ਫਤਿਹਗੜ੍ਹ ਸਾਹਿਬ :- “ਬਾਦਲ ਹਕੂਮਤ ਵੱਲੋ ਪੰਜਾਬੀ ਉੱਚੇ ਸੁੱਚੇ ਸੱਭਿਆਚਾਰ, ਗੁਰੂ ਸਾਹਿਬਾਨ ਵੱਲੋ ਸਿੱਖ ਕੌਮ ਦੀਆਂ ਕਾਇਮ ਕੀਤੀਆਂ ਗਈਆਂ ਇਖਲਾਕੀ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਹਰੀਸ਼ ਰਾਏ ਢਾਂਡਾ ਨਾਮ ਦੇ ਫਿਰਕੂ ਸੋਚ ਦੇ ਮਾਲਿਕ ਅਤੇ ਸਿੱਖਾਂ ਦੇ ਕਾਤਿਲ ਦਾਗੀ ਵਿਧਾਇਕ ਨੂੰ ਲੋਕ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਲਗਾਉਣ ਦੀ ਆਪ ਜੀ ਨੂੰ ਕੀਤੀ ਜਾ ਰਹੀ ਸਿਫ਼ਾਰਿਸ਼, ਅਸਲੀਅਤ ਵਿੱਚ ਅਜਿਹੇ ਨਿਰਪੱਖ ਅਤੇ ਉੱਚ ਅਹੁਦਿਆਂ ਦਾ “ਭਗਵਾਕਰਨ” ਕਰਨ ਲਈ ਬੀਜੇਪੀ ਅਤੇ ਆਰ ਐਸ ਐਸ ਦੇ ਹੁਕਮਾਂ ਉੱਤੇ ਕੀਤਾ ਜਾ ਰਿਹਾ ਅਤਿ ਦੁੱਖਦਾਇਕ ਫੈਸਲਾ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪੰਜਾਬ ਦੇ ਮੌਜੂਦਾ ਗਵਰਨਰ ਸ਼੍ਰੀ ਸਿ਼ਵਰਾਜ ਪਾਟਿਲ ਨੂੰ ਲਿਖੇ ਗਏ ਡੂੰਘੇ ਰੋਸ ਪੱਤਰ ਵਿੱਚ ਪ੍ਰਗਟਾਏ ਗਏ। ਉਨ੍ਹਾ ਇਸ ਪੱਤਰ ਵਿੱਚ ਸ਼੍ਰੀ ਪਾਟਿਲ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰੀਸ਼ ਢਾਂਡਾ ਸਿੱਖ ਕੌਮ ਦਾ ਉਹ ਕਾਤਿਲ ਹੈ, ਜਿਸਨੇ ਸਿੱਖ ਵਿਰੋਧੀ ਪਾਖੰਡੀ ਡੇਰੇਦਾਰਾਂ ਆਸ਼ੂਤੋਸੀਏ ਦੀ ਸਰਪ੍ਰਸਤੀ ਹੇਠ ਲੁਧਿਆਣੇ ਵਿਖੇ ਸਿੱਖਾਂ ਉਤੇ 6 ਦਸੰਬਰ 2009 ਨੂੰ ਹਮਲੇ ਕਰਵਾਉਦੇ ਹੋਏ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਹੀਦ ਕਰਵਾਇਆ ਅਤੇ ਅਨੇਕਾਂ ਹੀ ਸਿੱਖਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਵਾਇਆ ਸੀ। ਦੂਸਰਾ ਸ਼੍ਰੀ ਢਾਂਡਾ ਕੋਲ ਤਾਂ ਇਸ ਉੱਚ ਅਹੁਦੇ ਦੇ ਯੋਗ ਹੋਣ ਦੀ ਕਾਬਲੀਅਤ ਵੀ ਨਹੀਂ ਹੈ ਅਤੇ ਨਾ ਹੀ ਕੋਈ ਸਮਾਜਿਕ ਦੇਣ ਅਤੇ ਕੋਈ ਪਿਛੋਕੜ ਹੈ। ਜਦੋਂ ਕਿ ਇਸ ਉੱਚ ਅਹੁਦੇ ਉੱਤੇ ਤਾਂ ਬਹੁਤ ਹੀ ਕਾਬਿਲ, ਲਿਆਕਤਮੰਦ, ਬੇਦਾਗ ਅਤੇ ਨਿਰਪੱਖਤਾ ਨਾਲ ਕੰਮ ਕਰਨ ਵਾਲੀ ਸਖਸੀਅਤ ਬਿਰਾਜਮਾਨ ਹੋਣੀ ਚਾਹੀਦੀ ਹੈ। ਸ: ਮਾਨ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸ: ਹਰਚਰਨ ਸਿੰਘ ਬਰਾੜ ਦੀਆਂ ਸਰਕਾਰਾਂ ਸਮੇ ਇਸ ਉੱਚ ਅਹੁਦੇ ਉੱਤੇ ਨਿਯੁਕਤ ਕੀਤੇ ਜਾਣ ਵਾਲੇ ਸ਼੍ਰੀ ਸਿਨਹਾ ਅਤੇ ਸ਼੍ਰੀ ਰਵੀ ਸਿੱਧੂ ਵਰਗੇ ਦਾਗੀ ਲੋਕਾਂ ਨੂੰ ਨਿਯੁਕਤ ਕਰਨ ਦੇ ਸਵਾਰਥੀ ਹਿੱਤਾਂ ਤੋ ਪ੍ਰੇਰਿਤ ਹੋਏ ਫੈਸਲਿਆਂ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਬੀਤੇ ਵੀਹ ਕੁ ਸਾਲਾਂ ਤੋ ਪੰਜਾਬ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਆਪ ਹੁਦਰੇ ਫੈਸਲੇ ਕੀਤੇ ਜਾ ਰਹੇ ਹਨ। ਇਸੇ ਤਰ੍ਹਾ ਅਸੀਂ ਆਪ ਜੀ ਨੂੰ ਸੈਟਰ ਦੇ ਗ੍ਰਹਿ ਵਜ਼ੀਰ ਹੁੰਦੇ ਹੋਏ ਪੰਜਾਬ ਵਿੱਚ ਸ਼੍ਰੀ ਐੱਸ ਐਸ ਵਿਰਕ ਨਾਮ ਦੇ ਪੁਲਿਸ ਅਫਸਰ ਨੂੰ ਡੀ ਜੀ ਪੀ ਨਾ ਲਾਉਣ ਦੀ ਬੇਨਤੀ ਕੀਤੀ ਸੀ। ਜਿਸਨੂੰ ਆਪ ਜੀ ਨੇ ਕੋਈ ਵਜ਼ਨ ਨਹੀਂ ਦਿੱਤਾ, ਜਿਸਦੇ ਨਤੀਜੇ ਅੱਜ ਆਪ ਜੀ ਅਤੇ ਪੰਜਾਬ ਨਿਵਾਸੀਆਂ ਸਾਹਮਣੇ ਹਨ। ਇਸ ਲਈ ਸਾਡੀ ਆਪ ਜੀ ਨੂੰ ਇਖਲਾਕੀ, ਮਨੁੱਖਤਾ ਪੱਖੀ ਬੇਨਤੀ ਹੈ ਕਿ ਜਦੋ ਵੀ ਅਜਿਹੇ ਉੱਚ ਅਹੁਦਿਆਂ ਉੱਤੇ ਕੋਈ ਨਿਯੁਕਤੀ ਕੀਤੀ ਜਾਣੀ ਹੋਵੇ ਤਾਂ ਆਪ ਜੀ ਪੰਜਾਬ ਹਕੂਮਤ ਤੋ ਉੱਚੇ ਸੁੱਚੇ ਕਿਰਦਾਰ ਵਾਲੇ ਲਿਆਕਤਮੰਦਾਂ ਅਤੇ ਅਜਿਹੇ ਅਹੁਦਿਆਂ ਦੇ ਕਾਬਿਲ ਸਖਸੀਅਤਾਂ ਦਾ ਪੈਨਲ ਮੰਗਵਾਉਣ ਦਾ ਪ੍ਰਬੰਧ ਕਰੋ ਤਾਂ ਕਿ ਆਪ ਜੀ ਇਸ ਪੈਨਲ ਵਿੱਚੋ ਕਿਸੇ ਯੋਗ ਸਖਸੀਅਤ ਦੀ ਚੋਣ ਕਰਕੇ ਨਿਯੁਕਤੀ ਕਰਦੇ ਹੋਏ ਸਮੁੱਚੇ ਪੰਜਾਬ ਨਿਵਾਸੀਆਂ ਅਤੇ ਅਜਿਹੇ ਅਹੁਦਿਆਂ ਨਾਲ ਇਨਸਾਫ਼ ਕਰ ਸਕੋ।
ਸ: ਮਾਨ ਨੇ ਆਪਣੇ ਇਸ ਪੱਤਰ ਵਿੱਚ ਸ਼੍ਰੀ ਪਾਟਿਲ ਨੂੰ ਸਿੱਖ ਕੌਮ ਅਤੇ ਪੰਜਾਬੀਆਂ ਦੇ ਬਿਨ੍ਹਾ ਉੱਤੇ ਤਿੱਖਾ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਦਲ ਹਕੂਮਤ ਦਾ ਬਹੁਤ ਥੌੜਾ ਸਮਾ ਰਹਿ ਗਿਆ ਹੈ। ਅਜਿਹੀ ਜਾਣ ਵਾਲੀ ਹਕੂਮਤ ਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਅਜਿਹੇ ਉੱਚ ਰੁਤਬਿਆਂ ਉੱਤੇ ਸਿਆਸੀ ਨਿਯੁਕਤੀਆਂ ਕਰਕੇ ਜਾਵੇ ਅਤੇ ਪੰਜਾਬ ਨਿਵਾਸੀਆਂ ਲਈ ਆਉਣ ਵਾਲੇ ਸਮੇ ਵਿੱਚ ਵੱਡੀਆ ਮੁਸ਼ਕਿਲਾਂ ਖੜ੍ਹੀਆਂ ਕਰੇ। ਜੇਕਰ ਬਾਦਲ ਹਕੂਮਤ ਦੇ ਪੰਜਾਬ ਵਿਰੋਧੀ ਉਪਰੋਕਤ ਕੀਤੀ ਜਾਣ ਵਾਲੀ ਸਿਫਾਰਿਸ਼ ਨੂੰ ਪ੍ਰਵਾਨ ਕਰਦੇ ਹੋਏ ਆਪ ਜੀ ਨੇ ਸ਼੍ਰੀ ਢਾਂਡਾ ਵਰਗੇ ਸਿੱਖਾਂ ਦੇ ਕਾਤਿਲ ਅਤੇ ਦਾਗੀ ਦੀ ਨਿਯੁਕਤੀ ਇਸ ਉੱਚ ਅਹੁਦੇ ‘ਤੇ ਕੀਤੀ ਤਾਂ ਸਿੱਖ ਕੌਮ ਅਜਿਹੀ ਨਿਯੁਕਤੀ ਨੂੰ ਬਿਲਕੁੱਲ ਪ੍ਰਵਾਨ ਨਹੀਂ ਕਰੇਗੀ ਅਤੇ ਇਸ ਫੈਸਲੇ ਵਿਰੁੱਧ ਮਜ਼ਬੂਤ ਲੋਕ ਲਹਿਰ ਖੜੀ ਕਰਨ ਲਈ ਮਜ਼ਬੂਰ ਹੋਵੇਗੀ। ਇਸ ਲਈ ਇਹ ਉਮੀਦ ਕਰਦੇ ਹਾਂ ਕਿ ਆਪ ਜੀ ਸ਼੍ਰੀ ਢਾਂਡਾ ਵਰਗੇ ਅਯੋਗ, ਦਾਗੀ ਅਤੇ ਕਾਤਿਲ ਨੂੰ ਇਸ ਉੱਚ ਅਹੁਦੇ ‘ਤੇ ਨਿਯੁਕਤ ਕਰਨ ਦੇ ਫੈਸਲੇ ‘ਤੇ ਕਦੀ ਵੀ ਸਹੀ ਨਹੀਂ ਪਾਵੋਗੇ। ਬਲਕਿ ਪੰਜਾਬ ਵਿੱਚ ਉੱਚੇ ਇਖਲਾਕ ਵਾਲੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਭੁਮਿਕਾ ਨਿਭਾ ਕੇ, ਇੱਥੋ ਦੇ ਮਾਹੌਲ ਨੂੰ ਸਾਜ਼ਗਰ ਬਣਾਉਣ ਵਿੱਚ ਮਦਦ ਵੀ ਕਰੋਗੇ ਅਤੇ ਇੱਥੇ ਹੋ ਰਹੀਆਂ ਬੇਨਿਯਮੀਆਂ ਨੂੰ ਖਤਮ ਕਰਨ ਲਈ ਯੋਗਦਾਨ ਪਾਓਗੇ।