ਸਿਮਰਨਜੀਤ ਸਿੰਘ ਮਾਨ ਵੱਲੋ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਖੁੱਲ੍ਹਾ ਖੱਤ

ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ॥

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਦਾਸ ਨੂੰ ਅੱਜ ਦੇ ਅਖਬਾਰਾਂ ਵਿੱਚ ਆਪ ਜੀ ਦਾ ਇਹ ਬਿਆਨ ਪੜ੍ਹ ਕੇ ਬਹੁਤ ਹੀ ਦੁੱਖ ਵੀ ਹੋਇਆ ਅਤੇ ਹੈਰਾਨੀ ਵੀ ਹੋਈ ਕਿ ਆਪ ਜੀ ਨੇ ਹਾਂਸੀ-ਬੁਟਾਣਾ ਨਹਿਰ ਦੇ ਨਾਲ ਹਰਿਆਣਾ ਹਕੂਮਤ ਵੱਲੋ ਬਣਵਾਈ ਜਾ ਰਹੀ ਸਾਢੇ ਤਿੰਨ ਕਿਲੋਮੀਟਰ ਦੀ ਲੰਮੀ ਕੰਕਰੀਟ ਦੀ ਦੀਵਾਰ ਨੂੰ ਰੋਕਣ ਲਈ ਹਿੰਦ ਦੇ ਵਜ਼ੀਰ ਏ ਆਜਿਮ ਡਾ: ਮਨਮੋਹਨ ਸਿੰਘ ਨੂੰ ਚਿੱਠੀ ਲਿਖੀ ਹੈ। ਕੀ ਇਸ ਚਿੱਠੀ ਲਿਖਣ ਉਪਰੰਤ ਆਪ ਜੀ ਇਹ ਸਮਝਦੇ ਹੋ ਕਿ ਆਪ ਜੀ ਵੱਲੋ ਚਿੱਠੀ ਲਿਖਣ ਨਾਲ ਇਹ ਹਿੰਦੂਤਵ ਹੁਕਮਰਾਨ ਪੰਜਾਬ, ਪੰਜਾਬੀਆਂ ਦੇ ਕੀਤੇ ਜਾਣ ਵਾਲੇ ਵੱਡੇ ਨੁਕਸਾਨ ਤੋ ਸੈਟਰ ਹਕੂਮਤ, ਹਰਿਆਣਾ ਹਕੂਮਤ ਨੂੰ ਵਰਜ ਦੇਵੇਗੀ ਅਤੇ ਹਰਿਆਣਾ ਹਕੂਮਤ ਇਹ ਦੀਵਾਰ ਬਣਾਉਣੀ ਬੰਦ ਕਰ ਦੇਵੇਗੀ। ਫਿਰ ਆਪ ਜੀ ਜਾਂ ਤਾਂ ਅੱਜ ਵੀ ਬਹੁਤ ਵੱਡੇ ਭੁਲੇਖੇ ਵਿੱਚ ਹੋ ਜਾਂ ਫਿਰ ਆਪ ਜੀ ਇਹ ਚਿੱਠੀ ਲਿਖ ਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ਕਰ ਰਹੇ ਹੋ। ਕਿਉਂਕਿ ਆਪ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਪ ਜੀ ਅਤੇ ਆਪ ਜੀ ਦੇ ਸਾਥੀ ਹੋਰ ਸਵਾਰਥੀ ਆਗੂਆਂ ਨੇ 1966 ਵਿੱਚ ਛੋਟੀ ਜਿਹੀ ਪੰਜਾਬੀ ਸੂਬੀ ਇਸ ਕਰਕੇ ਬਣਵਾਈ ਸੀ ਤਾਂ ਕਿ ਇਥੇ ਸਦਾ ਹੀ ਸਾਡੀ ਹਕੂਮਤ ਕਾਇਮ ਰਹਿ ਸਕੇ। ਜਦੋ ਕਿ ਉਸ ਸਮੇ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਕੀਤੇ ਵਾਅਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਿਲ ਕਰਨ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਹੈਡਵਰਕਸਾਂ ਦਾ ਪੂਰਨ ਕੰਟਰੋਲ ਪੰਜਾਬ ਨੂੰ ਦੇਣ, ਪੰਜਾਬ ਦੇ ਅਮੁੱਲ ਪਾਣੀਆਂ ਅਤੇ ਬਿਜਲੀ ਦੇ ਸਾਧਨਾਂ ਦੀ ਲੁੱਟ ਨਾ ਕਰਨ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਇਮਾਨਦਾਰੀ ਨਾਲ ਵਿਕਾਸ ਕਰਨ ਆਦਿ ਕਿਸੇ ਵੀ ਇੱਕ ਵੀ ਵਾਅਦੇ ਨੂੰ ਪੂਰਨ ਨਹੀਂ ਕੀਤਾ ਅਤੇ ਆਪ ਜੀ ਸੌੜੇ ਹਿੱਤਾਂ ਦੀ ਖਾਤਿਰ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਸਭ ਕੁਝ ਲੁਟਾ ਕੇ ਜੋ ਹਕੂਮਤ ਕਰ ਰਹੇ ਹੋ, ਇਹ ਸਿੱਖ ਕੌਮ ਦੀ ਬਾਦਸ਼ਾਹੀ ਨਹੀਂ ਬਲਕਿ ਹਿੰਦੂਤਵ ਸੋਚ ਵਾਲਿਆਂ ਦੀ ਗੁਲਾਮੀ ਕਰਨ ਦੇ ਤੁੱਲ ਕਾਰਵਾਈ ਹੈ। ਫਿਰ 1973 ਵਿੱਚ ਪੰਜਾਬ ਦੇ ਸੈਟਰ ਵੱਲੋ ਖੋਹੇ ਹੋਏ ਸਮੁੱਚੇ ਹੱਕ-ਹਕੂਕ ਵਾਪਿਸ ਲੈਣ ਲਈ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਸਮੁੱਚੀ ਸਿੱਖ ਲੀਡਰਸਿ਼ਪ ਵੱਲੋ ਪਾਇਆ ਗਿਆ, ਉਸਦਾ ਜੋ ਹਸ਼ਰ ਆਪ ਜੀ ਅਤੇ ਹਿੰਦੂਤਵ ਹੁਕਮਰਾਨਾਂ ਨੇ ਕੀਤਾ, ਉਹ ਸਭ ਦੇ ਸਾਹਮਣੇ ਹੈ। ਕਿਉਂਕਿ ਨਾ ਤਾਂ 1973 ਦੇ ਅਨੰਦਪੁਰ ਦੇ ਮਤੇ ਲਈ ਆਪ ਜੀ ਅਤੇ ਆਪ ਜੀ ਦੇ ਹੋਰ ਸਾਥੀ ਇਮਾਨਦਾਰ ਸਨ ਅਤੇ ਨਾ ਹ ਿਸੈਟਰ ਸਰਕਾਰ ਅਤੇ ਹਿੰਦੂਤਵ ਹੁਕਮਰਾਨ ਇਸ ਲਈ ਸੰਜੀਦਾ ਸਨ। ਬਲਿਊ ਸਟਾਰ ਦੀ ਕਾਰਵਾਈ ਹੋਣ ਤੋ ਪਹਿਲੇ ਜਦੋ ਨਿੱਤ ਦਿਹਾੜੇ ਇੱਥੋ ਦੀਆਂ ਫੋਰਸਾਂ, ਪੁਲਿਸ, ਫੋਜ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਖਤਮ ਕਰ ਰਹੀ ਸੀ, ਉਸ ਕੌਮੀ ਕਤਲੇਆਮ ਨੂੰ ਰੋਕਣ ਅਤੇ ਸਿੱਖਾਂ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਨਾ ਆਪ ਜੀ ਨੇ ਕੋਈ ਜਿਮੇਵਾਰੀ ਨਿਭਾਈ ਅਤੇ ਨਾ ਹੀ ਹਿੰਦੂਤਵ ਹੁਕਮਰਾਨਾਂ ਨੇ ਇਸ ਦਿਸ਼ਾ ਵੱਲ ਕੁਝ ਕਰਨਾ ਸੀ। ਆਪ ਜੀ ਨੇ ਅਤੇ ਟੌਹੜਾ ਸਾਹਿਬ ਨੇ ਖੁੱਲ੍ਹੇ ਤੌਰ ‘ਤੇ ਐਲਾਨ ਕੀਤਾ ਕਿ ਜੇਕਰ ਹਿੰਦ ਫੋਜ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਫੋਜਾਂ ਚਾੜੀਆਂ ਤਾਂ ਇਨ੍ਹਾ ਫੋਜਾਂ ਨੂੰ ਸਾਡੀਆਂ ਲਾਸ਼ਾਂ ਉਤੋ ਗੁਜ਼ਰ ਕੇ ਜਾਣਾ ਪਵੇਗਾ। ਇਤਿਹਾਸ ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਫੌਜਾਂ ਕਿਹਨਾਂ ਦੀਆਂ ਲਾਸ਼ਾਂ ਉੱਤੋ ਗੁਜ਼ਰ ਕੇ ਗਈਆਂ ਅਤੇ ਆਪ ਜੈਸੇ ਸਿੱਖ ਆਗੂ ਫੋਜ ਦੀਆਂ ਬਖਤਰ ਬੰਦ ਗੱਡੀਆਂ ਵਿੱਚ ਸੈਟਰ ਹਕੂਮਤ ਵੱਲੋ ਪੂਰਨ ਹਿਫਾਜਿਤ ਨਾਲ ਕਿਸ ਤਰ੍ਹਾ ਬਾਹਰ ਕੱਢੇ ਗਏ ਅਤੇ ਸਿੱਖ ਨੌਜਵਾਨੀ ਦਾ ਘਾਣ ਹੋਇਆ। ਉਸ ਤੋ ਬਾਅਦ 1984 ਦੀ ਬਲਿਊ ਸਟਾਰ ਦੀ ਫੋਜੀ ਹਮਲੇ ਦੀ ਕਾਰਵਾਈ ਹੋਈ, ਸਿੱਖ ਕੌਮ ਦੇ ਗੁਰੂ ਘਰਾਂ ੳੁੱਤੇ ਹਮਲੇ ਹੋਏ, ਸਿੱਖਾਂ ਦਾ ਕਤਲੇਆਮ ਹੋਇਆ। ਉਸ ਤੋ ਬਾਅਦ ਅਗਸਤ 1985 ਵਿੱਚ ਰਾਜੀਵ-ਲੋਗੋਵਾਲ ਲਿਖਤੀ ਸਮਝੌਤਾ ਹੋਇਆ ਅਤੇ ਸਮੁੱਚੇ ਮੁਲਕ ਵਿੱਚ ਇਸਨੂੰ ਅਖਬਾਰਾਂ ਅਤੇ ਮੀਡੀਏ ਉੱਤੇ ਪ੍ਰਚਾਰ ਕੇ ਸਿੱਖ ਕੌਮ ਨੂੰ ਉਸਦੇ ਹੱਕ ਹਕੂਕ ਦੇਣ ਦੇ ਐਲਾਨ ਕੀਤੇ ਗਏ, ਲੇਕਿਨ ਉਸ ਲੋਗੋਵਾਲ ਸਮਝੌਤੇ ਦਾ ਜੋ ਹਸ਼ਰ ਹੋਇਆ, ਉਹ ਵੀ ਅੱਜ ਸਿੱਖ ਕੌੰਮ ਅਤੇ ਸਮੁੱਚੀ ਦੁਨੀਆ ਦੇ ਸਾਹਮਣੇ ਹੈ। ਉਸ ਤੋ ਬਾਅਦ 22 ਅਪ੍ਰੈਲ 1992 ਨੂੰ ਆਪ ਜੀ ਨੇ ਮੇਰੇ ਨਾਲ ਅਤੇ ਉਸ ਸਮੇ ਦੇ ਹੋਰ ਸਿੱਖ ਆਗੂਆਂ ਨਾਲ ਦਿੱਲੀ ਜਾ ਕੇ, ਉੱਸ ਸਮੇ ਦੇ ਯੂ ਐਨ ਓ ਦੇ ਸਕੱਤਰ ਜਨਰਲ ਸ਼੍ਰੀ ਬੁਟਰੋਸ ਬੁਟਰੋਸ ਘਾਲੀ ਨੂੰ ਸਿੱਖ ਕੌੰਮ ਦੇ ਬਿਨ੍ਹਾ ‘ਤੇ ਸਮੁੱਚੇ ਆਗੂਆਂ ਨੇ ਆਪ ਜੀ ਸਮੇਤ “ਖਾਲਿਸਤਾਨ” ਨੂੰ ਕਾਇਮ ਕਰਨ ਦੇ ਮਤੇ ਉੱਤੇ ਦਸਤਖਤ ਕਰਕੇ ਯਾਦ ਪੱਤਰ ਦਿੱਤਾ ਸੀ। ਜੋ ਦਸਤਾਵੇਜ਼ ਆਪ ਜੀ, ਸਾਡੇ ਕੋਲ ਅਤੇ ਯੂ ਐਨ ਓ ਦੇ ਰਿਕਾਰਡ ਵਿੱਚ ਅੱਜ ਵੀ ਮੌਜੂਦ ਹੈ, ਉਸ ਤੋ ਆਪ ਜੀ ਜਿਵੇਂ ਮੁਨੱਕਰ ਹੋ ਕੇ ਸਿੱਖ ਕੌਮ ਵਿਰੋਧੀ ਜਮਾਤਾਂ ਬੀਜੇਪੀ ਅਤੇ ਆਰ ਐਸ ਐਸ ਦੇ ਗੁਲਾਮ ਬਣੇ ਚੱਲਦੇ ਆ ਰਹੇ ਹੋ, ਉਹ ਅੱਜ ਸਮੁੱਚੀ ਸਿੱਖ ਕੌਮ ਅਤੇ ਲੀਡਰਸਿਪ ਦੇ ਸਾਹਮਣੇ ਹੈ। ਮੈਨੂੰ ਇੱਕ ਉਰਦੂ ਸ਼ਾਇਰ ਦੇ ਉਹ ਅਲਫਾਜ ਯਾਦ ਆ ਰਹੇ ਹਨ ਕਿ “ਸਭ ਕੁਝ ਲੁਟਾ ਕੇ ਹੋਸ਼ ਮੇ ਆਏ ਤੋ ਕਿਆ ਆਏ” ਦੇ ਸ਼ਬਦ ਆਪ ਜੀ ‘ਤੇ ਢੁੱਕਦੇ ਹੀ ਨਹੀਂ ਹਨ ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਅਸੀਂ ਸਮਝਦੇ ਹਾਂ ਕਿ ਕੌਮ ਦਾ ਐਨਾ ਵੱਡਾ ਇਖਲਾਕੀ, ਇਤਿਹਾਸਕ, ਧਾਰਮਿਕ, ਮਾਲੀ, ਜਾਨੀ ਨੁਕਸਾਨ ਹੋਣ ਦੇ ਬਾਵਜੂਦ ਵੀ ਆਪ ਜੀ ਅਜੇ ਵੀ ਹੌਸ਼ ਵਿੱਚ ਨਹੀਂ ਆਏ।

ਆਪ ਜੀ ਵੱਲੋ ਡਾ: ਮਨਮੋਹਨ ਸਿੰਘ ਨੂੰ ਜਾਂ ਹਿੰਦ ਹਕੂਮਤ ਨੂੰ ਇੱਕ ਪੱਤਰ ਲਿਖ ਕੇ ਹਾਂਸੀ-ਬੁਟਾਣਾ ਨਹਿਰ ‘ਤੇ ਬਣਨ ਵਾਲੀ ਕੰਧ ਨੂੰ ਹਟਾ ਦੇਣ ਲਈ ਵਿਸ਼ਵਾਸ ਕਰਨਾ ਬਿਲਕੁਲ ਉਸੇ ਤਰ੍ਹਾ ਦੀ ਕਾਰਵਾਈ ਹੋਵੇਗੀ, ਜਿਵੇ ਘੁੱਪ ਹਨੇਰੇ ਵਿੱਚ ਸਿਆਹ ਕਾਲੀ ਬਿੱਲੀ ਨੂੰ ਫੜਣਾ। ਜਦੋ 1966 ਦੇ ਪੰਜਾਬ ਸੂਬੇ ਦੇ ਸਮੇ ਸੈਟਰ ਵੱਲੋ ਕੀਤੇ ਗਏ ਲਿਖਤੀ ਵਾਅਦੇ, 1973 ਦੇ ਅਨੰਦਪੁਰ ਦੇ ਮਤੇ, 1992 ਦੇ ਖਾਲਿਸਤਾਨ ਦੇ ਯੂ ਐਨ ਓ ਨੂੰ ਦਿੱਤੇ ਗਏ ਯਾਦ ਪੱਤਰ ਦੇ ਲਿਖਤੀ ਦਸਤਾਵੇਜ਼ਾਂ ਤੋ ਹੀ ਹਿੰਦੂਤਵ ਹੁਕਮਰਾਨ ਅਤੇ ਅਖੌਤੀ ਸਿੱਖ ਲੀਡਰਸਿ਼ਪ ਮੁਨੱਕਰ ਹੋ ਚੁੱਕੀ ਹੈ ਤਾਂ ਆਪ ਜੀ ਵੱਲੋ ਸੈਟਰ ਨੂੰ ਅੱਜ ਅਜਿਹੇ ਲਿਖਣ ਵਾਲੇ ਪੱਤਰਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜੇਕਰ ਆਪ ਜੀ ਅਤੇ ਆਪ ਜੀ ਦੇ ਸਾਥੀਆਂ ਦੀ ਜ਼ਮੀਰ ਦੇ ਕਿਸੇ ਕਿਨਕੇ ਵਿੱਚ ਸਿੱਖ ਕੌਮ ਅਤੇ ਪੰਜਾਬ ਪ੍ਰਤੀ ਕੋਈ ਦਰਦ ਹੈ ਅਤੇ ਆਪ ਜੀ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਕੁਝ ਬਣਾਉਣ ਦੀ ਸੰਜੀਦਾ ਸੋਚ ਰੱਖਦੇ ਹੋ ਅਤੇ ਚਾਹੁੰਦੇ ਹੋ ਕਿ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਸੈਟਰ ਵੱਲੋ ਲੰਮੇ ਸਮੇ ਤੋ ਕੀਤੀਆਂ ਜਾਂਦੀਆ ਆ ਰਹੀਆਂ ਜਿਆਦਤੀਆਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਹੋਣ, ਚੰਡੀਗੜ੍ਹ ਅਤੇ ਹੈਡਵਰਕਸ ਪੰਜਾਬ ਦੀ ਮਲਕੀਅਤ ਬਣਨ, ਗੁਰਮੁੱਖੀ ਅਤੇ ਪੰਜਾਬੀ ਬੋਲੀ ਦਾ ਬੋਲਬਾਲਾ ਹੋਵੇ, ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦਾ ਪੂਰਨ ਹੱਕ ਹੋਵੇ, ਸੈਟਰ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਪੰਜਾਬ ਦੇ ਪਾਣੀਆਂ ਦੀ ਲੁੱਟ ਨਾ ਕਰ ਸਕਣ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਬਾਇੱਜ਼ਤ ਰਿਹਾਈ ਹੋਵੇ, ਜੇ਼ਲ੍ਹਾਂ ਵਿੱਚ ਬੰਦੀ ਨੌਜਵਾਨ ਰਿਹਾਅ ਹੋ ਕੇ ਆਪੋ ਆਪਣੇ ਪਰਿਵਾਰਾਂ ਅਤੇ ਬੱਚਿਆਂ ਵਿੱਚ ਆਉਣ, ਸਿੱਖ ਕੌਮ ਦੇ ਸਮੁੱਚੇ ਕਾਤਿਲਾਂ ਨੂੰ ਕਾਨੂੰਨ ਅਨੁਸਾਰ ਤੁਰੰਤ ਸਜ਼ਾਵਾਂ ਮਿਲਣ, ਅਨੰਦ ਮੈਰਿਜ ਐਕਟ ਹੋਂਦ ਵਿੱਚ ਆਵੇ, ਵਿਧਾਨ ਦੀ ਧਾਰਾ 25 ਜੋ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ, ਖਤਮ ਹੋਵੇ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਤੇ ਹੋਰ ਵਿਧਾਨਿਕ ਸੰਸਥਾਵਾਂ ਦੀਆਂ ਚੋਣਾਂ ਮਿੱਥੇ ਸਮੇ ਵਿੱਚ ਹੋਣ, 43 ਲੱਖ ਬੇਰੁਜ਼ਗਾਰ ਨੂੰ ਰੁਜ਼ਗਾਰ ਮਿਲੇ, ਕਿਸੇ ਵੀ ਮਾਂ ਦੇ ਪੁੱਤ, ਭੇਣ ਦੇ ਭਰਾ, ਪਤਨੀ ਦੇ ਸੁਹਾਗ ਨੂੰ ਦੂਸਰੇ ਮੁਲਕਾਂ ਵਿੱਚ ਘੱਟ ਉਜਰਤਾਂ ਉੱਤੇ ਨੌਕਰੀ ਨਾ ਕਰਨੀ ਪਵੇ ਅਤੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਅਣਖ ਇੱਜ਼ਤ ਨਾਲ ਜੀਉਣ ਤਾਂ ਬਾਦਲ ਸਾਹਿਬ ਇੱਕੋ ਇੱਕ ਸੱਚਾ-ਸੁੱਚਾ ਰਾਹ ਹੈ ਕਿ ਸਿੱਖ ਕੌਮ ਨੂੰ ਹਿੰਦੂਤਵ ਹੁਕਮਰਾਨਾਂ ਅਤੇ ਮੁਤੱਸਵੀ ਜਮਾਤਾਂ ਦੀ ਗੁਲਾਮੀ ਤੋ ਤੁਰੰਤ ਆਜ਼ਾਦ ਕਰਾ ਕੇ ਗੁਰੂ ਸਾਹਿਬਾਨ ਜੀ ਦੀ ਸੋਚ ‘ਤੇ ਅਧਾਰਿਤ “ਹਲੇਮੀ ਰਾਜ” “ਖਾਲਿਸਤਾਨ” ਕਾਇਮ ਕਰਨ ‘ਤੇ ਇਮਾਨਦਾਰੀ ਨਾਲ ਸਮੁੱਚੀ ਸਿੱਖ ਲੀਡਰਸਿ਼ਪ ਦ੍ਰਿੜ ਹੋ ਜਾਵੇ। ਪੰਜਾਬ ਸੂਬੇ, ਪੰਜਾਬੀਆਂ ਅਤੇ ਸਮੁੱਚੀ ਸਿੱਖ ਕੌਮ ਦੀ ਬਿਹਤਰੀ ਇਸੇ ਮਿਸ਼ਨ ਦੀ ਪ੍ਰਾਪਤੀ ਵਿੱਚ ਹੈ। ਹੋਰ ਇੱਧਰ ਉੱਧਰ ਦੀਆਂ ਸਿਆਸੀ ਸਵਾਰਥਾਂ ਅਧੀਨ ਕੀਤੀਆਂ ਜਾ ਰਹੀਆਂ ਕਾਰਵਾਈਆਂ ਨਾ ਤਾਂ ਸਵਾਰਥੀ ਸਿੱਖ ਲੀਡਰਸਿ਼ਪ ਦਾ ਕੁਝ ਸਵਾਰ ਸਕਣਗੀਆਂ ਅਤੇ ਨਾ ਹੀ ਸਿੱਖ ਕੌਮ ਦਾ। ਇਸ ਲਈ ਮੇਰੀ ਆਪ ਜੀ ਨੂੰ ਅਤੇ ਸਿੱਖੀ ਮਿਸ਼ਨ ਅਤੇ ਖਾਲਿਸਤਾਨ ਦੇ ਨਿਸ਼ਾਨੇ ਤੋ ਹੋਰ ਭੁੱਲੀ-ਭਟਕੀ ਸਿੱਖ ਲੀਡਰਸਿ਼ਪ ਨੂੰ ਮੇਰੀ ਅਰਜ਼ੋਈ ਹੈ ਕਿ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਹ ਇਮਾਨਦਾਰੀ ਨਾਲ ਨਿਸ਼ਾਨੇ ‘ਤੇ ਆ ਜਾਣ, ਸਮੁੱਚੀ ਸਿੱਖ ਕੌਮ ਅਤੇ ਮਨੁੱਖਤਾ ਨੂੰ ਸਾਫ਼ ਸੁੱਥਰਾ ਇਨਸਾਫ਼ ਪਸੰਦ ਹਕੂਮਤ ਅਤੇ ਨਿਜ਼ਾਮ ਦੇਣ ਦਾ ਸਾਡਾ ਵਾਅਦਾ ਹੈ, ਅਸੀਂ ਇਸਨੂੰ ਹਰ ਕੀਮਤ ‘ਤੇ ਪੂਰਨ ਕਰਾਂਗੇ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੀ ਖੁੱਲ੍ਹੀ ਚਿੱਠੀ ਦੇ ਭਾਵਅਰਥ ਸਮਝਣ ਉਪਰੰਤ ਖੇਡੀਆਂ ਜਾ ਰਹੀਆਂ ਸਿਆਸੀ ਸ਼ਤਰੰਜੀ ਚਾਲਾਂ ਨੂੰ ਅਲਵਿਦਾ ਕਹਿ ਕੇ ਗੁਰੂ ਸਾਹਿਬਾਨ ਦੇ ਮੁੱਖ ਦੇ ਸਾਹਮਣੇ ਮੁੱਖ ਰੱਖ ਕੇ ਨਿਸ਼ਾਨੇ ਪ੍ਰਤੀ ਦ੍ਰਿੜ ਹੋ ਜਾਵੋਗੇ ਅਤੇ ਖਾਲਿਸਤਾਨ ਦੀ ਕਾਇਮੀ ਲਈ ਦੋਚਿੱਤੀ ਛੱਡ ਕੇ ਇੱਕ ਮਨ ਇੱਕ ਚਿੱਤ ਹੋ ਕੇ ਅਗਲੇ ਕੌਮੀ ਸੰਘਰਸ਼ ਵਿੱਚ ਯੋਗਦਾਨ ਪਾਓਗੇ। ਅਸੀਂ ਇਹ ਵੀ ਵਿਸ਼ਵਾਸ ਦਿਵਾਂਉਦੇ ਹਾਂ ਕਿ ਸਾਡਾ ਇਹ ਸੰਘਰਸ਼ ਕਿਸੇ ਵੀ ਕੌਮ, ਧਰਮ, ਫਿਰਕੇ ਦੇ ਵਿਰੁੱਧ ਨਹੀਂ ਹੋਵੇਗਾ ਬਲਕਿ ਸਮੁੱਚੀ ਮਨੁੱਖਤਾ ਦੇ “ਸਰਬੱਤ ਦੇ ਭਲੇ” ਦੇ ਮਿਸ਼ਨ ਨੂੰ ਮੁੱਖ ਰੱਖ ਕੇ ਅੱਗੇ ਵਧਾਇਆ ਜਾਵੇਗਾ ਅਤੇ ਮੰਜਿ਼ਲ ਪ੍ਰਾਪਤ ਹੋਣ ਤੱਕ ਇਹ ਜੰਗ ਜਮਹੂਰੀਅਤ ਅਤੇ ਅਮਨਮਈ ਤਰੀਕੇ ਦਲੀਲ ਸਹਿਤ ਜਾਰੀ ਰਹੇਗੀ।

ਅਸੀਂ ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿੱਚ ਵਿਚਰ ਰਹੀ ਸਿੱਖ ਕੌਮ ਨੂੰ ਵੀ ਇਹ ਸੰਜੀਦਗੀ ਭਰੀ ਅਪੀਲ ਕਰਦੇ ਹਾਂ ਕਿ ਦੁਨੀਆ ਦੇ ਜ਼ਾਬਰ ਮੁਲਕਾਂ ਵਿੱਚ ਹੋ ਰਿਹਾ ਵਰਤਾਰਾ ਅਤੇ ਖਾਲਿਸਤਾਨ ਦੇ ਗੁਆਂਢੀ ਮੁਲਕਾਂ ਵਿੱਚ ਹੋ ਰਹੀਆਂ ਵੱਡੀਆਂ ਤਬਦੀਲੀਆਂ ਆਉਣ ਵਾਲੇ ਸਮੇ ਦਾ ਸਪੱਸ਼ਟ ਇਸ਼ਾਰਾ ਕਰ ਰਹੀਆਂ ਹਨ। ਇਸ ਲਈ ਇਹ ਸਮਾਂ ਇੱਕ ਪਲ ਵੀ ਖੂੰਝਾਂਉਣ ਜਾਂ ਦੋਚਿੱਤੀ ਵਿੱਚ ਰਹਿਣ ਦਾ ਨਹੀਂ ਫੈਸਲਾ ਕਰਕੇ ਸੁੱਤੇ ਹੋਏ ਸ਼ੇਰ ਵਾਂਗੂੰ ਜਾਗਣ ਅਤੇ ਆਪਣੇ ਸਿ਼ਕਾਰ ਅਤੇ ਨਿਸ਼ਾਨੇ ਉੱਤੇ ਝਪਟਣ ਅਤੇ ਕਾਮਯਾਬੀ ਪ੍ਰਾਪਤ ਕਰਨ ਦਾ ਹੈ। ਮੰਜਿ਼ਲ ਅਵੱਸ਼ ਸਿੱਖ ਕੌਮ ਦੇ ਪੈਰ ਚੁੰਮੇਗੀ, ਲੋੜ ਕੇਵਲ ਸੰਜੀਦਾ ਅਤੇ ਦ੍ਰਿੜ ਹੋਣ ਦੀ ਹੈ।

ਕੂੜਿ ਨਿਖੂਟੇ ਨਾਨਕਾ ਓੜਕਿ ਸੱਚ ਰਹੀ॥

ਗੁਰੂ ਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>