ਅੰਮ੍ਰਿਤਸਰ- ਪੰਜਾਬ ਦੀਆਂ ਜੇਲ੍ਹਾਂ ਵਿੱਚ ਜੇ ਕੈਦੀਆਂ ਤੱਕ ਨਸ਼ੇ ਪਹੁੰਚ ਰਹੇ ਹਨ ਤਾਂ ਇਹ ਜੇਲ੍ਹ ਪ੍ਰਸ਼ਾਸਨ ਦੀ ਲਾਪ੍ਰਵਾਹੀ ਜਾਂ ਮਿਲੀਭੁਗਤ ਕਰਕੇ ਹੀ ਹੋ ਰਿਹਾ ਹੈ। ਜੇਲ੍ਹ ਮੰਤਰੀ ਗਾਬੜੀਆ ਬੇਸ਼ਕ ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾ ਕਰਦੇ ਹਨ ਪਰ ਹਾਲਾਤ ਬਿਲਕੁਲ ਇਸ ਦੇ ਉਲਟ ਹਨ। ਹੁਣੇ ਜਿਹੇ ਹੀ ਇੱਕ ਨੌਜਵਾਨ ਨੂੰ ਜਿਆਦਾ ਨਸ਼ਾ ਕਰਨ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਜੇਲ੍ਹ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਕੋਟਲੀ ਨਿਵਾਸੀ ਗੁਰਿੰਦਰ ਸਿੰਘ ਤੇ ਹੈਰੋਇਨ ਵੇਚਣ ਅਤੇ ਪੀਣ ਦਾ ਕੇਸ ਦਰਜ ਸੀ। ਉਹ ਪਿੱਛਲੇ 6 ਸਾਲ ਤੋਂ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਸੀ। ਅਧਿਕ ਮਾਤਰਾ ਵਿੱਚ ਨਸ਼ਾ ਕਰਨ ਕਰਕੇ ਹੀ ਉਹ ਬੇਹੋਸ਼ ਹੋਇਆ ਸੀ। ਸਿਵਿਲ ਸਰਜਨ ਡਾ: ਅਵਤਾਰ ਸਿੰਘ ਦੇ ਸਾਹਮਣੇ ਗੁਰਿੰਦਰ ਨੇ ਮੰਨਿਆ ਕਿ ਉਹ ਹੈਰੋਇਨ ਦਾ ਆਦੀ ਹੈ ਅਤੇ ਜੇਲ੍ਹ ਵਿੱਚ ਅਸਾਨੀ ਨਾਲ ਹੈਰੋਇਨ ਮਿਲ ਜਾਂਦੀ ਹੈ। ਉਸ ਨੇ ਇਹ ਵੀ ਕਿਹਾ ਕਿ ਜੇਲ੍ਹ ਦੇ ਅੰਦਰ ਉਹ ਬਿਨਾਂ ਕਿਸੇ ਡਰ ਦੇ ਨਸ਼ਾ ਪੱਤਾ ਕਰਦੇ ਹਨ। ਜੇਲ੍ਹ ਅੰਦਰ ਕੁਝ ਕੈਦੀ ਹੀ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ। ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਜੇਲ੍ਹ ਅੰਦਰ ਡਰਗਸ ਦਾ ਬਹੁਤ ਵੱਡਾ ਨੈਟਵਰਕ ਸੀ। ਇਸ ਨੂੰ ਖਤਮ ਕਰਨ ਲਈ ਕੁਝ ਸ਼ਕੀ ਕੈਦੀਆਂ ਨੂੰ ਦੂਸਰੀਆਂ ਜੇਲ੍ਹਾਂ ਵਿੱਚ ਸਿ਼ਫਟ ਕੀਤਾ ਗਿਆ ਸੀ, ਜੇਲ੍ਹ ਦੇ ਸਟਾਫ਼ ਦੇ ਵੀ ਤਬਾਦਲੇ ਕੀਤੇ ਗਏ ਸਨ, ਪਰ ਅਜੇ ਵੀ ਕੁਝ ਕੈਦੀ ਸਟਾਫ਼ ਦੀ ਮਿਲੀ ਭੁਗਤ ਨਾਲ ਇਹ ਕਾਰੋਬਾਰ ਕਰ ਰਹੇ ਹਨ। ਇਨ੍ਹਾਂ ਵਿਰੁਧ ਜਲਦੀ ਹੀ ਜੇਲ੍ਹ ਵਿਭਾਗ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।