ਲੋਕਤੰਤਰ ਤੇ ਲੋਕ ਲਹਿਰਾਂ ਨੂੰ ਸਖਤੀ ਨਾਲ ਕੁਚਲ ਦੇਣ ਦੀ ਕੇਂਦਰ ਸਰਕਾਰ ਦੀ ਨੀਤੀ ਬਰਦਾਸ਼ਤ ਨਹੀਂ – ਮਜੀਠੀਆ

ਅਮ੍ਰਿਤਸਰ – ਸ੍ਰੋਮਣੀ ਯੂਥ ਅਕਾਲੀ ਦਲ ਦੇ ਨਵਨਿਯੁਕਤ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਯੂਥ ਅਕਾਲੀ ਦਲ ਦੀ ਇਕ ਜਰੂਰੀ ਮੀਟਿੰਗ ਚੰਡੀਗੜ੍ਹ ਦੇ 28 ਸੈਕਟਰ ਵਿਚ ਸਥਿਤ ਪਾਰਟੀ ਹੈਡਕੁਆਟਰ ਵਿਖੇ 12 ਜੁਲਾਈ ਨੂੰ ਸਵੇਰੇ 10 ਵਜੇ ਬੁਲਾਈ ਹੈ। ਇਸ ਸੰਬੰਧੀ ਉਹਨਾਂ ਦਸਿਆ ਕਿ  ਯੂਥ ਵਿੰਗ ਦੇ ਪੁਨਰ ਗਠਨ, ਮੌਜੂਦਾ ਸਿਆਸੀ ਹਲਾਤਾਂ ਸੰਬੰਧੀ ਵਿਚਾਰਾਂ ਕਰਨ , ਯੂਥ ਅਕਾਲੀ ਦਲ ਵਲੋਂ ਵਿੱਢੀ ਗਈ ਸਮਾਜ ਸੁਧਾਰਕ ਮਹਿੰਮ ਦੀਆਂ ਅਹਿਮ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨ ਅਤੇ ਮੌਜੂਦਾ ਅਕਾਲੀ- ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਘਰ ਘਰ ਪਹੁੰਚਾਉਣ ਦਾ ਬੀੜਾ ਚੁਕਣ ਸੰਬੰਧੀ ਯੂਥ ਵਿੰਗ ਦੀ ਨਵੀਂ ਰਣਨੀਤੀ ਉਲੀਕਣ ਲਈ ਯੂਥ ਅਕਾਲੀ ਦਲ ਦੇ ਆਗੂਆਂ, ਪੁਰਾਣੇ ਅਹੁਦੇਦਾਰਾਂ ਅਤੇ ਯੂਥ ਵਿੰਗ ਦੀ ਭਰਤੀ ਵਿਚ ਗਰਮਜੋਸ਼ੀ ਨਾਲ ਹਿੱਸਾ ਲੈਣ ਵਾਲੇ ਸਰਗਰਮ ਵਰਕਰ ਹਿੱਸਾ ਲੈਣਗੇ। ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ’ਚ ਸ: ਮਜੀਠੀਆ ਨੇ ਕਿਹਾ ਕਿ ਯੂਥ ਵਿੰਗ ਵਲੋਂ ਲੋਕ ਭਲਾਈ ਹਿੱਤ ਸ਼ੁਰੂ ਕੀਤੀ ਗਈ ਸਮਾਜਿਕ ਮੁਹਿੰਮ ਨੂੰ ਲੋਕਾਂ ਵਲੋਂ ਮਿਲ ਰਹੇ ਭਰਵੇ ਹੁੰਗਾਰੇ ਤੋਂ ਯੂਥ ਅਕਾਲੀ ਦਲ ਦੇ ਵਰਕਰਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਭਵਿਖ ਦੌਰਾਨ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ: ਮਜੀਠੀਆ ਨੇ ਪੰਜਾਬ ਕਾਂਗਰਸ ਦੇ ਆਗੂਆਂ ਵਲੋਂ ਉਹਨਾਂ ਵਿਰੁਧ ਕੀਤੀਆਂ ਜਾ ਰਹੀਆਂ ਟਿੰਪਣੀਆਂ ਦਾ ਕੋਈ ਜਵਾਬ ਦੇਣ ਦੀ ਥਾਂ ਕਿਹਾ ਕਿ ਕਾਂਗਰਸੀ ਆਗੂ ਰਾਜ ਸਰਕਾਰ ਵਲੋਂ ਕਰਾਏ ਜਾ ਰਹੇ ਵਿਕਾਸ ਅਤੇ ਲੋਕ ਹਿੱਤੂ ਨੀਤੀਆਂ ਦੀ ਕਾਮਯਾਬੀ ਵੇਖ ਕੇ ਬੁਖਲਾਹਟ ਵਿਚ ਹਨ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਸਮਾਂ ਆਉਣ ’ਤੇ ਢੂਕਵਾਂ ਜਵਾਬ ਦਿਤਾ ਜਾਵੇਗਾ ।  ਉਹਨਾਂ ਕਾਂਗਰਸ ਜਨਰਲ ਸੱਕਤਰ ਰਾਹੁਲ ਗਾਂਧੀ ਵਲੋਂ ਯੂ ਪੀ ਵਿਚ ਕਿਸਾਨਾਂ ਦੇ ਹੱਕ ਵਿਚ  ਪੈਦਲ ਯਾਤਰਾ ਕਰਨ ਨੂੰ ਇਕ ਸਿਆਸੀ ਢਕਵੰਜ ਗਰਦਾਨਦਿਆਂ ਕਿਹਾ ਕਿ ਰਾਹੁਲ ਨੂੰ ਨਾ ਤਾਂ ਹਰਿਆਣਾ ਅਤੇ ਨਾਹੀ ਹੋਰਨਾਂ ਕਾਂਗਰਸ ਸ਼ਾਸਤ ਰਾਜਾਂ ਵਿਚ ਹੋ ਰਹੇ ਕਿਸਾਨ ਅੰਦੋਲਣ ਨਜਰ ਆ ਰਹੇ ਹਨ ਅਤੇ ਨਾ ਹੀ  ਕੇਂਦਰ ਵਲੋਂ ਫਸਲਾਂ ਦਾ ਵਾਜਬ ਭਾਅ ਨਾ ਮਿਲਣਾ ਕਰਜਾਈ ਹੋ ਕੇ ਖੁਦਕਸ਼ੀਆਂ ਕਰ ਰਹੇ ਕਿਸਾਨਾਂ ਦੀ ਸਾਰ ਲੈਣ ਦਾ ਸਮਾਂ ਹੈ।  ਉਹਨਾ ਦਸਿਆ ਕਿ ਅਰਜਨ ਸੇਨ ਕਮਿਸ਼ਨ ਦੀ ਰਿਪੋਰਟ ਵਿਚ ਹੋਏ ਇਸ ਖੁਲਾਸੇ ਤੋਂ ਬਾਅਦ ਕਿ ਯੂ ਪੀ ਏ ਸਰਕਾਰ ਦੀਆਂ ਯੋਜਨਾਵਾਂ ਤੋਂ ਗਰੀਬਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ, ਨਾਲ ਕਾਂਗਰਸ ਦਾ ਗਰੀਬ ਪੱਖੀ ਪਹਿਨਿਆ ਮੁਖੌਟਾ ਵੀ ਉਤਰ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਅਤਿ ਦੀ ਮਹਿੰਗਾਈ ਸੰਬੰਧੀ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ 2004 ਵਿਚ ਜਦ ਯੂ ਪੀ ਏ 1 ਦੇ ਸੱਤਾ ਵਿਚ ਆਉਣ ’ਤੇ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਨੇ ਮਹਿੰਗਾਈ ਨੂੰ ਸਭ ਤੋਂ ਵਡੀ ਚੁਣੌਤੀ ਦਸਦਿਆਂ ਇਸ ’ਤੇ 100 ਦਿਨਾਂ ਵਿਚ ਕਾਬੂ ਕਰ ਲੈਣ ਦੀ ਗਲ ਕਹੀ ਸੀ ਜੋ ਅਜ 7 ਸਾਲ ਤੋਂ ਵੱਧ ਸਮਾਂ ਬੀਤ ਜਾਣ ’ਤੇ ਕੋਈ ਹਲ ਨਿਕਲਣ ਦੀ ਥਾਂ ਮਹਿੰਗਾਈ ਹਰ ਰੋਜ ਅਸਮਾਨ ਛੂ ਰਹੀ ਹੈ। ਉਹਨਾਂ ਕਿਹਾ ਕਿ ਮਹਿੰਗਾਈ, ਭ੍ਰਿਸ਼ਟਾਚਾਰ , ਘੋਟਾਲੇ, ਬੇਰੁਜਗਾਰੀ, ਅਵਿਵਸਥਾ, ਅਤਿਵਾਦ, ਨਕਸਲੀ ਹਮਲੇ ਆਦਿ ਨੇ ਅੱਜ ਦੇਸ਼ ਨੂੰ ਬੁਰੀ ਤਰਾਂ ਜਕੜਿਆ ਹੋਇਆ ਹੈ।  ਅਜ ਵਿਦੇਸ਼ੀ ਨਿਵੇਸ਼ਕ ਭਾਰਤ ਵਿਚ ਪੂੰਜੀ ਨਿਵੇਸ਼ ਕਰਨ ਤੋਂ ਪ੍ਰਹੇਜ਼ ਕਰ ਰਹੇ ਹਨ। ਉਹਨਾਂ ਦੇਸ਼ ਦੀ ਰਾਜਸੀ ਵਿਵਸਥਾ ਤੇ ਟਿਪਣੀ ਕਰਦਿਆਂ ਕਿਹਾ ਕਿ ਅਜ ਸਿਆਸੀ ਅਤੇ ਗੈਰ ਸਿਆਸੀ ਸੰਗਠਨਾਂ ਦੀਆਂ ਮੰਗਾਂ ਅਤੇ ਵਿਚਾਰਾਂ ਨੂੰ ਕੇਂਦਰ ਸਰਕਾਰ ਵਲੋਂ ਕੋਈ ਵੀ ਅਹਿਮੀਅਤ ਨਾ ਦੇ ਕੇ ਸਗੋਂ ਤਾਨਾਸ਼ਾਹੀ ਰੁਝਾਨ ਅਪਣਾਉਣਾ ਇਹ ਸਪਸ਼ਟ ਸੰਕੇਤ ਦੇ ਰਿਹਾ ਹੈ ਕਿ ਭਵਿਖ ਦੌਰਾਨ ਰਾਜਨੀਤਿਕ ਤੇ ਗੈਰ ਰਾਜਨੀਤਿਕ ਸੰਗਠਨਾਂ ਵਲੋਂ ਲੋਕਾਂ ਦੀ ਅਗਵਾਈ ਲਈ ਅਗੇ ਆਉਣ ’ਤੇ ਉਹਨਾਂ ਨੂੰ ਸਖਤੀ ਨਾਲ ਕੁਚਲ ਦਿਤਾ ਜਾਵੇਗਾ। ਜਿਵੇਂ ਜੂਨ 1975 ਦੇ ਐਮਰਜੈਸੀ ਸਮੇਂ ਲੋਕਤੰਤਰ ਨੂੰ ਕੁਚਲ ਦਿਤਾ ਗਿਆ ਸੀ।  ਉਹਨਾਂ ਕਿਹਾ ਕਿ ਅਜਿਹੇ ਮੌਕੇ ਲੋਕਾਂ ਨੂੰ ਜਾਗ੍ਰਿਤ ਕਰਨ ਸੰਬੰਧੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੀਆਂ ਰਾਜਸੀ ਜਿੰਮੇਵਾਰੀਆਂ ਵੀ ਵੱਧ ਗਈਆਂ ਹਨ ਜਿਸ ਨੂੰ ਪਾਰਟੀ ਬਾਖੂਬੀ ਨਿਭਾਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>