੋਕਰੇਟ ਅਤੇ ਰੀਪਬਲੀਕਨ ਇੱਕ ਐਸੀ ਯੋਜਨਾ ਤੇ ਗੱਲਬਾਤ ਕਰ ਰਹੀਆਂ ਹਨ ਜਿਸ ਦੇ ਤਹਿਤ ਬਜਟ ਘਾਟੇ ਨੂੰ ਘੱਟ ਕੀਤਾ ਜਾ ਸਕੇ। ਇਸ ਵਿੱਚ ਕਰਜ਼ੇ ਦੀ ਸੀਮਾ ਵਧਾਏ ਜਾਣ ਦਾ ਵੀ ਪ੍ਰਸਤਾਵ ਹੈ। ਓਬਾਮਾ ਨੇ ਇਹ ਵੀ ਕਿਹਾ ਕਿ ਉਹ ਅਮੀਰ ਲੋਕਾਂ ਨੂੰ ਟੈਕਸ ਵਿੱਚ ਰਾਹਤ ਦੇ ਕੇ ਹੈਲਥ ਅਤੇ ਸਿਖਿਆ ਸਬੰਧੀ ਯੋਜਨਾਵਾਂ ਵਿੱਚ ਕਟੌਤੀ ਕਰਨ ਦੇ ਪੱਖ ਵਿੱਚ ਨਹੀਂ ਹਨ।